ਭਾਰਤੀ ਸੰਸਕਿ੍ਤੀ ਵਿਚ ਮਾਂ-ਬਾਪ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਗਿਆ ਹੈ। ਸਾਡੇ ਧਾਰਮਿਕ ਗ੍ਰੰਥ ਸਾਡੇ ਜੀਵਨ ਨੂੰ ਨਿਰਦੇਸ਼ਿਤ ਕਰਦੇ ਹੋਏ ਬੱਚਿਆਂ ਵਿਚ ਸੰਸਕਾਰਾਂ ਦੇ ਬੀਜ ਬੀਜਦੇ ਹਨ। ‘ਪਦਮ ਪੁਰਾਣ’ ਵਿਚ ਕਿਹਾ ਗਿਆ ਹੈ ਪਿਤਾ ਧਰਮ ਹੈ, ਪਿਤਾ ਸਵਰਗ ਹੈ ਅਤੇ ਪਿਤਾ ਹੀ ਸਭ ਤੋਂ ਵਧੀਆ ਤਪ ਹੈ। ਪਿਤਾ ਦੇ ਖ਼ੁਸ਼ ਹੋ ਜਾਣ ਨਾਲ ਸਾਰੇ ਦੇਵਤਾ ਪ੍ਰਸੰਨ ਹੋ ਜਾਂਦੇ ਹਨ। ਜੇ ਮਾਂ ਸਾਰੇ ਤੀਰਥਾਂ ਵਾਂਗ ਹੈ ਤਾਂ ਪਿਤਾ ਸਾਰੇ ਦੇਵਤਿਆਂ ਦਾ ਸਰੂਪ ਹੈ। ਇਸ ਲਈ ਸਭ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਵਿਚਰਦਿਆਂ ਹੋਇਆਂ ਉਹ ਕਈ ਰਿਸ਼ਤੇ ਨਿਭਾਉਂਦਾ ਹੈ। ਇਨ੍ਹਾਂ ’ਚੋਂ ਪਿਓ-ਪੁੱਤ ਦਾ ਰਿਸ਼ਤਾ ਆਪਣੀ ਥਾਂ ’ਤੇ ਬੜਾ ਅਹਿਮ ਸਥਾਨ ਰੱਖਦਾ ਹੈ। ਭਾਰਤੀ ਇਤਿਹਾਸ ਬਹੁਤ ਸਾਰੀਆਂ ਉਦਾਹਰਨਾਂ ਨਾਲ ਭਰਿਆ ਹੋਇਆ ਹੈ ਜਿਸ ਤੋਂ ਸਾਨੂੰ ਬੱਚੇ ਤੇ ਪਿਤਾ ਵਿਚਕਾਰ ਪਵਿੱਤਰ ਰਿਸ਼ਤੇ ਦੀ ਮਹੱਤਤਾ ਦੀ ਝਲਕ ਮਿਲਦੀ ਹੈ। ਕਿਵੇਂ ਮਹਾਰਾਜ ਦਸ਼ਰਥ ਦੁਆਰਾ ਮਾਤਾ ਕੇਕਈ ਨੂੰ ਦਿੱਤੇ ਗਏ ਇਕ ਵਚਨ ਦੀ ਪਾਲਣਾ ਕਰਨ ਲਈ ਸ੍ਰੀ ਰਾਮ ਚੰਦਰ ਨੇ ਪਲ ਭਰ ਵਿਚ 14 ਸਾਲ ਦਾ ਬਨਵਾਸ ਸਵੀਕਾਰ ਕਰ ਲਿਆ ਅਤੇ ਉਸ ਦੀ ਪਾਲਣਾ ਕੀਤੀ।

ਸਰਵਣ ਕੁਮਾਰ ਦੀ ਆਪਣੀ ਮਾਤਾ ਅਤੇ ਪਿਤਾ ਪ੍ਰਤੀ ਭਗਤੀ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ? ਜਿਸ ਨੇ ਆਪਣੇ ਅੰਨ੍ਹੇ ਮਾਂ-ਬਾਪ ਨੂੰ ਵਹਿੰਗੀ ਵਿਚ ਬਿਠਾ ਕੇ ਚਾਰ ਧਾਮ ਦੀ ਯਾਤਰਾ ਕਰਵਾਉਣ ਦਾ ਪ੍ਰਣ ਲਿਆ ਅਤੇ ਆਪਣੇ ਆਖ਼ਰੀ ਸਾਹ ਤਕ ਨਿਭਾਇਆ। ਭਾਰਤੀ ਸੰਸਕਿ੍ਰਤੀ ਵਿਚ ਦਸ਼ਰਥ- ਰਾਮ, ਬਿ੍ਰਸ਼ ਭਾਨ-ਰਾਧਾ, ਭੀਮ-ਘਟੋਤਕਚ, ਅਰਜੁਨ-ਅਭਿਮੰਨਿਊ ਵਰਗੀਆਂ ਉਦਾਹਰਨਾਂ ਮੌਜੂਦ ਹਨ। ਮਾਂ ਦੀ ਤਰ੍ਹਾਂ ਪਿਤਾ ਦਾ ਬੱਚੇ ਦੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ।

ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਪਿਤਾ ਉਸ ਦਾ ਪਾਲਣ-ਪੋਸ਼ਣ ਕਰਦਾ ਹੈ। ਜਿਨ੍ਹਾਂ ਬੱਚਿਆਂ ਦਾ ਰਿਸ਼ਤਾ ਆਪਣੇ ਪਿਤਾ ਨਾਲ ਵਧੀਆ ਹੁੰਦਾ ਹੈ ਉਹ ਬੱਚੇ ਬੌਧਿਕ, ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਰੂਪ ਵਿਚ ਜ਼ਿਆਦਾ ਮਜ਼ਬੂਤ ਹੁੰਦੇ ਹਨ। ਇਕ ਪਿਤਾ ਬੱਚੇ ਲਈ ਬੋਹੜ ਦੇ ਰੁੱਖ ਵਾਂਗ ਹੁੰਦਾ ਹੈ ਜਿਸ ਦੀ ਛਾਂ ਹੇਠ ਉਸ ਦਾ ਜੀਵਨ ਸੁਰੱਖਿਅਤ ਰਹਿੰਦਾ ਹੈ। ਪਿਓ ਲੋਰੀ ਵੀ ਹੈ, ਮੋਹ ਭਿੱਜੀ ਘੂਰੀ ਵੀ। ਪਿਓ ਰਾਗ ਵੀ ਹੈ, ਤੋਤਲੇ ਬੋਲ ਵੀ। ਪਿਓ ਗਡੀਰਾ ਵੀ ਹੈ ਤੇ ਘਨੇੜੀ ਵੀ। ਪਿਤਾ ਬੱਚੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਨ ਲਈ ਸਾਰੀ ਉਮਰ ਸਖ਼ਤ ਮਿਹਨਤ ਕਰਦਾ ਹੈ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਾਰੀਆਂ ਸੁੱਖ-ਸਹੂਲਤਾਂ ਦੇ ਸਕੇ। ਪਿਤਾ ਆਪਣਾ ਸਾਰਾ ਜੀਵਨ ਆਪਣੇ ਪਰਿਵਾਰ ਦੀ ਬਿਹਤਰੀ ਅਤੇ ਤਰੱਕੀ ਲਈ ਸਮਰਪਿਤ ਕਰ ਦਿੰਦਾ ਹੈ। ਭਾਵੇਂ ਉਸ ਦੁਆਰਾ ਲਾਗੂ ਕੀਤਾ ਅਨੁਸ਼ਾਸਨ ਬੱਚਿਆਂ ਨੂੰ ਕਈ ਵਾਰ ਪਸੰਦ ਨਹੀਂ ਆਉਂਦਾ ਅਤੇ ਬੱਚੇ ਸੋਚਦੇ ਹਨ ਕਿ ਪਿਤਾ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ ਪਰ ਪਿਤਾ ਦੀ ਸਖ਼ਤੀ ਵਿਚ ਆਪਣੇ ਬੱਚਿਆਂ ਲਈ ਬੇਅੰਤ ਪਿਆਰ ਅਤੇ ਚਿੰਤਾ ਛੁਪੀ ਹੁੰਦੀ ਹੈ। ਪਿਤਾ ਤੋਂ ਹੀ ਬੱਚੇ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਨੂੰ ਨਿਭਾਉਣਾ ਸਿੱਖਦੇ ਹਨ। ਪਿਤਾ ਦੀ ਘੁਰਕੀ ਵਿਚ ਲਾਡ ਦੀ ਮਹਿਕ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ।

ਬੱਚਿਆਂ ਵੱਲੋਂ ਕੀਤੀਆਂ ਗ਼ਲਤੀਆਂ ਨੂੰ ਪਿਤਾ ਭੁਲਾ ਕੇ ਉਨ੍ਹਾਂ ਨੂੰ ਮੁੜ ਤੋਂ ਪਿਆਰ ਭਰੀ ਗਲਵਕੜੀ ਵਿਚ ਲੈ ਲੈਂਦਾ ਹੈ ਅਤੇ ਭਵਿੱਖ ਵਿਚ ਆਪਣੀ ਭੁੱਲ ਸੁਧਾਰਨ ਲਈ ਕਹਿੰਦਾ ਹੈ। ਗੁਰਬਾਣੀ ਵਿਚ ਵੀ ਇਸ ਦਾ ਹਵਾਲਾ ਦਿੰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਉਂਦੇ ਹਨ :

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।

ਸਿਆਣੇ ਠੀਕ ਹੀ ਕਹਿੰਦੇ ਹਨ-‘ਮਾਂ-ਪਿਓ ਦੀਆਂ ਗਾਲ੍ਹਾਂ, ਘਿਓ ਦੀਆਂ ਨਾਲਾਂ।’ ਮੈਂ ਅੱਜ ਸਮਾਜਿਕ ਜੀਵਨ ਵਿਚ ਕੰਮ ਜ਼ਰੂਰ ਕਰ ਰਿਹਾ ਹਾਂ ਪਰ ਮੇਰੇ ਇਸ ਸਮਾਜਿਕ ਜੀਵਨ ਨੂੰ ਹਮੇਸ਼ਾ ਪ੍ਰੇਰਿਤ ਕਰਨ ਵਾਲੇ, ਬੋਹੜ ਦੇ ਦਰਖਤ ਵਾਂਗ ਛਾਂ ਦੇਣ ਵਾਲੇ ਮੇਰੇ ਪਿਤਾ ਸੰਜੇ ਕਪੂਰ ਜੀ ਹੀ ਹਨ। ਕੁੱਲ ਮਿਲਾ ਕੇ ਮੇਰੇ ਲਈ ਤਾਂ ਮੇਰੇ ਪਿਤਾ ਜੀ ਹੀ ਮੇਰੇ ਲਈ ਰੋਲ ਮਾਡਲ/ ਪ੍ਰੇਰਕ ਹਨ। ‘ਬਾਪੂ ਜਿਹਾ ਰੱਬ’ ਕਵਿਤਾ ਦੀਆਂ ਕੁਝ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ : ਪੈਰ ਪੈਰ ਉੱਤੇ ਸਮਝੌਂਦਾ ਸਾਨੂੰ ਬਾਪੂ ਏ।

ਜ਼ਿੰਦਗੀ ਦੇ ਫਲਸਫੇ ਪੜ੍ਹਾਉਂਦਾ ਸਾਨੂੰ ਬਾਪੂ ਏ।

ਠੋਕਰਾਂ ਦੇ ਲੱਗਣੋਂ ਬਚਾਉਂਦਾ ਸਾਨੂੰ ਬਾਪੂ ਏ। ਦੁਖੀ ਹੋਈਏ ਗਲ ਨਾਲ ਲਾਉਂਦਾ ਸਾਨੂੰ ਬਾਪੂ ਏ।

ਮਾਤਾ-ਪਿਤਾ ਦੇ ਵਡਮੁੱਲੇ ਯੋਗਦਾਨ ਦੀ ਯਾਦ ਦਿਵਾਉਂਦੇ ਰਹਿਣ ਲਈ ਹਰ ਸਾਲ ਮਾਂ ਦਿਵਸ ਅਤੇ ਪਿਤਾ ਦਿਵਸ ਮਨਾਏ ਜਾਂਦੇ ਹਨ। ਸਭ ਤੋਂ ਪਹਿਲਾਂ ਪੱਛਮੀ ਵਰਜੀਨੀਆ ਵਿਚ ਪਿਤਾ ਦਿਵਸ 19 ਜੂਨ 1910 ਨੂੰ ਮਨਾਇਆ ਗਿਆ ਸੀ। ਅਮਰੀਕਾ ਵਿਚ ਇਸ ਦੀ ਸ਼ੁਰੂਆਤ ਸੰਨ 1916 ਵਿਚ ਕੀਤੀ ਗਈ। ਉਸ ਸਮੇਂ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਫਾਦਰਜ਼ ਡੇ ਮਨਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

