-ਐੱਮ. ਪੀ. ਸਿੰਘ ਪਾਹਵਾ


ਇਕ ਰਿਪੋਰਟ ਅਨੁਸਾਰ ਸਾਡੇ ਦੇਸ਼ ਵਿਚ ਇਸ ਵੇਲੇ 57 ਬੀਮਾ ਕੰਪਨੀਆਂ ਹਨ ਜਿਨ੍ਹਾਂ ’ਚੋਂ 24 ਜੀਵਨ ਬੀਮਾ ਦਾ ਕਾਰੋਬਾਰ ਕਰਦੀਆਂ ਹਨ। ਬਾਕੀ 33 ਕੰਪਨੀਆਂ ਜਨਰਲ ਬੀਮੇ ਦਾ ਕਾਰੋਬਾਰ ਕਰਦੀਆਂ ਹਨ ਮਸਲਨ ਸਿਹਤ ਸਬੰਧੀ, ਆਟੋਮੋਬਾਈਲਜ਼, ਜਾਇਦਾਦ ਆਦਿ ਨਾਲ ਸਬੰਧਤ ਬੀਮੇ ਕਰਦੀਆਂ ਹਨ। ਆਮ ਤੌਰ ’ਤੇ ਬੀਮਾ ਕਰਵਾਉਣ ਦੇ ਚਾਹਵਾਨਾਂ ਨੂੰ ਆਪਣੀ ਲੋੜ ਮੁਤਾਬਕ ਕੋਈ ਪਾਲਿਸੀ ਖ਼ਰੀਦਣੀ ਪੈਂਦੀ ਹੈ ਅਤੇ ਪਾਲਿਸੀ ਖ਼ਰੀਦਣ ਲਈ ਉਸ ਨੂੰ ਪੇਸ਼ਗੀ ਪ੍ਰੀਮੀਅਮ (ਬੀਮਾ ਕਿਸ਼ਤ) ਅਦਾ ਕਰਨੀ ਪੈਂਦੀ ਹੈ ਜੋ ਕਿ ਮਾਸਿਕ, ਤਿਮਾਹੀ, ਛਿਮਾਹੀ ਕਿਸ਼ਤ ਦੀ ਅਦਾਇਗੀ ਤੋਂ ਬਗੈਰ ਹੁੰਦੀ ਹੈ। ਕਿਸ਼ਤ ਭਰਨ ਵਿਚ ਕੋਤਾਹੀ ਦੀ ਹਾਲਤ ਵਿਚ ਬੀਮਾ ਪਾਲਿਸੀ ਦੇ ਲਾਭ ਦੇ ਹੱਕ ਤੋਂ ਵਾਂਝਾ ਹੋਣਾ ਪੈਂਦਾ ਹੈ।

ਬੀਮੇ ਦਾ ਲਾਭ ਉਹੀ ਵਿਅਕਤੀ ਲੈ ਸਕਦਾ ਹੈ ਜਿਸ ਨੇ ਪ੍ਰੀਮਿਅਮ ਅਦਾ ਕਰ ਕੇ ਪਾਲਿਸੀ ਖ਼ਰੀਦੀ ਹੋਵੇ ਅਤੇ ਉਹ ਬੀਮਾ ਕੰਪਨੀਆਂ ਦੀਆਂ ਸ਼ਰਤਾਂ ’ਤੇ ਨਿਰੰਤਰ ਖ਼ਰਾ ਉਤਰਦਾ ਹੋਵੇ। ਅਕਸਰ ਇਹ ਵੀ ਸੁਣੀਦਾ ਹੈ ਕਿ ਬੀਮਾ ਕੰਪਨੀਆਂ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਕਲੇਮ ਦਾ ਭੁਗਤਾਨ ਕਰਨੋਂ ਟਲਦੀਆਂ ਹਨ। ਅਜਿਹੀ ਕਸੂਤੀ ਸਥਿਤੀ ਵਿਚ ਆਮ ਖਪਤਕਾਰ ਖ਼ੁਦ ਨੂੰ ਲਾਚਾਰ ਮਹਿਸੂਸ ਕਰਨ ਲੱਗਦੇ ਹਨ ਕਿ ਜਾਈਏ ਤਾਂ ਜਾਈਏ ਕਿੱਥੇ? ਵੈਸੇ ਸਾਰੀਆਂ ਬੀਮਾ ਕੰਪਨੀਆਂ ਦੀ ਕਾਰਜਪ੍ਰਣਾਲੀ ’ਤੇ ਨਜ਼ਰ ਰੱਖਣ ਲਈ ਸਰਕਾਰ ਨੇ ਇਰਡਾ ਦੀ ਸਥਾਪਨਾ ਕੀਤੀ ਹੋਈ ਹੈ ਜੋ ਬੀਮਾ ਸਬੰਧੀ ਸਭ ਵਿਵਾਦਾਂ ਦਾ ਨਿਬੇੜਾ ਕਰਨ ਲਈ ਜ਼ਿੰਮੇਵਾਰ ਹੈ। ਹਰੇਕ ਕੰਪਨੀਆਂ ਨੇ ਆਪਣੇ ਪੱਧਰ ’ਤੇ ਵੀ ਬੀਮਾ ਦਾਅਵੇ ਵਿਵਾਦ ਨਿਬੇੜਨ ਲਈ ਮਸ਼ੀਨਰੀ ਸਥਾਪਤ ਕੀਤੀ ਹੋਈ ਹੈ। ਜੇ ਫਿਰ ਵੀ ਹੱਲ ਨਾ ਨਿਕਲੇ ਤਾਂ ਅਦਾਲਤਾਂ ਦੇ ਬੂਹੇ ਤਾਂ ਖੁੱਲ੍ਹੇ ਹੀ ਹਨ। ਕੁਝ ਪਾਲਿਸੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਅਧੀਨ ਅਸੀਂ ਬਿਨਾਂ ਪ੍ਰੀਮੀਅਮ ਅਦਾ ਕੀਤੇ ਵੀ ਲਾਭ ਦੇ ਹੱਕਦਾਰ ਹੁੰਦੇ ਹਾਂ ਪਰ ਉਨ੍ਹਾਂ ਪ੍ਰਤੀ ਅਗਿਆਨਤਾ ਕਾਰਨ ਅਸੀਂ ਉਨ੍ਹਾਂ ਪਾਲਿਸੀਆਂ ਦਾ ਲਾਭ ਨਹੀਂ ਉਠਾ ਸਕਦੇ। ਕੁਝ ਮੁਫ਼ਤ ਵਾਲੇ ਬੀਮੇ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਟੀਐੱਮ ਕਾਰਡ ਦੀ। ਅੱਜ ਦੇ ਸਮੇਂ ਵਿਚ ਲਗਪਗ ਹਰ ਵਿਅਕਤੀ ਦਾ ਬੈਂਕ ਖਾਤਾ ਹੈ। ਸਰਕਾਰੀ ਕਰਮਚਾਰੀਆਂ ਅਤੇ ਬਹੁਤ ਸਾਰੇ ਬੋਰਡਾਂ, ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਤਨਖ਼ਾਹ ਵੀ ਬੈਂਕ ਖਾਤੇ ਰਾਹੀਂ ਮਿਲਦੀ ਹੈ। ਨਿੱਜੀ ਖੇਤਰ ਦੇ ਅਦਾਰਿਆਂ ’ਚ ਕੰਮ ਕਰਦੇ ਜ਼ਿਆਦਾਤਰ ਕਰਮਚਾਰੀ ਵੀ ਅੱਜਕੱਲ੍ਹ ਤਨਖ਼ਾਹ ਬੈਂਕ ਰਾਹੀਂ ਹੀ ਹਾਸਲ ਕਰ ਰਹੇ ਹਨ। ਇਸ ਲਈ ਉਨ੍ਹਾਂ ਸਾਰਿਆਂ ਨੂੰ ਬੈਂਕ ਖਾਤਾ ਰੱਖਣਾ ਜ਼ਰੂਰੀ ਬਣ ਚੁੱਕਾ ਹੈ।

ਡਿਜੀਟਲ ਢੰਗ ਰਾਹੀਂ ਅਦਾਇਗੀ ਦੀ ਸਹੂਲਤ ਨੇ ਏਟੀਐੱਮ/ਕਰੈਡਿਟ ਕਾਰਡ ਰੱਖਣਾ ਤੇ ਵਰਤਣਾ ਜ਼ਰੂਰੀ ਕਰ ਦਿੱਤਾ ਹੈ। ਐੱਮ/ਕਰੈਡਿਟ ਕਾਰਡ ਨਾਲ ਮੁਫ਼ਤ ਵਾਲਾ ਬੀਮਾ ਵੀ ਮਿਲਦਾ ਹੈ। ਭਾਵੇਂ ਕਾਰਡ ਲੈਣ ਵੇਲੇ ਦਿੱਤੀ ਜਾਂਦੀ ਸਵਾਗਤੀ (Welcome) ਕਿੱਟ ਦੇ ਬਰੋਸ਼ਰ ਵਿਚ ਇਸ ਦੀ ਜਾਣਕਾਰੀ ਦਿੱਤੀ ਹੁੰਦੀ ਹੈ ਪਰ ਛਪਾਈ ਬਰੀਕ ਅੱਖਰਾਂ ਵਿਚ ਹੋਣ ਕਾਰਨ ਅਕਸਰ ਜ਼ਿਆਦਾਤਰ ਲੋਕ ਉਸ ਨੂੰ ਪੜ੍ਹਦੇ ਹੀ ਨਹੀਂ ਅਤੇ ਇਸ ਅਹਿਮ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਹਨ। ਬੀਮੇ ਅਧੀਨ ਕਾਰਡ ਧਾਰਕ ਦੀ ਕਿਸੇ ਹਾਦਸੇ ਵਿਚ ਮੌਤ ਹੋ ਜਾਣ ’ਤੇ ਉਸ ਦੇ ਵਾਰਿਸਾਂ ਨੂੰ ਬੀਮਾ ਰਾਸ਼ੀ ਮਿਲਦੀ ਹੈ। ਇਹ ਰਾਸ਼ੀ ਵੱਖ-ਵੱਖ ਕਿਸਮ ਦੇ ਕਾਰਡਾਂ ਲਈ ਵੱਖ-ਵੱਖ ਹੋ ਸਕਦੀ ਹੈ ਪਰ ਆਮ ਤੌਰ ’ਤੇ ਘੱਟੋ-ਘੱਟ 50 ਹਜ਼ਾਰ ਰੁਪਏ ਹੁੰਦੀ ਹੈ। ਇਹ ਲਾਭ ਲੈਣ ਲਈ ਕੁਝ ਸ਼ਰਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਵਿਚ ਮੁੱਖ ਸ਼ਰਤ ਹਾਦਸੇ ਤੋਂ ਪਹਿਲਾਂ ਇਕ ਨਿਸ਼ਚਿਤ ਸਮੇਂ ਅੰਦਰ ਕਾਰਡ ਦੀ ਵਰਤੋਂ ਕੀਤੀ ਹੋਣੀ ਜ਼ਰੂਰੀ ਹੈ ਜੋ ਆਮ ਤੌਰ ’ਤੇ ਛੇ ਮਹੀਨੇ ਹੁੰਦੀ ਹੈ। ਭਾਵ ਹਾਦਸੇ ਤੋਂ ਪਹਿਲਾਂ ਛੇ ਮਹੀਨੇ ਅੰਦਰ ਕਾਰਡ ਦੀ ਵਰਤੋਂ ਕੀਤੀ ਹੋਵੇ। ਦੂਜੇ ਬੰਨੇ ਅੱਜ ਹਰ ਘਰ ਦੀ ਰਸੋਈ ਵਿਚ ਗੈਸ ਚੁੱਲ੍ਹਾ ਤੇ ਸਿਲੰਡਰ ਵਰਤੇ ਜਾ ਰਹੇ ਹਨ। ਗੈਸ ਸਿਲੰਡਰ ਵੱਖ-ਵੱਖ ਗੈਸ ਕੰਪਨੀਆਂ ਵੱਲੋਂ ਸਪਲਾਈ ਕੀਤੇ ਜਾਂਦੇ ਹਨ। ਗੈਸ ਸਿਲੰਡਰ ਦੀ ਸਾਂਭ-ਸੰਭਾਲ ਤੇ ਸਮੇਂ-ਸਮੇਂ ਇਨ੍ਹਾਂ ਨੂੰ ਸੁਰੱਖਿਆ ਪੱਖੋਂ ਚੈੱਕ ਕਰਨਾ ਗੈਸ ਕੰਪਨੀਆਂ ਦੀ ਜ਼ਿੰਮੇਵਾਰੀ ਹੈ। ਅਕਸਰ ਗੈਸ ਸਿਲੰਡਰ ਦੇ ਫਟ ਜਾਣ ਕਾਰਨ ਅੱਗਜ਼ਨੀ ਦੀਆਂ ਘਟਨਾਵਾਂ ਬਾਰੇ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਘਟਨਾਵਾਂ ਵਿਚ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਪਬਲਿਕ ਲਾਇਬਿਲਟੀ ਇੰਸ਼ੋਰੈਂਸ ਐਕਟ (Public Liability 9nsurance 1ct 1991) ਬਣਾਇਆ ਹੋਇਆ ਹੈ।

ਇਸ ਐਕਟ ਦੇ ਅਧੀਨ ਖ਼ਤਰਨਾਕ ਵਸਤਾਂ ਜਿਵੇਂ ਕਿ ਗੈਸ ਆਦਿ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਕਿਸੇ ਹਾਦਸੇ ਕਾਰਨ ਪਬਲਿਕ ਨੂੰ ਹੋਣ ਵਾਲੇ ਨੁਕਸਾਨ ਦੀ ਫੌਰੀ ਭਰਪਾਈ ਲਈ ਬੀਮਾ ਪਾਲਿਸੀ ਲੈਣੀ ਪੈਂਦੀ ਹੈ। ਭਾਵੇਂ ਇਹ ਬੀਮਾ ਪਾਲਿਸੀ ਗੈਸ ਕੰਪਨੀ ਦੇ ਨਾਮ ’ਤੇ ਹੁੰਦੀ ਹੈ ਪਰ ਇਹ ਹੁੰਦੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਹੈ। ਜੇਕਰ ਕਿਸੇ ਗੈਸ ਸਿਲੰਡਰ ਦੇ ਫਟ ਜਾਣ ਕਾਰਨ ਜਾਂ ਲੀਕ ਹੋ ਜਾਣ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਗੈਸ ਕੰਪਨੀ ਜ਼ਿੰਮੇਵਾਰ ਹੁੰਦੀ ਹੈ। ਇਸ ਬੀਮਾ ਪਾਲਿਸੀ ਅਧੀਨ ਅਜਿਹੇ ਹਾਦਸੇ ਕਾਰਨ ਜਾਨੀ ਨੁਕਸਾਨ, ਡਾਕਟਰੀ ਖ਼ਰਚਾ ਅਤੇ ਰਜਿਸਟਰਡ ਐਡਰੈੱਸ ਦੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਇਕ ਨਿਸ਼ਚਿਤ ਸਮਾਂ ਹੱਦ ਤਕ ਬੀਮਾ ਕੰਪਨੀ ਕਰਦੀ ਹੈ। ਆਮ ਤੌਰ ’ਤੇ ਜਾਨੀ ਨੁਕਸਾਨ ਲਈ 5 ਲੱਖ ਰੁਪਏ ਪ੍ਰਤੀ ਵਿਅਕਤੀ, ਡਾਕਟਰੀ ਖ਼ਰਚੇ ਵਜੋਂ ਇਕ ਲੱਖ ਰੁਪਏ ਤਕ ਅਤੇ ਜਾਇਦਾਦ ਨੂੰ ਹੋਏ ਨੁਕਸਾਨ ਲਈ ਵੀ ਇਕ ਲੱਖ ਰੁਪਏ ਤਕ ਬੀਮਾ ਮਿਲ ਜਾਂਦਾ ਹੈ। ਬਹੁਤ ਸਾਰੇ ਵਿਅਕਤੀ ਇਸ ਦੀ ਜਾਣਕਾਰੀ ਨਾ ਹੋਣ ਕਾਰਨ ਇਹ ਕਲੇਮ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਕਲੇਮ ਲੈਣ ਲਈ ਜ਼ਰੂਰੀ ਹੈ ਕਿ ਗੈਸ ਚੁੱਲ੍ਹਾ ਅਤੇ ਹੋਰ ਅਸੈਸਰੀਜ਼ ਭਾਵ ਪਾਈਪ, ਰੈਗੂਲੇਟਰ, ਲਾਈਟਰ ਆਦਿ ਆਈਐੱਸਆਈ ਮਾਰਕੇ ਵਾਲੇ ਹੀ ਵਰਤੇ ਜਾਣ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਜਿਹੇ ਕਲੇਮ ਲਈ ਖਪਤਕਾਰਾਂ ਜਾਂ ਉਨ੍ਹਾਂ ਦੇ ਵਾਰਿਸਾਂ ਨੇ ਸਿਰਫ਼ ਸਪਲਾਈ ਦੇਣ ਵਾਲੀ ਏਜੰਸੀ ਨੂੰ ਹੀ ਬਿਨਾਂ ਕਿਸੇ ਦੇਰੀ ਦੇ ਸੂਚਨਾ ਦੇਣੀ ਹੁੰਦੀ ਹੈ ਅਤੇ ਫਿਰ ਏਜੰਸੀ ਨੇ ਆਪਣੇ ਪੱਧਰ ’ਤੇ ਗੈਸ ਕੰਪਨੀ ਨੂੰ ਸਾਰੀ ਜਾਣਕਾਰੀ ਦੇਣੀ ਹੁੰਦੀ ਹੈ।

ਜਿਵੇਂ ਕਿ ਉੱਪਰ ਲਿਖਿਆ ਹੈ ਕਿ ਸਰਕਾਰੀ, ਗੈਰ-ਸਰਕਾਰੀ ਕਰਮਚਾਰੀ ਤੇ ਹੋਰ ਕਾਰੋਬਾਰੀ ਬੈਂਕ ਖਾਤਾ ਰੱਖਦੇ ਹਨ। ਉਹ ਆਪਣੇ ਖਾਤੇ ਵਿਚ ਰਕਮ ਜਮ੍ਹਾ ਰੱਖਦੇ ਹਨ। ਕਈ ਵਿਕਅਤੀ ਫਿਕਸਡ ਡਿਪਾਜ਼ਟ (ਐੱਫਡੀ) ਵੀ ਰੱਖਦੇ ਹਨ। ਸਵਾਲ ਇਹ ਹੈ ਕਿ ਜੇਕਰ ਕਿਸੇ ਬਦਇੰਤਜ਼ਾਮੀ ਕਾਰਨ ਜਾਂ ਕਿਸੇ ਵੱਲੋਂ ਠੱਗੀ, ਹੇਰਾਫੇਰੀ ਕਾਰਨ ਬੈਂਕ ਦੀਵਾਲੀਆ ਹੋ ਜਾਵੇ ਤਾਂ ਖਾਤੇਦਾਰਾਂ ਦੀ ਰਕਮ ਦਾ ਕੀ ਬਣੇਗਾ। ਸਾਡੇ ਦੇਸ਼ ਵਿਚ ਸਾਰੇ ਵਪਾਰਕ ਬੈਂਕ ਡਿਪਾਜ਼ਟ ਇੰਸ਼ੋਰੈਂਸ ਅਤੇ ਕਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਜੀਸੀਆਈ) ਪਾਸੋਂ ਬੀਮਾ ਕਰਵਾਉਂਦੇ ਹਨ। ਇਸ ਪਾਲਿਸੀ ਅਧੀਨ ਹਰੇਕ ਬੱਚਤਕਾਰ ਪੰਜ ਲੱਖ ਰੁਪਏ ਤਕ ਸੁਰੱਖਿਅਤ ਹੈ। ਇਹ ਵੀ ਸਪਸ਼ਟ ਕਰਨਾ ਬਣਦਾ ਹੈ ਕਿ ਜੇਕਰ ਕਿਸੇ ਇਕ ਖਾਤੇਦਾਰੀ ਦੀ ਇਕ ਬੈਂਕ ਵਿਚ ਵੱਖ-ਵੱਖ ਖਾਤਿਆਂ ਵਿਚ ਰਕਮ ਜਮ੍ਹਾ ਹੈ ਤਾਂ ਉਸ ਨੂੰ ਵੀ ਕੁੱਲ ਪੰਜ ਲੱਖ ਤਕ ਦਾ ਕਲੇਮ ਮਿਲਣਾ ਹੈ। ਦੇਸ਼ ਵਿਚ ਕੋਰੋਨਾ ਮਹਾਮਾਰੀ ਚੱਲ ਰਹੀ ਹੈ। ਇਸ ਬਿਮਾਰੀ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਅਤੇ ਸ਼ੱਕੀ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਡਾਕਟਰ, ਡਾਕਟਰੀ ਅਮਲਾ ਅਤੇ ਹੋਰ ਅਧਿਕਾਰੀ/ਕਰਮਚਾਰੀ ਜੋ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਲਈ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਤਕ ਪ੍ਰਤੀ ਵਿਅਕਤੀ ਬੀਮਾ ਕਰਵਾਇਆ ਜਾਣਾ ਦੱਸਿਆ ਜਾ ਰਿਹਾ ਹੈ।

ਗੱਲ ਹੋਰ ਬੀਮਿਆਂ ਦੀ ਕਰੀਏ ਤਾਂ ਉੱਪਰ ਦਿੱਤੇ ਮੁਫ਼ਤ ਵਾਲੇ ਬੀਮਿਆਂ ਤੋਂ ਇਲਾਵਾ ਅੱਜਕੱਲ੍ਹ ਹੋਰ ਵੀ ਕਈ ਅਜਿਹੀਆਂ ਪਾਲਿਸੀਆਂ ਹਨ ਜਿਨ੍ਹਾਂ ਦਾ ਅਸੀਂ ਬਿਨਾਂ ਕੋਈ ਪ੍ਰੀਮੀਅਮ ਅਦਾ ਕੀਤੇ ਲਾਭ ਲੈ ਸਕਦੇ ਹਾਂ। ਬਹੁਤ ਸਾਰੀਆਂ ਸੂਬਾ ਸਰਕਾਰਾਂ ਗਰੀਬ ਲੋਕਾਂ ਲਈ ਸਿਹਤ ਬੀਮਾ ਸਕੀਮਾਂ ਚਲਾ ਰਹੀਆਂ ਹਨ ਜਿਨ੍ਹਾਂ ਅਧੀਨ ਆਮ ਲੋਕਾਂ ਦੇ ਇਲਾਜ ਦਾ ਖ਼ਰਚਾ ਬੀਮਾ ਕੰਪਨੀਆਂ ਉਠਾਉਂਦੀਆਂ ਹਨ ਪਰ ਇਸ ਲਈ ਇਲਾਜ ਉਨ੍ਹਾਂ ਹਸਪਤਾਲਾਂ ਤੋਂ ਹੀ ਕਰਾਉਣਾ ਹੁੰਦਾ ਹੈ ਜੋ ਪੈਨਲ ’ਤੇ ਹੁੰਦੇ ਹਨ। ਕੁਝ ਮਿਊਚਲ ਫੰਡ ਕੰਪਨੀਆਂ ਵੀ ਬੱਚਤਕਾਰਾਂ ਨੂੰ ਬੀਮਾ ਸਕੀਮਾਂ ਦਿੰਦੀਆਂ ਹਨ ਜਿਨ੍ਹਾਂ ਅਧੀਨ ਜੇਕਰ ਕੁਝ ਨਿਰਧਾਰਤ ਕਿਸ਼ਤਾਂ ਭਰਨ ਤੋਂ ਬਾਅਦ ਖਾਤੇਦਾਰ ਦੀ ਕਿਸੇ ਹਾਦਸੇ ਵਿਚ ਮੌਤ ਹੋ ਜਾਂਦੀ ਹੈ ਤਾਂ ਸਕੀਮ ਪੂਰੀ ਹੋਣ ਤਕ ਬਾਕੀ ਕਿਸ਼ਤਾਂ ਬੀਮਾ ਕੰਪਨੀ ਭਰੇਗੀ।

ਖਾਤੇਦਾਰ ਦੇ ਵਾਰਿਸ ਸਕੀਮ ਮੁਕੰਮਲ ਹੋਣ ’ਤੇ ਸਾਰੇ ਲਾਭ ਲੈਣ ਦੇ ਹੱਕਦਾਰ ਹੁੰਦੇ ਹਨ। ਕੁਝ ਬੱਚਤ ਸਕੀਮਾਂ ਨਾਲ ਮੈਡੀਕਲ ਬੀਮਾ ਸ਼ਾਮਲ ਹੁੰਦਾ ਹੈ ਜੋ ਸਿਰਫ਼ ਐਕਸੀਡੈਂਟ ਕਾਰਨ ਹੋਏ ਜਾਨੀ ਨੁਕਸਾਨ ਲਈ ਜਾਂ ਫਿਰ ਕੁਝ ਖ਼ਾਸ ਬਿਮਾਰੀਆਂ ਦੇ ਇਲਾਜ ਲਈ ਲਾਗੂ ਹੁੰਦਾ ਹੈ। ਕੁਝ ਕੰਪਨੀਆਂ ਸੇਲ ਪਰਮੋਸ਼ਨ ਸਕੀਮ ਅਧੀਨ ਵੀ ਮੁਫ਼ਤ ਵਾਲਾ ਬੀਮਾ ਕਰਾਉਂਦੀਆਂ ਹਨ ਭਾਵ ਉਹ ਕੰਪਨੀਆਂ ਆਪਣੇ ਖ਼ਰਚੇ ’ਤੇ ਬੀਮਾ ਕਰਵਾ ਕੇ ਦਿੰਦੀਆਂ ਹਨ। ਇਹ ਗੱਲ ਸਪਸ਼ਟ ਹੈ ਕਿ ਬਹੁਤ ਸਾਰੇ ਵਿਅਕਤੀ ਮੁਫ਼ਤ ਵਾਲੇ ਬੀਮੇ ਦਾ ਲਾਭ ਲੈਣ ਦੇ ਹੱਕਦਾਰ ਹੁੰਦੇ ਹਨ ਪਰ ਉਹ ਅਗਿਆਨਤਾ ਕਾਰਨ ਅਜਿਹੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ।

-(ਵਧੀਕ ਜ਼ਿਲ੍ਹਾ ਸੈਸ਼ਨਜ਼ ਜੱਜ (ਰਿਟਾ.)।

-ਮੋਬਾਈਲ ਨੰ. : 95924-00005

Posted By: Sunil Thapa