-ਜੋਗਿੰਦਰ ਸਿੰਘ ਅਦਲੀਵਾਲ

-(ਲੜੀ ਜੋੜਨ ਲਈ 8 ਸਤੰਬਰ ਦਾ ਸੰਪਾਦਕੀ ਸਫ਼ਾ ਪੜ੍ਹੋ)।

ਅੱਗੇ ਤੋਂ ਅਜਿਹਾ ਨਾ ਹੋਵੇ ਇਸ ਦੇ ਬਾਨਣੂੰ ਬੰਨ੍ਹਣ ਲਈ ਸਿਰ ਪਾੜਨ ਨਾਲੋਂ ਸਿਰ ਜੋੜਨ ਦਾ ਰਸਤਾ ਸੁਖਾਲਾ ਅਤੇ ਕਾਰਗਰ ਸਾਬਿਤ ਹੋ ਸਕਦਾ ਹੈ। ਬੜੀ ਅਧੀਨਗੀ ਨਾਲ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹਵਾਲੇ ਵਾਲੀ ਮੰਦਭਾਗੀ ਅਤੇ ਦੁਖਦਾਈ ਘਟਨਾ ਵਿਚ ਮੈਨੂੰ ਲੱਗਦਾ ਹੈ ਕਿ ਭਵਿੱਖ ਵਿਚ ਬਚਿਆ ਜਾ ਸਕਦਾ ਹੈ। ਸ਼ਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ-ਵਿਆਪੀ ਸਮੁੱਚੀ ਜੀਵਨ-ਜਾਚ ਦੇ ਗਾਡੀ-ਰਾਹ ਹਨ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਸ਼ਰਧਾਵਾਨ, ਨਿਸ਼ਠਾਵਾਨ ਅਤੇ ਇਸ ਉਪਰ ਅਕੀਦਾ ਰੱਖਣ ਵਾਲੇ ਲਈ ਉਪਲਬਧ ਕਰਵਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਤੇ ਨਿਯਤ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿਖੇ ਹਰ ਸਮੇਂ ਉਪਲਬਧ ਰੱਖੇ ਜਾਂਦੇ ਹਨ। ਕਿਉਂਕਿ ਪਾਵਨ ਸਰੂਪ ਦੀ ਛਪਾਈ ਕੋਈ ਰਾਤੋ-ਰਾਤ ਨਹੀਂ ਹੋ ਜਾਂਦੀ। ਇਕ ਹਫ਼ਤੇ 'ਚ ਵੀ ਨਹੀਂ, ਦਸ ਦਿਨ 'ਚ ਵੀ ਨਹੀਂ। ਇਸ ਤੋਂ ਵੀ ਵੱਧ ਸਮਾਂ ਤਾਂ ਪਾਵਨ ਸਰੂਪ ਦੀ ਛਪਾਈ ਉਪਰੰਤ ਜਿਲਦਬੰਦੀ ਅਤੇ ਦਰਸ਼ਨ-ਵਿਚਾਰ 'ਤੇ ਹੀ ਲੱਗ ਜਾਂਦਾ ਹੈ। ਗੋਲਡਨ ਆਫਸੈੱਟ ਪ੍ਰੈੱਸ ਵਿਚ ਹੁਣ ਤਾਂ ਚਾਰ ਰੰਗੀ ਮਸ਼ੀਨ ਆ ਗਈ ਹੈ। ਜਦੋਂ ਮੈਂ ਪ੍ਰੈੱਸ ਮੈਨੇਜਰ ਸੀ (1996-99), ਉਸ ਸਮੇਂ ਦੋ-ਰੰਗੀ ਮਸ਼ੀਨ ਸੀ। ਸ਼੍ਰੋਮਣੀ ਕਮੇਟੀ ਵੱਲੋਂ ਆਮ ਤੌਰ 'ਤੇ 5000 ਪਾਵਨ ਸਰੂਪ ਛਾਪਣ ਦੀ ਚਿੱਠੀ ਆਉਂਦੀ ਸੀ।

ਉਪਰੰਤ ਪੇਪਰ ਦੀਆਂ ਕੁਟੇਸ਼ਨਾਂ ਆਦਿ ਅਤੇ ਪੇਪਰ ਆਉਣ ਵਿਚ ਹੀ ਮਹੀਨਾ, ਕਈ ਵਾਰ ਦੋ ਮਹੀਨੇ ਲੱਗ ਜਾਂਦੇ ਸਨ। ਇਸੇ ਲਈ ਪ੍ਰਕਿਰਿਆ ਵੇਲੇ ਸਿਰ ਸ਼ੁਰੂ ਕਰ ਲਈ ਜਾਂਦੀ ਸੀ ਤਾਂ ਜੋ ਪਾਵਨ ਸਰੂਪਾਂ ਦੀ ਅਣਹੋਂਦ ਨਾ ਹੋਵੇ। ਪੰਜ ਹਜ਼ਾਰ ਪਾਵਨ ਸਰੂਪ ਛਾਪਣ ਲਈ ਉੱਨੀ ਲੱਖ ਪੰਜ ਹਜ਼ਾਰ (1810 ਰਿਮ) ਪੇਪਰ ਲੱਗਦਾ ਹੈ। ਇਸੇ ਪੇਪਰ ਦਾ ਸਿਰਫ਼ ਦੋ ਰੰਗ ਬਾਰਡਰ ਛਾਪਣ 'ਤੇ ਹੀ 3810000 ਦਾਬ ਬਣ ਜਾਂਦੀ ਹੈ ਅਤੇ ਮਸ਼ੀਨ 5000 ਪ੍ਰਤੀ ਘੰਟਾ ਦਾਬ ਕੱਢੇ ਤਾਂ ਮਸਾਂ ਤੀਹ ਕੁ ਹਜ਼ਾਰ ਦਾਬ ਦੀ ਰੋਜ਼ਾਨਾ ਔਸਤ ਕੱਢਦੀ ਹੈ। ਇੰਨੀ ਹੀ ਦਾਬ ਪੇਪਰ ਦੇ ਦੋਵੇਂ ਪਾਸੇ ਗੁਰਬਾਣੀ ਛਾਪਣ ਦੀ ਬਣ ਜਾਂਦੀ ਹੈ ਪਰ ਗੁਰਬਾਣੀ ਦਾ ਕੰਮ ਹੋਣ ਕਰ ਕੇ ਅਤੇ ਹਰ ਪੰਜ ਹਜ਼ਾਰ ਤੋਂ ਬਾਅਦ ਪਲੇਟ ਬਦਲਣ ਕਾਰਨ ਮਸ਼ੀਨ ਇਕ ਦਿਨ 'ਚ ਮਸਾਂ ਵੀਹ ਕੁ ਹਜ਼ਾਰ ਦਾਬ ਹੀ ਕੱਢਦੀ ਹੈ। ਇਸ ਉਪਰੰਤ ਰਾਗਾਂ ਵਾਲੇ ਫਰਮੇ ਵਿਚ ਇਕ ਦਾਬ ਹੋਰ ਰੰਗ ਦੀ ਹੁੰਦੀ ਹੈ। ਕਿਉਂਕਿ ਉਸ ਅੰਗ 'ਤੇ ਰਾਗ ਅਤੇ ਬਾਣੀ ਦੀ ਸਕਰੀਨ ਛਪਦੀ ਹੈ। ਇਹ ਗਿਣਤੀਆਂ-ਮਿਣਤੀਆਂ ਸਿਰਫ਼ ਉਨ੍ਹਾਂ ਲਈ ਦੱਸੀਆਂ ਨੇ ਜੋ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਨੇ ਰਾਤੋ-ਰਾਤ ਇਕ ਸੌ ਪੰਝੀ ਸਰੂਪ ਛਾਪ ਕੇ ਘਟਦੇ ਸਰੂਪ ਪੂਰੇ ਕਰਨ ਦਾ ਯਤਨ ਕੀਤਾ ਹੈ। ਅਜਿਹਾ ਹੋਣਾ ਅਸੰਭਵ ਹੈ। ਇਕ ਹੀ ਪਾਵਨ ਸਰੂਪ ਮੁਕੰਮਲ ਕਰਨ ਲਈ 1430 ਅੰਗ ਗੁਰਬਾਣੀ ਦੇ ਅਤੇ 16 ਅੰਗ ਤਤਕਰਾ ਛਾਪਣਾ ਜ਼ਰੂਰੀ ਹੈ ਜੋ ਕਿਸੇ ਆਫਸੈੱਟ ਮਸ਼ੀਨ 'ਤੇ ਨਹੀਂ ਛਪ ਸਕਦਾ। ਹਾਂ, ਜੇ ਇਸ ਸਾਈਜ਼ ਦੀ ਚਾਰ ਰੰਗੀ ਆਟੋਮੈਟਿਕ ਫੋਟੋ ਕਾਪੀਅਰ ਹੋਵੇ ਤਾਂ ਸ਼ਾਇਦ ਸੰਭਵ ਹੋ ਸਕੇ ਪਰ ਅਜਿਹੀ ਕੋਈ ਫੋਟੋ ਕਾਪੀਅਰ ਮੈਂ ਅੱਜ ਤਕ ਘੱਟ ਤੋਂ ਘੱਟ ਹਿੰਦੁਸਤਾਨ ਵਿਚ ਤਾਂ ਨਹੀਂ ਵੇਖੀ।

