-ਗੋਵਰਧਨ ਗੱਬੀ

ਮਾਂ ਦੀ ਸਿਹਤ ਅੱਜਕੱਲ੍ਹ ਥੋੜ੍ਹੀ ਨਾਸਾਜ਼ ਚੱਲ ਰਹੀ ਹੈ। ਜਦੋਂ ਦੀ ਹਸਪਤਾਲ ਵਿਚ ਕੋਰੋਨਾ ਵਿਰੁੱਧ 14 ਦਿਨ ਦਾ ਯੁੱਧ ਜਿੱਤ ਕੇ ਮਾਂ ਘਰ ਪਰਤੀ ਉਦੋਂ ਤੋਂ ਹੀ ਡਾਹਢੀ ਝੰਬੀ ਗਈ ਹੈ। ਅੱਠ-ਦਸ ਕਿਲੋ ਭਾਰ ਘਟ ਗਿਆ ਹੈ। ਕਮਜ਼ੋਰ ਹੋ ਗਈ ਹੈ। ਚਿਹਰੇ ਦਾ ਨੂਰ ਥੋੜ੍ਹਾ ਧੁਆਂਖਿਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਤੇ ਆਪਣੇ ਨਿੱਕੇ ਡਾਕਟਰ ਪੁਤਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੀ ਹੈ। ਕੋਰੋਨਾ ਅਤੇ ਉਸ ਨਾਲ ਉਪਜੀਆਂ ਹੋਰ ਬਿਮਾਰੀਆਂ ਨੂੰ ਹਰਾਉਣ ਵਾਸਤੇ ਉਨ੍ਹਾਂ ਨਾਲ ਜੂਝ ਰਹੀ ਹੈ। ਸਾਨੂੰ ਪੂਰੀ ਆਸ ਹੈ ਕਿ ਜੇ ਸਭ ਕੁਝ ਠੀਕ ਰਿਹਾ ਅਤੇ ਕੁਦਰਤ ਦੀ ਮਿਹਰ ਰਹੀ ਤਾਂ ਬਹੁਤ ਜਲਦ ਮਾਂ ਸਿਹਤਯਾਬ ਹੋ ਜਾਵੇਗੀ। ਅਠੱਤਰ ਸਾਲਾਂ ਦੀ ਸਾਡੀ ਮਾਂ ਦੀ ਕੁਝ ਸ਼ੂਗਰ ਵਧੀ ਹੋਈ ਹੈ। ਨਿੱਕਾ ਭਰਾ ਉਸ ਨੂੰ ਲੋੜੀਂਦੇ ਟੀਕੇ ਤੇ ਦਵਾਈਆਂ ਦੇ ਰਿਹਾ ਹੈ। ਗੱਲ-ਗੱਲ 'ਤੇ ਮਾਂ ਹੱਥ ਜੋੜਦੀ ਆਕਾਸ਼ ਵੱਲ ਦੇਖਦੀ ਹੈ। ਮੋਬਾਈਲ ਫੋਨ ਉਪਰ ਪ੍ਰਵਚਨ ਸੁਣਦੀ ਰਹਿੰਦੀ ਹੈ।

