ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਨਸੂਰਵਾਲਾ, ਨੇੜੇ ਜ਼ੀਰਾ ਦੀ ਸ਼ਰਾਬ ਅਤੇ ਕੈਮੀਕਲ ਏਥਨਲ ਤਿਆਰ ਕਰਨ ਵਾਲੀ ਫੈਕਟਰੀ ਪਿਛਲੇ 6 ਮਹੀਨੇ ਤੋਂ ਚਰਚਾ ’ਚ ਰਹੀ ਹੈ। ਇਸ ਨੂੰ ਬੰਦ ਕਰਵਾਉਣ ਲਈ ਅੰਦਾਜ਼ਨ 40 ਪਿੰਡਾਂ ਦੇ ਲਾਮਬੰਦ ਹੋਏ ਲੋਕ ਸਾਂਝੇ ਮੋਰਚੇ ਦੇ ਰੂਪ ਵਿੱਚ 24 ਜੁਲਾਈ 2022 ਤੋਂ ਫੈਕਟਰੀ ਅੱਗੇ ਧਰਨੇ ਦੇ ਰੂਪ ਵਿੱਚ ਬੈਠੇ ਰਹੇ। ਉਨ੍ਹਾਂ ਨੇ ਗਰਮੀ, ਕੜਾਕੇ ਦੀ ਸਰਦੀ ਅਤੇ ਬਰਸਾਤਾਂ ਦੀ ਮਾਰ ਝਲਦਿਆਂ ਇਸ ਫੈਕਟਰੀ ਰਾਹੀਂ ਜ਼ਹਿਰੀਲੀ ਹੋਈ ਧਰਤੀ, ਪਾਣੀ ਅਤੇ ਦੂਸ਼ਿਤ ਹਵਾ ਤੋਂ ਛੁਟਕਾਰਾ ਪਾਉਣ ਲਈ ਆਪਣੀ ਰੋਹ ਭਰੀ ਅਤੇ ਹੱਕੀ ਆਵਾਜ਼ ਨੂੰ ਬੁਲੰਦ ਕੀਤਾ। ਇਸ ਸਾਂਝੇ ਮੋਰਚੇ ’ਚ ਇਲਾਕੇ ਦੀਆਂ ਔਰਤਾਂ ਨੇ ਵੀ ਪੁਲਿਸ ਦੀਆਂ ਲਾਠੀਆਂ, ਅੱਥਰੂ ਗੈਸ ਅਤੇ ਜੇਲ੍ਹ ਭੇਜਣ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ, ਹੱਕ ਅਤੇ ਸੱਚ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ।

ਜ਼ਿੰਦਗੀ ਤੇ ਮੌਤ ਦੀ ਲੜਾਈ

ਇਸ ਫੈਕਟਰੀ ਰਾਹੀਂ ਦੂਸ਼ਿਤ ਹੋਏ ਵਾਤਾਵਰਨ ਦੇ ਪ੍ਰਭਾਵ ਨਾਲ ਕਈ ਮੌਤਾਂ, ਕਿਡਨੀ ਇਨਫੈਕਸ਼ਨ ਕਾਰਨ ਹੋ ਚੁੱਕੀਆਂ ਹਨ। ਬਹੁਤ ਸਾਰੇ ਦੂਸ਼ਿਤ ਵਾਤਾਵਰਨ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਹੀ ਅੰਦਾਜ਼ਨ 70 ਡੰਗਰ ਵੀ ਦੂਸ਼ਿਤ ਵਾਤਾਵਰਨ ਦੀ ਲਪੇਟ ਵਿੱਚ ਆ ਕੇ ਮਰ ਗਏ। ਜਦੋਂ ਪੀਣ ਲਈ ਸਾਫ਼ ਪਾਣੀ, ਸਾਹ ਲੈਣ ਲਈ ਸ਼ੁੱਧ ਹਵਾ ਅਤੇ ਫ਼ਸਲ ਬੀਜਣ ਲਈ ਜ਼ਮੀਨ ਹੀ ਜ਼ਹਿਰੀਲੀ ਹੋ ਗਈ ਤਾਂ ਲੋਕਾਂ ਨੇ ਆਪਣੀ ਹੋਂਦ ਬਚਾਉਣ ਲਈ ਇਹ ਸੰਘਰਸ਼ ਵਿੱਢਿਆ। ਲੋਕਾਂ ਦੇ ਵਿਦਰੋਹੀ ਸੁਰ ਪ੍ਰਗਟਾਵਾ ਕਰਦੇ ਸਨ ਕਿ ਹੁਣ ਸਿਰਫ਼ ਫਸਲਾਂ ਨੂੰ ਹੀ ਨਹੀਂ, ਨਸਲਾਂ ਨੂੰ ਵੀ ਗੰਭੀਰ ਖ਼ਤਰਾ ਹੈ। ਵਰਨਣਯੋਗ ਹੈ ਕਿ ਇਹ ਫੈਕਟਰੀ 2006 ਵਿਚ 23 ਕਿੱਲਿਆਂ ਵਿੱਚ ਬਣਾਈ ਗਈ ਸੀ ਅਤੇ ਆਲੇ-ਦੁਆਲੇ ਦੇ ਪੀੜਤ ਲੋਕ ਦੁਖੀ ਹੋ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਕਿਤੇ ਹੋਰ ਵਸ ਗਏ। ਇੰਜ਼ ਉਹ ਜ਼ਮੀਨ ਫੈਕਟਰੀ ਮਾਲਕ ਨੇ ਖ਼ਰੀਦ ਕੇ ਫੈਕਟਰੀ ਦਾ ਘੇਰਾ 60 ਕਿੱਲਿਆਂ ਵਿੱਚ ਕਰ ਕੇ ਆਪਣੇ ਕਾਰੋਬਾਰ ਨੂੰ ਅਮਰਵੇਲ ਦੀ ਤਰ੍ਹਾਂ ਵਧਾ ਲਿਆ ਸੀ।

ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਇਸ ਅੰਦੋਲਨ ਸਮੇਂ ਫੈਕਟਰੀ ਦੇ ਮਾਲਕ ਵੱਲੋਂ ਪ੍ਰਗਟਾਵਾ ਕੀਤਾ ਗਿਆ ਕਿ ਅੰਦਾਜ਼ਨ 300 ਕਰੋੜ ਦੇ ਨਿਵੇਸ਼ ਨਾਲ ਤਿਆਰ ਕੀਤੀ ਇਹ ਫੈਕਟਰੀ ਬੰਦ ਹੋਣ ਨਾਲ 1200 ਕਿਰਤੀ ਅਤੇ 500 ਤਕਨੀਕੀ ਮਾਹਿਰ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਬਕਾਰੀ ਅਤੇ ਹੋਰ ਟੈਕਸਾਂ ਦੇ ਰੂਪ ਵਿੱਚ ਪ੍ਰਤੀ ਮਹੀਨਾਂ 100 ਕਰੋੜ ਰੁਪਏ ਦਾ ਭੁਗਤਾਨ ਸੂਬਾ ਸਰਕਾਰ ਨੂੰ ਕੀਤਾ ਜਾਂਦਾ ਹੈ। ਅੰਦੋਲਨ ਕਾਰਨ ਹੋਏ ਮਾਲੀ ਨੁਕਸਾਨ ਦੀ ਪੂਰਤੀ ਲਈ ਪ੍ਰਬੰਧਕਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਅਤੇ ਮਾਣਯੋਗ ਅਦਾਲਤ ਵੱਲੋਂ 20 ਕਰੋੜ ਦੀ ਭਰਪਾਈ ਲਈ ਪੰਜਾਬ ਸਰਕਾਰ ਨੂੰ ਆਦੇਸ਼ ਵੀ ਦਿੱਤੇ ਗਏ। ਸਰਕਾਰ ਵੱਲੋਂ ਇਹ ਰਾਸ਼ੀ ਭਰਨ ਉਪਰੰਤ ਅੰਦੋਲਨਕਾਰੀ ਆਗੂਆਂ ਦੀ ਜਾਇਦਾਦ ਕੁਰਕ ਕਰਨ ਦੇ ਨਾਲ-ਨਾਲ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੀ ਆੜ ਵਿੱਚ ਕੁਝ ਆਗੂਆਂ ਨੂੰ ਜੇਲ੍ਹ ਵਿੱਚ ਵੀ ਡੱਕਿਆ ਗਿਆ। ਪਰ ਲੋਕ ਵਿਦਰੋਹ ਹੋਰ ਪ੍ਰਚੰਡ ਹੁੰਦਾ ਗਿਆ। ਆਗੂਆਂ ਦਾ ਕਹਿਣਾ ਸੀ ਕਿ ਵਿਕਾਸ ਨਿਰਾ ਗਲੀਆਂ,ਨਾਲੀਆਂ ਜਾਂ ਫਲਾਈ ਓਵਰ ਬਣਾਉਣ ਨਾਲ ਹੀ ਨਹੀਂ ਹੁੰਦਾ। ਜੇ ਇਸ ਦੀ ਵਰਤੋਂ ਕਰਨ ਵਾਲੇ ਹੀ ਨਾ ਰਹੇ, ਫਿਰ ਅਜਿਹੇ ਵਿਕਾਸ ਦਾ ਅਰਥ ਹੀ ਕੀ ਹੈ? ਅੰਦੋਲਨ ਕਰ ਰਹੇ ਆਗੂਆਂ ਦੇ ਅੰਗ-ਸੰਗ ਮਰਹੂਮ ਸ਼ਾਇਰ ਪਾਸ਼ ਦੇ ਇਹ ਬੋਲ ਵੀ ਸਨ :

“ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ।

ਜੋ ਸਭ ਕੁਝ ਵੇਖਦਿਆਂ ਵੀ ਠੰਢੀ ਯਖ਼ ਹੁੰਦੀ ਹੈ।”

ਅਤੇ ਉਹ ਆਪਣੀਆਂ ਖੁੱਲ੍ਹੀਆਂ ਅੱਖਾਂ ਲਈ ਠੰਢੀਆਂ ਯਖ਼ ਅੱਖਾਂ ਹੋਣ ਦਾ ਮਿਹਨਾ ਸੁਣਨ ਤੋਂ ਬਾਗੀ ਹੋ ਗਏ ਸਨ।

ਮੂੰਹ ਟੱਡੀ ਖੜ੍ਹੇ ਸਵਾਲ

ਗੰਭੀਰ ਪ੍ਰਸ਼ਨ ਅਜੇ ਵੀ ਮੂੰਹ ਟੱਡੀਂ ਖੜ੍ਹਾ ਹੈ। ਪੰਜਾਬ ਦੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਬੌਧਿਕ ਕੰਗਾਲੀ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਮਰਹੂਮ ਲੇਖਕ ਅਤੇ ਚਿੰਤਕ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ, “ਪੰਜਾਬ ਨੂੰ ਗੋਡਿਆਂ ਭਾਰ ਨੇਜਿਆਂ, ਤਲਵਾਰਾਂ ਅਤੇ ਰਫ਼ਲਾਂ ਨੇ ਨਹੀਂ ਕੀਤਾ, ਸਗੋਂ ਢਾਈ ਤਿੰਨ ਇੰਚ ਦੀਆਂ ਸਿਗਰਟਾਂ, ਸ਼ਰਾਬ ਦੀਆਂ ਬੋਤਲਾਂ ਅਤੇ ਸਰਿੰਜਾਂ ਦੀਆਂ ਸੂਈਆਂ ਨੇ ਕੀਤਾ ਹੈ। ਸੱਚ-ਮੁੱਚ ਪੰਜਾਬ ਦੀ ਹਾਲਤ ਉਸ ਖੰਡਰ ਹਵੇਲੀ ਵਰਗੀ ਹੈ, ਜਿਸ ਦੀਆਂ ਦਰਾੜਾਂ ਭਰਨ ਉਪਰੰਤ ਰੰਗ ਰੋਗਨ ਕਰਕੇ ਉਸ ਤੇ ਮੋਟੇ ਅੱਖਰਾਂ ਵਿੱਚ ‘ਰੰਗਲੀ ਹਵੇਲੀ’ ਲਿਖਿਆ ਹੋਵੇ। ਜ਼ੀਰਾ ਫੈਕਟਰੀ ਸਮੇਤ ਪੰਜਾਬ ਦੀਆਂ 15-16 ਸ਼ਰਾਬ ਦੀਆਂ ਫੈਕਟਰੀਆਂ ਦੇ ਪ੍ਰਕੋਪ ਕਾਰਨ 5.20 ਲੱਖ ਰੋਜ਼ਾਨਾ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ ਅਤੇ ਪੰਜਾਬੀ 8 ਕਰੋੜ ਦੀ ਰੋਜ਼ਾਨਾ ਸ਼ਰਾਬ ਡਕਾਰ ਜਾਂਦੇ ਹਨ। ਸ਼ਰਾਬ ਪੀਣ ਵਾਲਿਆਂ ’ਚੋਂ 31 ਫੀਸਦੀ ‘ ਹੈਪੇਟਾਇਟਸ-ਸੀ’ ਦਾ ਸ਼ਿਕਾਰ ਹਨ ਅਤੇ 20 ਫੀਸਦੀ ‘ ਹੈਪੇਟਾਇਟਸ ਬੀ’ ਦੀ ਲਪੇਟ ਵਿੱਚ ਆਏ ਹੋਏ ਹਨ। 70 ਹਜ਼ਾਰ ਸ਼ਰਾਬੀਆਂ ਦੇ ਲਿਵਰ ਖ਼ਰਾਬ ਹੋ ਗਏ ਹਨ। ਹਰ ਪਿੰਡ ਵਿੱਚ ਸ਼ਰਾਬੀਆਂ ਦੀਆਂ ਮੌਤਾਂ ਕਾਰਨ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਸ਼ਰਾਬ ਦੇ ਮਾਰੂ ਅਸਰ ਕਾਰਨ ਹੀ 60 ਫੀਸਦੀ ਦੁਰਘਟਨਾਵਾਂ, 90 ਫੀਸਦੀ ਤੇਜ਼ ਹਥਿਆਰਾਂ ਨਾਲ ਹਮਲੇ, 69 ਫੀਸਦੀ ਬਲਾਤਕਾਰ, 74 ਫੀਸਦੀ ਡਕੈਤੀਆਂ, 80 ਫੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪਟਮਾਰੀ ਅਤੇ ਹੋਰ ਜ਼ੁਰਮ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ।