ਪਾਵਨ ਸਰੂਪਾਂ ਦੀ ਗਿਣਤੀ-ਮਿਣਤੀ ਵਿਚ ਵਾਧੇ-ਘਾਟੇ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਕਈ ਵਾਰ 5000 ਸਰੂਪਾਂ ਦਾ ਛਪਿਆ ਲਾਟ (ਮਾਫ਼ੀ ਚਾਹੁੰਦਾ ਹਾਂ ਕਿ ਇਸ ਦਾ ਪੂਰਕ ਸ਼ਬਦ ਮੇਰੇ ਸ਼ਬਦ ਕੋਸ਼ ਵਿਚ ਨਹੀਂ) ਦੀ ਜਿਲਦਬੰਦੀ ਅਜੇ ਮੁਕੰਮਲ ਨਾ ਹੋਈ ਹੋਵੇ ਅਤੇ ਅਗਲਾ ਲਾਟ ਵੀ ਛਪ ਕੇ ਜਿਲਦਬੰਦੀ ਵਿਭਾਗ ਵਿਚ ਪਹੁੰਚ ਗਿਆ ਹੋਵੇ ਤਾਂ ਉਸ ਅਗਲੇ ਲਾਟ 'ਚੋਂ ਮਿਸਲ ਚੁਕਾਈ ਕਰ ਲਈ ਗਈ ਹੋਵੇ। ਪ੍ਰੈੱਸ ਦੇ ਕਾਲਮਾਂ ਰਾਹੀਂ ਹੀ ਸਹੀ, ਜੇ ਇਹ ਸ਼੍ਰੋਮਣੀ ਕਮੇਟੀ ਦੇ ਧਿਆਨ ਗੋਚਰੇ ਹੋ ਜਾਵੇ ਅਤੇ ਪ੍ਰਬੰਧਕ ਯੋਗ ਸਮਝਣ ਤਾਂ ਮੇਰਾ ਸੁਝਾਅ ਹੈ ਕਿ ਹਰ ਲਾਟ ਦੀ ਪ੍ਰਿੰਟ ਲਾਈਨ, ਸਰੂਪ ਦੇ ਛਪ ਰਹੇ ਦੋ ਰੰਗੇ ਬਾਰਡਰ (ਵੇਲ) ਵਿਚ ਨਾਲ ਹੀ ਡਿਜ਼ਾਈਨ ਕਰਵਾ ਕੇ ਛਾਪ ਦਿੱਤੀ ਜਾਵੇ ਜਿਵੇਂ ਜੇਕਰ ਅਗਸਤ 2020 ਵਿਚ ਛਪਾਈ ਦੀ ਕੋਈ ਚਿੱਠੀ ਆਵੇ ਤਾਂ ਬਾਰਡਰ ਵਿਚ 8/20 ਛਾਪ ਦਿੱਤਾ ਜਾਵੇ। ਇਸ ਦੇ ਪੰਜ ਹਜ਼ਾਰ ਸਰੂਪਾਂ ਦੀ ਜਿਲਦਬੰਦੀ ਮੁਕੰਮਲ ਹੋਣ ਅਤੇ ਬਾਕੀ ਬਚਦੇ ਫਰਮੇ, ਵਾਧਾ-ਘਾਟਾ ਮਰਿਆਦਾ ਅਨੁਸਾਰ ਸਸਕਾਰ ਕਰ ਦਿੱਤਾ ਜਾਵੇ ਅਤੇ ਇਸ ਦੇ 5000 ਤਕ ਦੇ ਬਿੱਲ, ਰਸੀਦਾਂ, ਸ਼ਰਧਾਲੂਆਂ ਵੱਲੋਂ ਆਈ ਦਰਖਾਸਤ, ਸਿਫ਼ਾਰਸ਼ੀ ਦਾ ਨਾਮ, ਐਡਰੈੱਸ, ਸਰੂਪ ਦੇ ਨੰਬਰ ਸਮੇਤ ਮਿਲਾਨ ਕਰ ਕੇ ਹਰ ਲਾਟ ਦਾ ਮੁਕੰਮਲ ਹਿਸਾਬ-ਕਿਤਾਬ ਫਾਈਨਲ ਕਰ ਲਿਆ ਜਾਵੇ। ਇਸ ਸਬੰਧੀ ਮਰਿਆਦਾ ਦੇ ਪੱਖੋਂ ਸਿੰਘ ਸਾਹਿਬ ਅਤੇ ਜਥੇਦਾਰ ਸਾਹਿਬ ਦੇ ਧਿਆਨ ਵਿਚ ਜ਼ਰੂਰ ਲਿਆਂਦਾ ਜਾਵੇ। ਇਸ ਤਰ੍ਹਾਂ ਦੀ ਇਕ ਘਟਨਾ ਦਾ ਜ਼ਿਕਰ ਮੈਨੂੰ ਕੁਥਾਂ ਅਤੇ ਬੇਲੋੜਾ ਇਸ ਕਰ ਕੇ ਨਹੀਂ ਲੱਗ ਰਿਹਾ ਕਿਉਂਕਿ ਮੈਂ ਜਦ ਗੋਲਡਨ ਆਫਸੈੱਟ ਦਾ ਮੈਨੇਜਰ ਸੀ ਤਾਂ ਮੈਨੂੰ ਕਈ ਲੋਕਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪਾਵਨ ਸਰੂਪਾਂ ਲਈ ਪੇਪਰ, ਸਿਆਹੀ ਅਤੇ ਹੋਰ ਸਾਮਾਨ ਮਿਆਰੀ ਵਰਤਦੀ ਹੈ ਅਤੇ ਭੇਟਾ ਵੀ ਲਾਗਤ ਮਾਤਰ (ਬਿਨਾਂ ਕਿਸੇ ਲਾਭ ਪ੍ਰਾਪਤੀ ਦੇ) ਨਿਯਤ ਕਰਦੀ ਹੈ। ਅਜਿਹੇ ਵਿਚ ਬਾਜ਼ਾਰ ਦੇ ਕੁਝ ਵਪਾਰੀ ਬਿਰਤੀ ਦੇ ਪਬਲੀਸ਼ਰ ਆਪਣੇ ਆਦਮੀਆਂ ਰਾਹੀਂ ਗੁਰਦੁਆਰਾ ਰਾਮਸਰ ਸਾਹਿਬ ਤੋਂ ਪਾਵਨ ਸਰੂਪ ਮੰਗਵਾ ਕੇ ਦੁੱਗਣੀ, ਤਿੱਗਣੀ ਭੇਟਾ ਲੈ ਕੇ ਸਰੂਪ ਦੇ ਦਿੰਦੇ ਹਨ ਅਤੇ ਸਰੂਪ ਦੇਣ ਲੱਗਿਆਂ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਬੇਸ਼ੱਕ ਪ੍ਰਿੰਟਿੰਗ ਪ੍ਰੈੱਸ ਦੇ ਨਿਯਮਾਂ ਅਨੁਸਾਰ ਅਸੀਂ ਪਾਵਨ ਸਰੂਪ ਦੇ ਆਰੰਭ ਵਿਚ ਤਤਕਰੇ ਤੋਂ ਪਹਿਲੇ ਪੰਨਿਆਂ 'ਤੇ ਬਤੌਰ ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਪ੍ਰਿੰਟਰ ਗੋਲਡਨ ਆਫਸੈੱਟ ਪ੍ਰੈੱਸ ਦਾ ਨਾਂ ਛਾਪਦੇ ਸਾਂ, ਹੁਣ ਵੀ ਛਪਦਾ ਹੈ ਪਰ ਇਹ ਵਪਾਰੀ ਲੋਕ ਉਹ ਪੰਨਾ ਉਤਾਰ ਕੇ ਆਪਣੀ ਪ੍ਰਿੰਟ ਲਾਈਨ ਚਿਪਕਾ ਕੇ ਮੁਨਾਫ਼ਾ ਕਮਾਉਂਦੇ ਸਨ। ਮੈਂ ਇਸ ਦਾ ਹੱਲ ਇਹ ਲੱਭਿਆ ਕਿ ਸ਼੍ਰੋਮਣੀ ਕਮੇਟੀ ਦਾ ਆਫੀਸ਼ੀਅਲ ਲੋਗੋ ਪਾਵਨ ਸਰੂਪ ਦੇ ਬਾਰਡਰ 'ਚ ਅੰਗ ਨੰਬਰ ਵਾਲੀ ਜਗ੍ਹਾ 'ਤੇ ਛਾਪਣਾ ਸ਼ੁਰੂ ਕਰ ਦਿੱਤਾ।

