-ਡਾ. ਸਤਿੰਦਰ ਸਿੰਘ

ਸੋਸ਼ਲ ਮੀਡੀਆ ਮੌਜੂਦਾ ਦੌਰ ਵਿਚ ਸੰਚਾਰ ਅਤੇ ਸੂਚਨਾ ਦਾ ਸਭ ਤੋਂ ਤੇਜ਼ ਅਤੇ ਪ੍ਰਮੁੱਖ ਸਾਧਨ ਬਣ ਚੁੱਕਾ ਹੈ। ਪੂਰੇ ਵਿਸ਼ਵ 'ਚ ਇਹ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਖ਼ਾਸ ਤੌਰ 'ਤੇ ਨੌਜਵਾਨ ਵਰਗ ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ, ਵ੍ਹਟਸਐਪ, ਯੂ-ਟਿਊਬ ਅਤੇ ਅਨੇਕਾਂ ਹੋਰ ਸੋਸ਼ਲ ਸਾਈਟਾਂ ਤੋਂ ਬਿਨਾਂ ਰਹਿ ਸਕਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਕਿਸੇ ਵੀ ਜਨਤਕ ਸਥਾਨ ਜਾਂ ਸਮਾਜਿਕ ਇਕੱਠ 'ਚ ਜਾਉ ਤਾਂ ਹਰ ਇਨਸਾਨ ਦੇ ਹੱਥ ਵਿਚ ਸਮਾਰਟਫੋਨ, ਲੈਪਟਾਪ, ਟੈਬ, ਆਈਪੈਡ ਜਾਂ ਮਿੰਨੀ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਗੈਜੇਟ ਹੋਣਾ ਅਤੇ ਉਨ੍ਹਾਂ 'ਤੇ ਹੀ ਰੁੱਝੇ ਰਹਿਣਾ ਆਮ ਗੱਲ ਹੋ ਚੁੱਕੀ ਹੈ।

ਸੋਸ਼ਲ ਮੀਡੀਆ ਜਿੱਥੇ ਇਨਸਾਨੀ ਜ਼ਿੰਦਗੀ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ, ਉੱਥੇ ਹੀ ਸਿੱਕੇ ਦਾ ਦੂਸਰਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ। ਇਸ ਦੀ ਬੇਲੋੜੀ ਵਰਤੋਂ ਅਤੇ ਇਸ 'ਤੇ ਵਧੇਰੇ ਸਰਗਰਮੀ ਬੇਹੱਦ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਨੂੰ ਲੋਕਾਂ ਦੇ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਲਈ ਮੁੱਖ ਰੂਪ ਵਿਚ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਤੇਰਾਂ ਸਾਲ ਪਹਿਲਾਂ 1997 'ਚ ਜਦੋਂ ਪਹਿਲੀ ਸੋਸ਼ਲ ਨੈੱਟਵਰਕ ਸਾਈਟ ਸਿਕਸ ਡਿਗਰੀ ਹੋਂਦ ਵਿਚ ਆਈ ਸੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਸ ਤੋਂ ਬਾਅਦ ਅਨੇਕਾਂ ਲੋਕਪ੍ਰਿਆ ਸੋਸ਼ਲ ਨੈੱਟਵਰਕਿੰਗ ਸਾਈਟਸ ਹੋਂਦ ਵਿਚ ਆਉਣਗੀਆਂ ਅਤੇ ਇੰਨੀ ਜਲਦੀ ਪੂਰੇ ਵਿਸ਼ਵ ਨੂੰ ਆਪਣੇ ਆਲੇ-ਦੁਆਲੇ ਕੇਂਦਰਿਤ ਕਰ ਲੈਣਗੀਆਂ। ਸੋਸ਼ਲ ਮੀਡੀਆ ਦੀ ਬਦੌਲਤ ਸੰਚਾਰ ਸਾਧਨਾਂ, ਸਿੱਖਿਆ, ਵਣਜ, ਪੱਤਰਕਾਰੀ ਅਤੇ ਸਮਾਜਿਕ ਰਿਸ਼ਤਿਆਂ ਦੇ ਖੇਤਰ 'ਚ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਸੰਚਾਰ ਦੀ ਗਤੀ ਬੇਹੱਦ ਤੇਜ਼ ਹੋਈ ਹੈ। ਸੋਸ਼ਲ ਮੀਡੀਆ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਦੀ 780 ਕਰੋੜ ਦੀ ਆਬਾਦੀ 'ਚ 460 ਕਰੋੜ ਤੋਂ ਵੱਧ ਲੋਕਾਂ ਕੋਲ ਇੰਟਰਨੈੱਟ ਦੀ ਸਹੂਲਤ ਉਪਲਬਧ ਹੈ ਅਤੇ 381 ਕਰੋੜ ਤੋ ਵੱਧ ਲੋਕ ਸੋਸ਼ਲ ਮੀਡੀਆ ਦੀਆਂ 15 ਤੋ ਵੱਧ ਪ੍ਰਚਲਿਤ ਸੋਸ਼ਲ ਸਾਈਟਾਂ 'ਚੋਂ ਕਿਸੇ ਨਾ ਕਿਸੇ ਨੈੱਟਵਰਕ ਦੀ ਵਰਤੋਂ ਵੱਡੇ ਪੱਧਰ 'ਤੇ ਕਰਦੇ ਹਨ ਜੋ ਕੁੱਲ ਆਬਾਦੀ ਦਾ 49 ਪ੍ਰਤੀਸ਼ਤ ਹੈ। ਇਕ ਆਮ ਇਨਸਾਨ ਦਿਨ 'ਚ ਔਸਤ 149 ਮਿੰਟ ਸੋਸ਼ਲ ਨੈੱਟਵਰਕ ਸਾਈਟਾਂ 'ਤੇ ਸਰਗਰਮ ਰਹਿੰਦਾ ਹੈ।

ਫੇਸਬੁੱਕ 'ਤੇ ਹਰ ਮਹੀਨੇ 250 ਕਰੋੜ ਤੋਂ ਵੱਧ ਲੋਕ ਸਰਗਰਮ ਰਹਿੰਦੇ ਹੋਏ ਲਾਈਕ, ਸ਼ੇਅਰ ਅਤੇ ਪੋਸਟ ਕਰਦੇ ਹਨ ਅਤੇ ਰੋਜ਼ਾਨਾ 30 ਕਰੋੜ ਤੋਂ ਵੱਧ ਫੋਟੋਜ਼ ਅਤੇ ਵੀਡੀਓ ਇਸ 'ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਟਵਿੱਟਰ ਦੀ 38 ਕਰੋੜ ਤੋਂ ਵੱਧ ਲੋਕ ਵਰਤੋਂ ਕਰਦੇ ਹੋਏ ਸੂਚਨਾ ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹਨ। ਇੰਸਟਾਗ੍ਰਾਮ ਦੀ ਵਰਤੋਂ 100 ਕਰੋੜ ਤੋਂ ਵੱਧ ਲੋਕਾਂ ਦੁਆਰਾ ਕਰਨ ਕਾਰਨ ਇਸ ਦੀ ਪ੍ਰਸਿੱਧੀ ਸਿਖਰਾਂ 'ਤੇ ਹੈ। ਵ੍ਹਟਸਐਪ ਕਾਰਨ ਸੋਸ਼ਲ ਮੀਡੀਆ ਦੇ ਖੇਤਰ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਸਮਾਜ ਦੇ ਹਰ ਵਰਗ, ਹਰ ਉਮਰ ਦੇ ਲੋਕਾਂ 'ਚ ਹਰਮਨਪਿਆਰੀ ਇਸ ਸਾਈਟ ਦਾ 200 ਕਰੋੜ ਤੋਂ ਵੱਧ ਲੋਕ ਲਾਭ ਪ੍ਰਾਪਤ ਕਰ ਰਹੇ ਹਨ। ਯੂ-ਟਿਊਬ ਦੀ ਵਰਤੋਂ 200 ਕਰੋੜ ਤੋਂ ਵੱਧ ਲੋਕ ਕਰਦੇ ਹਨ ਜਦਕਿ ਸਨੈਪਚੈਟ ਦੀ ਵਰਤੋਂ 80 ਕਰੋੜ ਤੋਂ ਵੱਧ ਲੋਕ ਕਰ ਰਹੇ ਹਨ। ਸੋਸ਼ਲ ਮੀਡੀਆ ਦੀ ਵਰਤੋਂ ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੀ ਬਦੌਲਤ ਨਿੱਤ ਨਵੇਂ-ਨਵੇਂ ਦੋਸਤ ਮਿਲ ਰਹੇ ਹਨ। ਕੁਝ ਲੋਕ ਪਰਿਵਾਰਕ ਰਿਸ਼ਤਿਆਂ ਦੀ ਹੋਈ ਦੂਰੀ ਕਾਰਨ ਇਕੱਲੇਪਣ ਦੀ ਸਮੱਸਿਆ ਨਾਲ ਜੂਝਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਉਹ ਇਨ੍ਹਾਂ ਸਾਈਟਾਂ ਦਾ ਸਹਾਰਾ ਲੈ ਰਹੇ ਹਨ। ਮਨੋਰੰਜਨ ਦੇ ਖੇਤਰ 'ਚ ਨਿੱਤ ਨਵੀਂ ਪ੍ਰਤਿਭਾ ਨਿਕਲ ਕੇ ਸਾਹਮਣੇ ਆ ਰਹੀ ਹੈ। ਪ੍ਰਤਿਭਾਸ਼ਾਲੀ ਲੋਕਾਂ ਦੀ ਇਕ ਵਾਇਰਲ ਵੀਡੀਓ, ਲੇਖ ਜਾਂ ਬਲਾਗ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੰਦਾ ਹੈ। ਸੂਚਨਾ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਦੇਸ਼-ਵਿਦੇਸ਼ ਦੀ ਸੂਚਨਾ ਚੰਦ ਸਕਿੰਟਾਂ ਵਿਚ ਤੁਹਾਡੇ ਸਾਹਮਣੇ ਆ ਜਾਂਦੀ ਹੈ। ਇਕ ਬਟਨ ਦਬਾਉਣ 'ਤੇ ਤੁਸੀਂ ਪੂਰੀ ਦੁਨੀਆ ਜਾਂ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਜਾਂ ਹੋਰ ਚਾਹੁਣ ਵਾਲਿਆਂ ਨਾਲ ਜੁੜ ਜਾਂਦੇ ਹੋ।ਸੋਸ਼ਲ ਮੀਡੀਆ ਦੀ ਬਦੌਲਤ ਭੂਗੋਲਿਕ ਹੱਦਾਂ ਬੰਨ੍ਹੇ ਅਤੇ ਸਰਹੱਦਾਂ ਖ਼ਤਮ ਹੋ ਚੁੱਕੀਆਂ ਹਨ। ਕੋਵਿਡ-19 ਕਾਰਨ ਹੋਏ ਲਾਕਡਾਊਨ ਦੌਰਾਨ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਬਦੌਲਤ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀ ਦੇਖਣ 'ਚ ਆਈ। ਸਿੱਖਿਆ ਗ੍ਰਹਿਣ ਕਰਨ ਦਾ ਤਰੀਕਾ ਆਫਲਾਈਨ (ਕਲਾਸਰੂਮ) ਤੋਂ ਆਨਲਾਈਨ 'ਚ ਬਦਲ ਗਿਆ।

