-ਮੁਖਤਾਰ ਗਿੱਲ

ਕੁਪੋਸ਼ਣ ਕੀ ਹੈ? ਸਰੀਰ ਲਈ ਜ਼ਰੂਰੀ ਸੰਤੁਲਿਤ ਭੋਜਨ ਲੰਬੇ ਸਮੇਂ ਤਕ ਨਾ ਮਿਲਣਾ ਹੀ ਕੁਪੋਸ਼ਣ ਹੈ। ਕੁਪੋਸ਼ਣ ਨਾਲ ਬੱਚਿਆਂ ਅਤੇ ਮਹਿਲਾਵਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ ਜਿਸ ਕਾਰਨ ਉਹ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹਨ।

ਕੁਪੋਸ਼ਣ ਨਾਲ ਮਾਸਪੇਸ਼ੀਆਂ ਦਾ ਢਿੱਲਾ ਪੈਣਾ, ਸੁੰਗੜ ਜਾਣਾ ਅਤੇ ਕੰਮ ਕਰਨ 'ਤੇ ਛੇਤੀ ਥਕਾਵਟ ਹੋਣੀ, ਚਿੜਚਿੜਾਪਣ, ਘਬਰਾਹਟ ਹੋਣਾ, ਚਿਹਰਾ ਮੁਰਝਾ ਜਾਣਾ, ਅੱਖਾਂ ਦੁਆਲੇ ਕਾਲੇ ਘੇਰੇ, ਭਾਰ ਘਟਣਾ, ਨੀਂਦ ਦਾ ਪ੍ਰਭਾਵਿਤ ਹੋਣਾ ਅਤੇ ਪਾਚਨ ਕਿਰਿਆ ਕਮਜ਼ੋਰ ਹੋਣਾ, ਹੱਥ-ਪੈਰ ਪਤਲੇ ਅਤੇ ਪੇਟ ਦਾ ਫੁੱਲਣਾ, ਸਰੀਰ 'ਤੇ ਸੋਜ ਆਉਣਾ ਕੁਪੋਸ਼ਣ ਦੇ ਮੁੱਖ ਕਾਰਨ ਹਨ। ਨਿਰਸੰਦੇਹ ਕੁਪੋਸ਼ਣ ਜਾਨਲੇਵਾ ਹੈ। ਮਹਾਮਾਰੀ ਹੈ। ਸਾਲ 2017 ਵਿਚ ਝਾਰਖੰਡ ਦੀ 11 ਸਾਲਾ ਲੜਕੀ ਸੰਤੋਸ਼ੀ ਚੌਲਾਂ ਲਈ ਰੋ-ਰੋ ਕੇ ਮਰ ਗਈ।

ਭੋਜਨ ਲਈ ਉਸ ਦੇ ਪਰਿਵਾਰ ਕੋਲ ਥੋੜ੍ਹੇ ਕੁ ਵੀ ਚੌਲ ਨਹੀਂ ਸਨ ਕਿਉਂਕਿ ਸੰਤੋਸ਼ੀ ਦੇ ਪਰਿਵਾਰ ਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਉਨ੍ਹਾਂ ਦੇ ਆਧਾਰ ਨਾਲ ਜੁੜਿਆ ਹੋਇਆ ਨਹੀਂ ਸੀ। ਸਕੂਲਾਂ ਵਿਚ ਦੁਰਗਾ ਪੂਜਾ ਦੀਆਂ ਛੁੱਟੀਆਂ ਸਨ। ਇਸ ਕਾਰਨ 'ਮਿਡ ਡੇ ਮੀਲ' ਵੀ ਨਹੀਂ ਸੀ ਮਿਲ ਸਕਦਾ। ਹਫ਼ਤੇ ਤੋਂ ਸੰਤੋਸ਼ੀ ਨੂੰ ਖਾਣ ਲਈ ਕੁਝ ਨਹੀਂ ਸੀ ਮਿਲਿਆ। ਹਾਲਾਂਕਿ ਉਸ ਵਕਤ ਸਥਾਨਕ ਅਧਿਕਾਰੀਆਂ ਨੇ ਕਿਹਾ ਸੀ ਕਿ ਸੰਤੋਸ਼ੀ ਦੀ ਮੌਤ ਮਲੇਰੀਏ ਨਾਲ ਹੋਈ।

