-ਹਰਸ਼. ਵੀ. ਪੰਤ

ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਚੁਫੇਰਿਓਂ ਟਕਰਾਅ ਦੌਰਾਨ ਤਾਇਵਾਨ ਤਣਾਤਣੀ ਦੇ ਇਕ ਮੁੱਖ ਬਿੰਦੂ ਦੇ ਰੂਪ ਵਿਚ ਉੱਭਰ ਰਿਹਾ ਹੈ। ਇਸ ਮਾਮਲੇ ਵਿਚ ਅਮਰੀਕਾ ਲੰਬੇ ਸਮੇਂ ਤੋਂ ਸੰਤੁਲਨ ਬਣਾਉਣ ਦੀ ਜੋ ਕੋਸ਼ਿਸ਼ ਕਰਦਾ ਆਇਆ ਹੈ, ਉਸ ਨੂੰ ਬਰਕਰਾਰ ਰੱਖ ਸਕਣਾ ਹੁਣ ਮੁਸ਼ਕਲ ਹੋ ਗਿਆ ਹੈ। ਕੁੱਲ ਮਿਲਾ ਕੇ ਹਿੰਦ-ਪ੍ਰਸ਼ਾਂਤ ਖੇਤਰ ਇਸ ਸਮੇਂ ਸ਼ਕਤੀ ਸੰਤੁਲਨ ਵਿਚ ਇਨਫੈਕਸ਼ਨ ਦਾ ਗਵਾਹ ਬਣਿਆ ਹੋਇਆ ਹੈ। ਅਜਿਹੀ ਇਨਫੈਕਸ਼ਨ ਅਤੀਤ ਵਿਚ ਕਦੇ ਨਹੀਂ ਦੇਖੀ ਗਈ।

ਇਸ ਦੇ ਪ੍ਰਭਾਵ ਵੀ ਬਹੁਤ ਵਿਆਪਕ ਅਤੇ ਦੂਰਗਾਮੀ ਦਿਸ ਰਹੇ ਹਨ। ਜਿਵੇਂ-ਜਿਵੇਂ ਚੀਨ ਅੜੀਅਲ ਹੋ ਕੇ ਹਮਲਾਵਰ ਬਣ ਰਿਹਾ ਹੈ, ਤਿਵੇਂ-ਤਿਵੇਂ ਅਮਰੀਕਾ ਆਪਣੇ ਇਲਾਕਾਈ ਸੰਗੀ-ਸਾਥੀਆਂ ਨੂੰ ਨਾਲ ਲੈ ਕੇ ਢੁੱਕਵੀਂ ਤਿਆਰੀ ਵਿਚ ਰੁੱਝਿਆ ਹੋਇਆ ਹੈ। ਇਸ ਹਾਲਾਤ ਵਿਚ ਵਧ ਰਹੇ ਖੇਤਰੀ ਦਬਾਅ ਨੂੰ ਦੂਰ ਕਰਨ ਲਈ ਸੰਸਥਾਗਤ ਢਾਂਚਾ ਵੀ ਉਪਲਬਧ ਨਹੀਂ ਹੈ ਜੋ ਵਿਚੋਲਗੀ ਜ਼ਰੀਏ ਟਕਰਾਅ ਸਮਾਪਤ ਕਰਵਾ ਸਕੇ। ਇੰਨਾ ਹੀ ਨਹੀਂ, ਇਸ ਇਨਫੈਕਸ਼ਨ ਦਾ ਦਾਇਰਾ ਅਤੇ ਰਫ਼ਤਾਰ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਉਸ ਦੇ ਅਸਰ ਨਾਲ ਤਾਲ ਮਿਲਾਉਣ ਵਿਚ ਖੇਤਰੀ ਧਿਰਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਪ੍ਰਕਿਰਿਆ ਦੇ ਨਤੀਜਾ ਦਾ ਅਸਰ ਵੀ ਮੁੱਖ ਰੂਪ ਵਿਚ ਨਾਂਹ-ਪੱਖੀ ਹੀ ਹੈ। ਬੀਤੇ ਕੁਝ ਹਫ਼ਤਿਆਂ ਵਿਚ ਸਾਰੀਆਂ ਧਿਰਾਂ ਵੱਲੋਂ ਸਖ਼ਤ ਸੰਕੇਤ ਦੇਖਣ ਨੂੰ ਮਿਲੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ‘ਤਾਇਵਾਨ ਦੇ ਪੁਨਰ-ਏਕੀਕਰਨ ਦੀ ਲਾਜ਼ਮੀਅਤ’ ਦੀ ਇਕ ਤਰ੍ਹਾਂ ਨਾਲ ਧਮਕੀ ਦਿੱਤੀ ਹੈ। ਤਾਇਵਾਨ ਨੈਸ਼ਨਲ ਡੇ ਦੇ ਮੌਕੇ ’ਤੇ ਤਾਇਵਾਨੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਜਿਨਪਿੰਗ ਦੀ ਇਸ ਧਮਕੀ ਦਾ ਜਵਾਬ ਦਿੰਦੇ ਹੋਏ ਦੋ ਟੁੱਕ ਲਹਿਜ਼ੇ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨੀ ਦਬਾਅ ਦੇ ਅੱਗੇ ਕਦੇ ਨਹੀਂ ਝੁਕੇਗਾ ਅਤੇ ਹਾਰ ਹਾਲਤ ਵਿਚ ਆਪਣੇ ਜਮਹੂਰੀ ਜੀਵਨ ਦੀ ਰੱਖਿਆ ਕਰੇਗਾ। ਬੀਜਿੰਗ ਪ੍ਰਤੀ ਸਖ਼ਤ ਰਵੱਈਏ ਨੇ ਸਾਈ ਨੂੰ ਘਰੇਲੂ ਪੱਧਰ ’ਤੇ ਬਹੁਤ ਮਕਬੂਲ ਬਣਾ ਦਿੱਤਾ ਹੈ। ਉਨ੍ਹਾਂ ਨੇ ਤਾਇਵਾਨ ਦੀ ਨੀਅਤੀ ਨੂੰ ਏਸ਼ੀਆ ਵਿਚ ਸ਼ਾਂਤੀ ਅਤੇ ਲੋਕਤੰਤਰ ਦੇ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਜੋੜ ਦਿੱਤਾ ਹੈ। ਓਥੇ ਹੀ ਬੀਜਿੰਗ ਇਨ੍ਹਾਂ ਪਹਿਲੂਆਂ ’ਤੇ ਜੋਖ਼ਮ ਲੈ ਕੇ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕੜੀ ਵਿਚ ਉਹ ਤਾਇਵਾਨੀ ਰੱਖਿਆ ਪੰਕਤੀ ਦੀਆਂ ਸਮਰੱਥਾਵਾਂ ਨੂੰ ਪਰਖਣ ਦੇ ਨਾਲ ਹੀ ਇਸ ਗੱਲ ਦੀ ਵੀ ਪ੍ਰੀਖਿਆ ਲੈਂਦਾ ਦਿਸ ਰਿਹਾ ਹੈ ਕਿ ਇਸ ਮਾਮਲੇ ਵਿਚ ਅਮਰੀਕਾ ਕਿਸ ਹੱਦ ਤਕ ਜਾ ਸਕਦਾ ਹੈ।

ਜੇ-16 ਫਾਈਟਰਜ਼ ਅਤੇ ਪਰਮਾਣੂ ਸਮਰੱਥਾ ਵਾਲੇ ਐੱਚ-6 ਬੰਬਾਰ ਵਰਗੇ ਚੀਨੀ ਜੰਗੀ ਜਹਾਜ਼ ਲਗਾਤਾਰ ਵੱਡੀ ਗਿਣਤੀ ਵਿਚ ਤਾਇਵਾਨੀ ਹਵਾਈ ਕੇਤਰ ਵਿਚ ਦਾਖ਼ਲ ਹੋ ਰਹੇ ਹਨ। ਜਿਸ ਤਰ੍ਹਾਂ ਚੀਨ ਇਸ ਖੇਤਰ ਵਿਚ ਕਈ ਥਾਵਾਂ ’ਤੇ ਸ਼ਾਂਤੀ ਅਤੇ ਸਥਿਰਤਾ ਵਾਲੀ ਮੌਜੂਦਾ ਸਥਿਤੀ ਨੂੰ ਬਦਲਣ ’ਤੇ ਉਤਾਰੂ ਹੈ, ਕੁਝ ਉਸੇ ਤਰ੍ਹਾਂ ਦਾ ਕੰਮ ਤਾਇਵਾਨ ਨੂੰ ਲੈ ਕੇ ਵੀ ਕਰ ਰਿਹਾ ਹੈ। ਓਥੇ ਬੀਜਿੰਗ ਵਿਚ ਇਸ ’ਤੇ ਨਵੇਂ ਸਿਰੇ ਤੋਂ ਚਿੰਤਾ ਵਧ ਗਈ ਹੈ ਕਿ ਤਾਇਵਾਨੀ ਸਰਕਾਰ ਆਜ਼ਾਦੀ ਦਾ ਰਸਮੀ ਐਲਾਨ ਕਰਨ ਦੇ ਲਾਗੇ ਪੁੱਜ ਰਹੀ ਹੈ। ਇਸੇ ਕੜੀ ਵਿਚ ਚੀਨ ਜੋ ਫ਼ੌਜੀ ਕਲਾਬਾਜ਼ੀਆਂ ਦਿਖਾ ਰਿਹਾ ਹੈ, ਉਹ ਇਕ ਤਰ੍ਹਾਂ ਨਾਲ ਤਾਇਵਾਨ ਅਤੇ ਉਸ ਦੇ ਸਮਰਥਕਾਂ ਨੂੰ ਧਮਕਾਉਣ ਦੀ ਹੀ ਕੋਸ਼ਿਸ਼ ਹੈ ਕਿ ਬੀਜਿੰਗ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਕੌਮਾਂਤਰੀ ਬਰਾਦਰੀ ਵਿਚ ਤਾਇਵਾਨ ਨੂੰ ਫ਼ਿਲਹਾਲ ਜਿੰਨੀ ਤਵੱਜੋ ਮਿਲ ਰਹੀ ਹੈ, ਓਨੀ ਬੀਤੇ ਕੁਝ ਦਹਾਕਿਆਂ ਦੌਰਾਨ ਕਦੇ ਨਹੀਂ ਮਿਲੀ। ਜਿੱਥੇ ਤਾਇਵਾਨ ਦੇ ਪੱਖ ਵਿਚ ਹਾਂ-ਪੱਖੀ ਮਾਹੌਲ ਬਣਿਆ ਹੈ, ਓਥੇ ਚੀਨ ਦਾ ਵੱਕਾਰ ਘਟਿਆ ਹੈ। ਇਸ ਦੇ ਬਾਵਜੂਦ ਤਾਇਵਾਨ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਧੀ ਹੈ ਕਿਉਂਕਿ ਬੀਜਿੰਗ ਦੁਆਰਾ ਹਮਲਾਵਰ ਫ਼ੌਜੀ ਸ਼ਕਤੀ ਦੇ ਪ੍ਰਦਰਸ਼ਨ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਹੋਰ ਵਧਣ ਦਾ ਖ਼ਦਸ਼ਾ ਹੈ। ਅਜਿਹੇ ਵਿਗੜਦੇ ਹਾਲਾਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਰਸਪਰ ਸੰਪਰਕ ਕਰ ਕੇ ‘ਤਾਇਵਾਨ ਸਮਝੌਤੇ’ ਉੱਤੇ ਸਹਿਮਤੀ ਪ੍ਰਗਟਾਈ।

