ਰਿਆਸਤ ਫ਼ਰੀਦਕੋਟ ਖ਼ੁਦ ਇਕ ਧਰਮ ਨਿਰਪੱਖ ਰਾਜ ਸੀ ਭਾਵੇਂ ਕਿ ਇਸ ਦਾ ਰਾਜਾ ਸਿੱਖ ਸੀ। ਸਿੱਖ ਰਿਆਸਤਾਂ ਵਿੱਚੋਂ ਇਹ ਇਕੱਲੀ ਸੀ ਜਿਸ ਵਿਚ ਸਿੱਖ ਬਹੁ ਗਿਣਤੀ ਸਨ, ਮੁਸਲਮਾਨ ਦੂਜੇ ਥਾਂ ਅਤੇ ਹਿੰਦੂ ਅਤੇ ਹੋਰ ਤੀਜੇ ਸਥਾਨ ’ਤੇ। ਸ਼ਹਿਰੀ ਆਬਾਦੀ ਬਹੁ ਗਿਣਤੀ ਹਿੰਦੂ ਸੀ। ਰਿਆਸਤ ਦੇ ਅਖੀਰਲੇ ਦੋ ਸ਼ਾਸ਼ਕਾਂ ਮਹਾਰਾਜਾ ਬਿ੍ਰਜ ਇੰਦਰ ਸਿੰਘ ਅਤੇ ਰਾਜਾ ਹਰਇੰਦਰ ਸਿੰਘ ਦੀ ਨਾਬਾਲਗੀ ਵੇਲੇ ਰਿਆਸਤ ਦੇ ਪ੍ਰਬੰਧ ਚਲਾਉਣ ਲਈ ਬਣੀ ਕੌਂਸਲ ਵਿਚ ਤਿੰਨਾਂ ਧਰਮਾਂ ਦੇ ਯੋਗ ਨੁਮਾਇੰਦੇ ਮੈਂਬਰ ਸਨ।

ਰਾਜਾ ਹਰਇੰਦਰ ਸਿੰਘ ਦੇ ਯਤਨਾਂ ਸਦਕਾ ਵੰਡ ਵੇਲੇ ਰਿਆਸਤ ਦੀ ਹੱਦ ਅੰਦਰ ਇਕ ਵੀ ਮੁਸਲਮਾਨ ਨਹੀਂ ਮਰਿਆ। ਰਿਆਸਤੀ ਫ਼ੌਜ ਦੇ ਦਸਤਿਆਂ ਨੇ ਰਿਆਸਤ ਦੀ ਕੁੱਲ ਮੁਸਲਮਾਨ ਵਸੋਂ ਕੈਂਪਾਂ ਵਿਚ ਇਕੱਠੀ ਕਰ, ਐਸਕੋਰਟ ਕਰਕੇ ਰਿਆਸਤ ਦੀ ਹੱਦ ਤੋਂ ਬਾਹਰ ਸੁਰੱਖਿਅਤ ਪੁੱਜਦੀ ਕੀਤੀ। ਉਸ ਤੋਂ ਮਗਰੋਂ ਰਿਆਸਤ ਕੁਝ ਨਹੀਂ ਕਰ ਸਕਦੀ ਸੀ। ਇਹ ਇਕ ਵਿਲੱਖਣ ਪ੍ਰਾਪਤੀ ਹੈ।

ਇਸ ਦੇ ਚਸ਼ਮਦੀਦ ਗਵਾਹ, ਪਿੰਡ ਡੱਗੋਰੋਮਾਣਾ ਦੇ ਪੁਰਾਣੇ ਵਸਨੀਕ ਮਗਰੋਂ ਪ੍ਰਸਿੱਧ ਮੁਸਲਮਾਨ ਵਿਦਵਾਨ ਆਇਨ ਅਲ-ਹੱਕ, ਲਾਹੌਰ ਵਾਸੀ ਨੇ ਆਪਣੀ ਕਿਤਾਬ ‘ਉਰਦੂ ਜ਼ੁਬਾਨ ਕੀ ਕਦੀਮ ਤਾਰੀਖ’, ਰਾਜਾ ਹਰਇੰਦਰ ਸਿੰਘ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਰਪਿਤ ਕੀਤੀ ਹੈ:-

ਉਸ ਇਨਸਾਨੀਅਤ ਕੇ ਨਾਮ ਜੋ ਕਿ ਆਜ਼ਾਦੀ ਕੇ ਜਲੌਅ ਮੇਂ ਚਲਨੇ ਵਾਲੀ ਖ਼ੂਨੀ ਆਂਧੀ ਕੇ ਦੌਰਾਨ ਇਜ਼ਤ ਮਅਬ ਕਾਬਿਲੇ ਸਦ ਇਹਤਰਾਸਮਹਾਰਾਜਾ ਹਰਇੰਦਰ ਸਿੰਘ ਸਾਹਿਬ ਬਹਾਦੁਰ ਵਾਲੀ ਰਿਆਸਤ ਫ਼ਰੀਦਕੋਟ ਕੇ ਰੂਪ ਮੇਂ ਜ਼ਾਹਿਰ ਹੂਈ। ਹਾਲਾਂਕਿ ਇਕ ਅੰਗਰੇਜ਼ ਲਿਖਾਰੀ ਬਾਇਰਨ ਫ਼ਾਰਵੈਲ, ‘ਆਰਮੀਜ਼ ਆਫ਼ ਦੀ ਰਾਜ 1858-1947’ ਵਿਚ ਲਿਖਦਾ ਹੈ ਕਿ ਫ਼ਰੀਦਕੋਟ ਵਿਚ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ ਅਤੇ ਗਿਰਝਾਂ ਮੰਡਰਾਂ ਰਹੀਆਂ ਸਨ। ਉਹ ਸ਼ਾਇਦ ਰਿਆਸਤ ਪਟਿਆਲਾ ਬਾਰੇ ਲਿਖਦਾ, ਉਕਤਾ ਕੇ ਫ਼ਰੀਦਕੋਟ ਲਿਖ ਗਿਆ ਜਾਂ ਛਪਣ ਵੇਲੇ ਗ਼ਲਤੀ ਹੋ ਗਈ। ਇਲਾਕੇ ਦੇ ਜੀਵਤ ਜਾਂ ਚੱਲ ਵਸੇ ਬਜ਼ੁਰਗ ਜੋ 1947 ਵੇਲੇ ਭਰ ਜਵਾਨ ਸਨ ਇਸ ਨੂੰ ਝੁਠਲਾਉਂਦੇ ਹਨ। ਮੈਂ ਵੀ ਵੰਡ ਦਾ ਥੋੜ੍ਹਾ ਜਿਹਾ ਹਾਲ ਵੇਖਿਆ ਹੈ। ਫ਼ਰੀਦਕੋਟ ਵਿਚ ਦੀ ਜੁਬਲੀ ਸਿਨੇਮਾ, ਅੱਜ ਦੇ ਬੱਸ ਸਟੈਂਡ ਅੱਗੋਂ ਦੀ ਪੁਰਾਣੇ ਅੱਡੇ ਵੱਲ ਜਾਂਦੇ ਕਈ