ਅਧਿਆਪਕ ਵੀ ਆਪਣੇ ਲੈਕਚਰ ਰਿਕਾਰਡ ਕਰ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਲੱਗੇ ਜਿਸ ਕਾਰਨ ਉਹ ਕਲਾਸਰੂਮ ਦੀ ਚਾਰਦੀਵਾਰੀ ਤੋਂ ਨਿਕਲ ਕੇ ਦੇਸ਼-ਵਿਦੇਸ਼ 'ਚ ਪ੍ਰਸਿੱਧ ਹੋਣ ਲੱਗੇ। ਚਾਹੇ ਮਾਤਾ-ਪਿਤਾ ਘਰ ਬੈਠੇ ਬੱਚਿਆਂ ਨੂੰ ਪੜ੍ਹਦੇ ਦੇਖ ਕੇ ਕੁਝ ਰਾਹਤ ਮਹਿਸੂਸ ਕਰ ਰਹੇ ਹਨ।ਪਰ ਬਹੁ-ਗਿਣਤੀ ਮਾਪਿਆਂ ਦੀ ਚਿੰਤਾ, ਬੱਚਿਆਂ ਵੱਲੋਂ ਸਮਾਰਟਫੋਨ ਦੀ ਵਰਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੰਮਾਂ ਲਈ ਕਰਨਾ ਜਿਵੇਂ ਕਿ ਮੋਬਾਈਲ ਗੇਮਜ਼ ਖੇਡਣਾ, ਸੋਸ਼ਲ ਸਾਈਟਸ 'ਤੇ ਵੱਧ ਸਰਗਰਮੀ, ਗ਼ਲਤ ਨੈੱਟਵਰਕ ਸਾਈਟ ਖੋਲ੍ਹ ਕੇ ਦੇਖਣਾ, ਜ਼ਿਆਦਾ ਸਮਾਂ ਆਨਲਾਈਨ ਰਹਿਣਾ ਜਿਸ ਨਾਲ ਪੜ੍ਹਾਈ ਤੋਂ ਇਕਾਗਰਤਾ ਭਟਕਦੀ ਹੈ ਅਤੇ ਅਨੇਕਾਂ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਮਾਪਿਆਂ ਦੀ ਜ਼ਿੰਮੇਵਾਰੀ ਸਿਰਫ਼ ਮੋਬਾਈਲ ਲੈ ਕੇ ਦੇਣ ਅਤੇ ਇੰਟਰਨੈੱਟ ਡਾਟਾ ਪਵਾ ਕੇ ਦੇਣ ਤਕ ਹੀ ਸੀਮਤ ਨਹੀਂ ਬਲਕਿ ਬੱਚਿਆਂ ਦੀ ਸਮਾਰਟਫੋਨ ਵਰਤਦੇ ਸਮੇਂ ਨਿਗਰਾਨੀ ਅਤੇ ਕੌਂਸਲਿੰਗ ਕਰਨਾ ਵੀ ਜ਼ਰੂਰੀ ਹੈ। ਵਿਦਿਆਰਥੀ ਵਰਗ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਪ੍ਰਤੀ ਸਮੇਂ ਸਿਰ ਚੇਤੰਨ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ

ਸਾਹਮਣੇ ਆਉਣਗੇ।

ਸੋਸ਼ਲ ਮੀਡੀਆ ਲਾਭਕਾਰੀ ਹੋਣ ਦੇ ਨਾਲ-ਨਾਲ ਅਨੇਕਾਂ ਨਕਾਰਾਤਮਕ ਪ੍ਰਭਾਵ ਵੀ ਸਮਾਜ ਸਾਹਮਣੇ ਛੱਡ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਨੇਕਾਂ ਵਾਰ ਅਜਿਹੇ ਲੇਖ ਅਤੇ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ 'ਚ ਕਿਸੇ ਮਨੁੱਖ ਜਾਂ ਵਰਗ ਦੀ ਨਿੱਜਤਾ, ਧਰਮ ਜਾਂ ਵਰਗ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਮਨੁੱਖ ਦੀ ਮਾਨਸਿਕਤਾ 'ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਨੌਜਵਾਨ ਵਰਗ ਦਾ ਸਰੀਰਕ ਖੇਡਾਂ ਜਾਂ ਗਤੀਵਿਧੀਆਂ ਛੱਡ ਕੇ ਘੰਟਿਆਂਬੱਧੀ ਮੋਬਾਈਲ ਗੇਮ ਖੇਡਣਾ ਜਾਂ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣਾ ਉਨ੍ਹਾਂ ਦੇ ਸਰੀਰਕ ਅਤੇ ਸਮਾਜਿਕ ਵਿਕਾਸ 'ਚ ਬਹੁਤ ਵੱਡੀ ਰੁਕਾਵਟ ਬਣ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਨੇਕਾਂ ਵਾਰ ਅਜਿਹੀਆਂ ਅਫ਼ਵਾਹਾਂ ਫੈਲਾਅ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਸਮਾਜ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਨੌਜਵਾਨ ਪੀੜ੍ਹੀ ਦੀ ਸੋਸ਼ਲ ਮੀਡੀਆ 'ਤੇ ਵੱਧਦੀ ਸਰਗਰਮੀ ਕਾਰਨ ਨੌਜਵਾਨ ਵਰਗ ਇਕੱਲੇ ਰਹਿਣ ਦਾ ਆਦੀ ਹੋ ਰਿਹਾ ਹੈ। ਡਿਪ੍ਰੈਸ਼ਨ, ਮੋਟਾਪਾ ਅਤੇ ਅਨੇਕਾਂ ਹੋਰ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ ਮਨੋਵਿਗਿਆਨੀਆਂ ਅਤੇ ਡਾਕਟਰਾਂ ਨੇ ਇਸ ਸਬੰਧੀ ਵਿਸ਼ੇਸ਼ ਕੌਂਸਲਿੰਗ ਕੇਂਦਰ ਖੋਲ੍ਹ ਦਿੱਤੇ ਹਨ ਜਿੱਥੇ ਨਸ਼ਿਆਂ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਆਦੀ ਹੋਏ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਦੀ ਬਦੌਲਤ ਘਰ ਦੀ ਗ੍ਰਹਿਣੀ ਤੋਂ ਲੈ ਕੇ ਵੱਖ-ਵੱਖ ਅਦਾਰਿਆਂ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਵਿਦਿਆਰਥੀਆਂ ਦੀ ਕਾਰਜਕੁਸ਼ਲਤਾ 'ਤੇ ਮਾੜਾ ਪ੍ਰਭਾਵ ਪਿਆ ਹੈ। ਸੋਸ਼ਲ ਮੀਡੀਆ ਵਰਤਣ ਵਾਲੇ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਵਿਕਾਸ ਲਈ ਵਰਤਦਾ ਹੈ ਜਾਂ ਵਿਨਾਸ਼ ਲਈ। ਬੀਤੇ ਦਿਨੀਂ ਕੋਵਿਡ-19 ਕਾਰਨ ਹੋਏ ਲਾਕਡਾਊਨ ਦੌਰਾਨ ਫਿਰੋਜ਼ਪੁਰ ਦੇ ਇਕ ਵ੍ਹਟਸਐਪ ਗਰੁੱਪ ਨੇ ਬੇਹੱਦ ਹਾਂ-ਪੱਖੀ ਉਦਾਹਰਨ ਲੋਕਾਂ ਅੱਗੇ ਪੇਸ਼ ਕੀਤੀ। ਗਰੁੱਪ 'ਚ ਵਿਚਾਰ-ਵਟਾਂਦਰਾ ਕਰਦਿਆਂ ਸਾਹਮਣੇ ਆਇਆ ਕਿ ਸ਼ਹਿਰ ਦੇ ਸਿਵਲ ਹਸਪਤਾਲ 'ਚ ਵੈਂਟੀਲੇਟਰ ਦੀ ਸਹੂਲਤ ਉਪਲਬਧ ਨਹੀਂ ਹੈ।

ਸਰਕਾਰ ਤਕ ਮੰਗ ਪਹੁੰਚਾਉਣ 'ਚ ਸਮਾਂ ਲੱਗ ਸਕਦਾ ਹੈ। ਇਸ ਲਈ ਗਰੁੱਪ ਮੈਂਬਰਾਂ ਨੇ ਆਪਣੇ ਕੋਲੋਂ ਦਾਨ ਰਾਸ਼ੀ ਇਕੱਠੀ ਕਰ ਕੇ ਅਤਿ-ਆਧੁਨਿਕ ਵੈਂਟੀਲੇਟਰ ਕੁਝ ਹੀ ਦਿਨਾਂ ਵਿਚ ਸਿਵਲ ਸਰਜਨ ਨੂੰ ਸੌਂਪ ਦਿੱਤਾ। ਉੱਥੇ ਹੀ ਹਸਪਤਾਲ 'ਚ ਮ੍ਰਿਤਕ ਸਰੀਰਾਂ ਨੂੰ ਰੱਖਣ ਲਈ ਡੀਪ ਫਰੀਜ਼ਰ ਦੀ ਘਾਟ ਸਾਹਮਣੇ ਆਈ ਤਾਂ ਗਰੁੱਪ ਦੇ ਮੈਂਬਰਾਂ ਨੇ ਦੋ ਡੀਪ ਫਰੀਜ਼ਰਾਂ ਦਾ ਪ੍ਰਬੰਧ ਕਰ ਕੇ ਹਸਪਤਾਲ ਨੂੰ ਦਿੱਤਾ। ਇਸ ਤੋਂ ਬਾਅਦ ਮੈਂਬਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਘੱਟ ਰੇਟ 'ਤੇ ਦਵਾਈਆਂ ਨਿਰੰਤਰ ਉਪਲਬਧ ਕਰਾਉਣ ਦਾ ਬੀੜਾ ਵੀ ਚੁੱਕਿਆ। ਸੋਸ਼ਲ ਮੀਡੀਆ ਦੀ ਅਜਿਹੀ ਵਰਤੋਂ ਸਮਾਜ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ। ਮੌਜੂਦਾ ਦੌਰ 'ਚ ਸਾਨੂੰ ਸਰੀਰਕ ਗਤੀਵਿਧੀਆਂ, ਸੋਸ਼ਲ ਮੀਡੀਆ ਅਤੇ ਜੋ ਵੀ ਅਸੀਂ ਕੰਮ ਕਰਦੇ ਹਾਂ, ਤਿੰਨਾਂ ਵਿਚ ਸੰਤੁਲਨ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਖਾਣ-ਪੀਣ ਸਮੇਂ ਮੋਬਾਈਲ ਫੋਨ ਨੂੰ ਦੂਰ ਰੱਖਣ ਦੀ ਵੀ ਪਹਿਲ ਕਰਨੀ ਪਵੇਗੀ। ਹਫ਼ਤੇ 'ਚ ਇਕ ਦਿਨ ਅਜਿਹਾ ਨਿਸ਼ਚਿਤ ਕੀਤਾ ਜਾਵੇ ਜਿਸ ਦਿਨ ਸਮਾਰਟਫੋਨ ਅਤੇ ਅਜਿਹੇ ਹੋਰ ਇਲੈਕਟ੍ਰਾਨਿਕ ਗੈਜੇਟਸ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ।

-(ਲੇਖਕ ਸਟੇਟ ਤੇ ਨੈਸ਼ਨਲ ਐਵਾਰਡੀ ਹੈ)

-ਮੋਬਾਈਲ ਨੰ. : 98154-27554

Posted By: Jagjit Singh