ਇਸ ਸਭ ਕਾਰਨ ਵੀ ਉਹ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਪ੍ਰੇਰਦੀ ਰਹਿੰਦੀ ਹੈ। ਕੁਝ ਦਿਨਾਂ ਤੋਂ ਸਵੇਰੇ-ਸਵੇਰੇ ਮੈਨੂੰ ਹਲਕਾ ਬੁਖਾਰ ਤੇ ਕੁਝ ਮਾਮੂਲੀ ਜਿਹੀ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਮੈਂ ਮਾਂ ਨਾਲ ਇਹ ਸਾਂਝਾ ਨਹੀਂ ਕੀਤਾ। ਮਾਂ ਨੇ ਮੇਰੀ ਬੋਲ-ਬਾਣੀ ਤੇ ਚਾਲ-ਢਾਲ ਦੇਖ ਕੇ ਅਖ਼ੀਰ ਪੁੱਛ ਹੀ ਲਿਆ,''ਗੱਬੀ ਪੁੱਤਰ, ਕੀ ਗੱਲ ਠੀਕ ਤਾਂ ਹੈਂ ਨਾ ਤੂੰ...?'' ''ਹਾਂ, ਥੋੜ੍ਹਾ ਬੁਖਾਰ ਮਹਿਸੂਸ ਹੋ ਰਿਹਾ ਹੈ।'' ਮੈਂ ਜਵਾਬ ਦਿੱਤਾ। ''ਹਾਂ, ਤਦੇ ਕੁਝ ਕਮਜ਼ੋਰ ਲੱਗ ਰਿਹੈਂ...ਮੈਂ ਕਾਫ਼ੀ ਦਿਨਾਂ ਤੋਂ ਦੇਖ ਰਹੀ ਸੀ...?''” ਮਾਂ ਨੇ ਕਿਹਾ। “ਮੈਂ ਮਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ ਹਾਂ, ਕੁਝ ਕਮਜ਼ੋਰੀ ਵੀ ਮਹਿਸੂਸ ਕਰ ਰਿਹਾ ਹਾਂ।”ਮਾਂ ਨੇ ਕਿਹਾ ਕਿ ਕਮਜ਼ੋਰੀ ਕਰਕੇ ਹੀ ਤਾਂ ਤੈਨੂੰ ਬੁਖਾਰ ਚੜ੍ਹਿਆ ਹੈ। ਮੈਂ ਮਾਂ ਦੀ ਗੱਲ ਕੱਟਦਿਆਂ ਕਿਹਾ, ''ਨਹੀਂ, ਉਂਜ ਹੀ ਕਮਜ਼ੋਰੀ ਮਹਿਸੂਸ ਹੋ ਰਹੀ ਹੈ...।''

''ਪੁੱਤਰ! ਤੂੰ ਮੰਨਦਾ ਨਹੀਂ ਪਰ ਕਮਜ਼ੋਰੀ ਕਰਕੇ ਹੀ ਤੈਨੂੰ ਬੁਖਾਰ ਚੜ੍ਹਿਐ...ਤੈਨੂੰ ਕਿੰਨੇ ਵਾਰੀ ਕਿਹਾ ਹੈ ਕਿ ਡੱਫਿਆ ਘੱਟ ਕਰ ਤੇ ਖਾਇਆ ਚੰਗਾ ਤੇ ਜ਼ਿਆਦਾ ਕਰ...ਪੁੱਤਰ, ਜੇ ਚੰਗਾ ਨਹੀਂ ਖਾਏਂਗਾ ਤਾਂ ਫਿਰ ਕਮਜ਼ੋਰ ਹੀ ਹੋਵੇਗਾਂ। ਜੇ ਕਮਜ਼ੋਰ ਹੋਵੇਂਗਾ ਤਾਂ ਬੁਖਾਰ ਨੇ ਫਿਰ ਚੜ੍ਹਨਾ ਹੀ ਹੈ। ਦੂਸਰਾ, ਮੌਸਮ ਬਦਲ ਰਿਹਾ ਹੈ। ਟੀ-ਸ਼ਰਟਾਂ ਨਹੀਂ, ਪੂਰੀਆਂ ਬਾਹਾਂ ਵਾਲਾ ਕੁੜਤਾ ਤੇ ਪਜਾਮਾ ਪਾਇਆ ਕਰ।'' ਮਾਂ ਨੇ ਪੂਰੇ ਵਿਸ਼ਵਾਸ ਭਰੇ ਅੰਦਾਜ਼ ਵਿਚ ਮੈਨੂੰ ਸਮਝਾਇਆ। ਮੈਂ ਆਪਣੇ ਨਿੱਕੇ ਭਰਾ ਨਾਲ ਆਪਣੀ ਕਮਜ਼ੋਰੀ ਤੇ ਬੁਖਾਰ ਦੀ ਗੱਲ ਕੀਤੀ ਤਾਂ ਉਸ ਨੇ ਮਾਂ ਵਾਲੀ ਗਾਥਾ ਨੂੰ ਤਸਦੀਕ ਕਰ ਦਿੱਤਾ। ਮੈਂ ਮਾਂ ਦੇ ਚਿਹਰੇ ਵੱਲ ਗਹੁ ਨਾਲ ਤੱਕਿਆ। ਉਸ ਦੇ ਚਿਹਰੇ ਦੀਆਂ ਝੁਰੜੀਆਂ ਦੱਸ ਰਹੀਆਂ ਸਨ ਕਿ ਇਹ ਉਹ ਨਹੀਂ ਸਗੋਂ ਉਸਦਾ ਤਜਰਬਾ ਬੋਲ ਰਿਹਾ ਹੈ। ਮੈਨੂੰ ਯਾਦ ਹੈ ਕਿ ਇਕ ਵਾਰ ਟੀਵੀ ਉੱਪਰ ਮੈਂ ਇਕ ਕੌਮਾਂਤਰੀ ਕੰਪਨੀ ਦੇ ਤਕਨੀਕੀ ਮੁਖੀ ਦੀ ਇੰਟਰਵਿਊ ਸੁਣੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਆਪਣੇ ਕਸਬ ਦੀ ਪੜ੍ਹਾਈ ਲਿਖਾਈ ਕਿੱਥੋਂ ਕੀਤੀ ਤਾਂ ਉਸ ਦਾ ਜਵਾਬ ਸੀ ਕਿ ਉਹ ਕਦੇ ਸਕੂਲ ਨਹੀਂ ਗਿਆ।