ਸੰਨ 1924 ਵਿਚ ਰਾਸ਼ਟਰਪਤੀ ਕੈਲਵਿਨ ਕੁਲਿਜ ਨੇ ਇਸ ਨੂੰ ਰਾਸ਼ਟਰੀ ਆਯੋਜਨ ਘੋਸ਼ਿਤ ਕੀਤਾ। ਸਾਲ 1966 ਵਿਚ ਰਾਸ਼ਟਰਪਤੀ ਲਿੰਕਨ ਜਾਨਸਨ ਨੇ ਪਹਿਲੀ ਵਾਰ ਹਰ ਸਾਲ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਵਿਸ਼ਵ ਵਿਚ ਵੱਖ-ਵੱਖ ਦੇਸ਼ ਵੱਖ-ਵੱਖ ਮਿਤੀਆਂ ਨੂੰ ਇਹ ਦਿਨ ਮਨਾਉਂਦੇ ਹਨ। ਕੈਨੇਡਾ, ਅਮਰੀਕਾ, ਭਾਰਤ, ਇੰਗਲੈਂਡ, ਫਰਾਂਸ, ਪਾਕਿਸਤਾਨ, ਗਰੀਸ ਅਤੇ ਦੱਖਣੀ ਅਫ਼ਰੀਕਾ ਵਿਚ ਹਰ ਸਾਲ ਜੂਨ ਦਾ ਤੀਸਰਾ ਐਤਵਾਰ ਪਿਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਜਦਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਸਤੰਬਰ ਦੇ ਪਹਿਲੇ ਐਤਵਾਰ ਅਤੇ ਥਾਈਲੈਂਡ ਵਿਚ 5 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਹੱਤਵ ਸਿਰਫ਼ ਆਪਣੇ ਪਿਤਾ ਨੂੰ ਇਸ ਦਿਨ ਕਾਰਡ, ਫੁੱਲ, ਕੱਪੜੇ ਜਾਂ ਤੋਹਫੇ ਭੇਟ ਕਰਨਾ ਨਹੀਂ ਬਲਕਿ ਇਸ ਗੱਲ ਦਾ ਅਹਿਸਾਸ ਕਰਨਾ ਹੈ ਕਿ ਪਿਤਾ ਨੇ ਸਾਡੀ ਜ਼ਿੰਦਗੀ ਬਣਾਉਣ ਲਈ ਸਾਰੀ ਉਮਰ ਤਿਆਗ ਅਤੇ ਸਮਰਪਣ ਨਾਲ ਗੁਜ਼ਾਰੀ ਹੈ।

ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਆਪਣੀਆਂ ਇੱਛਾਵਾਂ ਨੂੰ ਹਰ ਵਾਰ ਮਾਰਿਆ ਹੈ। ਜੇਕਰ ਅਸੀਂ ਸਾਰੇ ਆਪਣੇ ਪਿਤਾ ਦਾ ਸਤਿਕਾਰ ਕਰੀਏ ਅਤੇ ਉਸ ਦੇ ਤਿਆਗ ਨੂੰ ਹਮੇਸ਼ਾ ਯਾਦ ਰੱਖੀਏ ਤਾਂ ਇਸ ਤੋਂ ਵੱਡਾ ਤੋਹਫ਼ਾ ਆਪਣੇ ਪਿਤਾ ਲਈ ਪਿਤਾ ਦਿਵਸ ’ਤੇ ਕੋਈ ਹੋਰ ਨਹੀਂ ਹੋ ਸਕਦਾ। ‘ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਊਂਦਾ ਰਹੇ ਬਾਪੂ’ ਬੋਲ ਨਾਲ ਮੈਂ ਅੱਜ ਪਿਤਾ ਦਿਵਸ ਦੇ ਮੌਕੇ ’ਤੇ ਪਰਮਾਤਮਾ ਅੱਗੇ ਆਪਣੇ ਪਿਤਾ ਦੀ ਲੰਬੀ ਉਮਰ ਦੀ ਅਰਦਾਸ ਵੀ ਕਰਦਾ ਹਾਂ।

-ਸੌਰਭ ਕਪੂਰ

-ਮੋਬਾਈਲ : 78378-11000

Posted By: Jagjit Singh