ਮੈਨੂੰ ਪਤਾ ਸੀ ਕਿ ਗੁਰਬਾਣੀ ਦੇ ਛਪਾਈ ਸਮੇਂ ਅੰਗ ਨੰਬਰ ਦੇ ਥੱਲੇ ਇਹ ਛੋਟਾ ਜਿਹਾ ਲੋਗੋ ਦੱਬ ਜਾਵੇਗਾ ਪਰ ਫਿਰ ਵੀ ਇਸ ਦਾ ਕੁਝ ਹਿੱਸਾ ਜ਼ਰੂਰ ਨਜ਼ਰ ਆਉਂਦਾ ਰਹੇਗਾ ਜਿਸ ਤੋਂ ਇਹ ਪਤਾ ਲੱਗ ਜਾਵੇਗਾ ਕਿ ਇਹ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਛਪਿਆ ਹੋਇਆ ਹੈ। ਅਜੇ ਪਹਿਲਾ ਹੀ ਲਾਟ ਛਪਿਆ ਸੀ ਕਿ ਸਾਡੀ ਸ਼ਿਕਾਇਤ ਤਤਕਾਲੀ ਜਥੇਦਾਰ ਸਾਹਿਬ ਪਾਸ ਕੀਤੀ ਗਈ। ਸਾਡੀ ਪੇਸ਼ੀ ਹੋਈ ਕਿ ਤੁਸੀਂ ਗੁਰਬਾਣੀ ਦਾ ਨਿਰਾਦਰ ਕਿਉਂ ਕੀਤਾ? ਮੈਂ ਕਿਹਾ ਕਿ ਗੁਰਬਾਣੀ ਗੁਰੂ ਸਾਹਿਬ ਦੀ ਰਚਨਾ ਹੈ ਪਰ ਦੋ-ਰੰਗੀ ਵੇਲ ਤਾਂ ਅਸੀਂ ਡਿਜ਼ਾਈਨ ਕੀਤੀ ਹੈ ਅਤੇ ਨਾਲੇ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਆਫੀਸ਼ਲ ਲੋਗੋ ਹੈ ਜੋ ਆਰੰਭ ਵਿਚ ਪਹਿਲਾਂ ਤੋਂ ਹੀ ਛਪਦਾ ਆ ਰਿਹਾ ਹੈ। ਹੋਰ ਤਾਂ ਹੋਰ, ਲੋਗੋ ਵਿਚ ੴ, ਗੁਰਬਾਣੀ ਇਸ ਜਗੁ ਮਹਿ ਚਾਨਣ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ, ਅੰਮ੍ਰਿਤਸਰ (ਜੋ ਅੱਜਕੱਲ੍ਹ ਸੁਣਿਆ ਸ੍ਰੀ ਅੰਮ੍ਰਿਤਸਰ ਹੋ ਗਿਆ ਹੈ) ਹੀ ਲਿਖਿਆ ਹੋਇਆ ਹੈ ਪਰ ਜਥੇਦਾਰ ਸਾਹਿਬ ਦੇ ਆਦੇਸ਼ 'ਤੇ ਅੱਗੋਂ ਪਾਵਨ ਸਰੂਪ ਦੇ ਬਾਰਡਰ 'ਚ ਇਹ ਲੋਗੋ ਨਹੀਂ ਛਪਿਆ ਤੇ ਨਾ ਹੀ ਹੁਣ ਇਸ ਦੀ ਕੋਈ ਲੋੜ ਹੈ ਕਿਉਂਕਿ ਪਾਵਨ ਸਰੂਪ ਦੀ ਪ੍ਰਾਈਵੇਟ ਪਬਲੀਸ਼ਰਜ਼ ਵੱਲੋਂ ਕੀਤੀ ਜਾਂਦੀ ਛਪਾਈ 'ਤੇ ਪਾਬੰਦੀ ਲੱਗ ਚੁੱਕੀ ਹੈ। -(ਦੂਜੀ ਤੇ ਆਖ਼ਰੀ ਕਿਸ਼ਤ)।

-(ਸਾਬਕਾ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ)

-ਮੋਬਾਈਲ ਨੰ. : 98148-98123

Posted By: Jagjit Singh