ਕਾਫ਼ਲੇ ਵੇਖੇ ਸਨ। ਦੋਹੀਂ ਪਾਸੀਂ ਰਿਆਸਤੀ ਫ਼ੌਜ ਦੇ ਘੋੜ/ਊਠ ਸਵਾਰ ਦਸਤੇ ਐਸਕੋਰਟ ਕਰਦੇ ਸਨ। ਮੈਂ ਬਲਬੀਰ ਬਸਤੀ ਵਾਲੇ ਦਰਵਾਜ਼ੇ, ਠਾਕੁਰਦੁਆਰੇ, ਰਾਮ ਮੰਦਰ, ਮੁਹੱਲਾ ਤਾਲਾਬ ਵਿਚ ਸਾਡੇ ਘਰ ਦੇ ਨੇੜੇ ਕਰਫ਼ਿਊ ਡਿਊਟੀ ’ਤੇ ਲੱਗੇ ਫ਼ੌਜੀਆਂ ਦੀ ਚਾਹ ਸੇਵਾ ਕੀਤੀ ਸੀ। ਅਸੀਂ ਦਰਵਾਜ਼ੇ ਦੇ ਨਾਲ ਵਾਲੇ ਘਰ ਵਿਚ ਰਹਿੰਦੇ ਸਾਂ। ਮੁਹੱਲਾ ਤਾਲਾਬ ਲਗਪਗ ਸਾਰਾ ਮੁਸਲਮਾਨਾਂ ਦਾ ਸੀ। ਸ. ਦਲਜੀਤ ਸਿੰਘ ਧਾਲੀਵਾਲ, ਸਾਬਕਾ ਡਾਇਰੈਕਟਰ ਖੇਤੀਬਾੜੀ ਪੰਜਾਬ, ਮੁਤਾਬਿਕ, ਜਦ ਮੁਸਲਮਾਨਾਂ ਨੂੰ ਲੈ ਕੇ ਜਾਣ ਵਾਲੀ ਇਕ ਰੇਲ ਗੱਡੀ, ਫ਼ਰੀਦਕੋਟ ਰੁਕੀ ਤਾਂ ਸਟੇਟ ਵੱਲੋਂ ਉਨ੍ਹਾਂ ਨੂੰ ਲੱਡੂ/ਖਾਣਾ ਆਦਿ ਪੈਕ ਕਰ ਕੇ, ਰਸਤੇ ਲਈ ਸਟੇਸ਼ਨ ’ਤੇ ਵੰਡੇ ਸਨ।

ਗਿਆਨੀ ਸੋਹਣ ਸਿੰਘ ਸੀਤਲ ਦੇ ਵਿਚਾਰ ਇਸ ਦੇ ਉਲਟ ਸਤਲੁਜ ਦੇ ਪਾਰ, ਭਿਆਨਕ ਫ਼ਸਾਦਾਂ ਵਿਚ ਹਿੰਦੂ-ਸਿੱਖਾਂ ’ਤੇ ਬਿਆਨੋਂ ਬਾਹਰ ਦੇ ਜ਼ੁਲਮ ਹੋਏ ਦੱਸੇ ਜਾਂਦੇ ਹਨ। ਤਸੀਹੇ, ਛੁਰਾਬਾਜ਼ੀ, ਪਤ ਲਾਹੁਣੀ, ਇਸਤਰੀਆਂ ਦਾ ਉਧਾਲਾ/ਅਗਵਾ ਕਰਨਾ, ਖੁੱਲ੍ਹੇਆਮ ਰੇਪ, ਇਕ-ਇਕ ਔਰਤ ਨਾਲ ਕਈਆਂ ਨੇ ਖੇਹ ਖਾਣੀ, ਨੰਗੇ ਨਾਚ ਆਦਿ ਦਾ ਵਿਵਰਣ ਬਹੁਤ ਲਿਖਤਾਂ ਵਿਚ ਮਿਲਦਾ ਹੈ। ਇਨ੍ਹਾਂ ਦਾ ਅੱਖੀਂ ਵੇਖਿਆ, ਕਲਮ ਬੰਦ ਕੀਤੇ ਬਿਆਨ ਤੇ ਖ਼ੁਦ ਝਲਿਆ ਹੋਇਆ ਸੰਤਾਪ, ਸਿੱਖ ਇਤਿਹਾਸ ਦੇ ਖੋਜੀ ਅਤੇ ਇਤਿਹਾਸਕਾਰ ਸਤਿਕਾਰਤ ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੀ ਪੁਸਤਕ ‘ਪੰਜਾਬ ਦਾ ਉਜਾੜਾ’ ਵਿਚ ਕੀਤਾ ਹੈ। ਇਹ ਪੁਸਤਕ ਉਨ੍ਹਾਂ 15/5/1948 ਨੂੰ ਜ਼ੀਰਾ ਵਿਖੇ ਲਿਖੀ ਸੀ।

ਉਹ ਲਿਖਦੇ ਹਨ :- ‘ਮਹਾਰਾਜਾ ਫ਼ਰੀਦਕੋਟ ਨੇ ਇਸ ਘੱਲੂਘਾਰੇ ਵਿਚ ਸਿੱਖ ਪੰਥ ਦੀ ਯਥਾਸ਼ਕਤ ਬੜੀ ਸੇਵਾ ਕੀਤੀ। ਅਕਾਲੀ ਦਲ ਨੂੰ ਹਥਿਆਰ, ਕਾਰਾਂ, ਟਰੱਕ ਅਤੇ ਨਕਦ ਮਾਇਆ ਵੀ ਉਨ੍ਹਾਂ ਭੇਟ ਕੀਤੀ। ਉਸ ਦੀ ਇਹ ਕੌਮੀ ਸੇਵਾ ਸਦਾ ਯਾਦ ਰਹੇਗੀ। ਰਾਜਗੜ੍ਹ (ਕਸੂਰ) ਦੇ ਪ੍ਰਸਿੱਧ ਸਾਕੇ ਵਿਚ ਫ਼ਰੀਦਕੋਟ ਦਾ ਹੀ ਹੱਥ ਸੀ।

ਗਿਆਨੀ ਜੀ ਅੱਗੇ ਲਿਖਦੇ ਹਨ:- ‘ਜਿੰਨਾ ਪਿਆਰ ਤੇ ਇਤਿਫ਼ਾਕ ਹਿੰਦੂ-ਸਿੱਖਾਂ ਵਿਚ ਉਸ ਵੇਲੇ ਸੀ, ਗੁਰੂ ਕਰੇ ਸਦਾ ਰਹੇ।’

‘ਕਾਂਗਰਸ ਮੁਸਲਮਾਨਾਂ ਨੂੰ ਭਰਾ ਸਮਝਦੀ ਸੀ ਤੇ ਇਸ ਭਰਾਪੁਣੇ ਦਾ ਸਬੂਤ ਦੇਣ ਬਦਲੇ ਕਈ ਕਾਂਗਰਸੀ ਅੰਧਾ ਧੁੰਦ ਅਜਿਹੇ ਕੰਮ ਵੀ ਕਰ ਬਹਿੰਦੇ ਸਨ ਜਿਵੇਂ ਰਾਜਗੜ੍ਹ ’ਤੇ ਹਮਲੇ ਦੀ ਖ਼ਬਰ ਸਭ ਤੋਂ ਪਹਿਲਾਂ ਇਕ ਹਿੰਦੂ ਕਾਂਗਰਸੀ ਨੇ ਪੁਲਿਸ ਨੂੰ ਦਿੱਤੀ ਸੀ।

