-ਗੁਰਮੀਤ ਸਿੰਘ ਪਲਾਹੀ

ਭਾਰਤ ’ਚ ਮੌਜੂਦਾ ਦੌਰ ’ਚ ਨੌਜਵਾਨ ਪੀੜ੍ਹੀ ਦਾ ਜ਼ਿਆਦਾਤਰ ਹਿੱਸਾ ਰੁਜ਼ਗਾਰ ਹਾਸਲ ਕਰਨ ’ਚ ਅਸਮਰੱਥ ਹੈ। ਇਸ ਕਾਰਨ ਨੌਜਵਾਨ ਪੀੜ੍ਹੀ ਆਪਣੇ-ਆਪ ਨੂੰ ਅਰਥਹੀਣ ਮੰਨਣ ਲੱਗ ਪਈ ਹੈ। ਉਸ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਦੇਸ਼ ਦੇ ਵਿਕਾਸ ਵਿਚ ਉਸ ਦੀ ਕੋਈ ਹਿੱਸੇਦਾਰੀ ਨਹੀਂ ਹੈ। ਸਿੱਟੇ ਵਜੋਂ ਨਿਰਾਸ਼ਾ, ਤਣਾਅ ਅਤੇ ਆਤਮ ਹੱਤਿਆ ਵਰਗੇ ਫ਼ੈਸਲੇ ਉਸ ਦੇ ਪੱਲੇ ਪੈ ਰਹੇ ਹਨ।

ਪੂੰਜੀਵਾਦ ਦੇ ਫੈਲਾਅ ਦੇ ਇਸ ਦੌਰ ’ਚ ਵੈਸੇ ਤਾਂ ਪੂਰਾ ਸਮਾਜ ਹੀ ਡਰ ਅਤੇ ਅਸੁਰੱਖਿਆ ਮਹਿਸੂਸ ਕਰ ਰਿਹਾ ਹੈ ਪਰ ਨੌਜਵਾਨਾਂ ਵਿਚ ਇਹ ਡਰ ਜ਼ਿਆਦਾ ਵੇਖਿਆ ਜਾ ਰਿਹਾ ਹੈ। ਉਹ ਛੋਟੀ-ਮੋਟੀ ਨੌਕਰੀ ਮਿਲਣ ’ਤੇ ਨਿਰਾਸ਼ ਹੋ ਜਾਂਦੇ ਹਨ ਜਾਂ ਮਿਲੀ ਨੌਕਰੀ ਦੇ ਛੁੱਟਣ ਦਾ ਡਰ ਉਨ੍ਹਾਂ ਨੂੰ ਰਹਿੰਦਾ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ (ਸੀਐੱਮਆਈਈ) ਅਨੁਸਾਰ ਮਾਰਚ 2021 ’ਚ 7.62 ਕਰੋੜ ਲੋਕ ਨੌਕਰੀ ਕਰਦੇ ਸਨ।

ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 8.59 ਕਰੋੜ ਸੀ। ਇਸ ਹਿਸਾਬ ਨਾਲ ਪਿਛਲੇ ਇਕ ਸਾਲ ਵਿਚ 98 ਲੱਖ ਨੌਕਰੀਪੇਸ਼ਾ ਲੋਕ ਰੁਜ਼ਗਾਰ ਤੋਂ ਵਿਰਵੇ ਹੋਏ ਹਾਲਾਂਕਿ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਹੈ। ਅਮਰੀਕੀ ਅਰਥ ਸ਼ਾਸਤਰੀ ਜੇਰੇਮੀ ਰਿਫਕਿਨ ਨੇ 1995 ਵਿਚ ਆਪਣੀ ਕਿਤਾਬ ‘ਦਿ ਐਂਡ ਆਫ ਵਰਕ’ ਵਿਚ ਲਿਖਿਆ ਸੀ ਕਿ ਸੂਚਨਾ ਟੈਕਨਾਲੋਜੀ ਦੇ ਫੈਲਾਅ ਕਾਰਨ ਦੁਨੀਆ ’ਚ ਬੇਰੁਜ਼ਗਾਰੀ ਵਧੇਗੀ ਅਤੇ ਇਸ ਨਾਲ ਨਿਰਮਾਣ, ਖੇਤੀ ਅਤੇ ਸੇਵਾ ਖੇਤਰ ’ਚ ਲੱਖਾਂ ਨੌਕਰੀਆਂ ਖ਼ਤਮ ਹੋ ਜਾਣਗੀਆਂ। ਨਾਲ ਹੀ ਸਰੀਰਕ ਕੰਮ ਨਾਲ ਜੁੜੇ ਰੁਜ਼ਗਾਰ, ਪ੍ਰਚੂਨ ਅਤੇ ਥੋਕ ਖੇਤਰ ’ਚ ਨੌਕਰੀਆਂ ’ਤੇ ਮਸ਼ੀਨੀਕਰਨ ਅਤੇ ਰੋਬੋਟ ਦੇ ਇਸਤੇਮਾਲ ਦਾ ਹਥੌੜਾ ਚੱਲੇਗਾ। ਇਹ ਪ੍ਰਭਾਵ ਅੱਜ ਭਾਰਤ ਵਿਚ ਵੱਡੇ ਪੱਧਰ ’ਤੇ ਵੇਖਿਆ ਜਾ ਰਿਹਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਪੜ੍ਹੇ-ਲਿਖੇ ਨੌਜਵਾਨ ਨੌਕਰੀ ਗੁਆ ਰਹੇ ਹਨ, ਖ਼ਾਸ ਤੌਰ ’ਤੇ ਕੋਰੋਨਾ ਮਹਾਮਾਰੀ ਦੇ ਸੰਕਟ ਸਮੇਂ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ ਦੇ ਇਕ ਸਰਵੇ ਅਨੁਸਾਰ ਕੋਰੋਨਾ ਮਹਾਮਾਰੀ ਨੇ ਨੌਜਵਾਨਾਂ ਨੂੰ ਜ਼ਿਆਦਾ ਪਰੇਸ਼ਾਨ ਕੀਤਾ ਹੈ। ਜੁਲਾਈ 2020 ਦੌਰਾਨ ਬੇਰੁਜ਼ਗਾਰ ਹੋਏ ਕੁੱਲ ਲੋਕਾਂ ’ਚੋਂ ਸਭ ਤੋਂ ਜ਼ਿਆਦਾ ਔਰਤਾਂ ਅਤੇ ਨੌਜਵਾਨ ਸਨ।

ਇਸ ਨਾਲ ਦੇਸ਼ ਵਿਚ ਬੇਰੁਜ਼ਗਾਰੀ ਦਰ 30 ਫ਼ੀਸਦੀ ਤਕ ਪੁੱਜ ਗਈ। ਜਦੋਂ ਹਾਲਾਤ ਥੋੜ੍ਹੇ ਠੀਕ ਵੀ ਹੋਏ ਤਾਂ 50 ਫ਼ੀਸਦੀ ਨੂੰ ਮੁੜ ਨੌਕਰੀਆਂ ਨਹੀਂ ਮਿਲੀਆਂ। ਨੌਕਰੀ ਗੁਆਉਣ ਵਾਲੇ ਨੌਜਵਾਨ ਵਰਗ ਦੀ ਉਮਰ 20 ਤੋਂ 30 ਸਾਲ ਤਕ ਸੀ। ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਮਾਰਚ 2021 ਤਕ 60 ਲੱਖ ਲੋਕਾਂ ਦਾ ਧੰਦਾ ਚੌਪਟ ਹੋ ਗਿਆ। ਪਿੰਡਾਂ ਵਿਚ ਤਾਲਾਬੰਦੀ ਅਤੇ ਕਰਫਿਊ ਵਰਗੇ ਹਾਲਾਤ ਕਾਰਨ ਬੇਰੁਜ਼ਗਾਰੀ ਦਰ ਵੱਧ ਕੇ 8 ਫ਼ੀਸਦੀ ਹੋ ਗਈ। ਮਜ਼ੂਦਰਾਂ ਦੀ ਭਾਗੀਦਾਰੀ ਘੱਟ ਕੇ ਚਾਲੀ ਫ਼ੀਸਦੀ ਰਹਿ ਗਈ।

ਸਰਕਾਰੀ ਅੰਕੜਿਆਂ ਮੁਤਾਬਕ 14 ਅਪ੍ਰੈਲ 2021 ਨੂੰ ਬੇਰੁਜ਼ਗਾਰੀ ਦਰ 7.2 ਫ਼ੀਸਦੀ ਸੀ ਜਿਸ ਵਿਚ ਸ਼ਹਿਰੀ ਬੇਰੁਜ਼ਗਾਰੀ ਦੀ ਦਰ 8.4 ਫ਼ੀਸਦੀ ਅਤੇ ਪੇਂਡੂ ਬੇਰੁਜ਼ਗਾਰੀ ਦਰ 6.6 ਫ਼ੀਸਦੀ ਸੀ। ਮਹਾਮਾਰੀ ਦੇ ਇਨ੍ਹਾਂ ਦਿਨਾਂ ਵਿਚ ਇਹ ਅੰਕੜੇ ਵਧਣ ਦਾ ਅੰਦਾਜ਼ਾ ਹੈ ਜਿਸ ਦਾ ਵੱਡਾ ਪ੍ਰਭਾਵ ਅਸੰਗਠਿਤ ਖੇਤਰ ਦੇ 12 ਕਰੋੜ ਦੇ ਲਗਪਗ ਕਾਮਿਆਂ ’ਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਨਾਂ ਵਿਚ ਮਗਨਰੇਗਾ ’ਚ ਕੰਮ ਕਰਨ ਵਾਲੇ ਪੇਂਡੂ ਕਾਮੇ, ਖੇਤੀ ਖੇਤਰ ਨਾਲ ਜੁੜੇ ਖੇਤ ਮਜ਼ਦੂਰ ਅਤੇ ਸ਼ਹਿਰੀ ਖੇਤਰ ਵਿਚ ਰੇੜ੍ਹੀਆਂ-ਫੜ੍ਹੀਆਂ ਲਗਾਉਣ ਵਾਲੇ, ਰਿਕਸ਼ਾ ਚਾਲਕ ਅਤੇ ਇਸ ਤਰ੍ਹਾਂ ਦੇ ਹੋਰ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ। ਅੱਜ ਦੇ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਮਹਾਮਾਰੀ ਕਾਰਨ ਡੇਢ ਸਾਲ ਤੋਂ ਸਾਰੀ ਦੁਨੀਆ ’ਚ ਤਬਾਹੀ ਮਚੀ ਹੋਈ ਹੈ। ਇਸ ਤਬਾਹੀ ਵਿਚ ਵਿਕਸਤ ਦੇਸ਼ ਵੀ ਲੜਖੜਾ ਗਏ ਹਨ ਤਾਂ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਅਤੇ ਹੋਰ ਗਰੀਬ ਦੇਸ਼ਾਂ ਦੀ ਅਰਥ ਵਿਵਸਥਾ ਦੀ ਹਾਲਤ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ। ਭਾਰਤ ’ਚ ਘੱਟ ਆਮਦਨ ਵਰਗ ਅਤੇ ਮੱਧ ਵਰਗ ਦੇ ਲੋਕਾਂ ਦੇ ਜੀਵਨ ’ਤੇ ਵੱਡਾ ਅਸਰ ਪਿਆ ਹੈ। ਇਹ ਦੇਸ਼ ਨੂੰ ਹੋਰ ਗਰੀਬੀ ਵੱਲ ਧੱਕੇਗਾ। ਲੋਕਾਂ ਦੇ ਰੁਜ਼ਗਾਰ ’ਤੇ ਇਸ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ ਕਿਉਂਕਿ ਕੰਮ-ਧੰਦੇ ਬੰਦ ਹੋ ਰਹੇ ਹਨ। ਬਾਜ਼ਾਰ ਵਿਚ ਚੀਜ਼ਾਂ ਦੀ ਮੰਗ ਘਟਣ ਨਾਲ ਉਤਪਾਦਨ ’ਚ ਕਮੀ ਆ ਗਈ ਹੈ। ਉਤਪਾਦਨ ਡਿੱਗਣ ਨਾਲ ਮਜ਼ਦੂਰਾਂ ਦਾ ਪਲਾਇਨ ਵਧਿਆ ਹੈ।

ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦਾ ਮੰਨਣਾ ਹੈ ਕਿ ਕੋਰੋਨਾ ਸਿਰਫ਼ ਸਿਹਤ ਸੰਕਟ ਨਹੀਂ ਰਿਹਾ ਸਗੋਂ ਕਿਰਤ ਬਾਜ਼ਾਰ ਨੂੰ ਵੀ ਇਸ ਨੇ ਵੱਡੇ ਸੰਕਟ ’ਚ ਪਾ ਦਿੱਤਾ ਹੈ। ਪਿਛਲੀ ਇਕ ਸਦੀ ’ਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਮਹਾਮਾਰੀ ਨੇ ਆਪਣਾ ਵੱਡਾ ਪ੍ਰਭਾਵ ਛੱਡਿਆ ਹੈ, ਭਾਵੇਂ ਇਸ ਸਦੀ ’ਚ ਲੱਗੀਆਂ ਜੰਗਾਂ ਕਾਰਨ ਵੀ ਅਰਥ ਵਿਵਸਥਾ ਪ੍ਰਭਾਵਿਤ ਹੋਈ। ਤ੍ਰਾਸਦੀ ਇਹ ਹੈ ਕਿ ਭਾਰਤ ’ਚ ਪਿਛਲੇ ਵਰ੍ਹੇ ਵੀ ਅਤੇ ਹੁਣ ਫਿਰ ਮਹਾਮਾਰੀ ਦੇ ਹਮਲੇ ਨੇ ਆਰਥਿਕ ਸਰਗਰਮੀਆਂ ਦੇ ਬੂਹੇ ਭੇੜ ਦਿੱਤੇ ਹਨ।

ਉਡਾਣਾਂ, ਆਟੋਮੋਬਾਈਲ, ਆਵਾਜਾਈ, ਮਾਲਜ਼, ਹੋਟਲ, ਰੇਹੜੀ-ਫੜ੍ਹੀ ਜਿਹੇ ਛੋਟੇ-ਵੱਡੇ ਖੇਤਰਾਂ ਦੇ ਕਾਰੋਬਾਰ ਹੁਣ ਫਿਰ ਬੰਦ ਹੋਣ ਦੇ ਕੰਢੇ ਪੁੱਜ ਗਏ ਹਨ। ਕਈ ਕਾਰਖ਼ਾਨਿਆਂ ਵਿਚ ਤਾਂ ਉਤਪਾਦਨ ਵਿਚ ਇਕਦਮ ਠਹਿਰਾਅ ਜਿਹਾ ਆ ਗਿਆ ਹੈ। ਮਹਾਰਾਸ਼ਟਰ ’ਚ ਵਾਹਨ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੇਸ਼ ਵਿਚ ਕੁੱਲ ਨਿਰਮਾਣ ਹੋਣ ਵਾਲੇ ਵਾਹਨਾਂ ਦਾ ਚੌਥਾ ਹਿੱਸਾ ਇਕੱਲੇ ਮਹਾਰਾਸ਼ਟਰ ਵਿਚ ਬਣਦਾ ਹੈ ਪਰ ਪਾਬੰਦੀਆਂ ਕਾਰਨ ਕਾਰਖਾਨੇ ਅੱਧ-ਪਚੱਧੀ ਸਮਰੱਥਾ ਨਾਲ ਹੀ ਚੱਲ ਰਹੇ ਹਨ ਜਿਸ ਕਾਰਨ ਦਿਹਾੜੀਦਾਰਾਂ, ਮਜ਼ਦੂਰਾਂ ਅਤੇ ਆਰਜ਼ੀ ਕਾਮਿਆਂ ਦਾ ਰੁਜ਼ਗਾਰ ਖੁੱਸ ਗਿਆ ਹੈ। ਅਰਥ ਵਿਵਸਥਾ ਦੀ ਸਿਹਤ ਨੂੰ ਨਾਪਣ ਦਾ ਸਟੀਕ ਪੈਮਾਨਾ ਬੇਰੁਜ਼ਗਾਰੀ ਦਰ ਹੁੰਦਾ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ (ਸੀਐੱਮਆਈਈ) ਦੇ ਅੰਕੜਿਆਂ ਅਨੁਸਾਰ ਪਿਛਲੇ ਅੱਠ ਮਹੀਨਿਆਂ ’ਚ ਜੋ ਕੁਝ ਅਸੀਂ ਹਾਸਲ ਕੀਤਾ ਸੀ, ਉਹ ਇਕ ਮਹੀਨੇ ਦੌਰਾਨ ਸਾਡੇ ਹੱਥੋਂ ਨਿਕਲ ਚੁੱਕਾ ਹੈ, ਭਾਵ ਬੇਰੁਜ਼ਗਾਰੀ ਉੱਤੇ ਕਾਬੂ ਪਾਉਣ ਲਈ ਜਿਹੜੇ ਛੋਟੇ-ਮੋਟੇ ਉਪਾਅ ਸਰਕਾਰਾਂ ਵੱਲੋਂ ਕੀਤੇ ਗਏ ਸਨ, ਉਨ੍ਹਾਂ ਉੱਤੇ ਮੁੜ ਪਾਣੀ ਫਿਰ ਗਿਆ ਜਾਪਣ ਲੱਗਾ ਹੈ।

ਸਮੱਸਿਆ ਇਹ ਹੈ ਕਿ ਲੋਕਾਂ ਦੀਆਂ ਨੌਕਰੀਆਂ ਜਾਣ ਦੇ ਡਰ ਦੇ ਨਾਲ-ਨਾਲ ਦੂਜਾ ਭੈਅ ਇਹ ਵੀ ਹੈ ਕਿ ਬੇਰੁਜ਼ਗਾਰੀ ਘਟਣ ਜਾਂ ਦੁਬਾਰਾ ਕੰਮ ਮਿਲਣ ਦੀ ਦੂਰ-ਦੂਰ ਤਕ ਸੰਭਾਵਨਾ ਨਹੀਂ ਹੈ। ਲੇਬਰ ਬਿਊਰੋ ਦੇ ਅੰਕੜਿਆਂ ਅਨੁਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਵਾਲਾ ਦੇਸ਼ ਬਣ ਚੁੱਕਾ ਹੈ। ਦੇਸ਼ ਵਿਚ ਨੌਕਰੀਆਂ ਦਿਨ-ਬਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਮਿਲ ਨਹੀਂ ਰਹੇ। ਭਾਵੇਂ ਭਾਰਤ ਦੁਨੀਆ ਵਿਚ ਤੇਜ਼ੀ ਨਾਲ ਵੱਧ-ਫੁੱਲ ਰਿਹਾ ਅਰਥਚਾਰਾ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਅਰਥਚਾਰਾ ਰੁਜ਼ਗਾਰ ਕਿਉਂ ਨਹੀਂ ਪੈਦਾ ਕਰ ਰਿਹਾ? ਦੇਸ਼ ’ਚ ਅਮੀਰ-ਗਰੀਬ ਦਾ ਪਾੜਾ ਕਿਉਂ ਵੱਧਦਾ ਜਾ ਰਿਹਾ ਹੈ? ਭਾਰਤ ਦੇ ਅਰਥਚਾਰੇ ’ਚ 9.9 ਫ਼ੀਸਦੀ ਸਾਲਾਨਾ ਵਾਧਾ ਹੋ ਰਿਹਾ ਹੈ ਜਦਕਿ ਵਿਸ਼ਵ ਔਸਤ 6 ਫ਼ੀਸਦੀ ਹੈ। ਪਰ ਇਸ ਵੱਧ ਰਹੇ ਅਰਥਚਾਰੇ ਦਾ ਲਾਭ ਦੇਸ਼ ਦੇ ਆਮ ਵਰਗ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ। ਭਾਰਤ ਦੁਨੀਆ ’ਚ ਆਬਾਦੀ ਪੱਖੋਂ ਦੂਜਾ ਵੱਡਾ ਦੇਸ਼ ਹੈ। ਇਸ ਦੀ 65 ਫ਼ੀਸਦੀ ਆਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਮਨ-ਮਾਫ਼ਕ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਦੀ ਕਮੀ ਹੈ ਜੋ ਇਸ ਵਿਚ ਵੱਡੀ ਨਿਰਾਸ਼ਾ ਦਾ ਕਾਰਨ ਹੈ। ਕਈ ਹਾਲਤਾਂ ’ਚ ਇਹ ਕਮੀ ਉਸ ਨੂੰ ਪਰਵਾਸ ਹੰਢਾਉਣ ਲਈ ਮਜਬੂਰ ਕਰ ਰਹੀ ਹੈ ਜਾਂ ਫਿਰ ਉਸ ਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਵੱਲ ਪ੍ਰੇਰਿਤ ਕਰਦੀ ਹੈ।