ਬਸ, ਤਜਰਬੇ ਨਾਲ ਗਿਆਨ ਹਾਸਲ ਕੀਤਾ ਹੈ। ਮੈਂ ਕਈ ਵਾਰ ਨੋਟ ਕੀਤਾ ਹੈ ਕਿ ਮਾਂ ਨੇ ਵੀ ਆਪਣੇ ਤਜਰਬੇ ਨਾਲ ਕਈ ਵਾਰ ਪੜ੍ਹੇ-ਲਿਖਿਆਂ ਨੂੰ ਹੈਰਾਨ ਹੀ ਨਹੀਂ ਸਗੋਂ ਆਪਣੀ ਕਾਬਲੀਅਤ 'ਤੇ ਦੋਬਾਰਾ ਸੋਚਣ ਵਾਸਤੇ ਮਜਬੂਰ ਵੀ ਕੀਤਾ ਹੈ। ਛੱਬੀ-ਸਤਾਈ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਘਰ ਪਹਿਲੇ ਬੱਚੇ ਦਾ ਜਨਮ ਹੋਣਾ ਸੀ।

ਹੋਰਾਂ ਮਾਪਿਆਂ ਵਾਂਗ ਸਾਨੂੰ ਪਤੀ-ਪਤਨੀ ਨੂੰ ਵੀ ਮਾਤਾ-ਪਿਤਾ ਬਣਨ ਦੇ ਬੜੇ ਚਾਅ ਸਨ। ਸ਼ਹਿਰ ਦੀ ਇਕ ਪ੍ਰਸਿੱਧ ਮਹਿਲਾ ਡਾਕਟਰ ਦੇ ਨਿੱਜੀ ਕਲੀਨਿਕ ਵਿਚ ਮੈਂ ਆਪਣੀ ਗਰਭਵਤੀ ਪਤਨੀ ਨੂੰ ਸ਼ੁਰੂ ਤੋਂ ਹੀ ਵਿਖਾ ਰਿਹਾ ਸਾਂ। ਡਾਕਟਰ ਦੁਆਰਾ ਦਿੱਤੀ ਗਈ ਅਨੁਮਾਨਿਤ ਤਰੀਕ ਤੋਂ ਵੀਹ ਦਿਨ ਪਹਿਲਾਂ ਇਕ ਦਿਨ ਅਚਾਨਕ ਪਤਨੀ ਨੂੰ ਜਣਨ ਪੀੜਾਂ ਤੇ ਦਰਦਾਂ ਮਹਿਸੂਸ ਹੋਈਆਂ। ਮੇਰੀ ਮਾਂ ਨੇ ਆਪਣੀ ਨੂੰਹ ਨੂੰ ਟੋਹਿਆ ਤੇ ਪਰਖਿਆ।''ਗੱਬੀ, ਪੁੱਤਰ ਚੱਲ ਕੱਢ ਗੱਡੀ ਤੇ ਡਾਕਟਰ ਕੋਲ ਲੈ ਚੱਲ। ਅੱਜ ਬੱਚੇ ਦੇ ਜਨਮ ਹੋਣ ਦੇ ਪੂਰੇ ਲੱਛਣ ਵਿਖਾਈ ਦੇ ਰਹੇ ਨੇ।'' ਮਾਂ ਨੇ ਹੁਕਮ ਸੁਣਾ ਦਿੱਤਾ। ਮੈਂ ਨਾਂਹ-ਨੁੱਕਰ ਕਰਦਿਆਂ ਕਿਹਾ, ''ਅਜੇ ਤਾਂ ਵੀਹ ਦਿਨ ਬਚੇ ਨੇ...