‘‘ਕਸੂਰ ਸ਼ਹਿਰ ਦੇ ਵਸਨੀਕ ਹਿੰਦੂ-ਸਿੱਖ ਬਹੁਤ ਸਾਰੇ ਪਹਿਲਾਂ ਹੀ ਰਿਆਸਤ ਫ਼ਰੀਦਕੋਟ ਜਾਂ ਹੋਰ ਦੂਰ ਇਲਾਕਿਆਂ ਵਿਚ ਜਾ ਚੁੱਕੇ ਸਨ। ਇੱਥੇ ਮੁਸਲਮਾਨਾਂ ਵਲੋਂ 18 ਅਗਸਤ 1947 ਨੂੰ 10 ਵਜੇ ਸਵੇਰੇ ਹਮਲਾ ਹੋਇਆ। ਪੁਲਿਸ ਅਤੇ ਲੁਟੇਰੇ ਚਾਹੁੰਦੇ ਸਨ ਕਿ ਰਾਜਗੜ੍ਹ ’ਤੇ ਹਮਲਾ ਕਰੀਏ। ਇਸ ਕੰਮ ਲਈ ਉਹ ਸਾਰੀ ਰਾਤ (17-18 ਅਗਸਤ ਦੀ ਰਾਤ) ਦੋਵੇਂ ਪਾਸੇ ਮੱਲ (ਰੋਕ) ਕੇ ਖੜੇ੍ਹ ਰਹੇ। ‘ਕੋਟ’ ਵਿਚ ਲੋੜ ਅਨੁਸਾਰ ਹਥਿਆਰ ਹੈਗੇ ਸਨ। ਅਸੀਂ ਫ਼ਰੀਦਕੋਟ ਤੋਂ ਹਥਿਆਰ ਮੰਗਾ ਕੇ ਉੱਥੇ ਰੱਖਦੇ ਸਾਂ ਤੇ ਫ਼ੇਰ ਅਗਾਂਹ ਆਪਣੇ ਜਥੇ ਦੇ ਹੋਰ ਆਦਮੀਆਂ ਕੋਲ ਭੇਜਦੇ ਸਾਂ। ਇਸ ਗੱਲ ਦੀ ਪੁਲਿਸ ਅਤੇ ਮੁਸਲਮਾਨਾਂ ਨੂੰ ਵੀ ਥੋੜ੍ਹੀ ਸੂਹ ਸੀ। ਇਸੇ ਡਰ ਕਾਰਨ ਉਨ੍ਹਾਂ ਹਮਲਾ ਰਾਤ ਨੂੰ ਨਾ ਕੀਤਾ।’’

‘ਅਕਾਲੀ ਜਥੇ ਦਾ ਜਥੇਦਾਰ ਸ. ਜੋਗਾ ਸਿੰਘ ਬੜਾ ਦਲੇਰ ਅਤੇ ਕੰਮ ਕਰਨ ਵਾਲਾ ਸੀ। ਉਹ ਫ਼ਰੀਦਕੋਟ ਤੋਂ ਹਥਿਆਰ ਲਿਆ ਕੇ ਇਲਾਕੇ ਦੇ ਸਿੱਖਾਂ ਤਕ ਪਹੁੰਚਾਉਂਦਾ ਸੀ।’

‘ਰਿਆਸਤ ਫ਼ਰੀਦਕੋਟ ਬਹੁਤ ਸਾਰੀ ਜ਼ਿਲਾ ਫ਼ਿਰੋਜ਼ਪੁਰ ਵਿਚ ਘਿਰੀ ਹੋਈ ਸੀ। ਲਾਹੌਰ ਦੀ ਗੜਬੜ ’ਚ ਪੰਥ ਦੀ ਸੇਵਾ ਕਰਨ ਬਦਲੇ ਤੇ ਪੱਛਮੀ ਪੰਜਾਬ ਵਿੱਚੋਂ ਉੱਜੜ ਕੇ ਆਏ ਬੇਘਰਾਂ ਦੀ ਸਹਾਇਤਾ ਕਰਨ ਕਰਕੇ ਲੀਗੀ (ਮੁਸਲਮ ਲੀਗ ਪਾਰਟੀ ਵਾਲੇ) ਅਖ਼ਬਾਰ ਮਹਾਰਾਜਾ ਦੀ ਬਥੇਰੀ ਬਦਨਾਮੀ ਕਰਦੇ ਰਹੇ ਸਨ ਪਰ ਮਹਾਰਾਜਾ ਸਾਹਿਬ ਨੇ ਲੱਗਦੀ ਵਾਹ ਕੋਈ ਅਜਿਹਾ ਕੰਮ ਨਹੀਂ ਕੀਤਾ ਜੋ ਉਸ ਦੀ ਸ਼ਾਨ ਦੇ ਵਿਰੁੱਧ ਹੋਵੇ। ਉਸ ਨੇ ਯਥਾਸ਼ਕਤ ਮੁਸਲਮਾਨਾਂ ਨੂੰ ਕੈਂਪਾਂ ਵਿਚ ਇਕੱਠੇ ਕਰ ਕੇ ਪਾਕਿਸਤਾਨ ਵਿਚ ਪਹੰੁਚਾਉਣ ਦਾ ਯਤਨ ਕੀਤਾ। ਰਿਆਸਤ ਦੀਆਂ ਹੱਦਾਂ ਤੋਂ ਪਾਰ ਉਹ ਕੁਝ ਹੋਇਆ ਜੋ ਪੱਛਮੀ ਪੰਜਾਬ ਵਿਚ ਮਾਰਚ 1947 ਤੋਂ ਹੋ ਰਿਹਾ ਸੀ। ਜਿਸ ਵੇਲੇ ਮੁਸਲਮਾਨ ਰਿਆਸਤ ਦੀ ਹੱਦੋਂ ਪਾਰ ਹੁੰਦੇ ਤਾਂ ਰਾਹ ਮਲ ਕੇ ਬੈਠੇ ਹਿੰਦੂ ਸਿੱਖ ਉਨ੍ਹਾਂ ਨੂੰ ਸੰਭਾਲ ਲੈਂਦੇ। ਇਸ ਤਰ੍ਹਾਂ ਕਈ ਮੁਸਲਮਾਨ ਰਿਆਸਤ ਲੰਘ ਕੇ ਅੱਗੇ ਰਾਹ ਵਿਚ ਮਾਰੇ ਗਏ।’

ਰਿਆਸਤ ਪਟਿਆਲੇ ਬਾਰੇ ਗਿਆਨੀ ਜੀ ਲਿਖਦੇ ਹਨ:-

‘4 ਅਤੇ 5 ਸਤੰਬਰ ਦੋ ਦਿਨਾਂ ਵਿਚ ਪਟਿਆਲੇ ਦੇ ਬਾਜ਼ਾਰ ਲੋਥਾਂ ਨਾਲ ਭਰ ਗਏ। ਗਲੀਆਂ ਮਕਾਨਾਂ ਤੇ ਨਾਲਿਆਂ ਵਿਚ ਲੋਥਾਂ ਹੀ ਲੋਥਾਂ ਨਜ਼ਰ ਆ ਰਹੀਆਂ ਸਨ। ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਸੀ। ਜੇਕਰ ਲੀਗੀ ਆਪ ਮੌਤ ਨੂੰ ਬੁਲਾਵਾ ਨਾ ਦਿੰਦੇ, ਸ਼ਰਾਰਤ ਨਾ ਕਰਦੇ ਤਾਂ ਸ਼ਾਇਦ ਪਟਿਆਲੇ ਵਿਚ ਇਕ ਵੀ ਮੌਤ ਨਾ ਹੁੰਦੀ। ਆਜ਼ਾਦੀ ਸਭ ਤੋਂ ਮਹਿੰਗੀ ਪੰਜਾਬ ਨੂੰ ਪਈ ਹੈ। ਆਜ਼ਾਦੀ ਵਿਚ ਸਮੁੱਚੇ ਤੌਰ ’ਤੇ ਸਿੱਖ ਕੌਮ ਉਜੜੀ ਹੈ। ਮਰਿਆ ਤੇ ਉਜੜਿਆ ਪੰਜਾਬ ਹੀ ਹੈ।

ਬਜ਼ੁਰਗ ਇਤਿਹਾਸਕਾਰ ਲੇਖਕ ਨੇ 1948 ਵਿਚ ਹੀ ਆਜ਼ਾਦ ਭਾਰਤੀਆਂ ਨੂੰ ਇਕ ਮਸ਼ਵਰਾ ਵੀ ਦਿੱਤਾ ਸੀ, ਜੋ ਇਸ ਤਰ੍ਹਾਂ ਹੈ:-

‘ਇਕ ਪਾਸੇ ਕਸ਼ਮੀਰ ਵਿਚ ਪਾਕਿਸਤਾਨ ਲੜ ਰਿਹਾ ਹੈ ਤੇ ਦੂਜੇ ਪਾਸੇ ਹੈਦਰਾਬਾਦ (ਉਸ ਵਕਤ ਹੈਦਰਾਬਾਦ ਰਿਆਸਤ ਆਜ਼ਾਦ ਹੀ ਸੀ) ਲੜਾਈ ਵਾਸਤੇ ਲੰਗੋਟੇ ਕੱਸੀ ਬੈਠਾ ਹੈ। ਸਾਨੂੰ ਕਿਸੇ ਨਾਲ ਲੜਾਈ ਸਹੇੜਨ ਦੀ ਲੋੜ ਨਹੀਂ ਪਰ ਲੜਾਈ ਵਾਸਤੇ ਸਦਾ ਤਿਆਰ ਰਹਿਣਾ ਚਾਹੀਦਾ ਹੈ। ਇਸ ਸ਼ੁਭ ਕੰਮ ਵਾਸਤੇ ਸਾਨੂੰ ਦੇਸ਼ ਭਰ ਵਿਚ ਹਥਿਆਰਾਂ ਦੇ ਕਾਰਖਾਨੇ ਬਣਾਉਣੇ ਤੇ ਗਭਰੂਆਂ ਨੂੰ ਫ਼ੌਜੀ ਵਿੱਦਿਆ ਦੇ ਕੇ ਤਿਆਰ ਕਰਨਾ ਚਾਹੀਦਾ ਹੈ।’ ਇਹੋ ਜਿਹੇ ਵਿਚਾਰ ਹੀ ਭਾਈ ਸਰਬਣ ਸਿੰਘ ਮੁੰਡੇਰ, ਫ਼ਸਟ ਪਟਿਆਲਾ ਪਲਟਨ, ਨੇ ਆਪਣੇ ਜੰਗ-ਨਾਮੇ ਵਿਚ ਦਰਜ ਕੀਤੇ ਹਨ।

ਇਹ ਹਿੰਦੂ ਸਿੱਖਾਂ ਨੂੰ ਬਚਾਉਣ ਲਈ, ਫ਼ਰੀਦਕੋਟੀਆਂ ਵੱਲੋਂ ਲਹਿੰਦੇ ਪੰਜਾਬ ਵਿਚ ਜਾ ਕੇ ਕੀਤੀ ਗਈ ਮਦਦ ਦੀ ਕਹਾਣੀ ਹੈ।

ਮੁਹੰਮਦ ਇਸਹਾਕ ਭੱਟੀ ਦਾ ਅੱਖੀਂ ਵੇਖੀ ਵੰਡ ਦਾ ਚਿੱਤਰ

ਹੁਣ ਆਉਂਦੇ ਹਾਂ, ਰਾਜਾ ਹਰਇੰਦਰ ਸਿੰਘ ਵਲੋਂ ਆਪਣੀ ਪਰਜਾ ਦੇ ਮੁਸਲਮਾਨਾਂ ਦੇ ਬਚਾਅ ਹਿਤ ਕਾਰਵਾਈ ਅਤੇ ਵਤਨ ਛੱਡ ਕੇ ਨਵੇਂ ਵਤਨ ਵੱਲ ਗਏ ਮੁਸਲਮਾਨਾਂ ਦੀ ਕਹਾਣੀ। ਇਹ ਉੱਪਰ ਕਹਿ ਆਏ ਦੀ ਗੁਆਹੀ ਹੀ ਭਰਦੇ ਹਨ। ਇੱਥੇ ਮੁਹੰਮਦ ਇਸਹਾਕ ਭੱਟੀ ਦੀ ਸਵੈ ਜੀਵਨੀ ਜੋ ਰਿਆਸਤ ਦੇ ਕੋਟਕਪੂਰਾ ਸ਼ਹਿਰ ਦੇ ਵਸਨੀਕ ਸਨ ਦੇ ਅੰਸ਼ ਦਿਲਚਸਪ, ਰੌਚਿਕ ਅਤੇ ਸੱਚ ਬਿਆਨਦੇ ਹਨ।

ਇਹ ਸਵੈ-ਜੀਵਨੀ, ‘‘ਗੁਜ਼ਰ ਗਈ ਗੁਜ਼ਰਾਨ’’, ਪਾਕਿਸਤਾਨ ਵਿਚ 2011 ਵਿਚ ਛਪੀ ਸੀ। ਮੁਹੰਮਦ ਇਸਹਾਕ ਭੱਟੀ 91 ਸਾਲ ਉਮਰ ਭੋਗ ਕੇ 2015 ਵਿਚ ਅੱਲਾ ਨੂੰ ਪਿਆਰੇ ਹੋ ਗਏ।

ਭੱਟੀ ਸਾਹਿਬ ਲਿਖਦੇ ਹਨ :- ‘‘ਮੌਲਾਨਾ ਆਜ਼ਾਦ ਨਾਲ ਸਾਡੀ ਇਹ ਮੁਲਾਕਾਤ 22 ਜੂਨ 1947 ਨੂੰ ਹੋਈ ਸੀ। ਇਸ ਦੇ ਦੋ ਮਹੀਨਿਆਂ ਮਗਰੋਂ ਫ਼ਸਾਦਾਂ ਦਾ ਹੌਲਨਾਕ ਸਿਲਸਿਲਾ ਸ਼ੁਰੂ ਹੋ ਗਿਆ। ਰਿਆਸਤ ਫ਼ਰੀਦਕੋਟ ਵਿਚ ਰਾਵਲਪਿੰਡੀ ਆਦਿ ਇਲਾਕਿਆਂ ਤੋਂ ਅਰੋੜੇ ਸਿੱਖ ਕਾਫ਼ੀ ਗਿਣਤੀ ਵਿਚ ਆ ਗਏ ਸਨ। ਜਿਸ ਨਾਲ ਫ਼ਸਾਦਾਂ ਦਾ ਖ਼ਤਰਾ ਪੈਦਾ ਹੋ ਗਿਆ ਸੀ। ਇਸ ਲਈ ਕੁਝ ਹਿੰਦੂ ਅਤੇ ਸਿੱਖ ਦੋਸਤਾਂ ਦੇ ਕਹਿਣ ’ਤੇ ਮੈਂ ਅਤੇ ਕਾਜ਼ੀ ਅਬਦੁੱਲਾ ਦਿੱਲੀ ਗਏ ਅਤੇ 12 ਅਗਸਤ ਨੂੰ ਮੌਲਾਨਾ ਸਾਹਿਬ ਨੂੰ (ਦੁਬਾਰਾ) ਮਿਲੇ। ਮੌਲਾਨਾ ਆਪ ਵੀ ਇਸ ਵਕਤ ਬਹੁਤ ਪਰੇਸ਼ਾਨ ਸਨ। ਮਹਾਰਾਜਾ ਫ਼ਰੀਦਕੋਟ ਇਨ੍ਹੀਂ ਦਿਨੀਂ ਦਿੱਲੀ ਵਿਚ ਸੀ। ਮੌਲਾਨਾ ਨੇ ਇਨ੍ਹਾਂ ਨੂੰ ਟੈਲੀਫ਼ੋਨ ਕੀਤਾ ਅਤੇ

