ਅੱਜ ਕੌਮਾਂਤਰੀ ਪੱਧਰ ’ਤੇ ‘ਭ੍ਰਿਸ਼ਟਾਚਾਰ ਵਿਰੋਧੀ ਦਿਵਸ’ ਮਨਾਇਆ ਜਾ ਰਿਹਾ ਹੈ। ਸੰਨ 2003 ਦੀ 31 ਅਕਤੂਬਰ ਨੂੰ ਹੋਈ ਸੰਯੁਕਤ ਰਾਸ਼ਟਰ ਸੰਘ ਦੀ ‘ਭ੍ਰਿਸ਼ਟਾਚਾਰ ਵਿਰੋਧੀ ਕਨਵੈਨਸ਼ਨ’ ਪਿੱਛੋਂ ਇਹ ਦਿਵਸ ਹਰ ਸਾਲ 9 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਮਾਜ ਵਿਚ ਫੈਲੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਸਬੰਧੀ ਜਾਗਰੂਕ ਹੋਣ ਅਤੇ ਇਸ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕਰਨ ਹਿਤ ਪ੍ਰੇਰਿਤ ਕਰਨਾ ਹੈ।

ਅੱਜ ਕੌਮਾਂਤਰੀ ਪੱਧਰ ’ਤੇ ‘ਭ੍ਰਿਸ਼ਟਾਚਾਰ ਵਿਰੋਧੀ ਦਿਵਸ’ ਮਨਾਇਆ ਜਾ ਰਿਹਾ ਹੈ। ਸੰਨ 2003 ਦੀ 31 ਅਕਤੂਬਰ ਨੂੰ ਹੋਈ ਸੰਯੁਕਤ ਰਾਸ਼ਟਰ ਸੰਘ ਦੀ ‘ਭ੍ਰਿਸ਼ਟਾਚਾਰ ਵਿਰੋਧੀ ਕਨਵੈਨਸ਼ਨ’ ਪਿੱਛੋਂ ਇਹ ਦਿਵਸ ਹਰ ਸਾਲ 9 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਮਾਜ ਵਿਚ ਫੈਲੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਸਬੰਧੀ ਜਾਗਰੂਕ ਹੋਣ ਅਤੇ ਇਸ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕਰਨ ਹਿਤ ਪ੍ਰੇਰਿਤ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਇਹ ਮੰਨਦਾ ਹੈ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਖੇਤਰਾਂ ਵਿਚ ਪਸਰੀਆਂ ਹੋਈਆਂ ਹਨ ਤੇ ਭ੍ਰਿਸ਼ਟਾਚਾਰ ਹਰੇਕ ਦੇਸ਼ ਦੇ ਦੇਸ਼ਵਾਸੀ ਦੀ ਤਰੱਕੀ ਨੂੰ ਪ੍ਰਾਵਿਤ ਕਰਦਾ ਹੈ। ਯੂਐੱਨਓ ਦੀ ਇਹ ਵੀ ਮਾਨਤਾ ਹੈ ਕਿ ਇਸ ਨਾਲ ਨਜਿੱਠਣ ਲਈ ਸਰਕਾਰ, ਗ਼ੈਰ-ਸਰਕਾਰੀ ਸੰਗਠਨਾਂ, ਸੰਚਾਰ ਮਾਧਿਅਮਾਂ ਅਤੇ ਆਮ ਜਨਤਾ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਕੌਮਾਂਤਰੀ ਪੱਧਰ ’ਤੇ ਬਣਾਏ ਜਾਂਦੇ ‘ਕੁਰੱਪਸ਼ਨ ਪਰਸੈਪਸ਼ਨ ਇੰਡੈਕਸ’ ਭਾਵ ‘ਭ੍ਰਿਸ਼ਟਾਚਾਰ ਸੂਚਕ ਅੰਕ’ ਵੱਲੋਂ ਜਨਵਰੀ 2023 ਵਿਚ ਜਾਰੀ ਕੀਤੇ ਅੰਕੜਿਆਂ ਅਨੁਸਾਰ 180 ਮੁਲਕਾਂ ਵਿੱਚੋਂ ਡੈਨਮਾਰਕ, ਨਿਊਜ਼ੀਲੈਂਡ, ਫਿਨਲੈਂਡ, ਨਾਰਵੇ ਅਤੇ ਸਿੰਗਾਪੁਰ ਆਦਿ ਜਿਹੇ ਮੁਲਕ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਮੁਲਕਾਂ ਵਿਚ ਗਿਣੇ ਜਾਂਦੇ ਹਨ ਜਦਕਿ ਸੀਰੀਆ, ਸੂਡਾਨ ਅਤੇ ਸੋਮਾਲੀਆ ਦਾ ਸ਼ੁਮਾਰ ਚੋਟੀ ਦੇ ਭ੍ਰਿਸ਼ਟ ਦੇਸ਼ਾਂ ਵਿਚ ਹੁੰਦਾ ਹੈ। ਇਸ ਸੂਚੀ ਵਿਚ ਭਾਰਤ 85ਵੇਂ ਨੰਬਰ ’ਤੇ ਆਉਂਦਾ ਹੈ। ਉਂਜ ਭਾਰਤ ਵਿਚ ਭ੍ਰਿਸ਼ਟਾਚਾਰ ਬਾਰੇ ਜ਼ਿਆਦਾਤਰ ਭਾਰਤੀਆਂ ਦੀ ਆਮ ਧਾਰਨਾ ਹੈ ਕਿ ਰਿਸ਼ਵਤ ਲੈ ਕੇ ਕੰਮ ਕਰਨਾ ਹੀ ਭ੍ਰਿਸ਼ਟਾਚਾਰ ਹੁੰਦਾ ਹੈ।
15 ਅਗਸਤ 1947 ਨੂੰ ਆਜ਼ਾਦ ਹੋਏ ਸਾਡੇ ਮੁਲਕ ਵਿਚ ਹੁਣ ਤੱਕ ਕਈ ਲੱਖ ਕਰੋੜ ਰੁਪਏ ਦੇ ਘੁਟਾਲੇ ਹੋ ਚੁੱਕੇ ਹਨ ਤੇ ਵੱਡੇ ਘੁਟਾਲੇਬਾਜ਼ਾਂ ਵਿੱਚੋਂ ਇਕ ਜਾਂ ਦੋ ਨੂੰ ਛੱਡ ਕੇ ਬਾਕੀਆਂ ਨੂੰ ਕਾਨੂੰਨ ਵੱਲੋਂ ਕੋਈ ਵੱਡੀ ਸਜ਼ਾ ਮਿਲਣ ਦੇ ਪ੍ਰਮਾਣ ਮੌਜੂਦ ਨਹੀਂ ਹਨ। ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਅਨੇਕਾਂ ਘੁਟਾਲੇਬਾਜ਼ ਸਾਲਾਂਬੱਧੀ ਚੱਲਦੀ ਕਾਨੂੰਨੀ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਜਾ ਵੀ ਚੁੱਕੇ ਹਨ ਤੇ ਕਈ ਮਹਾ-ਘੁਟਾਲੇਬਾਜ਼ ਤਾਂ ਭਾਰਤ ਛੱਡ ਕੇ ਹੋਰ ਮੁਲਕਾਂ ਵਿਚ ਐਸ਼ਪ੍ਰਸਤੀ ਭਰੀ ਜ਼ਿੰਦਗੀ ਜੀਅ ਰਹੇ ਹਨ।
ਬਹੁਤੇ ਭਾਰਤ ਵਾਸੀ ਇਹ ਆਖ਼ਦੇ ਹਨ ਕਿ ਇੱਥੇ ਸਰਕਾਰੀ ਅਧਿਕਾਰੀ ਜਾਂ ਮੰਤਰੀ ਬਿਨਾਂ ਕਮਿਸ਼ਨ ਜਾਂ ਰਿਸ਼ਵਤ ਲਏ ਕੰਮ ਨਹੀਂ ਕਰਦੇ। ਕੋਈ ਵੀ ਅਧਿਕਾਰੀ, ਮੰਤਰੀ ਜਾਂ ਕਿਸੇ ਮੰਤਰੀ ਦਾ ਰਿਸ਼ਤੇਦਾਰ ਜਦੋਂ ਰਿਸ਼ਵਤ ਲੈਂਦਿਆਂ ਹੋਇਆਂ ਪੁਲਿਸ ਜਾਂ ਵਿਜੀਲੈਂਸ ਵੱਲੋਂ ਗਿ੍ਰਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਅਖ਼ਬਾਰਾਂ ’ਚ ਛਪੀਆਂ ਅਜਿਹੀਆਂ ਖ਼ਬਰਾਂ ਅਤੇ ਤਸਵੀਰਾਂ ਵੇਖ ਕੇ ਲੋਕ ਬਹੁਤ ਖ਼ੁਸ਼ ਹੁੰਦੇ ਹਨ ਅਤੇ ਕਾਨੂੰਨ ਦੇ ਸ਼ਿਕੰਜੇ ਵਿਚ ਆਏ ਭ੍ਰਿਸ਼ਟਾਚਾਰੀਆਂ ਨਾਲ ਆਪਣੀ ਤੁਲਨਾ ਕਰ ਕੇ ਉਹ ਖ਼ੁਦ ਨੂੰ ਇਮਾਨਦਾਰ, ਨਿਰਦੋਸ਼ ਤੇ ਭੋਲਾਭਾਲਾ ਮੰਨਦੇ ਹਨ। ਸਾਨੂੰ ਆਪਣੇ ਜ਼ਮੀਰ ਅੰਦਰ ਝਾਕ ਕੇ ਖ਼ੁਦ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣੇ ਦੋਪਹੀਆ ਜਾਂ ਚਾਰ ਪਹੀਆ ਵਾਹਨ ਦੇ ਸਾਰੇ ਦਸਤਾਵੇਜ਼ ਸਦਾ ਪੂਰੇ ਰੱਖਦੇ ਹਾਂ? ਕੀ ਸੜਕੀ ਸੁਰੱਖਿਆ ਨਿਯਮਾਂ ਤਹਿਤ ਅਸੀ ਹੈਲਮਟ ਜਾਂ ਸੀਟ ਬੈਲਟ ਲਾ ਕੇ ਵਾਹਨ ਚਲਾਉਂਦੇ ਹਾਂ? ਕੀ ਵਿਦੇਸ਼ੀ ਨਾਗਰਿਕਾਂ ਦੀ ਤਰ੍ਹਾਂ ਅਸੀਂ ਟਰੈਫਿਕ ਦੇ ਸਾਰੇ ਨੇਮਾਂ ਦੀ ਪਾਲਣਾ ਪੂਰੀ ਦਿਆਨਦਾਰੀ ਨਾਲ ਕਰਦੇ ਹਾਂ? ਕੀ ਅਸੀਂ ਸੜਕ ਜਾਂ ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੀ ਥਾਂ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਲੈ ਕੇ ਜਾਣ ਨੂੰ ਤਰਜੀਹ ਦਿੰਦੇ ਹਾਂ? ਕੀ ਅਸੀਂ ਆਪਣੀਆਂ ਦੁਕਾਨਾਂ, ਘਰਾਂ ਜਾਂ ਕਾਰਖ਼ਾਨਿਆਂ ਦੇ ਬਾਹਰੋਂ ਲੰਘਦੀ ਸੜਕ ’ਤੇ ਆਪਣਾ ਨਿੱਜੀ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ਾ ਤਾਂ ਨਹੀਂ ਕਰ ਰੱਖਿਆ ਹੈ? ਇਨ੍ਹਾਂ ਸਵਾਲਾਂ ਦੇ ‘ਹਾਂ’ ਜਾਂ ‘ਨਾਂਹ’ ਵਿਚ ਦਿੱਤੇ ਗਏ ਜਵਾਬ ਹੀ ਸਾਬਿਤ ਕਰ ਦੇਣਗੇ ਕਿ ਅਸੀਂ ਖ਼ੁਦ ਭ੍ਰਿਸ਼ਟਾਚਾਰੀ ਹਾਂ ਜਾਂ ਨਹੀਂ।
