ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਸਥਿਤ ਗੋਬਿੰਦ ਸਾਗਰ ਝੀਲ ’ਚ ਡੁੱਬ ਕੇ ਬਨੂੜ ਦੇ ਸੱਤ ਨੌਜਵਾਨਾਂ ਦੀ ਮੌਤ ਦੀ ਘਟਨਾ ਬਹੁਤ ਵੱਡਾ ਦੁਖਾਂਤ ਹੈ। ਸਮੂਹ ਪੰਜਾਬੀਆਂ ਸਮੇਤ ਸਮੁੱਚੀ ਲੋਕਾਈ ਨੂੰ ਇਸ ਵੱਡੇ ਤੇ ਕਦੇ ਵੀ ਪੂਰੇ ਨਾ ਹੋ ਸਕਣ ਵਾਲੇ ਘਾਟੇ ’ਤੇ ਡਾਢਾ ਅਫ਼ਸੋਸ ਹੋਇਆ ਹੈ। ਅਜਿਹੇ ਹਾਦਸਿਆਂ ਤੋਂ ਭਵਿੱਖ ਲਈ ਸਬਕ ਲੈਣ ਦੀ ਜ਼ਰੂਰਤ ਹੁੰਦੀ ਹੈ। ਇਸ ਹਾਦਸੇ ਨੂੰ ਸਮਝਣ ਲਈ ਇਸ ਵਿਸ਼ਾਲ ਝੀਲ ਦੀ ਭੂਗੋਲਿਕ ਸਥਿਤੀ ਤੇ ਇਸ ਦੇ ਆਲੇ-ਦੁਆਲੇ ਦੇ ਹਾਲਾਤ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਜਿਸ ਜਗ੍ਹਾ ’ਤੇ ਸੋਮਵਾਰ ਨੂੰ ਸੱਤ ਨੌਜਵਾਨ ਡੁੱਬੇ ਸਨ, ਉਹ ਜਗ੍ਹਾ ਨੰਗਲ ਤੋਂ 55 ਕਿਲੋਮੀਟਰ ਦੂਰ ਪਿੰਡ ਬੰਗਾਣਾ ਵਿਖੇ ਸਥਿਤ ਹੈ। ਇਨ੍ਹਾਂ ਨੌਜਵਾਨਾਂ ਨੇ ਕਿਤੇ ਹੇਠਾਂ ਖੱਡ ਵੱਲ ਰਸਤਾ ਜਾਂਦਾ ਤਕ ਕੇ ਹੇਠਾਂ ਦਰਿਆ ਵਰਗੀ ਝੀਲ ’ਚ ਨਹਾਉਣ ਦਾ ਫ਼ੈਸਲਾ ਕੀਤਾ। ਉਹ ਕਿਉਂਕਿ ਉਸ ਇਲਾਕੇ ’ਚ ਪਰਦੇਸੀ ਸਨ, ਇਸੇ ਲਈ ਉੱਥੇ ਉਨ੍ਹਾਂ ਨੂੰ ਉਸ ਦੀ ਡੂੰਘਾਈ ਦਾ ਕੋਈ ਅੰਦਾਜ਼ਾ ਨਹੀਂ ਸੀ। ਇਸੇ ਲਈ ਉਹ ਟਪਲ਼ਾ ਖਾ ਗਏ ਤੇ ਜਾਨ ਤੋਂ ਹੱਥ ਧੋ ਬੈਠੇ। ਦਸਮ ਪਾਤਸ਼ਾਹ ਦੇ ਨਾਂ ’ਤੇ ਗੋਬਿੰਦ ਸਾਗਰ ਝੀਲ ਦੀ ਉਸਾਰੀ ਭਾਖੜਾ ਡੈਮ ਲਈ ਸਤਲੁਜ ਦਰਿਆ ’ਤੇ ਕੀਤੀ ਗਈ ਸੀ ਤੇ ਇਹ ਪੰਜਾਬ ਦੇ ਨੰਗਲ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੇ ਊਨਾ ਜ਼ਿਲ੍ਹਿਆਂ ਦੇ 91 ਕਿਲੋਮੀਟਰ ਰਕਬੇ ਤਕ ਫੈਲੀ ਹੋਈ ਹੈ। ਮਨਾਲੀ ਵਾਲੇ ਪਾਸਿਓਂ ਆਉਂਦੀਆਂ ਕਈ ਸਹਾਇਕ ਨਦੀਆਂ ਨਾਲ ਮਿਲ ਕੇ ਇਸ ਨੇ ਇਕ ਬਹੁਤ ਵਿਸ਼ਾਲ ਦਰਿਆ ਦਾ ਰੂਪ ਅਖ਼ਤਿਆਰ ਕਰ ਲਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਝੀਲ ਸਮੇਤ ਹੋਰ ਦਰਿਆਵਾਂ ਦੇ ਕੰਢਿਆਂ ਕੋਲ਼ੋਂ ਲੰਘਦੇ ਮੁੱਖ ਹਾਈਵੇ ’ਤੇ ਚੇਤਾਵਨੀ ਦੇ ਬੋਰਡ ਹਰੇਕ ਪੰਜ-ਦਸ ਕਿਲੋਮੀਟਰ ਦੀ ਦੂਰੀ ’ਤੇ ਲਾਏ ਜਾਣ। ਹੋ ਸਕੇ ਤਾਂ ਉਸ ਬੋਰਡ ਲਾਗਲੀ ਖੱਡ ’ਚੋਂ ਲੰਘਦੇ ਦਰਿਆ ਦੀ ਡੂੰਘਾਈ ਵੀ ਫੁੱਟਾਂ ਜਾਂ ਮੀਟਰਾਂ ’ਚ ਬਿਆਨ ਕੀਤੀ ਜਾਵੇ ਤੇ ਡੂੰਘੀ ਥਾਂ ’ਤੇ ਨਹਾਉਣ ਤੋਂ ਵਰਜਿਆ ਜਾਵੇ। ਅਜਿਹੇ ਬੋਰਡ ਪੰਜਾਬ ’ਚੋਂ ਲੰਘਦੇ ਸਾਰੇ ਹੀ ਨਦੀਆਂ-ਨਾਲ਼ਿਆਂ ਦੇ ਕੰਢਿਆਂ ’ਤੇ ਵੀ ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਲੱਗਣੇ ਚਾਹੀਦੇ ਹਨ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਦਰਿਆਵਾਂ ਤੇ ਨਦੀਆਂ-ਨਾਲ਼ਿਆਂ ਦੇ ਅਜਿਹੇ ਸੰਭਾਵੀ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਸਕੂਲੀ ਪਾਠਕ੍ਰਮਾਂ ’ਚ ਵੀ ਇਸ ਸਬੰਧੀ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਬਹੁਤ ਸਾਰੇ ਦੇਸ਼ਾਂ ’ਚ ਅਜਿਹਾ ਰਿਵਾਜ ਹੈ ਕਿ ਜੇ ਕਿਸੇ ਖ਼ਾਸ ਇਲਾਕੇ ’ਚ ਕੋਈ ਵੱਡਾ ਜੰਗਲ ਹੈ ਤਾਂ ਉਸ ਵਿਚ ਮੌਜੂਦ ਜਾਨਵਰਾਂ ਬਾਰੇ ਪੂਰੀ ਜਾਣਕਾਰੀ ਸਕੂਲੀ ਬੱਚਿਆਂ ਨਾਲ ਸਾਂਝੀ ਕੀਤੀ ਜਾਂਦੀ ਹੈ। ਜੇ ਉਸ ਜੰਗਲ ’ਚ ਕਿਤੇ ਕੋਈ ਰਿੱਛ ਜਾਂ ਸ਼ੇਰ ਹੈ ਤਾਂ ਉਨ੍ਹਾਂ ਦੇ ਜੰਗਲੀ ਇਲਾਕੇ ’ਚ ਅਚਾਨਕ ਸਾਹਮਣੇ ਆ ਜਾਣ ਦੀ ਹਾਲਤ ਵਿਚ ਮਨੁੱਖ ਨੂੰ ਬਚਣ ਲਈ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ ਹਨ, ਅਜਿਹੀਆਂ ਸਾਰੀਆਂ ਗੱਲਾਂ ਬਾਰੇ ਸਭ ਨੂੰ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ। ਗੋਬਿੰਦ ਸਾਗਰ ਝੀਲ ’ਚ ਵੀ ਸਿਰਫ਼ ਮੱਛੀਆਂ ਹੀ ਨਹੀਂ, ਜਲ-ਜੀਵਾਂ ਦੀਆਂ 51 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਉਨ੍ਹਾਂ ਦੀ ਦੇਖਭਾਲ਼ ਕਰਨਾ ਤੇ ਉਨ੍ਹਾਂ ਦਾ ਖ਼ਿਆਲ ਰੱਖਣਾ ਸਿਰਫ਼ ਸਰਕਾਰਾਂ ਦਾ ਹੀ ਨਹੀਂ, ਆਮ ਨਾਗਰਿਕਾਂ ਦਾ ਵੀ ਓਨਾ ਹੀ ਵੱਡਾ ਫ਼ਰਜ਼ ਹੈ। ਡੁੱਬਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਇੰਨੀ ਵੱਡੀ ਗਿਣਤੀ ’ਚ ਜਾਨੀ ਨੁਕਸਾਨ ਦੀ ਘਟਨਾ ਸਭ ਦਾ ਧਿਆਨ ਸੁਭਾਵਿਕ ਤੌਰ ’ਤੇ ਖਿੱਚਦੀ ਹੈ ਪਰ ਇਸ ਹਾਦਸੇ ਤੋਂ ਸਭ ਨੂੰ ਪਾਣੀ ਨਾਲ ਖਿਲਵਾੜ ਕਰਨ ਦੀ ਗੰਭੀਰਤਾ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ।

Posted By: Jagjit Singh