ਮੁਸਲਮਾਨਾਂ ਨੂੰ ਰਿਆਸਤ ਵਿਚ ਜੋ ਖ਼ਤਰੇ ਸਨ ਉਨ੍ਹਾਂ ਦਾ ਵੇਰਵਾ ਦਿੱਤਾ, ਨਾਲੇ ਕਿਹਾ ਕਿ ਇਨ੍ਹਾਂ ਦੀ ਰਿਆਸਤ ਫ਼ਸਾਦਾਂ ਤੋਂ ਬਚੀ ਰਹੇ ਅਤੇ ਮੁਸਲਮਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਾ ਪਹੁੰਚੇ। ਉਹ ਆਪਣੇ ਇਸ ਵਾਅਦੇ ਉੱਤੇ ਕਾਇਮ ਰਿਹਾ ਅਤੇ ਰਿਆਸਤ ਦੀ ਹਦੂਦ ਵਿਚ ਮੁਸਲਮਾਨਾਂ ਨੂੰ ਕੋਈ ਤਕਲੀਫ਼ ਨਾ ਹੋਣ ਦਿੱਤੀ ਪਰ ਇਹੋ ਮੁਸਲਮਾਨ ਜਦੋਂ ਕਾਫ਼ਲੇ ਦੀ ਸੂਰਤ ਵਿਚ ਅੰਗਰੇਜ਼ੀ ਇਲਾਕੇ ਵਿਚ ਪਹੰੁਚੇ ਤਾਂ ਉਨ੍ਹਾਂ ’ਤੇ ਹਮਲੇ ਹੋਏ ਅਤੇ ਬਹੁਤ ਜਾਨੀ ਨੁਕਸਾਨ ਹੋਇਆ। ਪਰ ਇਸ ਦੀ ਜ਼ਿੰਮੇਦਾਰੀ ਮਹਾਰਾਜਾ ਫ਼ਰੀਦਕੋਟ ’ਤੇ ਆਇਦ ਨਹੀਂ ਹੁੰਦੀ।

ਮੌਲਾਨਾ ਆਜ਼ਾਦ ਨੇ ਦੱਸਿਆ ਕਿ 1946 ਦੇ ਕੈਬਨਿਟ ਮਿਸ਼ਨ ਰਾਹੀਂ ਸੁਝਾਈ ਗਈ ਯੋਜਨਾ ਮੁਤਾਬਿਕ ਸਰਕਾਰ ਤਿੰਨ-ਪੱਧਰੀ ਹੋਣੀ ਸੀ। ਸੁਬਾਈ, ਸੂਬਿਆਂ ਦੇ ਗਰੁੱਪ, ਅਤੇ ਕੇਂਦਰ। ਕੇਂਦਰ ਕੋਲ ਸਿਰਫ਼ ਸੁਰੱਖਿਆ, ਕਰੰਸੀ ਅਤੇ ਸੰਚਾਰ ਵਿਭਾਗ ਹੋਣੇ ਸਨ। ਬਾਕੀ ਸਾਰੀਆਂ ਸ਼ਕਤੀਆਂ ਸੂਬਿਆਂ ਕੋਲ ਹੋਣੀਆਂ ਸਨ। ਇਹ ਸੂਬਿਆਂ ਦੇ ਤਿੰਨ ਗਰੁੱਪ 1, 2 ਅਤੇ 3 ਹੋਣੇ ਸਨ। ਗਰੁੱਪ 1 ਉੱਤਰ ਪ੍ਰਦੇਸ਼, ਕੇਂਦਰੀ ਸੂਬੇ ਬੰਬਈ, ਮਦਰਾਸ ਅਤੇ ਬਿਹਾਰ ਦਾ ਹੋਣਾ ਸੀ।

ਗਰੁੱਪ 2 ਵਿਚ ਸਿੰਧ, ਪੰਜਾਬ, ਸਰਹੱਦੀ ਇਲਾਕਾ ਅਤੇ ਬਲੋਚਿਸਤਾਨ ਹੋਣਾ ਸੀ ਅਤੇ ਗਰੁੱਪ 3 ਵਿਚ ਬੰਗਾਲ ਅਤੇ ਆਸਾਮ। ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਵਿਚ ਰਾਜਿਆਂ-ਮਹਾਰਾਜਿਆਂ ਅਤੇ ਨਵਾਬਾਂ ਨੂੰ ਖ਼ਤਮ ਕਰ ਦਿਆਂਗੇ। ਤੁਸੀਂ ਇਕ ਰਿਆਸਤ ਨਾਲ ਸਬੰਧ ਰੱਖਦੇ ਹੋ ਇਸ ਲਈ ਮੇਰੀ ਤਕਰੀਰ ਜ਼ਰੂਰ ਸੁਣਨਾ। ਪਰ ਅਸੀਂ ਉਸ ਦੀ ਤਕਰੀਰ ਸੁਣਨ ਨਹੀਂ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਸਰਕਾਰ ਨੇ ਬਹੁਤ ਛੇਤੀ ਰਿਆਸਤਾਂ ਖ਼ਤਮ ਕਰ ਦਿੱਤੀਆਂ ਸਨ ਅਤੇ ਰਾਜਿਆਂ, ਮਹਾਰਾਜਿਆਂ ਅਤੇ ਨਵਾਬਾਂ ਨੂੰ ਹੁਕਮਰਾਨੀ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ ਸੀ।