ਜੇ ਅਧਿਆਪਕ ਜਮਾਤ ’ਚ ਜਾ ਕੇ ਆਪਣੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂਦਾ ਨਹੀਂ ਹੈ ਤੇ ਨਾ ਹੀ ਖ਼ੁਦ ਸਕੂਲ ਅਤੇ ਨੌਕਰੀ ਦੇ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ, ਜੇ ਡਾਕਟਰ ਆਪਣੇ ਮਰੀਜ਼ਾਂ ਨੂੰ ਬੇਲੋੜੇ ਟੈਸਟ ਅਤੇ ਬੇਲੋੜੀਆਂ ਦਵਾਈਆਂ ਲਿਖ ਕੇ ਟੈਸਟ ਸੈਂਟਰ ਜਾਂ ਮੈਡੀਕਲ ਸਟੋਰ ਵਾਲੇ ਤੋਂ ਕਮਿਸ਼ਨ ਲੈਂਦਾ ਹੈ ਤੇ ਆਪਣੀ ਡਿਊਟੀ ਮੌਕੇ ਆਪਣੀ ਸੀਟ ’ਤੇ ਬੈਠ ਕੇ ਮਰੀਜ਼ਾਂ ਦਾ ਮੁਆਇਨਾ ਕਰਨ ਦੀ ਥਾਂ ਨਿੱਜੀ ਕੰਮਾਂ ਵਿਚ ਮਸਰੂਫ਼ ਰਹਿੰਦਾ ਹੈ, ਤਾਂ ਇਹ ਵੀ ਭ੍ਰਿਸ਼ਟਾਚਾਰ ਹੀ ਹੈ। ਜੇ ਨਗਰ ਸਫ਼ਾਈ ਸੇਵਕ ਆਪਣੀ ਡਿਊਟੀ ਦੇ ਅੱਠ ਘੰਟਿਆਂ ਦੌਰਾਨ ਸਫ਼ਾਈ ਦਾ ਕੰਮ ਸਹੀ ਢੰਗ ਨਾਲ ਨਹੀਂ ਕਰਦਾ ਹੈ ਤੇ ਜੇ ਬੱਸ ਡਰਾਈਵਰ ਜਾਂ ਕੰਡਕਟਰ ਬੱਸ ’ਚੋਂ ਤੇਲ ਕੱਢ ਕੇ ਵੇਚਦਾ ਹੈ ਜਾਂ ਕੁਝ ਸਵਾਰੀਆਂ ਦੀਆਂ ਟਿਕਟਾਂ ਕੱਟਣ ਦੀ ਥਾਂ ਉਨ੍ਹਾਂ ਤੋਂ ਲਏ ਕਿਰਾਏ ਨੂੰ ਆਪਣੀ ਜੇਬ ਵਿਚ ਪਾ ਲੈਂਦਾ ਹੈ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਇਹ ਸਭ ‘ਭ੍ਰਿਸ਼ਟਾਚਾਰੀ’ ਹੀ ਹਨ ਤੇ ਖ਼ੁਦ ਭ੍ਰਿਸ਼ਟ ਹੁੰਦਿਆਂ ਹੋਇਆਂ ਇਨ੍ਹਾਂ ਨੂੰ ਭ੍ਰਿਸ਼ਟ ਅਫ਼ਸਰਾਂ ਜਾਂ ਨੇਤਾਵਾਂ ਨੂੰ ਭੰਡਣ ਦਾ ਕੋਈ ਹੱਕ ਨਹੀਂ ਹੈ।
ਜੇ ਅਸੀਂ ਹਰੇਕ ਜੀਵ ਅਤੇ ਸਮੁੱਚੇ ਵਾਤਾਵਰਨ ਲਈ ਹਾਨੀਕਾਰਕ ਤੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਜਾਂ ਪੋਲੀਥੀਨ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਕਰਦੇ ਹਾਂ, ਜੇਕਰ ਅਸੀਂ ਆਪਣੀ ਅਤੇ ਹੋਰਨਾਂ ਦੀ ਜਾਨ ਨੂੰ ਖ਼ਤਰੇ ’ਚ ਪਾਉਣ ਵਾਲੇ ਪਾਬੰਦੀਸ਼ੁਦਾ ਜੁਗਾੜੂ ਵਾਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਇਹ ਵੀ ਭ੍ਰਿਸ਼ਟਾਚਾਰ ਹੀ ਹੈ। ਜੇ ਅਸੀਂ ਘਰ ਦਾ ਕੂੜਾ-ਕਰਕਟ ਨਗਰ ਨਿਗਮ ਜਾਂ ਪੰਚਾਇਤ ਵੱਲੋਂ ਨਿਰਧਾਰਤ ਥਾਵਾਂ ’ਤੇ ਸੁੱਟਣ ਦੀ ਥਾਂ ਆਪਣੀ ਮਨਮਰਜ਼ੀ ਵਾਲੀ ਥਾਂ ’ਤੇ ਸੁੱਟਦੇ ਹਾਂ, ਸਰਕਾਰੀ ਜ਼ਮੀਨਾਂ ਜਾਂ ਦੂਜੇ ਲੋਕਾਂ ਦੀ ਮਾਲਕੀ ਵਾਲੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਦੇ ਹਾਂ, ਜੇ ਅਸੀਂ ਕੱਚੀਆਂ ਸਬਜ਼ੀਆਂ ਅਤੇ ਫ਼ਲਾਂ ਨੂੰ ਟੀਕੇ ਜਾਂ ਜ਼ਹਿਰੀਲੀਆਂ ਦਵਾਈਆਂ ਲਗਾ ਕੇ ਪਕਾਉਂਦੇ ਹਾਂ, ਮਿਲਾਵਟੀ ਦੁੱਧ, ਮਠਿਆਈ,ਖੋਆ ਜਾਂ ਪਨੀਰ ਬਣਾ ਕੇ ਵੇਚਦੇ ਹਾਂ ਤਾਂ ਇਸ ਸਭ ਕੁਝ ਨੂੰ ਕੀ ਕਿਹਾ ਜਾਵੇਗਾ? ਜੇਕਰ ਅਸੀਂ ਬੁਢਾਪਾ ਪੈਨਸ਼ਨ ਜਾਂ ਨੀਲੇ ਕਾਰਡ ਦੇ ਯੋਗ ਨਾ ਹੁੰਦੇ ਹੋਏ ਵੀ ਇਨ੍ਹਾਂ ਦੋਵਾਂ ਸਹੂਲਤਾਂ ਨੂੰ ਲੈਂਦੇ ਹਾਂ, ਜੇ ਅਸੀਂ ਬਣਦਾ ਹੋਇਆ ਜੀਐੱਸਟੀ, ਰਜਿਸਟਰੀ ਫੀਸ ਜਾਂ ਆਮਦਨ ਕਰ ਇਮਾਨਦਾਰੀ ਨਾਲ ਅਦਾ ਨਹੀਂ ਕਰਦੇ ਹਾਂ ਤਾਂ ਸਾਨੂੰ ਸਵੀਕਾਰ ਕਰਨਾ ਹੀ ਪਵੇਗਾ ਕਿ ਅਸੀਂ ਵੀ ‘ਭ੍ਰਿਸ਼ਟਾਚਾਰੀ’ ਹੀ ਹਾਂ ਤੇ ਵਿਜੀਲੈਂਸ ਜਾਂ ਈਡੀ ਵੱਲੋਂ ਫੜੇ ਗਏ ਭ੍ਰਿਸ਼ਟ ਅਫ਼ਸਰਾਂ ਜਾਂ ਮੰਤਰੀਆਂ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖ ਨਹੀਂ ਹਾਂ।
ਮੁੱਕਦੀ ਗੱਲ ਇਹ ਹੈ ਕਿ ਕਿਸੇ ਦੂਜੇ ਵੱਲ ਇਕ ਉਂਗਲ ਚੁੱਕਣ ਤੋਂ ਪਹਿਲਾਂ ਸਾਨੂੰ ਆਪਣੇ ਵੱਲ ਨੂੰ ਆਉਂਦੀਆਂ ਆਪਣੀਆਂ ਹੀ ਚਾਰ ਉਂਗਲਾਂ ਨੂੰ ਵਾਚ ਲੈਣਾ ਚਾਹੀਦਾ ਹੈ ਤੇ ਆਪਣੇ ਗਿਰੇਬਾਨ ਅੰਦਰ ਝਾਕ ਕੇ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਕਿਧਰੇ ਅਸੀਂ ਖ਼ੁਦ ਵੀ ਭ੍ਰਿਸ਼ਟਾਚਾਰੀ ਤਾਂ ਨਹੀਂ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਖ਼ੁਦ ਹੀ ਬੇਈਮਾਨੀ ਵਾਲੇ ਜਾਂ ਗ਼ੈਰ-ਕਾਨੂੰਨੀ ਕੰਮ ਕਰ ਰਹੇ ਹਾਂ ਤਾਂ ਸਾਨੂੰ ਪੁਲਿਸ ਵੱਲੋਂ ਫੜੇ ਗਏ ਭ੍ਰਿਸ਼ਟਾਚਾਰੀਆਂ ’ਤੇ ਤਨਜ਼ ਕੱਸਣ ਜਾਂ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ ਹੈ।
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ। ਮੋਬਾਈਲ : 97816-46008