ਸ਼ੁੱਕਰਵਾਰ ਨੂੰ ਵਿਦਰੋਹੀ ਗੁੱਟਾਂ ਨੇ ਇਕ ਪੂਰੇ ਪਿੰਡ ਨੂੰ ਅੱਗ ਲਾ ਦਿੱਤੀ ਤੇ ਸਿਹਤ ਕੇਂਦਰਾਂ ਸਮੇਤ ਕਈ ਸਕੂਲਾਂ ’ਚ ਲੁੱਟਮਾਰ ਕੀਤੀ। ਇਸ ਕਾਰਨ ਕਈ ਪਰਿਵਾਰਾਂ ਦੇ ਸਾਹਮਣੇ ਖ਼ੁਦ ਨੂੰ ਬਚਾਉਣ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸੀਰੀਆ ਤੇ ਕਾਂਗੋ ਦੇ ਆਮ ਨਾਗਰਿਕ ਕਈ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦੋ-ਚਾਰ ਹੋ ਰਹੇ ਹਨ। ਇਸ ਸਬੰਧੀ ਕਈ ਵਾਰ ਸੰਯੁਕਤ ਰਾਸ਼ਟਰ ’ਚ ਚਿੰਤਾ ਜ਼ਾਹਿਰ ਕੀਤੀ ਗਈ ਹੈ। ਯੂਐੱਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ’ਚ ਹੀ ਖ਼ੁਰਾਕ ਅਸੁਰੱਖਿਆ ਦੇ ਦਾਇਰੇ ’ਚ ਕਰੀਬ 45 ਲੱਖ ਵੱਧ ਸੀਰੀਆਈ ਨਾਗਰਿਕ ਸ਼ਾਮਿਲ ਹੋਏ ਹਨ।
ਕੋਰੋਨਾ ਦੀ ਆਲਮੀ ਮਹਾਮਾਰੀ ਨੇ ਇਨ੍ਹਾਂ ਲੋਕਾਂ ਦਾ ਰਾਹ ਹੋਰ ਮੁਸ਼ਕਿਲ ਕਰ ਦਿੱਤਾ ਹੈ। ਲੋਕਾਂ ਦੇ ਕੰਮ ਧੰਦੇ ਬੰਦ ਹੋ ਗਏ ਹਨ ਅਤੇ ਰੁਜ਼ਗਾਰ ਤੇ ਕਮਾਈ ਦੇ ਸਾਰੇ ਸਾਧਨ ਬੰਦ ਹਨ। ਇਸ ਕਾਰਨ ਹਰ ਰੋਜ਼ ਸੈਂਕੜੇ ਲੋਕ ਭੁੱਖਮਰੀ ਵੱਲ ਖਿਸਕਦੇ ਜਾ ਰਹੇ ਹਨ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਹਰ ਰੋਜ਼ ਮੁਸ਼ਕਿਲ ’ਚ ਬਤੀਤ ਹੋ ਰਹੀ ਹੈ। ਡਬਲਿਊਐੱਫਪੀ ’ਚ ਸੀਰੀਆਈ ਪ੍ਰਤੀਨਿਧ ਸਾਨ ਐਬਰਾਇਨ ਮੁਤਾਬਕ ਇਸ ਤੋਂ ਪਹਿਲਾਂ ਹਾਲਾਤ ਏਨੇ ਖ਼ਰਾਬ ਨਹੀਂ ਸਨ। ਕਈ ਸਾਲਾਂ ਤੋਂ ਸੰਘਰਸ਼ ’ਚ ਜੀ ਰਹੇ ਇਨ੍ਹਾਂ ਲੋਕਾਂ ਦੀ ਪੂੰਜੀ ਹੁਣ ਖ਼ਤਮ ਹੋ ਗਈ ਹੈ। ਇੱਥੇ ਬਰੈੱਡ, ਚੌਲ, ਦਾਲ, ਤੇਲ ਤੇ ਖੰਡ ਦੀ ਕੀਮਤ ਇਕ ਲੱਖ 20 ਹਜ਼ਾਰ ਸੀਰੀਆਈ ਪੌਂਡ ਹੈ। ਇਹ ਕੀਮਤ ਇੱਥੋਂ ਦੇ ਲੋਕਾਂ ਦੀ ਔਸਤ ਤਨਖ਼ਾਹ ਤੋਂ ਕਿਤੇ ਜ਼ਿਆਦਾ ਹੈ। ਲੋਕਾਂ ਤੋਂ ਭਰ ਪੇਟ ਖਾਣਾ ਲਗਾਤਾਰ ਦੂਰ ਹੋ ਰਿਹਾ ਹੈ। ਇੱਥੋਂ ਦੇ ਲੋਕਾਂ ਦੀ ਚਿੰਤਾ ਇਸ ਕਾਰਨ ਵੀ ਵਧੀ ਹੈ ਕਿਉਂਕਿ ਦੇਸ਼ ਦੀ ਕਰੰਸੀ ਸੀਰੀਆਈ ਪੌਂਡ ’ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਡਬਲਿਊਐੱਫਪੀ ਦੀ ਰਿਪੋਰਟ ਮੁਤਾਬਕ ਸੀਰੀਆ ’ਚ ਭੁੱਖਮਰੀ ਦੇ ਸ਼ਿਕਾਰ ਹੋਏ ਲੋਕ ਕਰਜ਼ੇ ਦੇ ਬੋਝ ਥੱਲੇ ਦੱਬਣ ਲਈ ਮਜਬੂਰ ਹਨ। ਉਹ ਆਪਣੇ ਗੁਜ਼ਾਰੇ ਲਾਇਕ ਭੋਜਨ ਲਈ ਹੁਣ ਆਪਣੇ ਪਸ਼ੂਆਂ ਨੂੰ ਵੇਚ ਰਹੇ ਹਨ।
ਸੀਰੀਆ ’ਚ ਡਬਲਿਊਐੱਫਪੀ ਹਰ ਮਹੀਨੇ 50 ਲੱਖ ਰੁਪਏ ਦੀ ਖ਼ੁਰਾਕੀ ਸਹਾਇਤਾ ਮੁਹੱਈਆ ਕਰਵਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਜੇ ਇਹੋ ਹਾਲਾਤ ਰਹੇ ਤਾਂ ਇੱਥੇ ਜੁਲਾਈ 2021 ਤਕ ਮਨੁੱਖੀ ਰਾਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰੀਬ 37 ਕਰੋੜ ਡਾਲਰ ਦੀ ਜ਼ਰੂਰਤ ਪਵੇਗੀ। ਦੂਜੇ ਪਾਸੇ ਕਾਂਗੋ ’ਚ ਯੂਨੀਸੈਫ ਦਾ ਕਹਿਣਾ ਹੈ ਕਿ ਇੱਥੋਂ ਹਿਜਰਤ ਕਰ ਗਏ ਬੱਚੇ ਡਰ ਦੇ ਸਾਏ ’ਚ ਰਹਿ ਕੇ ਕੇਵਲ ਖ਼ੁਦ ਨੂੰ ਜ਼ਿੰਦਾ ਬਚਾਉਣ ਤੋਂ ਅੱਗੇ ਨਹੀਂ ਸੋਚ ਰਹੇ। ਇਨ੍ਹਾਂ ਦੇ ਭਵਿੱਖ ’ਤੇ ਡੂੰਘਾ ਸੰਕਟ ਹੈ। ਇੱਥੋਂ ਦੇ ਇਸ ਗੰਭੀਰ ਹੁੰਦੇ ਸੰਕਟ ਵੱਲ ਦੁਨੀਆ ਦਾ ਘੱਟ ਧਿਆਨ ਹੈ। ਦੁਨੀਆ ਇਸ ਖੇਤਰ ਪ੍ਰਤੀ ਲਾਪਰਵਾਹ ਹੋ ਰਹੀ ਹੈ ਜਦਕਿ ਇਨ੍ਹਾਂ ਬੱਚਿਆਂ ਨੂੰ ਬਿਹਤਰ ਅਤੇ ਸੁਰੱਖਿਅਤ ਭਵਿੱਖ ਪ੍ਰਦਾਨ ਕਰਨ ਲਈ ਵਸੀਲਿਆਂ ਦੀ ਜ਼ਰੂਰਤ ਹੈ।
ਸੰਯੁਕਤ ਰਾਸ਼ਟਰ ਦੇ ਅੰਕੜੇ ਦੱਸਦੇ ਹਨ ਕਿ ਇੱਥੋਂ ਕਰੀਬ 52 ਲੱਖ ਲੋਕ ਹਿਜਰਤੀ ਹਨ, ਜਿਨ੍ਹਾਂ ’ਚੋਂ ਅੱਧੇ ਇਕ ਸਾਲ ’ਚ ਹਿਜਰਤ ਕਰ ਗਏ ਹਨ। ਇਨ੍ਹਾਂ ’ਚ 30 ਲੱਖ ਬੱਚੇ ਵੀ ਸ਼ਾਮਿਲ ਹਨ। ਦੁਸ਼ਵਾਰੀਆਂ ਨਾਲ ਜੂਝ ਰਹੇ ਸੀਰੀਆ ਤੇ ਕਾਂਗੋ ਦੀ ਮਦਦ ਲਈ ਆਲਮੀ ਭਾਈਚਾਰੇ ਨੂੰ ਹੱਥ ਵਧਾਉਣਾ ਜ਼ਰੂਰੀ ਹੈ।
Posted By: Sunil Thapa