-ਗਿਰੀਸ਼ਵਰ ਮਿਸ਼ਰ

ਲਗਪਗ ਇਕ ਸਦੀ ਬਾਅਦ ਆਈ ਮਹਾਮਾਰੀ ਦੇ ਅਣਕਿਆਸੇ ਪ੍ਰਕੋਪ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਸਿਹਤ ਸਬੰਧੀ ਬਿਪਤਾਵਾਂ ਸਥਾਨਕ ਜਾਂ ਖੇਤਰੀ ਵਿਸਥਾਰ ਤਕ ਸੀਮਤ ਰਹਿੰਦੀਆਂ ਸਨ ਪਰ ਕੋਵਿਡ-19 ਮਹਾਮਾਰੀ ਤੋਂ ਉਪਜੀ ਸਿਹਤ ਸਬੰਧੀ ਸਮੱਸਿਆ ਵਿਸ਼ਵ-ਵਿਆਪੀ ਹੈ ਅਤੇ ਇਸ ਦੀ ਦੂਜੀ ਲਹਿਰ ਪੂਰੇ ਭਾਰਤ ’ਤੇ ਜ਼ਿਆਦਾ ਹੀ ਭਾਰੂ ਪੈ ਰਹੀ ਹੈ।

ਇਸ ਦੇ ਇਨਫੈਕਸ਼ਨ ਦੀਆਂ ਵਿਧਾਵਾਂ ਇੰਨੇ ਤਰ੍ਹਾਂ-ਤਰ੍ਹਾਂ ਦੀਆਂ ਮਿਲ ਰਹੀਆਂ ਹਨ ਅਤੇ ਉਸ ਦੇ ਲੱਛਣਾਂ ਦੀ ਵੰਨ-ਸੁਵੰਨਤਾ ਇੰਨੇ ਵਿਲੱਖਣ ਰੂਪ ਨਾਲ ਪਰਿਵਰਤਨਸ਼ੀਲ ਹੈ ਕਿ ਉਸ ਦੀ ਪਛਾਣ ਵਿਚ ਅਕਸਰ ਟਪਲਾ ਖਾਣ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਲੋਕਾਂ ਦੀ ਜਾਨ ’ਤੇ ਬਣ ਰਹੀ ਹੈ। ਸਿਹਤ ਵਿਗਿਆਨ ਦੀਆਂ ਹਾਲੀਆ ਖੋਜਾਂ ਇਸ ਵਾਇਰਸ ਦੇ ਸਰੂਪ ਵਿਚ ਤਬਦੀਲੀ ਦੀਆਂ ਵੀ ਕਈ ਕਿਸਮਾਂ ਨੂੰ ਰੇਖਾਂਕਿਤ ਕਰ ਰਹੀਆਂ ਹਨ। ਰੋਗ ਦੇ ਇਲਾਜ ਦੀ ਕਾਰਗਰ ਦਵਾਈ ਦੀ ਤਲਾਸ਼ ਅਜੇ ਵੀ ਜਾਰੀ ਹੈ।

ਜੋ ਇਲਾਜ ਚੱਲ ਰਿਹਾ ਹੈ, ਉਹ ਸਰੀਰ ਦੀ ਵਿਵਸਥਾ ਦੀਆਂ ਕਮੀਆਂ ਦੇ ਪ੍ਰਬੰਧਨ ਦੀ ਵਿਧੀ ’ਤੇ ਨਿਰਭਰ ਹੈ। ਸਾਵਧਾਨੀ ਨਾਲ ਕੁਸ਼ਲ ਸਿਹਤ ਪ੍ਰਬੰਧਨ ਸਮੇਂ ਸਿਰ ਮੁਹੱਈਆ ਕਰਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਸਾਹ ਦੀ ਪ੍ਰਕਿਰਿਆ ਵਿਚ ਹੀ ਜੀਵਨ-ਤੰਤੂ ਵਸਦਾ ਹੈ ਅਤੇ ਕੋਵਿਡ ਦੀ ਖ਼ਤਰਨਾਕ ਚੋਟ ਨੱਕ, ਗਲੇ ਅਤੇ ਫੇਫੜਿਆਂ ਵਰਗੇ ਸੰਵੇਦਨਸ਼ੀਲ ਅੰਗਾਂ ’ਤੇ ਅਸਰ ਕਰਦੀ ਹੈ। ਇਸ ਨੂੰ ਰੋਕਣਾ ਅਤੇ ਇਸ ਦੇ ਅਸਰ ਨਾਲ ਸਮੇਂ ਸਿਰ ਨਿਪਟਣਾ ਜੰਗੀ ਪੱਧਰ ’ਤੇ ਇਲਾਜ ਦੀ ਉਮੀਦ ਕਰਦਾ ਹੈ। ਜੇਕਰ ਸਮਾਂ ਰਹਿੰਦੇ ਸਾਹ ਤੰਤਰ ਨੂੰ ਆਮ ਵਾਂਗ ਨਹੀਂ ਬਣਾਇਆ ਜਾਂਦਾ ਤਾਂ ਜੀਵਨ ਖ਼ਤਰੇ ਵਿਚ ਪੈਣ ਲੱਗਦਾ ਹੈ। ਕੋਰੋਨਾ ਦੀ ਦਸਤਕ ਤੋਂ ਬਾਅਦ ਇਨਫੈਕਸ਼ਨ ਨੂੰ ਘੱਟ ਕਰਨ ਲਈ ਸੈਨੇਟਾਈਜ਼ੇਸ਼ਨ, ਮਾਸਕ ਅਤੇ ਦੋ ਗਜ਼ ਦੀ ਦੂਰੀ ਬਣਾਈ ਰੱਖਣ ਦੀ ਵਿਵਸਥਾ ਕੀਤੀ ਗਈ ਅਤੇ ਤਾਕੀਦ ਕੀਤੀ ਗਈ ਕਿ ਭੀੜ ਨਾ ਜੁਟੇ। ਟੀਕਾਕਰਨ ਵੀ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਉਸ ਦਾ ਦਾਇਰਾ ਵਧਾਇਆ ਜਾਣ ਲੱਗਾ।