ਖ਼ੈਰ, ਅਸੀਂ ਚਾਰ ਦਿਨ ਮਗਰੋਂ 14 ਅਗਸਤ ਦੀ ਸਵੇਰ ਰੇਲਗੱਡੀ ਰਾਹੀਂ ਕੋਟਕਪੂਰੇ ਪੁੱਜੇ ਤਾਂ ਪਤਾ ਲੱਗਾ ਕਿ ਕੱਲ੍ਹ ਰੇਲਵੇ ਸਟੇਸ਼ਨ ’ਤੇ ਬੰਬ-ਧਮਾਕਾ ਹੋਇਆ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੋਟਕਪੂਰੇ ਵਿਚ ਇਸ ਸਮੇਂ ਅਮਨ ਸੀ। ਅਸੀਂ ਪਰਜਾਮੰਡਲ ਨਾਲ ਸਬੰਧ ਰੱਖਣ ਵਾਲੇ ਕੁਝ ਸਿੱਖਾਂ ਅਤੇ ਹਿੰਦੂਆਂ ਨੂੰ ਦਿੱਲੀ ਦੇ ਸਫ਼ਰ ਦਾ ਹਾਲ ਸੁਣਾਇਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਸਾਨੂੰ ਦਿੱਲੀ ਜਾਣ ਅਤੇ ਕੁਝ ਨੇ ਲਾਹੌਰ ਵੱਲ ਜਾਣ ਦੀ ਸਲਾਹ ਦਿੱਤੀ। ਇਨ੍ਹਾਂ ਦਾ ਖ਼ਿਆਲ ਸੀ ਕਿ ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਹੈ ਉੱਥੇ ਅਮਨ ਰਹੇਗਾ। ਜਦੋਂ ਹਾਲਾਤ ਠੀਕ ਹੋ ਜਾਣ ਵਾਪਸ ਆ ਜਾਣਾ। ਲਾਹੌਰ ਵੱਲ ਜਾਣ ਦਾ ਮਸ਼ਵਰਾ ਦੇਣ ਵਾਲਿਆਂ ਦਾ ਨੁਕਤਾ-ਏ-ਨਜ਼ਰ ਸੀ ਕਿ ਇਹ ਇਲਾਕਾ ਪਾਕਿਸਤਾਨ ਵਿਚ ਸ਼ਾਮਿਲ ਹੋਵੇਗਾ ਅਤੇ ਮੁਸਲਮਾਨ ਉੱਥੇ ਸੁਰੱਖਿਅਤ ਰਹਿਣਗੇ। ਇਸ ਸਮੇਂ, ਇਹ ਤਾਂ ਕਿਸੇ ਨੂੰ ਖ਼ਿਆਲ ਨਹੀਂ ਸੀ ਕਿ ਹਾਲਾਤ ਇਸ ਕਦਰ ਵਿਗੜ ਜਾਣਗੇ ਕਿ ਦੁਬਾਰਾ ਵਾਪਸੀ ਦਾ ਰਾਹ ਪੱਕੇ ਤੌਰ ’ਤੇ ਬੰਦ ਹੋ ਜਾਵੇਗਾ। ਇੱਥੇ ਇਹ ਵੀ ਦੱਸ ਦੇਵਾਂ ਕਿ ਇਹ ਆਖ਼ਰੀ ਟਰੇਨ ਸੀ ਜਿਸ ’ਤੇ ਦਿੱਲੀ ਤੋਂ ਸਵਾਰ ਹੋ ਕੇ ਅਸੀਂ ਖ਼ੈਰੀਅਤ ਨਾਲ ਘਰ ਪੁੱਜੇ। ਇਸ ਵਿਚ ਮੁਸਾਫ਼ਿਰ ਬਹੁਤ ਘੱਟ ਸਨ। ਸਾਡੇ ਡੱਬੇ ਵਿਚ ਸਿਰਫ਼ ਚਾਰ ਬੰਦੇ ਸੀ। ਇਸ ਮਗਰੋਂ ਟਰੇਨ ਵਿਚ ਕਤਲ-ਓ-ਗਾਰਤ ਦਾ ਹੌਲਨਾਕ ਸਿਲਸਿਲਾ ਸ਼ੁਰੂ ਹੋ ਗਿਆ।

ਅਸੀਂ ਹਾਜੀ ਨੂਰਦੀਨ ਦੀ ਮਸਜਿਦ (ਕੋਟਕਪੂਰਾ) ਵਿਚ ਮੁਸਲਮਾਨਾਂ ਦੀ ਮੀਟਿੰਗ ਸੱਦੀ ਅਤੇ ਹਾਲਾਤ ’ਤੇ ਵਿਚਾਰ ਕੀਤੀ। ਮਸ਼ਵਰਾ ਦਿੱਤਾ ਕਿ ਹੁਣ ਇੱਥੋਂ ਨਿਕਲ ਜਾਣਾ ਚਾਹੀਦਾ ਹੈ। ਇਸੇ ਦਿਨ ਇਕ ਸ਼ਖ਼ਸ ਨੇ ਜਿਸ ਨੂੰ ਮੈਂ ਨਹੀਂ ਜਾਣਦਾ ਸੀ ਮੈਨੂੰ ਮੌਲਾਨਾ ਅਤਾਉੱਲਾਹ ਭੋਜਯਾਨੀ ਦਾ ਰੁੱਕਾ ਦਿੱਤਾ ਜਿਸ ਵਿਚ ਲਿਖਿਆ ਸੀ: ‘‘ ਹਾਲਾਤ ਬਹੁਤ ਖ਼ਰਾਬ ਹਨ। ਮੈਂ ਕਸੂਰ ਤੋਂ ਇਹ ਰੁੱਕਾ ਲਿਖ ਰਿਹਾ ਹਾਂ। ਫ਼ਿਰੋਜ਼ਪੁਰ ਮੁਸਲਮਾਨਾਂ ਤੋਂ ਖ਼ਾਲੀ ਹੋ ਗਿਆ ਹੈ। ਤੁਸੀਂ ਫੌਰਨ ਨਿਕਲਣ ਦਾ ਜਤਨ ਕਰੋ ਅਤੇ ਕਿਸੇ ਤਰ੍ਹਾਂ ਕਸੂਰ ਪਹੰੁਚੋ।’’

ਦੂਜੇ ਦਿਨ ਜੁੰਮਾ (ਸ਼ੁੱਕਰਵਾਰ) ਸੀ ਜੋ ਸ਼ਹਿਰ ਦੇ ਸਾਰੇ ਮੁਸਲਮਾਨਾਂ ਨੇ ਮਿਤਾਲੀਆ ਵਾਲੀ ਮਸਜ਼ਿਦ ਕੋਟਕਪੂਰਾ ਵਿਚ ਪੜ੍ਹਿਆ। ਜੰੁਮਾ ਮੈਂ ਪੜ੍ਹਾਇਆ। ਆਖ਼ਰੀ ਜੁੰਮਾ ਸੀ ਜੋ ਮੈਂ ਆਪਣੇ ਪੁਰਖਿਆਂ ਦੇ ਸ਼ਹਿਰ ਵਿਚ ਪੜ੍ਹਿਆ ਅਤੇ ਪੜਾਇਆ। ਮਸਜਿਦ ਦੇ ਬਾਹਰ ਚੌਕ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਵੀ ਖੜ੍ਹੇ ਸਨ ਜੋ ਮੇਰੀ ਤਕਰੀਰ ਸੁਣ ਰਹੇ ਸਨ। ਉਹ ਲੋਕ ਸਾਡੀ ਸਿਆਸੀ ਅਤੇ ਮਜ਼ਹਬੀ ਸਰਗਰਮੀਆਂ ਤੋਂ ਜਾਣੂ ਸਨ ਕਿਉਂਕਿ ਸਾਰੇ ਇੱਕੋ ਥਾਂ ’ਤੇ ਰਹਿਣ ਵਾਲੇ ਸਾਂ ਅਤੇ ਸਾਡੀ ਆਪਸ ਵਿਚ ਖ਼ੂਬ ਜਾਣ-ਪਛਾਣ ਸੀ। ਇਸ ਲਈ ਕਿਸੇ ਪਾਸਿਓਂ ਕੋਈ ਹੰਗਾਮਾ ਨਹੀਂ ਹੋਇਆ।

