ਅਮਰੀਕੀ ਸੰਸਦ ਦੀ ਸਪੀਕਰ ਨੈਂਸੀ ਪੇਲੋਸੀ ਦੇ ਤਾਇਵਾਨ ਦੌਰੇ ਨਾਲ ਕੌਮਾਂਤਰੀ ਪੱਧਰ ’ਤੇ ਤੂਫ਼ਾਨ ਉੱਠ ਖਲੋਤਾ ਹੈ। ਅਮਰੀਕਾ ਦੇ ਜਮਹੂਰੀ ਢੰਗ ਨਾਲ ਚੁਣੇ ਕਿਸੇ ਅਧਿਕਾਰੀ ਦੀ ਪਿਛਲੇ 25 ਸਾਲਾਂ ਦੌਰਾਨ ਇਹ ਪਹਿਲੀ ਤਾਇਵਾਨ ਫੇਰੀ ਹੈ। ਚੀਨ ਨੇ ਇਸ ਦੌਰੇ ਤੋਂ ਖ਼ਫ਼ਾ ਹੋ ਕੇ ਤਾਇਵਾਨ ’ਤੇ ਆਰਥਿਕ ਪਾਬੰਦੀਆਂ ਲਾਉਣ ਦੀ ਕਵਾਇਦ ਆਰੰਭ ਕਰ ਦਿੱਤੀ ਹੈ। ਚੀਨ ਹੁਣ ਤਾਇਵਾਨ ਤੋਂ ਨਿੰਬੂ ਜਾਤੀ ਦੇ ਫਲ਼ਾਂ, ਚਾਹ, ਸ਼ਹਿਦ ਤੇ ਮੱਛੀਆਂ ਦਰਾਮਦ ਨਹੀਂ ਕਰੇਗਾ। ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਤਾਇਵਾਨ ਦੇ ਫਲ਼ਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕੁਝ ਵਧੇਰੇ ਕੀਤਾ ਹੋਇਆ ਮਿਲਦਾ ਹੈ। ਚੀਨ ਨੂੰ ਹਰੇਕ ਦੇਸ਼ ਤੋਂ ਕੋਈ ਨਾ ਕੋਈ ਦਿੱਕਤ ਹੈ। ਦੱਖਣੀ ਚੀਨ ਦੇ ਸਮੁੰਦਰ ਦੇ ਕੁਝ ਅਜਿਹੇ ਟਾਪੂ ਹਨ ਜਿਨ੍ਹਾਂ ’ਤੇ ਇਸ ਵੇਲੇ ਚੀਨ ਦਾ ਕਬਜ਼ਾ ਹੈ ਪਰ ਕਈ ਹੋਰ ਗੁਆਂਢੀ ਦੇਸ਼ ਉਨ੍ਹਾਂ ਨੂੰ ਆਪਣਾ ਦੱਸਦੇ ਹਨ। ਪਾਕਿਸਤਾਨ ’ਚ ਭਾਰਤ ਨਾਲ ਲੱਗਦੀ ਸਰਹੱਦ ’ਤੇ ਲਾਂਘਾ ਬਣਾਉਣ ਦੇ ਮਾਮਲੇ ’ਚ ਚੀਨ ਉੱਤੇ ਕਈ ਵਾਰ ਉਂਗਲ ਉੱਠਦੀ ਰਹੀ ਹੈ। ਇਹ ਲਾਂਘਾ ਤੇ ਅਜਿਹੇ ਹੋਰ ਕਈ ਪ੍ਰਾਜੈਕਟਾਂ ਕਾਰਨ ਪਾਕਿਸਤਾਨ ਹੁਣ ਚੀਨ ਦਾ ਵੱਡਾ ਕਰਜ਼ਦਾਰ ਹੋ ਚੁੱਕਾ ਹੈ। ਓਧਰ ਸ੍ਰੀਲੰਕਾ ਨੂੰ ਮਾੜੀ ਆਰਥਿਕ ਦਸ਼ਾ ’ਚ ਪਹੁੰਚਾਉਣ ਵਿਚ ਹੀ ਚੀਨ ਦਾ ਵੱਡਾ ਯੋਗਦਾਨ ਸਮਝਿਆ ਜਾਂਦਾ ਹੈ। ਤਿੱਬਤ ਅਤੇ ਹਾਂਗਕਾਂਗ ਉੱਤੇ ਵੀ ਚੀਨ ਆਪਣਾ ਅਧਿਕਾਰ ਜਮਾਉਂਦਾ ਹੈ। ਓਧਰ ਰੂਸ ਤੇ ਯੂਕਰੇਨ ਦੀ ਜੰਗ ਕਰਕੇ ਕੌਮਾਂਤਰੀ ਪੱਧਰ ’ਤੇ ਆਰਥਿਕ ਹਾਲਾਤ ਪਹਿਲਾਂ ਹੀ ਤਰਸਯੋਗ ਹਾਲਤ ’ਚ ਪੁੱਜ ਚੁੱਕੇ ਹਨ। ਅਫ਼ਰੀਕਾ ਦੇ ਕੁਝ ਗ਼ਰੀਬ ਮੁਲਕਾਂ ਨੂੰ ਯੂਕਰੇਨ ਤੇ ਰੂਸ ਤੋਂ ਜਿਹੜਾ ਅਨਾਜ ਤੇ ਹੋਰ ਜ਼ਰੂਰੀ ਵਸਤਾਂ ਦਾ ਅਦਾਨ-ਪ੍ਰਦਾਨ ਹੁੰਦਾ ਸੀ, ਉਹ ਇਸੇ ਜੰਗ ਕਾਰਣ ਬੰਦ ਹੋ ਚੁੱਕਾ ਹੈ। ਚੀਨ ਵੱਲੋਂ ਅਜਿਹੇ ਸਮੇਂ ਤਾਇਵਾਨ ’ਤੇ ਤੋਪਾਂ ਬੀੜ ਲੈਣਾ ਡਾਢਾ ਇਤਰਾਜ਼ਯੋਗ ਹੈ ਜਦੋਂ ਇਕ ਪੱਛਮੀ ਮੁਲਕ ਦੀ ਮਹਿਲਾ ਉੱਚ-ਅਧਿਕਾਰੀ ਦਾ ਦੌਰਾ ਚੱਲ ਰਿਹਾ ਹੈ। ਦੋ ਕਰੋੜ 30 ਲੱਖ ਦੀ ਆਬਾਦੀ ਵਾਲਾ ਨਿੱਕਾ ਜਿਹਾ ਦੇਸ਼ ਹੁਣ ਤਕ ਸਦਾ ਚੀਨ ਦੇ ਹਮਲੇ ਦੀ ਦਹਿਸ਼ਤ ਹੇਠ ਜਿਊਂਦਾ ਰਿਹਾ ਹੈ। ਹਮਲੇ ਦਾ ਇਹ ਡਰ ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਦੌਰਾਨ ਕੁਝ ਜ਼ਿਆਦਾ ਹੀ ਵਧ ਗਿਆ ਹੈ। ਚੀਨ ਵੱਲੋਂ ਬਲਾਕ ਕੀਤੇ ਜਾਣ ਤੋਂ ਬਾਅਦ ਹੁਣ ਤਾਇਵਾਨ ਨੇ ਬਦਲਵੇਂ ਹਵਾਈ ਰੂਟਾਂ ਲਈ ਜਾਪਾਨ ਅਤੇ ਫਿਲੀਪੀਨ ਜਿਹੇ ਦੇਸ਼ਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਓਧਰ ਨੈਂਸੀ ਪੇਲੋਸੀ ਨੇ ਕਿਹਾ ਹੈ ਕਿ ਤਾਇਵਾਨ ਨਾਲ ਨੇੜਤਾ ਉਨ੍ਹਾਂ ਦੇ ਦੇਸ਼ ਅਮਰੀਕਾ ਲਈ ਬੇਹੱਦ ਅਹਿਮ ਹੈ। ਪੇਲੋਸੀ ਦੇ ਇਸ ਦੌਰੇ ਤੋਂ ਡਾਢੇ ਖ਼ਫ਼ਾ ਚੀਨ ਨੇ ਬੀਜਿੰਗ ’ਚ ਅਮਰੀਕੀ ਸਫ਼ੀਰ ਨੂੰ ਸੱਦ ਕੇ ਇਸ ਮਾਮਲੇ ’ਚ ਆਪਣਾ ਇਤਰਾਜ਼ ਪ੍ਰਗਟਾਇਆ ਹੈ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਨੇ ਵੀ ਆਖਿਆ ਹੈ ਕਿ ਪੇਲੋਸੀ ਦੀ ਤਾਇਵਾਨ ਫੇਰੀ ਨਾਲ ਚੀਨ ਤੇ ਅਮਰੀਕਾ ਦੇ ਸਬੰਧਾਂ ’ਤੇ ਡਾਢਾ ਮਾੜਾ ਅਸਰ ਪਵੇਗਾ ਅਤੇ ਅਮਰੀਕੀ ਸਪੀਕਰ ਦੇ ਇਸ ਦੌਰੇ ਕਾਰਨ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ, ਇਸ ਲਈ ਉਨ੍ਹਾਂ ਦਾ ਦੇਸ਼ ਦ੍ਰਿੜ੍ਹਤਾਪੂਰਬਕ ਲੋੜੀਂਦੇ ਕਦਮ ਚੁੱਕੇਗਾ। ਇਸ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਟੈਲੀਫੋਨ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਹ ਚੇਤਾਵਨੀ ਵੀ ਦੇ ਦਿੱਤੀ ਸੀ ਕਿ ਉਹ ਅੱਗ ਨਾਲ ਨਾ ਖੇਡਣ। ਤਾਇਵਾਨ ’ਤੇ ਹਾਲੇ ਤਕ ਚੀਨ ਦਾ ਕੋਈ ਕਬਜ਼ਾ ਨਹੀਂ ਹੈ। ਉਹ ਬਸ ਇਸ ਦੇਸ਼ ’ਤੇ ਆਪਣਾ ਜੱਦੀ ਹੱਕ ਸਮਝਦਾ ਹੈ ਤੇ ਉਸ ਨੂੰ ਅਲੱਗ-ਥਲੱਗ ਕਰ ਛੱਡਿਆ ਹੈ। ਹੁਣ ਨੈਂਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਜੇ ਤਾਇਵਾਨ ਦੀ ਜਾਪਾਨ ਤੇ ਫਿਲੀਪੀਨ ਜਿਹੇ ਦੇਸ਼ਾਂ ਨਾਲ ਨੇੜਤਾ ਵਧ ਰਹੀ ਹੈ ਤਾਂ ਇਹ ਉਸ ਲਈ ਹਾਂ-ਪੱਖੀ ਸੰਕੇਤ ਹੀ ਹੈ।

Posted By: Jagjit Singh