ਕੋਈ ਹੋਰ ਸਮੱਸਿਆ ਹੋਣੀ ਹੈ।'' ਮਾਂ ਨੇ ਮੇਰੀ ਇਕ ਨਾ ਸੁਣੀ। ਕੁਝ ਦੇਰ ਬਾਅਦ ਅਸੀਂ ਕਲੀਨਿਕ ਪਹੁੰਚ ਗਏ। ਡਾਕਟਰ ਨੇ ਮੇਰੀ ਪਤਨੀ ਨੂੰ ਅੰਦਰ ਲਿਜਾ ਕੇ ਦੇਖਿਆ-ਪਰਖਿਆ ਤੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ। ਕੁਝ ਤਕਲੀਫ਼ ਤਾਂ ਹੈ ਪਰ ਬੱਚੇ ਦੇ ਜਨਮ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਅਜੇ ਪੰਦਰਾਂ-ਵੀਹ ਦਿਨ ਪਏ ਨੇ ਬੱਚੇ ਦੇ ਜਨਮ ਨੂੰ। ਮੈਂ ਕੁਝ ਦਵਾਈਆਂ ਲਿਖ ਦਿੰਦੀ ਹਾਂ। ਤੁਸੀਂ ਇਸ ਨੂੰ ਘਰ ਵਾਪਸ ਲੈ ਜਾਓ।

“ ''ਡਾਕਟਰ ਜੀ, ਤੁਸੀਂ ਮੇਰੀ ਨੂੰਹ ਨੂੰ ਦਾਖ਼ਲ ਕਰੋ। ਬੱਚਾ ਕਿਸੇ ਵੇਲੇ ਵੀ ਹੋ ਸਕਦਾ ਹੈ।'' ਮੇਰੀ ਮਾਂ ਨੇ ਡਾਕਟਰ ਨੂੰ ਹੁਕਮ ਸੁਣਾ ਦਿੱਤਾ। ਡਾਕਟਰ ਮਾਂ ਨਾਲ ਤਾਂ ਨਹੀਂ ਉਲਝੀ ਪਰ ਉਸ ਨੇ ਮੈਨੂੰ ਆਪਣੇ ਕੈਬਿਨ ਵਿਚ ਬੁਲਾਇਆ ਤੇ ਬੋਲੀ, ''ਦੇਖੋ! ਇਹ ਅਨਪੜ੍ਹ ਮਾਈਆਂ ਏਦਾਂ ਹੀ ਬੋਲਦੀਆਂ ਰਹਿੰਦੀਆਂ ਨੇ। ਮੈਂ ਚੈੱਕ ਕਰ ਲਿਆ ਹੈ। ਤੁਸੀਂ ਇਸ ਨੂੰ ਘਰ ਲੈ ਜਾਓ। ਇੱਥੇ ਦਾਖ਼ਲ ਕਰਵਾਓਗੇ ਤਾਂ ਰੋਜ਼ ਦਾ ਵਾਧੂ ਦਾ ਖ਼ਰਚਾ ਪਵੇਗਾ। ਮੈਂ ਕੁਝ ਦਵਾਈਆਂ ਲਿਖ ਦਿੰਦੀ ਹਾਂ। ਤੁਸੀਂ ਲੈ ਕੇ ਆਓ। ਤਦ ਤੀਕ ਮੈਂ ਮਾਈ ਨੂੰ ਸਮਝਾਉਂਦੀ ਆਂ।” ਮੈਂ ਦਵਾਈ ਲਿਖੀ ਪਰਚੀ ਲੈ ਕੇ ਦਵਾਈਆਂ ਦੀ ਦੁਕਾਨ 'ਤੇ ਚਲਾ ਗਿਆ। ਦੁਕਾਨ 'ਤੇ ਭੀੜ ਜ਼ਿਆਦਾ ਸੀ। ਸੋ, ਮੈਨੂੰ ਪੌਣਾ ਕੁ ਘੰਟਾ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਲੱਗ ਗਿਆ। ''ਵਧਾਈਆਂ ਹੋਣ ਵੀਰ ਜੀ। ਧੀ ਪੈਦਾ ਹੋਈ ਹੈ।