ਆਰਥਿਕ ਪੱਖੋਂ ਖੁੰਘਲ ਹੋ ਰਹੇ ਲੋਕ

ਪੰਜਾਬ ਦੇ ਅੰਦਾਜ਼ਨ 45 ਲੱਖ ਪਰਿਵਾਰਾਂ ਵਿੱਚੋਂ ਕੋਈ ਵਿਰਲਾ ਪਰਿਵਾਰ ਹੀ ਨਸ਼ਿਆਂ ਦੇ ਸੇਕ ਤੋਂ ਬਚਿਆ ਹੈ। ਅੰਦਾਜ਼ਨ 4000 ਦੀ ਆਬਾਦੀ ਵਾਲੇ ਪਿੰਡ ਵਿੱਚ ਹਰ ਰੋਜ਼ 30-35 ਹਜ਼ਾਰ ਦੀ ਸ਼ਰਾਬ ਵਿਕਦੀ ਹੈ ਅਤੇ ਇਸ ਤਰੀਕੇ ਨਾਲ ਅੰਦਾਜ਼ਨ ਇੱਕ ਕਰੋੜ ਰੁਪਏ ਪ੍ਰਤੀ ਸਾਲ ਇੱਕ ਪਿੰਡ ਦੇ ਲੋਕਾਂ ਦੀ ਜੇਬ ਵਿੱਚੋਂ ਨਿਕਲਦਾ ਹੈ ਅਤੇ ਉਹ ਆਰਥਿਕ ਪੱਖੋਂ ਖੁੰਘਲ ਹੋ ਰਹੇ ਹਨ। ਪਿੰਡਾਂ ਦੀ ਸਥਿਤੀ ਇਸ ਤਰੀਕੇ ਦੀ ਬਣੀ ਹੋਈ ਹੈ :

ਪਿੰਡਾਂ ਵਿੱਚ ਰਹੇ ਨਾ ਏਕੇ,

ਥਾਂ-ਥਾਂ ਗਲੀ ਗਲੀ ਵਿੱਚ ਠੇਕੇ।

ਬੰਦਾ ਜਿਹੜੇ ਪਾਸੇ ਦੇਖੇ,

ਰੰਗ ਗੁਲਾਬੀ ਹੁੰਦਾ ਹੈ।

ਹੁਣ ਤਾਂ ਆਥਣ ਵੇਲੇ

ਸਾਰਾ ਪਿੰਡ ਸ਼ਰਾਬੀ ਹੁੰਦਾ ਹੈ।

ਇਸ ਕਾਰਨ ਹੀ ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਪੰਜਾਬ ਦੀ ਜਵਾਨੀ ਬੇਰੁਜ਼ਗਾਰੀ, ਵੇਵਸਾਹੀ ਅਤੇ ਦਿਸ਼ਾਹੀਣਤਾ ਦਾ ਸ਼ਿਕਾਰ ਹੋ ਕੇ ਭਟਕਣ ਦੀ ਹਰ ਵੰਨਗੀ ਦੀ ਲਪੇਟ ਵਿੱਚ ਆ ਗਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਅੰਮਿ੍ਰਤਸਰ ਅਤੇ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 137 ਲੋਕਾਂ ਦੀ ਮੌਤ ਨਾਲ ਮਚੀ ਹਾਹਾਕਾਰ ਨੂੰ ਵੀ ਸਿਆਸੀ ਲਾਰਿਆਂ, ਵਾਅਦਿਆਂ ਅਤੇ ਮਾਇਆ ਜਾਲ ਰਾਹੀਂ ਠੱਲ ਪਾਈ ਗਈ ਸੀ।