ਇਸ ਦਾ ਅਰਥ ਇਹੀ ਹੈ ਕਿ ਵਾਸ਼ਿੰਗਟਨ ਚੀਨ ਦੀ ‘ਵਨ ਚਾਈਨਾ’ ਨੀਤੀ ਨੂੰ ਮੰਨਦਾ ਰਹੇਗਾ ਜਿਸ ਵਿਚ ਉਹ ਤਾਇਵਾਨ ਦੇ ਬਜਾਏ ਚੀਨ ਨੂੰ ਹੀ ਮਾਨਤਾ ਦਿੰਦਾ ਹੈ। ਨਾਲ ਹੀ ਵਾਸ਼ਿੰਗਟਨ ਦੇ ਤਾਇਵਾਨ ਨਾਲ ਹੋਏ ਸਮਝੌਤੇ ਤਹਿਤ ਅਮਰੀਕਾ ਤਾਇਵਾਨ ਨੂੰ ਉਸ ਦੀ ਆਤਮ-ਰੱਖਿਆ ਲਈ ਹਥਿਆਰ ਮੁਹੱਈਆ ਕਰਵਾਉਣੇ ਵੀ ਜਾਰੀ ਰੱਖੇਗਾ। ਇੰਨਾ ਹੀ ਨਹੀਂ, ਅਮਰੀਕਾ ਤਾਇਵਾਨ ਨੂੰ ਉਸ ਦੇ ਹਾਲ ’ਤੇ ਵੀ ਨਹੀਂ ਛੱਡਣ ਵਾਲਾ। ਪੈਂਟਾਗਨ ਦੇ ਬੁਲਾਰੇ ਜਾਨ ਸੱਪਲ ਨੇ ਚੀਨ ਦੇ ਵਧ ਰਹੇ ਹਮਲਾਵਰ ਰੁਖ਼ ਤੇ ਦਖ਼ਲਅੰਦਾਜ਼ੀ ਦੇ ਮਾਮਲੇ ਨੂੰ ਲੈ ਕੇ ਸਪਸ਼ਟ ਬਿਆਨ ਵਿਚ ਚੀਨ ਨੂੰ ਚਿਤਾਵਨੀ ਦੇ ਕੇ ਇਸ ਨੂੰ ਕੌਮਾਂਤਰੀ ਮੁੱਦਾ ਬਣਾ ਦਿੱਤਾ ਹੈ।ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਅਜਿਹੀ ਅਮਰੀਕੀ ਮਨਸ਼ਾ ਹਾਲ ਹੀ ਵਿਚ ਫਿਰ ਦੁਹਰਾਈ ਹੈ। ਸੁਲਿਵਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਤਾਇਵਾਨ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਕਾਰਵਾਈ ਦਾ ਅਮਰੀਕਾ ਨਾ ਸਿਰਫ਼ ਤਿੱਖੀ ਵਿਰੋਧਤਾ ਕਰੇਗਾ ਬਲਕਿ ਉਸ ਨੂੰ ਮਾਕੂਲ ਜਵਾਬ ਵੀ ਦੇਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਅਤੇ ਚੀਨ ਵਿਚਾਲੇ ਸਬੰਧ ਉਨ੍ਹਾਂ ਦੀ ਵਧਦੀ ਰਣਨੀਤਕ ਮੁਕਾਬਲੇਬਾਜ਼ੀ ਦੇ ਆਧਾਰ ’ਤੇ ਹੀ ਆਕਾਰ ਲੈ ਰਹੇ ਹਨ। ਹਾਲਾਤ ਇੱਥੋਂ ਤਕ ਪੁੱਜ ਗਏ ਹਨ ਕਿ ਬੁਨਿਆਦੀ ਕੂਟਨੀਤਕ ਤੰਦਾਂ ਵੀ ਬੜੀ ਮੁਸ਼ਕਲ ਨਾਲ ਜੁੜ ਰਹੀਆਂ ਹਨ।