ਡਾਕਟਰ ਕਹਿੰਦੀ ਹੈ ਕਿ ਹੁਣ ਉਹ ਦਵਾਈਆਂ ਲਿਆਉਣ ਦੀ ਲੋੜ ਨਹੀਂ ਹੈ।'' ਸਾਡੇ ਨਾਲ ਗਏ ਮੇਰੇ ਇਕ ਦੋਸਤ ਨੇ ਦੁਕਾਨ 'ਤੇ ਆ ਕੇ ਮੈਨੂੰ ਜਾਣਕਾਰੀ ਦਿੱਤੀ। ਹੈਰਾਨੀ ਭਰਿਆ ਮੈਂ ਵਾਪਸ ਕਲੀਨਕ ਗਿਆ ਤਾਂ ਉਹ ਡਾਕਟਰ ਸਾਡੀ ਨਵਜੰਮੀ ਧੀ ਨੂੰ ਮੇਰੀ ਮਾਂ ਨੂੰ ਫੜਾਉਂਦੇ ਹੋਏ ਵਧਾਈਆਂ ਦੇ ਰਹੀ ਸੀ ਅਤੇ ਨਾਲ ਹੀ ਮਾਫ਼ੀ ਮੰਗ ਰਹੀ ਸੀ। ''ਡਾਕਟਰ ਕੁੜੀਏ, ਮੈਂ ਪੰਜ ਬੱਚੇ ਆਪ ਜਣੇ ਨੇ ਅਤੇ ਸੈਂਕੜੇ ਹੋਰਾਂ ਮਾਵਾਂ ਨੂੰ ਬੱਚੇ ਜਣਦਿਆਂ ਦੇਖਿਆ ਹੈ ਅਤੇ ਜਣਨ ਵਿਚ ਮਦਦ ਕੀਤੀ ਹੈ। ਨੂੰਹ ਦੇ ਲੱਛਣ ਦੱਸ ਰਹੇ ਸਨ ਕਿ ਬੱਚਾ ਅੱਜ ਹੀ ਜਨਮ ਲਵੇਗਾ।'' ਬੋਲਦੇ ਹੋਏ ਮੇਰੀ ਮਾਂ ਨੇ ਪੰਦਰਾਂ ਮਿੰਟ ਪਹਿਲਾਂ ਜਨਮੀ ਸਾਡੀ ਧੀ ਨੂੰ ਮੇਰੀ ਗੋਦ ਵਿਚ ਪਾ ਦਿੱਤਾ। ਮੈਂ ਕਦੇ ਧੀ, ਕਦੇ ਆਪਣੀ ਮਾਂ ਤੇ ਕਦੇ ਡਾਕਟਰ ਵੱਲ ਦੇਖਦਾ ਸੋਚ ਰਿਹਾ ਸਾਂ ਕਿ ਵਾਕਿਆ ਹੀ ਦੁਨੀਆ ਵਿਚ ਤਜਰਬੇ ਤੋਂ ਵੱਡੀ ਕੋਈ ਪਾਠਸ਼ਾਲਾ ਨਹੀਂ ਹੁੰਦੀ।

-ਮੋਬਾਈਲ ਨੰ. : 94171-73700

-response@jagran.com

Posted By: Jagjit Singh