ਬਲਰਾਜ ਸਿੱਧੂ ਐੱਸਪੀ

25 ਮਈ 2020 ਨੂੰ ਗੋਰੇ ਪੁਲਿਸ ਅਫ਼ਸਰ ਡੈਰੇਕ ਚੌਵੇਨ ਦੁਆਰਾ ਗ੍ਰਿਫ਼ਤਾਰੀ ਵੇਲੇ ਜ਼ਿਆਦਾ ਸਖ਼ਤੀ ਵਰਤਣ ਕਾਰਨ ਇਕ ਸਿਆਹਫਾਮ ਜਾਰਜ ਫਲੋਇਡ ਦੀ ਮੌਤ ਹੋ ਗਈ ਸੀ। ਜਾਰਜ ਫਲੋਇਡ ਦਾ ਜੁਰਮ ਸਿਰਫ਼ ਐਨਾ ਸੀ ਕਿ ਉਹ ਇਕ ਸਟੋਰ 'ਚ ਵੀਹ ਡਾਲਰ ਦਾ ਨਕਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੀਨੀਆਪੋਲਿਸ (ਮਿਨੀਸੌਟਾ ਸਟੇਟ) ਵਿਚ ਹੋਈ ਇਸ ਮੌਤ ਦੇ ਵਿਰੁੱਧ ਅਮਰੀਕਾ ਤੋਂ ਲੈ ਕੇ ਯੂਰਪ ਤਕ ਜ਼ਬਰਦਸਤ ਪ੍ਰਦਰਸ਼ਨ ਹੋਏ ਅਤੇ ਅਮਰੀਕਾ ਵਿਚ ਸਾੜ-ਫੂਕ, ਲੁੱਟ-ਮਾਰ ਅਤੇ ਦੰਗੇ ਭੜਕ ਉੱਠੇ ਜੋ ਕਈ ਸ਼ਹਿਰਾਂ ਵਿਚ ਅਜੇ ਵੀ ਚੱਲ ਰਹੇ ਹਨ। ਅਰਬਾਂ ਡਾਲਰ ਦੀ ਜਾਇਦਾਦ ਲੁੱਟ ਲਈ ਗਈ ਜਾਂ ਸਾੜ ਦਿੱਤੀ ਗਈ।

ਅਮਰੀਕਾ ਵਿਚ ਸਦੀਆਂ ਤੋਂ ਸਿਆਹਫਾਮ ਲੋਕਾਂ ਨਾਲ ਰੱਜ ਕੇ ਵਿਤਕਰਾ ਕੀਤਾ ਜਾ ਰਿਹਾ ਹੈ ਪਰ ਐਨੇ ਵੱਡੇ ਪੱਧਰ 'ਤੇ ਸੰਗਠਿਤ ਵਿਰੋਧ ਪਹਿਲੀ ਵਾਰ ਹੋਇਆ ਹੈ। ਅਮਰੀਕਾ 'ਚ ਉਨ੍ਹਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਜ਼ੁਲਮਾਂ ਦਾ ਸਭ ਤੋਂ ਵੱਡਾ ਕਾਰਨ ਉੱਥੇ ਪ੍ਰਚਲਿਤ ਰਹੀ ਗ਼ੁਲਾਮ ਪ੍ਰਥਾ ਹੈ। ਉਹ ਬਸਤੀਵਾਦੀ ਮਾਨਸਿਕਤਾ ਅਜੇ ਵੀ ਜ਼ਿਆਦਾਤਰ ਅਮਰੀਕਨ ਗੋਰਿਆਂ ਦੇ ਮਨਾਂ ਵਿਚ ਗਹਿਰੀ ਵੱਸੀ ਹੋਈ ਹੈ। ਅਮਰੀਕਾ ਮਹਾਦੀਪ ਦੀ ਖੋਜ ਕ੍ਰਿਸਟੋਫਰ ਕੋਲੰਬਸ ਨੇ 1493 ਈ. ਵਿਚ ਕੀਤੀ ਸੀ। ਅਮਰੀਕਾ (ਯੂਐੱਸਏ) ਪਹੁੰਚਣ ਵਾਲਾ ਸਭ ਤੋਂ ਪਹਿਲਾ ਯੂਰਪੀਅਨ ਸਪੇਨ ਦਾ ਜਨਰਲ ਜੁਆਨ ਪੌਂਸੇ ਲੀਅਨ ਸੀ ਜੋ 1513 ਈ. ਵਿਚ ਉੱਥੇ ਪੁੱਜਿਆ ਸੀ। ਹੌਲੀ-ਹੌਲੀ ਸਪੇਨ ਦਾ ਗਲਬਾ ਖ਼ਤਮ ਕਰ ਕੇ ਅਮਰੀਕਾ 'ਤੇ ਇੰਗਲੈਂਡ ਨੇ ਕਬਜ਼ਾ ਜਮਾ ਲਿਆ ਪਰ ਇੰਗਲੈਂਡ ਦੇ ਭਾਰੀ ਟੈਕਸਾਂ ਤੋਂ ਦੁਖੀ ਹੋ ਕੇ ਅਮਰੀਕਨਾਂ ਨੇ ਬਗ਼ਾਵਤ ਕਰ ਦਿੱਤੀ ਅਤੇ 1776 ਵਿਚ ਆਜ਼ਾਦੀ ਪ੍ਰਾਪਤ ਕਰ ਲਈ। ਅਮਰੀਕਾ ਦਾ ਕੁੱਲ ਰਕਬਾ 3796742 ਸਕੁਏਅਰ ਕਿਲੋਮੀਟਰ ਹੈ। ਇੰਨੇ ਵੱਡੇ ਰਕਬੇ ਦੇ ਹਿਸਾਬ ਨਾਲ ਅਮਰੀਕਾ ਦੀ ਆਬਾਦੀ ਬਹੁਤ ਹੀ ਘੱਟ ਸੀ ਅਤੇ ਖੇਤਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਲੋੜੀਂਦੇ ਮਜ਼ਦੂਰ ਨਾ ਦੇ ਬਰਾਬਰ ਸਨ। ਮਜ਼ਦੂਰਾਂ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਸਪੇਨੀ ਅਤੇ ਪੁਰਤਗਾਲੀ ਵਪਾਰੀਆਂ ਵੱਲੋਂ ਧੜਾਧੜ ਅਫ਼ਰੀਕੀ ਦੇਸ਼ਾਂ ਤੋਂ ਗ਼ੁਲਾਮ ਖ਼ਰੀਦ ਕੇ ਅਮਰੀਕਾ ਵਿਚ ਵੇਚਣੇ ਸ਼ੁਰੂ ਕਰ ਦਿੱਤੇ ਗਏ।

ਗ਼ੁਲਾਮਾਂ ਨੂੰ ਜਾਨਵਰਾਂ ਵਾਂਗ ਵੇਚਿਆ ਅਤੇ ਖ਼ਰੀਦਿਆ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਬਕਾਇਦਾ ਮੰਡੀਆਂ ਬਣੀਆਂ ਹੋਈਆਂ ਸਨ। ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਗ਼ੁਲਾਮ ਨੂੰ ਕਤਲ ਕਰਨ ਦਾ ਮਾਲਕ ਕੋਲ ਕਾਨੂੰਨੀ ਅਧਿਕਾਰ ਹੁੰਦਾ ਸੀ। ਇਹ ਸਿਲਸਿਲਾ ਸੰਨ 1863 ਤਕ ਚੱਲਿਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਇਕ ਕਾਨੂੰਨ ਰਾਹੀਂ ਗ਼ੁਲਾਮ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸਾਰੇ ਗ਼ੁਲਾਮਾਂ ਨੂੰ ਆਜ਼ਾਦ ਕਰ ਕੇ ਬਰਾਬਰੀ ਦੇ ਅਧਿਕਾਰ ਦੇ ਦਿੱਤੇ। ਇਸ ਵਿਸ਼ੇ 'ਤੇ ਅਮਰੀਕਾ 'ਚ ਖਾਨਾਜੰਗੀ ਭੜਕ ਉੱਠੀ ਜੋ 1865 'ਚ ਖ਼ਤਮ ਹੋਈ। ਅਮਰੀਕਾ ਦੇ ਦੱਖਣੀ ਸੂਬੇ (ਕੈਰੋਲੀਨਾ, ਮਿਸੀਸਿਪੀ, ਫਲੋਰੀਡਾ, ਟੈਕਸਾਸ, ਵਰਜੀਨੀਆ, ਟੈਨੇਸੀ, ਨਿਊ ਮੈਕਸੀਕੋ, ਲੂਈਸੀਆਨਾ ਅਤੇ ਜਾਰਜੀਆ ਆਦਿ) ਖੇਤੀ ਪ੍ਰਧਾਨ ਇਲਾਕੇ ਹਨ। ਇਨ੍ਹਾਂ ਨੇ ਗ਼ੁਲਾਮ ਪ੍ਰਥਾ ਜਾਰੀ ਰੱਖਣ ਦੀ ਮੰਗ ਕਰਦਿਆਂ ਬਗ਼ਾਵਤ ਕਰ ਦਿੱਤੀ। ਇਸ ਭਿਆਨਕ ਜੰਗ 'ਚ ਦੋਵਾਂ ਧਿਰਾਂ ਦੇ ਕਰੀਬ ਦਸ ਲੱਖ ਵਿਅਕਤੀ ਮਾਰੇ ਗਏ ਪਰ ਆਖ਼ਰ ਅਬਰਾਹਮ ਲਿੰਕਨ ਨੂੰ ਜਿੱਤ ਪ੍ਰਾਪਤ ਹੋਈ। ਇਸ ਨਾਲ ਵੀ ਸਿਆਹਫਾਮਾਂ ਦੀਆਂ ਮੁਸੀਬਤਾਂ ਖ਼ਤਮ ਨਾ ਹੋਈਆਂ। ਉਨ੍ਹਾਂ ਨੂੰ ਨਾ ਤਾਂ ਚੰਗੀਆਂ ਨੌਕਰੀਆਂ ਮਿਲਦੀਆਂ ਸਨ ਤੇ ਨਾ ਹੀ ਬੱਚੇ ਚੰਗੇ ਸਕੂਲਾਂ ਵਿਚ ਪੜ੍ਹ ਸਕਦੇ ਸਨ। ਵੋਟ ਦਾ ਅਧਿਕਾਰ ਵੀ ਕਈ ਸ਼ਰਤਾਂ ਤਹਿਤ 1875 'ਚ ਪ੍ਰਾਪਤ ਹੋਇਆ। ਪਹਿਲੀ ਤੇ ਦੂਸਰੀ ਸੰਸਾਰ ਜੰਗ ਵੇਲੇ ਅਮਰੀਕੀ ਫ਼ੌਜ 'ਚ ਇਕ ਵੀ ਕਾਲਾ ਅਫ਼ਸਰ ਨਹੀਂ ਸੀ। ਉਹ ਸਿਰਫ਼ ਸਾਧਾਰਨ ਸਿਪਾਹੀ ਸਨ ਜਾਂ ਹੋਰ ਛੋਟੇ-ਮੋਟੇ ਕੰਮਾਂ ਜਿਵੇਂ ਬਾਵਰਚੀ, ਵਾਲ ਕੱਟਣ ਤੇ ਸਫ਼ਾਈ ਆਦਿ ਦਾ ਕੰਮ ਕਰਦੇ ਸਨ। ਹੌਲੀ-ਹੌਲੀ ਅਮਰੀਕਾ 'ਚ ਸਿਆਹਫਾਮ ਬਹੁਤ ਤਰੱਕੀ ਕਰ ਗਏ ਹਨ। ਇਸ ਵੇਲੇ ਅਮਰੀਕਾ ਦੀ 33 ਕਰੋੜ ਆਬਾਦੀ 'ਚ ਕਾਲਿਆਂ ਦੀ ਗਿਣਤੀ ਕਰੀਬ 4 ਕਰੋੜ ਹੈ। ਉੱਚ ਸਰਕਾਰੀ ਅਹੁਦਿਆਂ 'ਤੇ ਪਹੁੰਚਣ ਸਮੇਤ ਬਰਾਕ ਓਬਾਮਾ ਵਰਗੇ ਬੁੱਧੀਜੀਵੀ ਰਾਸ਼ਟਰਪਤੀ ਵੀ ਬਣ ਚੁੱਕੇ ਹਨ। ਕੁਦਰਤੀ ਤੌਰ 'ਤੇ ਸਰੀਰੋਂ ਤਕੜੇ ਹੋਣ ਕਾਰਨ ਅਮਰੀਕਾ ਦੀਆਂ ਮੁੱਕੇਬਾਜ਼ੀ, ਬਾਸਕਟਬਾਲ, ਐਥਲੈਟਿਕਸ ਅਤੇ ਵਾਲੀਬਾਲ ਵਰਗੀਆਂ ਕਈ ਓਲੰਪਿਕ ਟੀਮਾਂ 'ਤੇ ਸਿਆਹਫਾਮਾਂ ਦਾ ਏਕਾਧਿਕਾਰ ਹੈ। ਉਹ ਸੰਗੀਤ ਅਤੇ ਫਿਲਮਾਂ 'ਚ ਵੀ ਰਾਜ ਕਰ ਰਹੇ ਹਨ। ਜ਼ਿਆਦਾਤਰ ਗੋਰੇ ਅਮਰੀਕਨਾਂ ਕੋਲੋਂ ਅਜੇ ਵੀ ਉਨ੍ਹਾਂ ਦੀ ਬਰਾਬਰੀ ਅਤੇ ਤਰੱਕੀ ਹਜ਼ਮ ਨਹੀਂ ਹੋ ਰਹੀ।

ਅਮਰੀਕਾ ਦੀ ਪੁਲਿਸ 'ਚ ਵੀ ਗੋਰਿਆਂ ਦੀ ਬਹੁ-ਗਿਣਤੀ ਹੈ। ਅਮਰੀਕਾ ਦੀ ਜੁਰਮ ਦੀ ਦੁਨੀਆ 'ਤੇ ਵੀ ਸਿਆਹਫਾਮਾਂ ਦਾ ਰਾਜ ਹੈ ਅਤੇ ਸਭ ਤੋਂ ਵੱਧ ਨਸ਼ਿਆਂ ਦੀ ਵਰਤੋਂ, ਸਮੱਗਲਿੰਗ, ਮਾਰਕੁੱਟ ਅਤੇ ਲੁੱਟਾਂ-ਖੋਹਾਂ ਕਾਲੇ ਹੀ ਕਰਦੇ ਹਨ। ਭਾਵੇਂ ਗੋਰੇ ਵੀ ਜੁਰਮ ਕਰਦੇ ਹਨ ਪਰ ਸਿਆਹਫਾਮਾਂ ਵਿਰੁੱਧ ਪੁਲਿਸ ਵੱਧ ਸਖ਼ਤੀ ਕਰਦੀ ਹੈ। ਜਾਰਜ ਫਲੋਇਡ ਵਾਲੇ ਕੇਸ ਤੋਂ ਬਾਅਦ ਹੋਏ ਦੰਗਿਆਂ ਅਤੇ ਲੁੱਟਮਾਰ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਅਤੇ ਫੋਟੋਆਂ ਵੇਖ ਕੇ ਪਤਾ ਲੱਗਦਾ ਹੈ ਕਿ ਸਿਆਹਫਾਮਾਂ ਨਾਲੋਂ ਵੱਧ ਲੁੱਟਮਾਰ ਗੋਰੇ ਕਰ ਰਹੇ ਹਨ ਪਰ ਸਾਰਾ ਇਲਜ਼ਾਮ ਸਿਆਹਫਾਮਾਂ ਦੇ ਸਿਰ ਮੜ੍ਹਿਆ ਜਾ ਰਿਹਾ ਹੈ। ਸਿਆਹਫਾਮਾਂ ਵਿਰੁੱਧ ਹਿੰਸਾ ਅੱਜ ਅਮਰੀਕਨ ਪੁਲਿਸ ਦੇ ਵਿਹਾਰ ਦਾ ਇਕ ਅਨਿੱਖੜਵਾਂ ਵਰਤਾਰਾ ਬਣ ਚੁੱਕਾ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਮੇਂ ਗ਼ੈਰ-ਜ਼ਰੂਰੀ ਬਲ ਪ੍ਰਯੋਗ ਕੀਤਾ ਜਾਂਦਾ ਹੈ। 