ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਪ੍ਰੈੱਸ ਕਲੱਬ ’ਚੋਂ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਜ਼ਬਰਦਸਤੀ ਧੱਕੇ ਮਾਰ ਕੇ ਕੱਢਣ ਦੀ ਘਟਨਾ ਨੇ ਕੌਮਾਂਤਰੀ ਪੱਧਰ ’ਤੇ ਸਭ ਦਾ ਧਿਆਨ ਖਿੱਚਿਆ ਹੈ। ਭਾਰਤ ਲਈ ਇਹ ਘਟਨਾ ਇਸ ਲਈ ਵਧੇਰੇ ਅਹਿਮ ਹੈ ਕਿਉਂਕਿ ਕਲੱਬ ’ਚ ਉਸ ਵੇਲੇ ਜੰਮੂ-ਕਸ਼ਮੀਰ ’ਚ ਵੱਡੇ ਪੱਧਰ ’ਤੇ ਵਿਕਾਸ ਦੇ ਮੁੱਦੇ ’ਤੇ ਹਾਂ-ਪੱਖੀ ਚਰਚਾ ਹੋ ਰਹੀ ਸੀ। ਉਦੋਂ ਮੁੱਠੀ-ਭਰ ਪਾਕਿਸਤਾਨੀਆਂ ਨੇ ਉੱਥੇ ਵਿਚਾਰ-ਚਰਚਾ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਉੱਥੇ ਚੀਕ-ਚਿਹਾੜਾ ਵੀ ਪਾਇਆ ਪਰ ਸੁਰੱਖਿਆ ਜਵਾਨਾਂ ਨੇ ਉਨ੍ਹਾਂ ਨੂੰ ਤੁਰੰਤ ਉੱਥੋਂ ਭਜਾ ਦਿੱਤਾ। ਤਦ ਉੱਥੇ ਕੁਝ ਕਸ਼ਮੀਰੀ ਆਗੂ ਤੇ ਬਾਰਾਮੂਲਾ ਨਗਰ ਕੌਂਸਲ ਦੇ ਪ੍ਰਧਾਨ ਵੀ ਮੌਜੂਦ ਸਨ। ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਸੀ। ਫੋਰਮ ’ਤੇ ਦੱਸਿਆ ਜਾ ਰਿਹਾ ਸੀ ਕਿ ਕਸ਼ਮੀਰ ’ਚ ਵਿਕਾਸ ਕਾਰਜ ਕਿਹੜੇ ਪੜਾਅ ’ਤੇ ਪੁੱਜ ਗਏ ਹਨ। ਇਸ ਬਾਰੇ ਪੈਨਲ ’ਤੇ ਮੌਜੂਦ ਸਾਰੇ ਭਾਰਤੀ ਆਗੂਆਂ ਦੀ ਇਹੋ ਰਾਇ ਸੀ ਕਿ ਕਸ਼ਮੀਰ ਦਾ ਹੁਣ ਸ਼ਾਂਤੀ, ਖ਼ੁਸ਼ਹਾਲੀ ਤੇ ਪ੍ਰਗਤੀ ਦੀ ਧਰਤੀ ਵਜੋਂ ਪੁਨਰ-ਜਨਮ ਹੋਇਆ ਹੈ। ਹੁਣ ਕਸ਼ਮੀਰ ਨਾਲ ਜੁੜੇ ਵਿਵਾਦਾਂ ਤੋਂ ਸਦਾ ਲਈ ਖਹਿੜਾ ਛੁੱਟਣਾ ਚਾਹੀਦਾ ਹੈ। ਪਾਕਿਸਤਾਨੀਆਂ ਵੱਲੋਂ ਅਜਿਹੀ ਗੱਲਬਾਤ ’ਚ ਅੜਿੱਕਾ ਡਾਹੁਣ ਤੋਂ ਬਾਅਦ ਕਸ਼ਮੀਰੀ ਆਗੂ ਵੀ ਭੜਕ ਗਏ ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦਰਅਸਲ ਅੱਤਵਾਦੀਆਂ ਤੇ ਬੰਦੂਕ ਦੇ ਜ਼ੋਰ ’ਤੇ ਸੱਚ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਧਰਤੀ ਦੀ ਜ਼ੰਨਤ ਕਸ਼ਮੀਰ ਵਾਦੀ ਨੂੰ ਸਰਹੱਦ ਪਾਰਲੇ ਅੱਤਵਾਦ ਰਾਹੀਂ ਦੋਜ਼ਖ਼ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਹ ਤੱਥ ਜੱਗ-ਜ਼ਾਹਰ ਹੈ ਕਿ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਪੂਰੇ ਟਿਕਾਊ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਸਿਹਤ, ਆਰਥਿਕ ਵਿਕਾਸ ਤੇ ਸਿੱਖਿਆ ਜਿਹੇ ਖੇਤਰਾਂ ’ਚ ਲਗਾਤਾਰ ਤਰੱਕੀ ਹੋ ਰਹੀ ਹੈ। ਜਦ ਤੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪ੍ਰਗਤੀ ਕਾਰਜ ਆਪਣੇ ਹੱਥ ’ਚ ਲਏ ਹਨ, ਤਦ ਤੋਂ ਹੀ ਉੱਥੇ ਅੱਤਵਾਦੀ ਘਟਨਾਵਾਂ ’ਚ ਵੀ ਕਮੀ ਦਰਜ ਹੋਈ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਹੁਣ ਨੌਕਰੀਆਂ ਮਿਲ ਰਹੀਆਂ ਹਨ ਜਿਸ ਕਾਰਨ ਉਹ ਗੁਮਰਾਹ ਹੋਣ ਤੋਂ ਬਚ ਰਹੇ ਹਨ। ਵਿਰੋਧੀ ਧਿਰ ਵੀ ਹੁਣ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਕਸ਼ਮੀਰ ਵਾਦੀ ’ਚ ਵੱਡੇ ਪੱਧਰ ’ਤੇ ਵਿਕਾਸ ਪ੍ਰਾਜੈਕਟ ਆਰੰਭੇ ਜਾਣ, ਕੋਨੇ-ਕੋਨੇ ਤਕ ਸੜਕਾਂ ਦੀ ਦਸ਼ਾ ’ਚ ਸੁਧਾਰ ਕੀਤਾ ਜਾਵੇ। ਇਹ ਸੱਚ ਹੈ ਕਿ ਜੇ ਹੁਣ ਵਿਕਾਸ ਕਾਰਜਾਂ ਦੀ ਰਫ਼ਤਾਰ ਨਾ ਵਧਾਈ ਗਈ ਤਾਂ ਅੱਤਵਾਦੀ ਵਾਰਦਾਤਾਂ ’ਚ ਕਮੀ ਆਉਣ ਦਾ ਵੀ ਕੋਈ ਫ਼ਾਇਦਾ ਨਹੀਂ ਹੋਵੇਗਾ। ਪਿਛਲੇ ਕੁਝ ਸਮੇਂ ਦੌਰਾਨ ਜੰਮੂ-ਕਸ਼ਮੀਰ ਦੇ ਖੇਤੀ ਖੇਤਰ ’ਚ ਵਿਕਾਸ ਲਈ ਕੇਂਦਰ ਸਰਕਾਰ ਨੇ 900 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਇਸ ਵਰ੍ਹੇ ਤੋਂ ਜੌਂ ਦੀ ਖੇਤੀ ਵੀ ਇੱਥੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਵੀਆਂ ਤੇ ਅਗਾਂਹ-ਵਧੂ ਖੇਤੀ ਤਕਨੀਕਾਂ ਲਿਆਂਦੀਆਂ ਜਾ ਰਹੀਆਂ ਹਨ। ਖੇਤੀ ਖੇਤਰ ’ਚ ਨਿਵੇਕਲੇ ਸਟਾਰਟ-ਅੱਪ ਲੋੜੀਂਦੇ ਹਨ। ਚਾਲੂ ਵਿੱਤੀ ਵਰ੍ਹੇ ਦੌਰਾਨ ਜੰਮੂ-ਕਸ਼ਮੀਰ ਲਈ ਕੁੱਲ 1,547 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਮੁੱਚੇ ਖਿੱਤੇ ਦਾ ਜਿੰਨਾ ਜ਼ਿਆਦਾ ਵਿਕਾਸ ਹੋਵੇਗਾ, ਪਾਕਿਸਤਾਨੀਆਂ ਦੇ ਮੂੰਹ ’ਤੇ ਓਨੇ ਹੀ ਵੱਡੇ ਜਿੰਦਰੇ ਲੱਗਦੇ ਜਾਣਗੇ। ਉਸ ਦੇਸ਼ ਦੀ ਸਿਆਸਤ ਜ਼ਿਆਦਾਤਰ ਕਸ਼ਮੀਰ ’ਤੇ ਕੇਂਦ੍ਰਿਤ ਰਹੀ ਹੈ ਤੇ ਉੱਥੋਂ ਦੇ ਬਹੁਤੇ ਸਿਆਸੀ ਆਗੂਆਂ ਦਾ ਤੋਰੀ-ਫੁਲਕਾ ਇਸੇ ਮੁੱਦੇ ਕਰਕੇ ਚੱਲਦਾ ਰਹਿੰਦਾ ਹੈ ਤੇ ਉਹ ਵੀ ਜਾਣ-ਬੁੱਝ ਕੇ ਕੌਮਾਂਤਰੀ ਪੱਧਰ ’ਤੇ ਇਸ ਨੂੰ ਉਛਾਲ਼ਦੇ ਰਹਿੰਦੇ ਹਨ ਪਰ ਭਾਰਤ ਸਰਕਾਰ ਨੇ ਅਜਿਹੀਆਂ ਕੋਸ਼ਿਸ਼ਾਂ ਨੂੰ ਸਦਾ ਹੀ ਭਾਂਜ ਦਿੱਤੀ ਹੈ।
Posted By: Shubham Kumar