ਇਸ ਦਾ ਅੰਦਾਜ਼ਾ ਇਸੇ ਕਾਰਨ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਚੀਨੀ ਹਮਰੁਤਬਾ ਨਾਲ ਪ੍ਰਤੱਖ ਦੁਪਾਸੜ ਬੈਠਕ ਚਾਹੁੰਦੇ ਸਨ ਪਰ ਚੀਨੀ ਰਾਸ਼ਟਰਪਤੀ ਨੇ ਇਸ ’ਤੇ ਕੋਈ ਗਰਮਜੋਸ਼ੀ ਨਹੀਂ ਦਿਖਾਈ ਅਤੇ ਇਹੀ ਸੰਕੇਤ ਦਿੱਤੇ ਕਿ ਅਜਿਹੇ ਕਿਸੇ ਵੀ ਆਯੋਜਨ ਤੋਂ ਪਹਿਲਾਂ ਰਿਸ਼ਤਿਆਂ ਦੀ ਪ੍ਰਕਿਰਤੀ ਵਿਚ ‘ਸੁਧਾਰ’ ਆਉਣਾ ਜ਼ਰੂਰੀ ਹੈ। ਓਧਰ ਵਾਸ਼ਿੰਗਟਨ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਪਣੀ ਨੀਤੀ ਨੂੰ ਦੋ ਪਾਸੇ ਮੋੜ ਦਿੱਤਾ ਹੈ। ਜਿੱਥੇ ਬਾਇਡਨ ਪ੍ਰਸ਼ਾਸਨ ਨੇ ਛੇ ਮਹੀਨਿਆਂ ਦੇ ਅੰਦਰ ਹੀ ਕਵਾਡ ਨੇਤਾਵਾਂ ਦੀਆਂ ਦੋ ਸਿਖ਼ਰ ਵਾਰਤਾਵਾਂ ਆਯੋਜਿਤ ਕੀਤੀਆਂ ਹਨ, ਓਥੇ ਹੀ ਬੀਤੇ ਮਹੀਨੇ ਆਕਸ ਵਰਗੇ ਨਵੇਂ ਤਿੰਨ ਪੱਖੀ ਮੰਚ ਦਾ ਐਲਾਨ ਵੀ ਕੀਤਾ। ਅਮਰੀਕਾ ਲਈ ਇਹ ਸਭ ਇਸ ਗੱਲ ਦਾ ਸੰਕੇਤ ਦੇਣਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਉਸ ਦਾ ਰਵੱਈਆ ਖੁੱਲ੍ਹਾ ਸੁਮੇਲ ਭਰਪੂਰ ਹੈ। ਬੀਜਿੰਗ ਇਸ ਨੂੰ ਚੀਨ ਨੂੰ ਨੱਥ ਪਾਉਣ ਵਾਲੀਆਂ ਕੋਸ਼ਿਸ਼ਾਂ ਵਜੋਂ ਦੇਖਦਾ ਹੈ। ਚੀਨ ਨੂੰ ਲੱਗਦਾ ਹੈ ਕਿ ਅਮਰੀਕਾ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਖੇਤਰ ਵਿਚ ਉਸ ਵਿਰੁੱਧ ਸਾਜ਼ਿਸ਼ਾਂ ਰਚ ਰਿਹਾ ਹੈ। ਇਸੇ ਲਈ ਉਸ ਨੇ ਹਮਲਾਵਰ ਰੁਖ਼ ਅਖਤਿਆਰ ਕਰਨ ਦਾ ਨਿਰਣਾ ਕੀਤਾ ਹੋਇਆ ਹੈ। ਚੀਨ ਦੀ ਵਿਸਥਾਰਵਾਦੀ ਨੀਤੀ ਕਾਰਨ ਉਸ ਦਾ ਆਪਣੇ ਜ਼ਿਆਦਾਤਰ ਗੁਆਂਢੀਆਂ ਨਾਲ ਸਰਹੱਦੀ ਵਿਵਾਦ ਵੀ ਚੱਲ ਰਿਹਾ ਹੈ ਜਿਨ੍ਹਾਂ ਵਿਚ ਭਾਰਤ ਵੀ ਸ਼ੁਮਾਰ ਹੈ।

