ਕੋਰੋਨਾ ਮਹਾਮਾਰੀ ਤੋਂ ਪੀੜਤ, ਸਪੇਨ ਦੇ ਦੂਜੇ ਸਭ ਤੋਂ ਵੱਡੇ ਮਹਾਨਗਰ ਬਾਰਸੀਲੋਨਾ ਦੇ ਵਿਸ਼ਾਲ ਓਪੇਰਾ ਹਾਊਸ ਵਿਚ ਇਕ ਵਿਲੱਖਣ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਨੇ ਦੁਨੀਆ ਭਰ ਦੇ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਪੇਨ ਵਿਚ ਰਾਸ਼ਟਰੀ ਪੱਧਰ 'ਤੇ ਲਗਾਈ ਗਈ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਓਪੇਰਾ ਹਾਊਸ ਦਾ ਇਹ ਪਹਿਲਾ ਸਮਾਗਮ ਸੀ ਜਿਸ ਵਿਚ ਦੇਸ਼ ਦੇ ਮਕਬੂਲ ਫ਼ਨਕਾਰਾਂ ਨੇ ਆਪਣੇ ਫ਼ਨ ਦਾ ਰੱਜ ਕੇ ਮੁਜ਼ਾਹਰਾ ਕੀਤਾ। ਦਰਸ਼ਕਾਂ ਦੀ ਥਾਂ ਸਾਰੀਆਂ 2292 ਸੀਟਾਂ 'ਤੇ ਮਹਿਕਾਂ ਵੰਡਦੇ ਬੂਟੇ ਗਮਲਿਆਂ ਵਿਚ ਰੱਖੇ ਹੋਏ ਸਨ। ਮੰਚ ਸੰਚਾਲਕ ਨੇ ਵਿਧੀਵਤ ਰੂਪ ਵਿਚ ਮੋਬਾਈਲ ਫੋਨ ਬੰਦ ਰੱਖਣ ਦਾ ਐਲਾਨ ਕੀਤਾ। ਹਰ ਪੇਸ਼ਕਾਰੀ ਤੋਂ ਬਾਅਦ ਤਾੜੀਆਂ ਦੀ ਗੜਗੜਾਹਟ ਦੀ ਬਜਾਏ ਹਰੇ-ਕਚੂਰ ਪੱਤਿਆਂ ਦੀ ਸਰਸਰਾਹਟ ਸੁਣਾਈ ਦਿੰਦੀ। ਇਹ ਪੌਦੇ ਕੋਰੋਨਾ ਮਹਾਮਾਰੀ ਨਾਲ ਲੜਨ ਵਾਲੇ ਯੋਧਿਆਂ ਨੂੰ ਵੰਡੇ ਜਾਣੇ ਸਨ। ਪ੍ਰਬੰਧਕਾਂ ਅਨੁਸਾਰ ਮਹਾਮਾਰੀ ਤੋਂ ਬਾਅਦ ਚਹਿਲ-ਪਹਿਲ ਵਾਲੇ ਸਪੇਨ ਵਿਚ ਜ਼ਿੰਦਗੀ ਜਿਵੇਂ ਰੁਕ ਗਈ ਸੀ ਜਿਸ ਨੂੰ ਹੁਲਾਰਾ ਦੇਣ ਲਈ ਇਸ ਰੰਗਾਰੰਗ ਸ਼ਾਮ ਦਾ ਆਯੋਜਨ ਕੀਤਾ ਗਿਆ ਸੀ। ਗਿਰਜਾਘਰਾਂ ਅਤੇ ਸ਼ਰਧਾ ਦੇ ਹੋਰ ਧਾਮਾਂ ਵਿਚ ਵੀ ਤਾਬੂਤਾਂ ਨੂੰ ਕਤਾਰਾਂ ਵਿਚ ਰੱਖਿਆ ਗਿਆ ਜਿਨ੍ਹਾਂ ਨੂੰ ਵਾਰੀ ਸਿਰ ਦਫ਼ਨਾਇਆ ਜਾਣਾ ਹੈ। ਅਜਿਹੇ ਮਾਤਮੀ ਮਾਹੌਲ ਤੋਂ ਬਾਅਦ ਓਪੇਰਾ ਹਾਊਸ ਵਿਚ ਅਜਿਹਾ ਸਮਾਗਮ ਜ਼ਿੰਦਗੀ ਦੀ ਧੜਕਣ ਦਾ ਪ੍ਰਤੀਕ ਸੀ। ਕਾਦਰ ਦੀ ਕੁਦਰਤ ਨੂੰ ਸਿਜਦਾ ਕਰਨ ਵਾਲੀ ਇਸ ਸ਼ਾਮ ਨੇ ਵਿਸਮਾਦੀ ਰੰਗ ਬੰਨ੍ਹ ਦਿੱਤਾ। ਕਲਾਕਾਰ, ਪੌਦਿਆਂ 'ਚੋਂ ਦਰਸ਼ਕਾਂ ਦੇ ਦੀਦਾਰ ਕਰ ਰਹੇ ਸਨ। ਬੂਟੇ ਆਪਣੇ ਹੀ ਆਲਮ ਵਿਚ ਝੂਮ ਕੇ ਉਨ੍ਹਾਂ ਨੂੰ ਜਿਵੇਂ ਸਾਵੀ ਦਾਦ ਦੇ ਰਹੇ ਸਨ। ਸਾਡੇ ਸੂਫ਼ੀ-ਸੰਤ ਅਤੇ ਕਲਾਕਾਰ ਜੁਗਾਂ ਤੋਂ ਰੁੱਖਾਂ ਦਾ ਮਾਨਵੀਕਰਨ ਕਰਦੇ ਆਏ ਹਨ। 'ਜੜ੍ਹ ਹਰੀ ਰੱਖਣੀ' ਵਰਗੇ ਕਈ ਮੁਹਾਵਰੇ ਤੇ ਲਕੋਕਤੀਆਂ ਜ਼ਿੰਦਗੀ ਦਾ ਹੀ ਪੈਗ਼ਾਮ ਹਨ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਨੇ ਤਾਂ ਰੁੱਖਾਂ ਨੂੰ ਦਰਵੇਸ਼ਾਂ ਤੋਂ ਵੀ ਉੱਪਰ ਰੱਖਿਆ ਹੈ, ''ਦਰਵੇਸ਼ਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ£ (ਭਾਵ, ਸੰਤਾਂ ਨੂੰ ਬਿਰਛਾਂ ਵਰਗਾ ਜੇਰਾ ਰੱਖਣਾ ਚਾਹੀਦਾ ਹੈ)। ਸ਼ਿਵ ਕੁਮਾਰ ਬਟਾਲਵੀ ਰੁੱਖਾਂ ਵਿਚੋਂ ਪੁੱਤ, ਨੂੰਹਾਂ-ਧੀਆਂ, ਮਾਂ-ਬਾਪ, ਦਾਦੀ-ਦਾਦਾ, ਮਿੱਤਰ-ਬੇਲੀ ਅਤੇ ਮਹਿਬੂਬਾ ਨੂੰ ਵੇਖਦਾ ਹੈ। ਸ਼ਿਵ ਖ਼ੁਦ ਰੁੱਖ ਦੀ ਜੂਨ ਹੰਢਾਉਣਾ ਲੋਚਦਾ ਹੈ, '' ਮੇਰਾ ਵੀ ਦਿਲ ਕਰਦਾ ਏ/ਰੁੱਖ ਦੀ ਜੂਨੇ ਆਵਾਂ। ਜੇ ਤੁਸਾਂ ਮੇਰਾ ਗੀਤ ਹੈ ਸੁਣਨਾ/ਮੈਂ ਰੁੱਖਾਂ ਵਿਚ ਗਾਵਾਂ।'' ਸ਼ਿਵ ਵਾਂਗ ਬਾਰਸੀਲੋਨਾ ਦੇ ਓਪੇਰਾ ਹਾਊਸ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਕਲਾਕਾਰ ਵੀ ਅਵੱਸ਼ ਸੀਟਾਂ 'ਤੇ ਰੱਖੇ ਬੂਟਿਆਂ 'ਚੋਂ ਤਮਾਮ ਰਿਸ਼ਤਿਆਂ ਦਾ ਦੀਦਾਰ ਕਰ ਰਹੇ ਹੋਣਗੇ। ਬੂਟਿਆਂ ਦੇ ਝੂਮਣ ਵੇਲੇ ਦੀ ਸਰਸਰਾਹਟ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਤੋਂ ਵਧੇਰੇ ਸਕੂਨ ਦਿੰਦੀ ਹੋਵੇਗੀ। ਵਿਸ਼ਵ ਭਰ 'ਚ ਕੋਰੋਨਾ ਮਹਾਮਾਰੀ ਨੇ ਅਨੇਕਾਂ ਕੀਮਤੀ ਜ਼ਿੰਦਗੀਆਂ ਲੀਲ੍ਹ ਲਈਆਂ ਹਨ ਪਰ ਨਾਲ ਹੀ ਇਸ ਨੇ ਸਾਨੂੰ ਵਾਤਾਵਰਨ ਨਾਲ ਕੀਤੇ ਗਏ ਖਿਲਵਾੜ ਦਾ ਵੀ ਅਹਿਸਾਸ ਕਰਵਾਇਆ ਹੈ। ਮਨੁੱਖ ਨੇ ਹਰੇ-ਭਰੇ ਰੁੱਖਾਂ ਦੀ ਅੰਨ੍ਹੇਵਾਹ ਕੱਟ-ਕਟਾਈ ਕਰ ਕੇ ਕੰਕਰੀਟ ਦੇ ਜੰਗਲ ਆਬਾਦ ਕਰ ਲਏ। ਕੁਦਰਤੀ ਸਰੋਤਾਂ ਦੇ ਨਾਸ਼ ਤੋਂ ਬਾਅਦ ਕੀਤਾ ਗਿਆ ਵਿਕਾਸ ਦਰਅਸਲ ਵਿਨਾਸ਼ ਦਾ ਹੀ ਸੁਨੇਹਾ ਸੀ। ਸਮੇਂ ਨੂੰ ਪੁੱਠਾ ਗੇੜਾ ਦੇਣ ਵਾਂਗ। ਖੂਹ ਦੀਆਂ ਟਿੰਡਾਂ ਨੂੰ ਪੁੱਠਾ ਗੇੜ ਕੇ ਚੁਬੱਚਿਆਂ ਅਤੇ ਖਾਲਾਂ ਨੂੰ ਪਾਣੀ ਨਾਲ ਨਹੀਂ ਭਰਿਆ ਜਾ ਸਕਦਾ। ਮਨੁੱਖ ਨੇ ਪਹੀਆ ਈਜਾਦ ਕਰ ਕੇ ਵਿਕਾਸ ਵੱਲ ਲੰਬੀ ਪੁਲਾਂਘ ਪੁੱਟੀ ਸੀ। ਪਹੀਏ ਦੀ ਬਦੌਲਤ ਗੱਡੇ, ਫਿਰ ਗੱਡੀਆਂ ਤੇ ਫਿਰ ਹਵਾਈ ਜਹਾਜ਼ ਆਦਿ ਬਣ ਗਏ। ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਮਸ਼ੀਨਰੀ 'ਚ ਲੱਗੀਆਂ ਗਰਾਰੀਆਂ ਵੀ ਪਹੀਏ ਦੀ ਦੇਣ ਹਨ। ਘੁਮਿਆਰ ਦਾ ਚੱਕ ਹੋਵੇ ਜਾਂ ਠੇਲ੍ਹੇ ਦਾ ਚੱਕਾ, ਇਸ ਨੇ ਮਨੁੱਖ ਨੂੰ ਫਰਸ਼ ਤੋਂ ਅਰਸ਼ 'ਤੇ ਪਹੁੰਚਾ ਦਿੱਤਾ ਸੀ। ਫਿਰ ਮਨੁੱਖ ਖ਼ੁਦ ਨੂੰ ਮਹਾਬਲੀ ਹੋਣ ਦੀ ਖਤਾ ਖਾ ਬੈਠਾ ਜਿਸ ਦਾ ਉਹ ਅੱਜ ਖ਼ਮਿਆਜ਼ਾ ਭੁਗਤ ਰਿਹਾ ਹੈ। ਮਹਾ-ਮਹੀਨ ਕੋਰੋਨਾ ਨੇ ਪਹੀਏ ਨੂੰ ਐਸੀਆਂ ਬਰੇਕਾਂ ਲਗਾਈਆਂ ਕਿ ਉਹ ਅੰਬਰ 'ਤੇ ਉੱਡਣਾ ਤਾਂ ਕੀ ਧਰਤੀ 'ਤੇ ਰੀਂਗਣ ਤੋਂ ਵੀ ਤ੍ਰਹਿਣ ਲੱਗ ਪਿਆ। ਵਿਸ਼ਵ ਨੂੰ ਪਿੰਡ ਸਮਝਣ ਵਾਲਾ ਮਨੁੱਖ ਆਪਣੇ ਹੀ ਪਿੰਡ ਦੇ ਲਾਲਡੋਰੇ ਕੀ, ਘਰ ਦੀ ਚਾਰਦੀਵਾਰੀ 'ਚ ਹੀ ਕੈਦ ਹੋ ਕੇ ਰਹਿ ਗਿਆ। ਕੋਰੋਨਾ ਨੇ ਮਨੁੱਖ ਨੂੰ ਅਹਿਸਾਸ ਕਰਵਾ ਦਿੱਤਾ ਕਿ ਉਹ 'ਮਿੱਟੀ ਦੇ ਪੁਤਲੇ' ਤੋਂ ਵੱਧ ਕੇ ਕੁਝ ਵੀ ਨਹੀਂ ਜਿਸ ਦਾ ਸੂਤਰਧਾਰ ਅਦਿੱਖ ਹੈ। ਇਸ ਮਿੱਟੀ ਨੇ ਆਖ਼ਰ ਜਰਜਰ ਹੋਣਾ ਹੀ ਹੁੰਦਾ ਹੈ। ਗੁਰਬਾਣੀ 'ਚ ਅੰਕਿਤ ਹੈ, ''ਕਾਚੀ ਮਟੁਕੀ ਬਿਨਸਿ ਬਿਨਾਸਾ।'' ਮਨੁੱਖ ਪਤਾ ਨਹੀਂ ਕਿਉਂ ਭੁੱਲ ਬੈਠਾ ਕਿ ਕੁਦਰਤ ਉਸ ਕਾਦਰ ਦਾ ਹੀ ਸਵੈ-ਪ੍ਰਗਟਾਵਾ ਹੈ ਤੇ ਸੁੰਦਰਤਾ ਰੱਬ ਦੀ ਹੱਥ ਲਿਖਤ ਹੈ। ਤਿਤਲੀਆਂ ਅਤੇ ਕੀਟ ਫੁੱਲਾਂ ਦੇ ਪਰਾਗ-ਕਣ, ਪਰਾਗ-ਕੋਸ਼ ਵਿਚ ਲਿਜਾ ਕੇ ਕੁਦਰਤ ਵਿਚ ਰੰਗ ਭਰਦੇ ਹਨ। ਪਰਾਗਣ ਦੀ ਇਸ ਪ੍ਰਕਿਰਿਆ ਨੇ ਹੀ ਕੁਦਰਤ ਨੂੰ ਖ਼ੂਬਸੂਰਤੀ ਬਖ਼ਸ਼ੀ ਹੈ। 'ਸ਼ਬਦਾਂ ਦੀਆਂ ਲਿਖਤਾਂ' ਵਿਚ ਜੀਐੱਸ ਰਿਆਲ ਨੇ ਬੂਟਿਆਂ-ਬਰੋਟਿਆਂ ਅਤੇ ਕੁਦਰਤੀ ਸਰੋਤਾਂ ਦੇ ਮਹਾਤਮ ਬਾਰੇ ਚਾਨਣਾ ਪਾਉਂਦਿਆਂ ਲਿਖਿਆ ਹੈ, ''ਕੋਈ ਸਮਾਂ ਸੀ ਜਦੋਂ ਮਾਨਵ ਪ੍ਰਕਿਰਤੀ ਦਾ ਬੜਾ ਸ਼ਰਧਾਲੂ ਅਤੇ ਸੇਵਕ ਸੀ। ਉਸ ਨੇ ਅੱਗ, ਪਾਣੀ, ਸੂਰਜ ਆਦਿ ਨੂੰ ਦੇਵਤਿਆਂ ਵਜੋਂ ਪੂਜਣਾ ਆਰੰਭ ਕੀਤਾ। ਬਨਸਪਤੀ ਨੂੰ ਮਾਨਤਾ ਦਿੰਦਿਆਂ ਪਿੱਪਲ ਨੂੰ ਵਿਸ਼ਨੂੰ ਭਗਵਾਨ ਦੀ ਪਦਵੀ 'ਤੇ ਬਿਠਾ ਦਿੱਤਾ। ਤੂਤ ਦੇ ਬਿਰਛ ਨੂੰ ਬ੍ਰਹਮਾ ਨਾਲ ਉਪਮਾ ਦਿੱਤੀ। ਕੇਲੇ ਦੇ ਕਹਿਰਾਂ ਦੇ ਕੋਮਲ ਤੇ ਲਚ-ਲਚ ਕਰਦੇ ਬੂਟੇ ਨੂੰ ਇਕ ਅਜਿਹੇ ਕੋਣ ਤੋਂ ਦੇਖਿਆ ਕਿ ਇਸ ਨੂੰ ਇੰਦਰ ਦੇਵਤੇ ਦੀ ਸਭ ਤੋਂ ਸੁੰਦਰ ਅਪਸਰਾ ਰੰਭਾ ਦਾ ਹਾਣੀ ਬਣਾ ਦਿੱਤਾ। (ਛਬਿ ਧਾਰੇ ਰੰਭਾ ਬਾਗ ਜਿਉ)। ਇੰਜ ਹੀ ਬੰਗਾਲੀ ਕੇਲਾ-ਬਾਹੂ (ਕੇਲਾ-ਵਧੂ) ਇਕ ਰਸਮ ਦਾ ਨਾਂ ਹੈ ਜਿਸ ਅਨੁਸਾਰ ਕੇਲੇ ਨੂੰ ਲਾੜੀ ਦਾ ਰੂਪ ਦੇ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਵਿਗਿਆਨ ਅਤੇ ਸਨਅਤਕਾਰੀ ਦੇ ਖੇਤਰ ਵਿਚ ਮੱਲਾਂ ਮਾਰਦਿਆਂ ਮਾਨਵ ਨੇ ਇਕ ਅਜਿਹੀ ਜੀਵਨ-ਵਿਧੀ ਨੂੰ ਜੀਵਨ ਦਿੱਤਾ ਹੈ ਜੋ ਪ੍ਰਕ੍ਰਿਤਕ ਨਿਯਮਾਂ ਦੇ ਪ੍ਰਤੀਕੂਲ, ਅਰਥਾਤ ਗ਼ੈਰ-ਕੁਦਰਤੀ ਹੈ। ਸਾਡੀ ਨਿੱਤ ਵੱਧਦੀ ਵਸੋਂ ਜੰਗਲਾਂ ਨੂੰ, ਜੋ ਕੁਦਰਤ ਦਾ ਸਾਖ਼ਸ਼ਾਤ ਰੂਪ ਅਤੇ ਉਸ ਦੀ ਰਾਖਵੀਂ ਅਮਲਦਾਰੀ ਹੈ, ਹੜੱਪ ਕਰਦੀ ਜਾ ਰਹੀ ਹੈ। ਕੁਦਰਤੀ ਵਸੀਲਿਆਂ ਦੀ ਅਸਾਧਾਰਨ ਵਰਤੋਂ ਨਾਲ ਕਈ ਜੀਵ ਅਤੇ ਬਨਸਪਤ ਜਾਤੀਆਂ ਲੋਪ ਹੋ ਗਈਆਂ ਹਨ। ਮਾਨਵ ਵੀ ਤਾਂ ਆਖ਼ਰ ਬਾਕੀ ਸ੍ਰਿਸ਼ਟੀ ਵਾਂਗ ਪ੍ਰਕਿਰਤੀ ਦਾ ਹੀ ਇਕ ਅੰਗ ਹੈ। ਵਾਤਾਵਰਨ ਦੀ ਇਹ ਬਦਹਾਲੀ ਆਦਮ-ਜਾਤ ਦੀ ਹੋਂਦ ਲਈ ਵੀ ਖ਼ਤਰਾ ਬਣਾ ਸਕਦੀ ਹੈ।'' ਬਾਰਸੀਲੋਨਾ ਦੇ ਓਪੇਰਾ ਹਾਊਸ 'ਚ ਆਯੋਜਿਤ ਸਮਾਗਮ ਇਸੇ ਅਲਾਮਤ ਦਾ ਸੁਨੇਹਾ ਹੈ।

Posted By: Sunil Thapa