ਆਧੁਨਿਕ ਦੌਰ ਦਾ ਭਾਰਤ ਅਤੇ ਸਦੀਆਂ ਤਕ ਹੰਢਾਈ ਗ਼ੁਲਾਮੀ ਅੱਜ ਵੀ ਸਾਨੂੰ ਗ਼ੁਲਾਮ ਭਾਰਤ ਦੇ ਕਾਲੇ ਦਿਨਾਂ ਦੀ ਯਾਦ ਦਿਵਾਉਂਦੀ ਹੈ ਜਦੋਂ ਅੰਗਰੇਜ਼ ਵਪਾਰੀ ਬਣ ਕੇ ਆਏ ਸਨ ਅਤੇ ਭਾਰਤੀ ਰਿਆਸਤਾਂ ਦੇ ਮਾਲਕ ਬਣ ਗਏ ਸਨ। ਇਹ ਗੱਲ ਉਦੋਂ ਆਮ ਪ੍ਰਚਲਿਤ ਸੀ ਕਿ ਅੰਗਰੇਜ਼ ਦੇ ਰਾਜ ਵਿਚ ਸੂਰਜ ਕਦੇ ਵੀ ਅਸਤ ਨਹੀਂ ਸੀ ਹੁੰਦਾ। ਇਹ ਵੀ ਸੱਚਾਈ ਹੈ ਕਿ ਯੂਰਪ ਦੇ ਬਹੁਤ ਸਾਰੇ ਦੇਸ਼ ਉਨ੍ਹਾਂ ਨੇ ਹੀ ਵਸਾਏ ਸਨ। ਦੇਸ਼ ਲਈ ਅਣਗਿਣਤ ਕੁਰਬਾਨੀਆਂ ਦੇ ਕੇ ਸਾਨੂੰ ਤਾਂ ਆਜ਼ਾਦੀ 15 ਅਗਸਤ 1947 ਨੂੰ ਮਿਲ ਗਈ ਸੀ ਪਰ ਅੱਜ ਵੀ ਆਜ਼ਾਦ ਭਾਰਤ ਦੇ ਨੌਜਵਾਨ ਗ਼ੁਲਾਮੀ ਹੰਢਾ ਰਹੇ ਹਨ। ਇਹ ਗ਼ੁਲਾਮੀ ਆਧੁਨਿਕ ਦੌਰ ਦੀ ਹੈ। ਇਕ ਸਮਾਂ ਸੀ ਕਿ ਅੰਗਰੇਜ਼ ਵਪਾਰੀ ਬਣ ਕੇ ਆਏ ਸਨ ਤੇ ਦੇਸ਼ ਦੇ ਮਾਲਕ ਬਣ ਗਏ ਸਨ, ਅੱਜ ਸਾਰੇ ਯੂਰਪ ਵਿਚ ਭਾਰਤੀਆਂ ਨੂੰ ਬੁਲਾ ਕੇ ਪੜ੍ਹਨ ਦੇ ਬਹਾਨੇ ਨੌਕਰ ਬਣਾਇਆ ਜਾ ਰਿਹਾ ਹੈ। ਹਰ ਸਾਲ ਪੰਜਾਬ ਵਿੱਚੋਂ ਲੱਖਾਂ ਨੌਜਵਾਨ ਭਾਰੀ ਫੀਸਾਂ ਦੇ ਕੇ ਵਿਦੇਸ਼ਾਂ ਵਿਚ ਪੜ੍ਹਨ ਲਈ ਜਾ ਰਹੇ ਹਨ। ਇਹ ਨੌਜਵਾਨ ਉੱਥੇ ਜਾ ਕੇ ਵਰਕ-ਪਰਮਿਟ ਪ੍ਰਾਪਤ ਕਰਦੇ ਹਨ ਅਤੇ ਅੰਗਰੇਜ਼ਾਂ ਦੇ ਘਰਾਂ, ਸਟੋਰਾਂ, ਫਾਰਮਾਂ ਅਤੇ ਖੇਤਾਂ ਵਿਚ ਮਜ਼ਦੂਰੀ ਕਰਦੇ ਹਨ । ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਰਗੇ ਯੂਰਪੀ ਦੇਸ਼ ਭਾਰਤੀ ਨੌਜਵਾਨਾ ਲਈ ਮੂੰਹ ਅੱਡੀ ਖੜੇ੍ਹ ਹਨ। ਆਈਲੈਟਸ ਦੀ ਫੀਸ ਤੇ ਇਲਾਵਾ ਵਿਦੇਸ਼ਾਂ ਵਿਚ ਪੜ੍ਹਨ ਲਈ ਇਕ ਸਮੈਸਟਰ ਦੀ ਫੀਸ ਹੀ 13-14 ਲੱਖ ਰੁਪਏ ਬਣਦੀ ਹੈ। ਦੋ ਸਾਲਾ ਵਿਦੇਸ਼ੀ ਡਿਪਲੋਮਾ 52-56 ਲੱਖ ਤਕ ਹੈ। ਕੰਪਾਰਟਮੈਂਟ ਆ ਜਾਵੇ ਤਾਂ ਉਸ ਲਈ ਵੀ ਅੱਠ ਹਜ਼ਾਰ ਡਾਲਰ ਲਗਪਗ 5 ਲੱਖ ਤਕ ਫੀਸ ਦੇਣੀ ਪੈਂਦੀ ਹੈ ਜਦਕਿ ਉੱਥੋਂ ਦੇ ਵਿਦਿਆਰਥੀਆਂ ਲਈ ਇਹ ਫੀਸ ਕੇਵਲ ਇਕ ਹਜ਼ਾਰ ਡਾਲਰ ਹੈ। ਵਿਦੇਸ਼ੀ ਡਾਲਰਾਂ ਦੀ ਚਮਕ ਵਿਚ ਕਰਜ਼ਾ ਲੈ ਕੇ ਜਾਂ ਜ਼ਮੀਨ ਵੇਚ ਕੇ ਗਏ ਪੰਜਾਬੀ ਵਿਦਿਆਰਥੀ ਸਾਰੀ ਜ਼ਿੰਦਗੀ ਦੀ ਪੂੰਜੀ ਆਪਣੇ ਦੋ ਸਾਲਾ ਜਾਂ ਚਾਰ ਸਾਲਾ ਕੋਰਸਾਂ ਵਿਚ ਹੀ ਖ਼ਤਮ ਕਰ ਦਿੰਦੇ ਹਨ ਤੇ ਫਿਰ ਸਾਰੀ ਉਮਰ ਉਨ੍ਹਾਂ ਗੋਰਿਆਂ ਦੀ ਮਰਜ਼ੀ ਮੁਤਾਬਕ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਸਾਨੂੰ ਇਹ ਵੀ ਯਾਦ ਨਹੀਂ ਕਿ ਜਿਨ੍ਹਾਂ ਅੰਗਰੇਜ਼ਾਂ ਨੂੰ ਅਸੀ ਦੇਸ਼ ’ਚੋਂ ਕੱਢਣ ਲਈ ਅਣਗਿਣਤ ਕੁਰਬਾਨੀਆਂ ਦੇ ਚੁੱਕੇ ਹਾਂ, ਅੱਜ ਪੱਲਿਓਂ ਲੱਖਾਂ ਰੁਪਏ ਖ਼ਰਚ ਕੇ ਉਨ੍ਹਾਂ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਾਂ। ਸਾਡੇ ਰਾਜਨੀਤਕ ਹਾਕਮ ਇਹ ਨਜ਼ਾਰਾ ਖੁੱਲ੍ਹੀਆਂ ਅੱਖਾਂ ਨਾਲ ਦੇਖ ਰਹੇ ਹਨ ਅਤੇ ਸਾਡੇ ਦੇਸ਼ ਦਾ ਬਹੁਤ ਸਾਰਾ ਪੈਸਾ ਵਿਦੇਸ਼ੀ ਅਰਥ-ਵਿਵਸਥਾ ਦਾ ਹਿੱਸਾ ਬਣਦਾ ਜਾਂ ਰਿਹਾ ਹੈ ਜਿਸ ਕਾਰਨ ਹੀ ਭਾਰਤੀ ਕਰੰਸੀ ਹਰ ਰੋਜ਼ ਡਾਵਾਂਡੋਲ ਹੁੰਦੀ ਹੈ। ਅੱਜ ਦੇ ਸਮੇਂ ਦੀ ਇਹ ਅਹਿਮ ਜ਼ਰੂਰਤ ਹੈ ਕਿ ਭਾਰਤੀ ਨੌਜਵਾਨਾਂ ਦੀ ਮਾਨਸਿਕਤਾ ਨੂੰ ਬਦਲਿਆ ਜਾਵੇ। ਉਨ੍ਹਾਂ ਲਈ ਪੜ੍ਹਾਈ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਵਿਦੇਸ਼ੀ ਪਰਵਾਸ ਨੂੰ ਰੋਕਿਆ ਜਾਵੇ, ਆਪਣੀ ਸੰਸਕਿ੍ਰਤੀ ਤੇ ਵਿਰਾਸਤ ਨੂੰ ਸਾਂਭਿਆ ਜਾਵੇ।

-ਕੇਐੱਸ ਅਮਰ,

ਪਿੰਡ: ਕੋਟਲੀ ਖ਼ਾਸ (ਮੁਕੇਰੀਆਂ)।

(94653-69343)

Posted By: Jagjit Singh