ਰਾਤੀਂ ਪਰਜਾ ਮੰਡਲ ਦੇ ਦਫ਼ਤਰ ਦੇ ਸਾਹਮਣੇ ਗੱਲਾ ਮੰਡੀ (ਦਾਣਾ ਮੰਡੀ) ਵਿਚ ਗਿਆਨੀ ਜ਼ੈਲ ਸਿੰਘ ਦੀ ਪ੍ਰਧਾਨਗੀ ਵਿਚ ਜਲਸਾ ਹੋਇਆ ਜਿਸ ਵਿਚ ਕਾਜ਼ੀ ਅਬਦੁੱਲਾ, ਮੌਲਵੀ ਮੁਹੰਮਦ ਸੁਲੇਮਾਨ, ਮੈਂ ਅਤੇ ਸਾਡੇ ਕਈ ਹਿੰਦੂ ਅਤੇ ਸਿੱਖ ਸਾਥੀਆਂ ਨੇ ਤਕਰੀਰਾਂ ਕੀਤੀਆਂ। ਮੈਨੂੰ ਹੁਣ ਵੀ ਮਹਿਸੂਸ ਹੋ ਰਿਹਾ ਹੈ ਕਿ ਇਸ ਦੌਰ ਦੇ ਹਾਲਾਤ ਦੀ ਰੌਂਅ ਨਾਲ ਮੇਰੇ ਜੁੰਮੇ (ਸ਼ੁੱਕਰਵਾਰ) ਦੇ ਖ਼ੁਤਬੇ ਦੇ ਕੁਝ ਲਫ਼ਜ਼ ਵੀ ਸਖ਼ਤ ਸਨ ਅਤੇ ਗੱਲਾ ਮੰਡੀ ਵਾਲੀ ਤਕਰੀਰ ਵਿਚ ਵੀ। ਸਾਵਾਧਾਨੀ ਨੂੰ ਮੱਦੇ-ਨਜ਼ਰ ਨਹੀਂ ਸੀ ਰੱਖਿਆ ਗਿਆ ਪਰ ਗਿਆਨੀ ਜ਼ੈਲ ਸਿੰਘ ਅਤੇ ਭਾਈ ਦਿਆਲ ਸਿੰਘ ਦੇ ਬੋਲ ਬਹੁਤ ਸੰਤੁਲਿਤ ਸਨ। ਗਿਆਨੀ ਜੀ ਨੇ ਕਿਹਾ ਕਿ ਰਿਆਸਤ ਫ਼ਰੀਦਕੋਟ ਦੇ ਆਜ਼ਾਦੀ ਅੰਦੋਲਨ ਦੇ ਸਿਲਸਿਲੇ ਵਿਚ ਉਬੈਦ ਉਲਾ, ਮੁਹੰਮਦ ਇਸਹਾਕ, ਮੌਲਵੀ ਮੁਹੰਮਦ ਸੁਲੇਮਾਨ ਅਤੇ ਹੋਰ ਦੋਸਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇਗਾ। ਇਹ ਮੇਰੀ ਆਪਣੀ ਵਤਨ ਵਿਚ ਆਖ਼ਰੀ ਤਕਰੀਰ ਸੀ। ਜਲਸੇ ਮਗਰੋਂ ਮੈਂ ਸਾਰਿਆਂ ਨੂੰ ਮਿਲਿਆ ਅਤੇ ਕਿਹਾ ਕਿ ਸਵੇਰੇ ਇੱਥੋਂ ਚਲਿਆ ਜਾਵਾਂਗਾ। ਗਿਆਨੀ ਜ਼ੈਲ ਸਿੰਘ ਅਤੇ ਦੂਜੇ ਬਹੁਤ ਸਾਰੇ ਦੋਸਤਾਂ ਦੀਆਂ ਅੱਖਾਂ ਵਿਚ ਹੰਝੂ ਤੈਰ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਭਰੜਾਈ ਹੋਈ ਸੀ। ਉਹ ਲੋਕ ਨਿਹਾਇਤ ਅਫ਼ਸੋਸ ਨਾਲ ਮੈਨੂੰ ਮਿਲ ਰਹੇ ਸਨ। ਉਨ੍ਹਾਂ ਨੇ ਵਾਰ-ਵਾਰ ਕਿਹਾ ਕਿ ਲੰਮੇ ਅਰਸੇ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ, ਇਕੱਠੇ ਸਿਆਸੀ ਕੰਮ ਕੀਤੇ ਹਨ ਅਤੇ ਜੇਲ੍ਹ ਰਹੇ ਹਾਂ। ਇਸੇ ਦੌਰਾਨ ਸਾਡੇ ਤੋਂ ਬਹੁਤ ਗ਼ਲਤੀਆਂ ਹੋਈਆਂ ਹੋਣਗੀਆਂ, ਅਸੀਂ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ। ਕਸੂਰ ਠਹਿਰ ਦੇ ਸਮੇਂ ਦੌਰਾਨ ਮੈਂ ਇਕ ਵਾਰ ਕਿਸੇ ਦੇ ਹੱਥ ਸੁਨੇਹਾ ਭਿਜਵਾ ਦਿੱਤਾ।

ਸਰਹੱਦ ’ਤੇ ਕੋਟਕਪੂਰੇ ਤੋਂ ਪਰਜਾਮੰਡਲ ਦੇ ਕਈ ਕਾਰਕੁਨ ਮਿਲਣ ਲਈ ਆਏ। ਉਨ੍ਹਾਂ ਵਿਚ ਭਾਈ ਦਿਆਲ ਸਿੰਘ, ਲਹਿਣਾ ਸਿੰਘ, ਚੰਨਣ ਸਿੰਘ ਡੋਡ ਅਤੇ ਰਾਮ ਲਾਲ ਸ਼ਾਮਿਲ ਸਨ। ਇਨ੍ਹਾਂ ਲੋਕਾਂ ਨਾਲ ਸਾਡੀ ਇਹ ਆਖ਼ਰੀ ਮੁਲਾਕਾਤ ਸੀ। ਇਸ ਮਗਰੋਂ ਮੁਲਾਕਾਤ ਤਾਂ ਕੀ ਹੋਣੀ ਸੀ, ਕਿਸੇ ਨੂੰ ਮੈਂ ਚਿੱਠੀ ਵੀ ਨਹੀਂ ਲਿਖੀ। ਨਾ ਇਨ੍ਹਾਂ ਵਿੱਚੋਂ ਕਿਸੇ ਦਾ ਖ਼ਤ ਆਇਆ। ਇਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਮੈਂ ਪਾਕਿਸਤਾਨ ਦੇ ਕਿਸ ਇਲਾਕੇ ਵਿਚ ਆਬਾਦ ਹਾਂ।

ਲਾਇਬ੍ਰੇਰੀ ਦੀ ਤਬਾਹੀ

ਕਸੂਰ ਵਿਖੇ ਠਹਿਰ ਦੇ ਸਮੇਂ ਬਾਰੇ ਵੀ ਸੁਣਦੇ ਜਾਓ। ਮੇਰੇ ਉਸਤਾਦ ਸਤਿਕਾਰਯੋਗ ਮੌਲਾਨਾ ਅਤਾ ਉਲਾਹ ਹਨੀਫ਼ ਭੋਜਿਆਨੀ ਜੋ ਫ਼ਿਰੋਜ਼ਪੁਰ ਤੋਂ ਪਾਕਿਸਤਾਨ ਪਹੁੰਚੇ ਸੀ ਅਤੇ ਉਨ੍ਹਾਂ ਦੀ ਲਾਇਬ੍ਰੇਰੀ ਫ਼ਿਰੋਜ਼ਪੁਰ ਵਿਖੇ ਹੀ ਰਹਿ ਗਈ ਸੀ। ਇਕ ਦਿਨ ਮੈਂ ਕਸੂਰ ਦੇ ਡੀ ਅੱੈਸ ਪੀ ਨਾਲ ਉਸ ਲਾਇਬ੍ਰੇਰੀ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸੇ ਦਿਨ ਸਮਾਂ ਕੱਢਕੇ ਇਸ ਦਾ ਪਤਾ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਪੂਰੀ ਲਾਇਬ੍ਰੇਰੀ ਜਾਂ ਇਸ ਦਾ ਕੁਝ ਹਿੱਸਾ ਬਚਿਆ ਰਹਿ ਗਿਆ ਹੋਵੇ।