2014 'ਚ ਸਿਆਹਫਾਮ ਫਰੇਡੀ ਗਰੇ ਨੂੰ ਮਿਵਾਕੀ ਸ਼ਹਿਰ ਵਿਖੇ ਗ੍ਰਿਫ਼ਤਾਰੀ ਸਮੇਂ ਗੋਰੇ ਪੁਲਿਸ ਅਫ਼ਸਰ ਬਰਾਇਨ ਰਾਈਸ ਵੱਲੋਂ ਲੱਕ ਤੋੜ ਕੇ ਮਾਰ ਦਿੱਤਾ ਗਿਆ ਸੀ। ਜਦੋਂ ਉਸ ਨੂੰ ਜੱਜ ਨੇ ਬਰੀ ਕਰ ਦਿੱਤਾ ਤਾਂ ਸ਼ਹਿਰ ਦੇ ਗੋਰੇ ਸ਼ੈਰਿਫ ਨੇ ਅਦਾਲਤ 'ਚ ਤਾੜੀਆਂ ਮਾਰ ਕੇ ਫ਼ੈਸਲੇ ਦਾ ਸਵਾਗਤ ਕੀਤਾ। ਮਗਰੋਂ ਥੂਹ-ਥੂਹ ਹੋਣ 'ਤੇ ਉਸ ਨੂੰ ਮਾਫ਼ੀ ਮੰਗਣੀ ਪਈ। ਇਸ ਤੋਂ ਬਾਅਦ 9 ਅਗਸਤ 2014 ਨੂੰ ਗ੍ਰਿਫ਼ਤਾਰੀ ਦਾ ਵਿਰੋਧ ਕਰਨ 'ਤੇ 18 ਸਾਲਾ ਸਿਆਹਫਾਮ ਮਾਈਕਲ ਬਰਾਊਨ ਨੂੰ ਮਿਸੂਰੀ ਸੂਬੇ ਦੇ ਫਰਗੂਸਨ ਸ਼ਹਿਰ 'ਚ ਇਕ ਗੋਰੇ ਪੁਲਿਸ ਅਫ਼ਸਰ ਡਾਰੇਨ ਵਿਲਸਨ ਨੇ 12 ਗੋਲ਼ੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਇਸ ਕੇਸ 'ਚ ਭਾਵੇਂ ਡਾਰੇਨ ਵਿਲਸਨ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਗਿਆ ਪਰ ਪਹਿਲੀ ਵਾਰ ਵਿਖਾਵੇ ਹੋਏ ਜੋ ਦੰਗਿਆਂ 'ਚ ਬਦਲ ਗਏ ਅਤੇ ਕਈ ਦਿਨਾਂ ਤਕ ਚੱਲਦੇ ਰਹੇ। ਇਸ ਤੋਂ ਬਾਅਦ ਵੀ ਪੁਲਿਸ ਦੇ ਵਿਹਾਰ 'ਚ ਕੋਈ ਬਦਲਾਅ ਨਾ ਆਇਆ ਤੇ ਐਰਿਕ ਗਾਰਨਰ, ਰੋਡਨੀ ਕਿੰਗ, ਬਰਾਉਨੀ ਟੇਲਰ, ਤਾਮਿਰ ਰਾਇਸ, ਫਰੈਡੀ ਗਰੇਅ, ਸਾਂਦਰਾ ਬਲਾਂਡ, ਫਿਲਾਡੀਓ ਕੈਸਲ ਆਦਿ ਸਿਆਹਫਾਮ ਮਾਰ ਦਿੱਤੇ ਗਏ। ਇਨ੍ਹਾਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਸਿਆਹਫਾਮਾਂ ਦੀ ਸੁਰੱਖਿਆ ਲਈ ਓਬਾਮਾ ਨੇ ਕਈ ਕਾਨੂੰਨ ਪਾਸ ਕੀਤੇ ਅਤੇ ਲੋਕਲ ਪੁਲਿਸ ਵਾਸਤੇ ਮਿਲਟਰੀ ਗਰੇਡ ਹਥਿਆਰ ਖ਼ਰੀਦਣ 'ਤੇ ਪਾਬੰਦੀ ਲਗਾ ਦਿੱਤੀ। ਅਮਰੀਕਾ 'ਚ ਐੱਫਬੀਆਈ, ਹੋਮ ਲੈਂਡ ਸਕਿਉਰਿਟੀ, ਸਟੇਟ ਪੁਲਿਸ ਅਤੇ ਮਿਊਂਸੀਪਲ ਪੁਲਿਸ ਨੂੰ ਮਿਲਾ ਕੇ 18000 ਵੱਖ-ਵੱਖ ਪੁਲਿਸ ਵਿਭਾਗ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਆਪੋ-ਆਪਣੇ ਕਾਨੂੰਨ ਤੇ ਗ੍ਰਿਫ਼ਤਾਰੀ ਵੇਲੇ ਤਾਕਤ ਵਰਤਣ ਦੇ ਮਾਪਦੰਡ ਹਨ।

ਰਾਸ਼ਟਰਪਤੀ ਬਣਦੇ ਸਾਰ ਟਰੰਪ ਨੇ ਓਬਾਮਾ ਵੱਲੋਂ ਕਾਲਿਆਂ ਦੀ ਭਲਾਈ ਲਈ ਬਣਾਏ ਅਨੇਕਾਂ ਕਾਨੂੰਨ ਰੱਦ ਕਰ ਦਿੱਤੇ ਤੇ ਮਿਊਂਸੀਪਲ ਪੁਲਿਸ ਨੂੰ ਦੁਬਾਰਾ ਮਿਲਟਰੀ ਗਰੇਡ ਦੇ ਹਥਿਆਰ ਵਰਤਣ ਦੀ ਖੁੱਲ੍ਹ ਦੇ ਦਿੱਤੀ ਹੈ। ਉਸ ਨੇ ਹੁਣ ਹੋਏ ਦੰਗਿਆਂ ਨੂੰ ਦਬਾਉਣ ਲਈ ਵੀ ਖੁੱਲ੍ਹ ਕੇ ਪੁਲਿਸ ਅਤੇ ਨੈਸ਼ਨਲ ਮਾਰਸ਼ਲਾਂ ਦੀ ਵਰਤੋਂ ਕੀਤੀ ਹੈ। ਟਰੰਪ ਵੱਲੋਂ ਵਾਗਾਂ ਢਿੱਲੀਆਂ ਛੱਡ ਦੇਣ ਕਾਰਨ ਪੁਲਿਸ ਹੋਰ ਜ਼ਿਆਦਾ ਬੇਮੁਹਾਰੀ ਹੋ ਗਈ ਹੈ। 22 ਮਾਰਚ 2019 ਨੂੰ ਨਸ਼ੇ 'ਚ ਧੁੱਤ ਹੋ ਕੇ ਕਾਰ 'ਚ ਸੁੱਤੇ ਪਏ ਇਕ ਸਿਆਹਫਾਮ ਗਾਇਕ ਵਿਲੀ ਮੈਕਾਏ ਨੂੰ ਮਾਰਨ ਲਈ ਇਕ ਗੋਰੇ ਪੁਲਿਸ ਵਾਲੇ ਨੇ 55 ਗੋਲ਼ੀਆਂ ਮਾਰੀਆਂ ਸਨ। ਪੁਲਿਸ ਕਾਰ 'ਚ ਲੱਗੇ ਕੈਮਰੇ ਦੀ ਰਿਕਾਡਿੰਗ ਤੋਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਆਪਣੀ ਇਸ ਕਰਤੂਤ ਦਾ ਮਜ਼ਾ ਲੈ ਰਿਹਾ ਹੋਵੇ। ਇਸ ਤਰ੍ਹਾਂ ਦੇ ਜ਼ਿਆਦਾਤਰ ਕੇਸਾਂ 'ਚ ਪੁਲਿਸ ਅਫ਼ਸਰ ਆਤਮ-ਰੱਖਿਆ 'ਚ ਗੋਲ਼ੀ ਚਲਾਉਣ ਦੇ ਅਧਿਕਾਰ ਦੀ ਆੜ ਹੇਠ ਬਚ ਜਾਂਦੇ ਹਨ। 