ਅਜਿਹੇ ਵਿਚ ਚੀਨ ਅਮਰੀਕਾ ਦਾ ਹਰ ਮੁਹਾਜ਼ ’ਤੇ ਸਖ਼ਤ ਟਾਕਰਾ ਕਰਨਾ ਚਾਹੁੰਦਾ ਹੈ ਤਾਂ ਕਿ ਉਸ ਦੇ ਹਿੱਤਾਂ ਨੂੰ ਨੁਕਸਾਨ ਨਾ ਪੁੱਜ ਸਕੇ। ਇਹੀ ਵਜ੍ਹਾ ਹੈ ਕਿ ਉਹ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਮਦਦ ਕਰ ਰਿਹਾ ਹੈ। ਪਾਕਿਸਤਾਨ ਤਾਂ ਉਸ ਦਾ ਪਿੱਠੂ ਹੀ ਹੈ। ਚੀਨ ਅਮਰੀਕਾ ਦੇ ਨਾਲ-ਨਾਲ ਭਾਰਤ ਨੂੰ ਵੀ ਆਪਣੇ ਰਾਹ ਦਾ ਰੋੜਾ ਮੰਨਦਾ ਹੈ। ਭਾਰਤ ਦੀ ਅਮਰੀਕਾ ਨਾਲ ਵਧ ਰਹੀ ਦੋਸਤੀ ਉਸ ਨੂੰ ਬਿਲਕੁਲ ਰਾਸ ਨਹੀਂ ਆ ਰਹੀ। ਖ਼ੈਰ, ਜੋ ਵੀ ਹੋਵੇ, ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿਚ ਤਾਇਵਾਨ ਇਕ ਅਹਿਮ ਕੜੀ ਸਾਬਿਤ ਹੋਣ ਜਾ ਰਿਹਾ ਹੈ। ਅਫ਼ਗਾਨਿਸਤਾਨ ਤੋਂ ਇਕਦਮ ਪਲਾਇਨ ਕਰਨ ਤੋਂ ਬਾਅਦ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕਾ ਲਈ ਸਾਖ਼ ਅਤੇ ਭਰੋਸੇਯੋਗਤਾ ਦਾ ਵੱਡਾ ਸਵਾਲ ਬਣ ਗਿਆ ਹੈ।

ਓਧਰ ਇਹ ਚੀਨ ਦੀ ਦਹਾਕਿਆਂ ਪੁਰਾਣੀ ਰਾਸ਼ਟਰੀ ਏਕੀਕਰਨ ਦੀ ਤਮੰਨਾ ਅਤੇ ਸ਼ੀ ਜਿਨਪਿੰਗ ਦੇ ਰਾਸ਼ਟਰੀ ਕਾਇਆਕਲਪ ਦੇ ਪ੍ਰਾਜੈਕਟ ਦਾ ਮਹੱਤਵਪੂਰਨ ਪੜਾਅ ਹੈ। ਇਨ੍ਹਾਂ ਦੋਵਾਂ ਸ਼ਕਤੀਆਂ ਦੇ ਉਲਟ ਤਾਇਪੇ ਲਈ ਇਹ ਉਸ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਜੀਵਨ-ਸ਼ੈਲੀ ਦੀ ਰੱਖਿਆ ਦਾ ਸਵਾਲ ਹੈ। ਇਤਿਹਾਸਕ ਅਤੇ ਸਮਕਾਲੀ ਰਣਨੀਤਕ ਰੁਝਾਨਾਂ ਦੀਆਂ ਇਹ ਧਾਰਾਵਾਂ ਇਸ ਵਾਪਰ ਰਹੇ ਘਟਨਾਚੱਕਰ ਵਿਚ ਵੱਡੀਆਂ ਸ਼ਕਤੀਆਂ ਦੀ ਕਿਰਿਆ ਅਤੇ ਪ੍ਰਤੀਕਿਰਿਆ ਦੀ ਪ੍ਰਕਿਰਤੀ ਤੈਅ ਕਰਨਗੀਆਂ। ਇਸ ਦੇ ਨਤੀਜੇ ਨਾ ਸਿਰਫ਼ ਇਸ ਖੇਤਰ ਲਈ ਬਹੁਤ ਗੰਭੀਰ ਹੋ ਸਕਦੇ ਹਨ ਬਲਕਿ ਨਵੇਂ ਆਕਾਰ ਲੈਂਦੇ ਵਿਸ਼ਵ ਪੱਧਰੀ ਢਾਂਚੇ ’ਤੇ ਵੀ ਉਸ ਦਾ ਅਸਰ ਪਵੇਗਾ।

Posted By: Jatinder Singh