ਸਾਡੇ ਦੇਸ਼ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਜਿੰਨੇ ਵੀ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹਨ, ਉਨ੍ਹਾਂ 'ਚੋਂ 68 ਪ੍ਰਤੀਸ਼ਤ ਮੌਤਾਂ ਲਈ ਕੁਪੋਸ਼ਣ ਜ਼ਿੰਮੇਵਾਰ ਹੈ। ਕੁਪੋਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਉੱਤਰੀ ਭਾਰਤ ਦੇ ਸੂਬੇ ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਨਾਗਾਲੈਂਡ ਅਤੇ ਤ੍ਰਿਪੁਰਾ ਅੱਗੇ ਹਨ। ਆਈਸੀਐੱਮਆਰ ਦੀ ਰਿਪੋਰਟ ਅਨੁਸਾਰ ਸਾਲ 2017 ਵਿਚ 7 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਕੁਪੋਸ਼ਣ ਦੀ ਵਜ੍ਹਾ ਕਾਰਨ ਹੋਈ। ਇਹ ਨਾ ਸਿਰਫ਼ ਚਿੰਤਾਜਨਕ ਹੈ ਪਰ ਇਸ ਨਾਲ ਸਿਹਤ ਸੇਵਾਵਾਂ ਦੀ ਬੇਵੱਸੀ ਵੀ ਉਜਾਗਰ ਹੁੰਦੀ ਹੈ। ਰਿਪੋਰਟ ਸਾਫ਼ ਦੱਸਦੀ ਹੈ ਕਿ ਕੁਪੋਸ਼ਣ ਭਾਰਤ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਜੜ੍ਹ ਹੈ।

ਬੱਚਿਆਂ ਦਾ ਘੱਟ ਭਾਰ ਇਕ ਜਟਿਲ ਮੁੱਦਾ ਹੈ ਅਤੇ ਇਸ ਦੀ ਜ਼ਿਆਦਾਤਰ ਵਜ੍ਹਾ ਬੱਚਿਆਂ ਦੀਆਂ ਮਾਵਾਂ ਨਾਲ ਜੁੜੀ ਹੈ। ਦੇਸ਼ 'ਚ 15 ਤੋਂ 49 ਸਾਲ ਦੀਆਂ 54 ਫ਼ੀਸਦੀ ਮਹਿਲਾਵਾਂ ਵਿਚ ਖ਼ੂਨ ਦੀ ਕਮੀ ਹੈ। ਜੇ ਅਸਾਂ ਬਾਲ ਕੁਪੋਸ਼ਣ ਖ਼ਤਮ ਕਰਨਾ ਹੈ ਤਾਂ ਗਰਭ ਧਾਰਨ ਤੋਂ ਪਹਿਲਾਂ ਮਾਵਾਂ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਲਿੰਗਕ ਭੇਦਭਾਵ ਵੀ ਮਹਿਲਾਵਾਂ 'ਚ ਕੁਪੋਸ਼ਣ ਦੀ ਵਜ੍ਹਾ ਹੈ। ਹੁਣ ਸਵਾਲ ਇਹ ਕਿ ਕੁਪੋਸ਼ਣ ਤੋਂ ਮੁਕਤੀ ਕਦੋਂ? ਕੇਂਦਰ ਸਰਕਾਰ ਨੇ 2022 ਤਕ ਭਾਰਤ ਨੂੰ ਕੁਪੋਸ਼ਣ ਤੋਂ ਮੁਕਤ ਕਰਨ ਦਾ ਟੀਚਾ ਮਿੱਥਿਆ ਹੈ ਪਰ ਮੌਜੂਦਾ ਹਾਲਾਤ 'ਚ ਇਸ ਨੂੰ ਹਾਸਲ ਕਰਨਾ ਆਸਾਨ ਨਹੀਂ ਲੱਗਦਾ। ਇਸ ਦੇ ਖ਼ਾਤਮੇ ਲਈ ਇਕ ਵਿਆਪਕ ਪੋਸ਼ਣ ਨੀਤੀ ਬਣਾਉਣ ਅਤੇ ਉਸ 'ਤੇ ਸੰਜੀਦਗੀ ਨਾਲ ਪ੍ਰਭਾਵੀ ਅਮਲ ਦੀ ਲੋੜ ਹੈ। ਕੁਪੋਸ਼ਣ ਖ਼ਿਲਾਫ਼ ਦੇਸ਼ ਵਿਆਪੀ ਚੇਤਨਾ ਫੈਲਾਉਣ ਲਈ ਜਨ ਅੰਦੋਲਨ ਦੀ ਲੋੜ ਹੈ।

ਸੰਪਰਕ : 98140-98217

Posted By: Jagjit Singh