ਲੋਕ ਸ਼ਕਤੀ ਅੱਗੇ ਝੁਕੀ ਸਰਕਾਰ

ਆਖ਼ਰ 17 ਜਨਵਰੀ 2023 ਨੂੰ ਬਾਅਦ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਫੈਕਟਰੀ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਹੁਕਮ ਦੇ ਦਿੱਤੇ ਅਤੇ ਨਾਲ ਹੀ ਐਲਾਨ ਕੀਤਾ ਕਿ ਵਾਤਾਵਰਨ ਪ੍ਰਦੂਸ਼ਿਤ ਕਰਨ ਵਾਲਿਆਂ ਪ੍ਰਤੀ ਸਰਕਾਰ ਸਖ਼ਤ ਰੁਖ ਅਪਣਾਵੇਗੀ। ਇਸ ਤੋਂ ਪਹਿਲਾਂ ਮੱਤੇਵਾੜਾ ਦੇ ਜੰਗਲ ਤੇ ਸਨਅਤਕਾਰਾਂ ਦੀ ਬਾਜ਼ ਅੱਖ ਸੀ ਅਤੇ ਉਸ ਨੂੰ ਸਨਅਤੀ ਪਾਰਕ ਬਣਾਉਣ ਲਈ ਵਿਉਂਤਬੰਦੀ ਜੰਗੀ ਪੱਧਰ ’ਤੇ ਹੋ ਰਹੀ ਸੀ। ਪਰ ਲੋਕ ਸ਼ਕਤੀ ਦੇ ਦਬਾਓ ਕਾਰਨ ਸਰਕਾਰ ਨੂੰ ਉਹ ਫੈਸਲਾ ਰੱਦ ਕਰਨਾ ਪਿਆ ਸੀ। ਮੁੱਖ ਮੰਤਰੀ ਦੇ ਜ਼ੀਰਾ ਫੈਕਟਰੀ ਬੰਦ ਕਰਨ ਦੇ ਐਲਾਨ ਤੋਂ ਬਾਅਦ ਹੱਕੀ ਮੰਗ ਦੀ ਅਵਾਜ਼ ਬੁਲੰਦ ਕਰਨ ਵਾਲੇ ਆਗੂਆਂ ਨੇ ਇਸ ਨੂੰ ਜੱਥੇਬੰਦਕ ਲੋਕ ਸ਼ਕਤੀ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਪ੍ਰਗਟਾਵਾ ਕੀਤਾ ਹੈ ਕਿ ਭਵਿੱਖ ਵਿੱਚ ਦਰਿਆਈ ਪਾਣੀਆਂ ਨੂੰ ਦੂਸ਼ਿਤ ਕਰ ਰਹੀਆਂ ਮਾਰੂ ਇੰਡਸਟਰੀਆਂ ਨੂੰ ਬੰਦ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਅੰਦੋਲਨ ਵਿੱਚ ਜਿਨ੍ਹਾਂ ਆਗੂਆਂ ’ਤੇ ਕੇਸ ਦਰਜ ਹੋਏ ਹਨ, ਉਹ ਕੇਸਾਂ ਦੀ ਵਾਪਸੀ ਦੇ ਨਾਲ-ਨਾਲ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ।

ਆਵਾਜ਼ ਬੁਲੰਦ ਕਰਨ ਦੀ ਲੋੜ

ਜਿੱਥੇ ਜ਼ੀਰਾ ਇਲਾਕੇ ਦੇ ਲੋਕ ਅਤੇ ਸਰਗਰਮ ਆਗੂ ਜ਼ੀਰਾ ਫੈਕਟਰੀ ਨੂੰ ਬੰਦ ਕਰਵਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਵਧਾਈ ਦੇ ਪਾਤਰ ਹਨ, ਉੱਥੇ ਹੀ ਅਜਿਹੇ ਸਮਾਜ ਸੇਵਕਾਂ, ਚਿੰਤਕਾਂ, ਬੁੱਧੀਜੀਵੀ ਵਰਗ, ਲੇਖਕ, ਅਧਿਆਪਕ, ਪੱਤਰਕਾਰ, ਸਮਾਜ ਸੇਵਕ, ਪੰਚਾਂ-ਸਰਪੰਚਾਂ ਅਤੇ ਉਨ੍ਹਾਂ ਭਲੇ ਨੇਤਾਵਾਂ ਨੂੰ ਸ਼ਰਾਬ ਅਤੇ ਹੋਰ ਮਾਰੂ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਅੱਗੇ ਆ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਤਾਂ ਜੋ ਭਵਿੱਖ ਦੇ ਵਾਰਿਸਾਂ ਦੇ ਹੋਠਾਂ ’ਤੇ ਸੋਗੀ ਅਤੇ ਉਦਾਸ ਗੀਤਾਂ ਦੀ ਥਾਂ ਜ਼ਿੰਦਗੀ ਜਿਊਣ ਦੇ ਗੀਤ ਅਠਖੇਲ੍ਹੀਆਂ ਕਰਨ ਲੱਗ ਜਾਣ।

- ਮੋਹਨ ਸ਼ਰਮਾ

Posted By: Harjinder Sodhi