ਦੇਸ਼ ’ਚ ਰੁਜ਼ਗਾਰ ਪੈਦਾ ਕਰਨ ਲਈ ਸਕਿੱਲ ਇੰਡੀਆ, ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਯੋਜਨਾ, ਪ੍ਰਧਾਨ ਮੰਤਰੀ ਰੁਜ਼ਗਾਰ ਪ੍ਰੋਤਸਾਹਨ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਮਗਨਰੇਗਾ ਆਦਿ ਸਮੇਂ-ਸਮੇਂ ਲੋਕਾਂ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਦੇਣ ਲਈ ਚਲਾਈਆਂ ਗਈਆਂ ਪਰ ਇਹ ਯੋਜਨਾਵਾਂ ਕੋਈ ਬਹੁਤੇ ਸਾਰਥਿਕ ਸਿੱਟੇ ਨਹੀਂ ਕੱਢ ਸਕੀਆਂ। ਦੇਸ਼ ਦਾ ਨੌਜਵਾਨ ਵਰਗ ਇਸ ਸਮੇਂ ਆਪਣੇ ਜਨਤਕ ਜੀਵਨ ਵਿਚ ਸੁਤੰਤਰ ਫ਼ੈਸਲੇ ਨਹੀਂ ਲੈ ਪਾ ਰਿਹਾ ਹੈ। ਉਸ ਦੇ ਜੀਵਨ ਵਿਚ ਭਟਕਾਅ ਅਤੇ ਅਸੰਤੁਲਨ ਵੇਖਿਆ ਜਾਣ ਲੱਗਾ ਹੈ। ਉਸ ਦੇ ਮਨ ’ਚ ਪੈਦਾ ਹੋ ਰਹੇ ਨਾਂਹ-ਪੱਖੀ ਵਿਚਾਰ, ਕਰੋਧ ਅਤੇ ਤਣਾਅ ਉਸ ਦੀ ਸ਼ਖ਼ਸੀਅਤ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ ਅਤੇ ਉਹ ਆਪਣੇ ਸੱਭਿਆਚਾਰ, ਸਮਾਜਿਕ ਕਦਰਾਂ-ਕੀਮਤਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਸਮੇਂ ਮਹਾਮਾਰੀ ਕਾਰਨ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਵਾਸਤੇ ਵੱਡੇ ਕਦਮ ਪੁੱਟਣ ਦੀ ਜ਼ਰੂਰਤ ਹੈ ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ’ਤੇ ਅਸਥਾਈ ਰੁਜ਼ਗਾਰ ਸਿਰਜਣ ਦੀ ਵੀ ਹੈ। ਸੋ, ਭਾਰਤ ਨੂੰ ਆਪਣੀਆਂ ਨੀਤੀਆਂ ਵਿਚ ਵੱਡਾ ਬਦਲਾਅ ਕਰਨਾ ਹੋਵੇਗਾ ਅਤੇ ਨਾਬਰਾਬਰੀ, ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਵਰਤਾਰੇ ਨੂੰ ਠੱਲ੍ਹ ਪਾਉਣੀ ਹੋਵੇਗੀ।

-ਮੋਬਾਈਲ ਨੰ. : 98158-02070

-response0jagran.com

Posted By: Susheel Khanna