2010 ਤੋਂ ਹੁਣ ਤਕ ਸਿਆਹਫਾਮਾਂ ਨੂੰ ਗੋਲ਼ੀ ਮਾਰਨ ਵਾਲੇ 99% ਅਫ਼ਸਰ ਸਾਫ਼ ਬਰੀ ਹੋਏ ਹਨ ਪਰ ਹੁਣ ਫਲੋਇਡ ਵਾਲੇ ਕੇਸ ਵਿਚ ਪੁਲਿਸ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਸਿਆਹਫਾਮਾਂ ਦੇ ਜੁਰਮ ਦੀ ਦਲਦਲ ਵਿਚ ਫਸਣ ਦਾ ਸਭ ਤੋਂ ਵੱਡਾ ਕਾਰਨ ਗ਼ਰੀਬੀ ਹੈ। ਉਨ੍ਹਾਂ ਦੀ ਬਹੁ-ਗਿਣਤੀ ਸ਼ਹਿਰਾਂ ਦੇ ਗ਼ਰੀਬ ਤੇ ਗੰਦੇ ਝੌਂਪੜ-ਪੱਟੀ ਵਾਲੇ ਇਲਾਕਿਆਂ 'ਚ ਰਹਿੰਦੀ ਹੈ। ਗ਼ਰੀਬੀ ਕਾਰਨ ਬੱਚੇ ਆਪਣਾ ਖ਼ਰਚਾ ਚਲਾਉਣ ਲਈ ਬਚਪਨ ਤੋਂ ਹੀ ਜੁਰਮ ਤੇ ਨਸ਼ੇ ਵੇਚਣ ਵੱਲ ਆਕਰਸ਼ਿਤ ਹੋ ਜਾਂਦੇ ਹਨ। ਅਮਰੀਕਨ ਪੁਲਿਸ ਵੀ ਨਸ਼ਿਆਂ ਦੀ ਰੋਕਥਾਮ ਲਈ ਸਲੱਮ ਇਲਾਕਿਆਂ 'ਚ ਸਖ਼ਤੀ ਰੱਖਦੀ ਹੈ ਅਤੇ ਗੋਰਿਆਂ ਦੇ ਅਮੀਰ ਇਲਾਕਿਆਂ ਤੇ ਮਹਿੰਗੀਆਂ ਯੂਨੀਵਰਸਿਟੀਆਂ, ਕਾਲਜਾਂ ਜਿੱਥੇ ਨਸ਼ੇ ਵਰਤੇ ਜਾਂਦੇ ਹਨ, ਵੱਲ ਵੇਖਦੀ ਵੀ ਨਹੀਂ। ਫਲੋਇਡ ਦੀ ਮੌਤ ਤੋਂ ਬਾਅਦ ਹੁਣ ਅਮਰੀਕਾ ਦੇ ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਪੁਲਿਸ ਸੁਧਾਰਾਂ ਅਤੇ ਗ੍ਰਿਫ਼ਤਾਰੀ ਸਮੇਂ ਘੱਟ ਤਾਕਤ ਵਰਤਣ ਵਾਲੇ ਤਰੀਕੇ ਅਪਣਾਉਣ ਦੀ ਜ਼ੋਰਦਾਰ ਮੰਗ ਉਠਾਈ ਜਾ ਰਹੀ ਹੈ। ਧੌਣ 'ਤੇ ਗੋਡਾ ਰੱਖਣ ਤੇ ਗਰਦਣ ਤੋਂ ਦੱਬਣ 'ਤੇ ਰੋਕ ਲਗਾਉਣ, ਗੋਲ਼ੀ ਚਲਾਉਣ ਤੋਂ ਪਹਿਲਾਂ ਚੇਤਾਵਨੀ ਦੇਣ, ਚੱਲਦੀ ਗੱਡੀ 'ਤੇ ਗੋਲ਼ੀ ਨਾ ਚਲਾਉਣ ਤੇ ਇਕ ਪੁਲਿਸ ਸੁਧਾਰ ਕਮਿਸ਼ਨ ਬਣਾਉਣ ਆਦਿ ਵਾਸਤੇ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ।

-ਮੋਬਾਈਲ ਨੰ. : 95011-00062

Posted By: Sunil Thapa