ਇਕ ਦਿਨ ਸ਼ਾਮ ਨੂੰ ਡੀ.ਐੱਸ.ਪੀ. ਨਾਲ ਅਸੀਂ ਉੱਥੇ ਪੁੱਜੇ। ਬੂਹਾ ਖੜਕਾਇਆ ਪਰ ਇਹ ਅੰਦਰੋਂ ਬੰਦ ਸੀ। ਦੋ-ਤਿੰਨ ਵਾਰ ਦਸਤਕ ਦਿੱਤੀ। ਦਰਵਾਜ਼ਾ ਨਾ ਖੁੱਲਿਆ ਤਾਂ ਡੀ.ਐਸ.ਪੀ. ਨੇ ਧੱਕਾ ਦੇ ਕੇ ਬੂਹਾ ਤੋੜ ਦਿੱਤਾ। ਮਕਾਨ ਦੇ ਅੰਦਰ ਗਏ। ਮਕਾਨ ਖ਼ਾਲੀ ਸੀ ਅਤੇ ਕਾਗ਼ਜ਼ ਖਿੱਲਰੇ ਹੋਏ ਸਨ ਪਰ ਕਿਤਾਬਾਂ ਨਹੀਂ ਸਨ, ਨਾ ਹੀ ਅਲਮਾਰੀਆਂ ਸਨ।

ਰੁਖ਼ਸਤੀ ਮੌਕੇ ਜੋ ਬੀਤੀ

ਆਪਣੇ ਘਰੋਂ (ਕੋਟ ਕਪੂਰਾ) ਰੁਖ਼ਸਤ ਹੋਣ ਮਗਰੋਂ ਸਾਡੇ ਰਿਸ਼ਤੇਦਾਰਾਂ ਅਤੇ ਵਤਨ ਦੇ ਲੋਕਾਂ ’ਤੇ ਕੀ ਬੀਤੀ? ਇਸ ਦਾ ਥੋੜਾ ਜਿਹਾ ਵੇਰਵਾ ਸੁਣੋ : ਅਸੀਂ ਹਾਲੇ ਉੱਥੇ ਹੀ ਸੀ ਕਿ ਸ਼ਹਿਰ ਫ਼ਰੀਦਕੋਟ ਵਿਚ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਉਣੇ ਸ਼ੁਰੂ ਹੋ ਗਏ ਸੀ। ਇਸ ਲਈ ਕਿ ਇਹ ਕੇਂਦਰੀ ਥਾਂ ਸੀ ਅਤੇ ਇੱਥੇ ਮੁਸਲਮਾਨ ਕਾਫ਼ੀ ਗਿਣਤੀ ਵਿਚ ਆਬਾਦ ਸਨ ਅਤੇ ਬਾਅਸਰ ਵੀ ਸਨ। ਸਾਡੇ ਮਗਰੋਂ ਤਾਂ ਦੂਰੋ-ਨੇੜਿਓਂ ਮੁਸਲਮਾਨਾਂ ਦਾ ਇਕ ਵੱਡਾ ਹਜ਼ੂਮ ਜਮ੍ਹਾਂ ਹੋ ਗਿਆ ਸੀ। ਜਿਸ ਨੂੰ ਆਪ ਵਾਲੀ-ਏ-ਰਿਆਸਤ ਹਰਇੰਦਰ ਸਿੰਘ ਵੀ ਇਕ ਦੋ ਵਾਰ ਵੇਖਣ ਆਇਆ। ਉਸ ਦੀ ਖਵਾਹਿਸ਼ ਸੀ ਕਿ ਉਹ ਦੀ ਰਿਆਸਤ ਵਿਚ ਮੁਸਲਮਾਨਾਂ ਨੂੰ ਕੋਈ ਤਕਲੀਫ਼ ਨਾ ਪਹੰੁਚੇ ਅਤੇ ਉਹ ਖ਼ੈਰ ਅਤੇ ਸਲਾਮਤੀ ਨਾਲ ਇੱਥੋਂ ਪਾਕਿਸਤਾਨ ਰਵਾਨਾ ਹੋਣ ਅਤੇ ਉਥੋਂ ਹੈੱਡ ਸੁਲੇਮਾਨ- ਕੀ ਪਾਰ ਕਰਕੇ ਪਾਕਿਸਤਾਨ ਵਿਚ ਦਾਖ਼ਲ ਹੋਣ ਦਾ ਮਸ਼ਵਰਾ ਦਿੱਤਾ। ਕੋਟਕਪੂਰੇ ਤੋਂ ਅੱਠ ਮੀਲ (ਯਾਨੀ ਬਾਰ੍ਹਾਂ ਤੇਰਾਂ ਕਿਲੋਮੀਟਰ) ਤੋਂ ਜ਼ਿਲ੍ਹਾ ਫ਼ਿਰੋਜ਼ਪੁਰ ਸ਼ੁਰੂ ਹੋ ਜਾਂਦਾ ਸੀ। ਫ਼ਰੀਦਕੋਟ ਦੀ ਹੱਦ ਤੋਂ ਅੱਗੇ ਜਦੋਂ ਕਾਫ਼ਿਲਾ ਫ਼ਿਰੋਜ਼ਪੁਰ ਦੀ ਹੱਦ ਵਿਚ ਦਾਖ਼ਿਲ ਹੋਇਆ ਤਾਂ ਸਿੱਖਾਂ ਨੇ ਕਈ ਪਾਸਿਆਂ ਤੋਂ ਇਸ ’ਤੇ ਹਮਲਾ ਕਰ ਦਿੱਤਾ। ਬੰਬ ਵੀ ਸੁੱਟੇ ਗਏ। ਕੁਝ ਲੋਕ ਮਾਰੇ ਗਏ ਅਤੇ ਕੁਝ ਲੋਕ ਜ਼ਖ਼ਮੀ ਹੋ ਗਏ। ਬੰਬ ਦੇ ਕੁਝ ਸਰੇ ਚੌਦਾਂ-ਪੰਦਰਾਂ ਸਾਲ ਦੀ ਇਕ ਕੁੜੀ ਦੇ ਪੈਰ ਵਿਚ ਵੜ ਗਏ। ਇਹ ਮੇਰੇ ਮਾਮੂ ਦੀ ਧੀ ਸੀ। ਜਿਸ ਨਾਲ ਕੁਝ ਸਮਾਂ ਮਗਰੋਂ ਮੇਰਾ ਨਿਕਾਹ ਹੋ ਗਿਆ। ਇਸ ਦਾ ਨਿਸ਼ਾਨ ਹਮੇਸ਼ਾ ਉਸ ਦੇ ਪੈਰ ’ਤੇ ਮੌਜੂਦ ਰਿਹਾ।

- ਕਰਨਲ ਬਲਬੀਰ ਸਿੰਘ ਸਰਾਂ

Posted By: Harjinder Sodhi