ਮੁਸ਼ਕਲਾਂ ਨੂੰ ਧਿਆਨ ਵਿਚ ਰੱਖ ਕੇ ਸਕੂਲਾਂ ਅਤੇ ਹੋਰ ਸੰਸਥਾਵਾਂ ਵਿਚ ਆਨਲਾਈਨ ਕੰਮ ਕਰਨ ਦੀ ਵਿਵਸਥਾ ਕੀਤੀ ਗਈ। ਇਨ੍ਹਾਂ ਸਭ ਦਾ ਅਸਰ ਵੀ ਦਿਸਣ ਲੱਗਾ ਅਤੇ ਜੰਗ ਜਿੱਤਣ ਵਰਗੀ ਭਾਵਨਾ ਬਣਨ ਲੱਗੀ। ਕਈ ਸੂਬਿਆਂ ਵਿਚ ਵਿਧਾਨ ਸਭਾਵਾਂ ਲਈ ਚੋਣਾਂ ਹੋਈਆਂ, ਵੱਡੀਆਂ-ਵੱਡੀਆਂ ਚੋਣ ਰੈਲੀਆਂ ਅਤੇ ਰੋਡ ਸ਼ੋਅ ਜ਼ਰੀਏ ਚੋਣ ਪ੍ਰਚਾਰ ਵਿਚ ਖ਼ੂਬ ਭੀੜ ਜੁਟੀ ਅਤੇ ਕੋਰੋਨਾ ਵਿਵਸਥਾਵਾਂ ਦੀਆਂ ਧੱਜੀਆਂ ਉੱਡਦੀਆਂ ਰਹੀਆਂ ਅਤੇ ਸਾਰੇ ਬੇਖ਼ਬਰ ਰਹੇ।

ਇਸ ਸਾਲ ਦੇ ਸ਼ੁਰੂ ਵਿਚ ਇਸ ਭਰੋਸੇ ਕਿ ਹੁਣ ਕੋਰੋਨਾ ਮੁਕਤ ਚੰਗੇ ਦਿਨ ਆਉਣ ਵਾਲੇ ਹਨ, ਮਹਾਨਗਰਾਂ ਤੋਂ ਜੋ ਲੋਕ ਆਪਣੇ ਪਿੰਡਾਂ ਨੂੰ ਵਾਪਸ ਆਏ ਸਨ, ਉਹ ਆਪਣੇ ਰੁਜ਼ਗਾਰ ਅਤੇ ਕੰਮ-ਧੰਦੇ ਲਈ ਆਪੋ-ਆਪਣੇ ਮੁਕਾਮ ’ਤੇ ਪਰਤਣ ਲੱਗੇ। ਇੰਜ ਲੱਗਣ ਲੱਗਾ ਜਿਵੇਂ ਸਭ ਕੁਝ ਲੀਹੇ ਪੈਣ ਵਾਲਾ ਹੈ ਪਰ ਗਲਫਤ ਉਦੋਂ ਦੂਰ ਹੋ ਗਈ ਜਦ ਇਨਫੈਕਸ਼ਨ ਦੀ ਦੂਜੀ ਲਹਿਰ ਆਈ। ਦੂਜੀ ਲਹਿਰ ਵਿਚ ਮਹਾਮਾਰੀ ਜਿਸ ਤੇਜ਼ ਰਫ਼ਤਾਰ ਨਾਲ ਆਪਣੇ ਪੈਰ ਪਸਾਰ ਰਹੀ ਹੈ ਅਤੇ ਜਿਸ ਤਰ੍ਹਾਂ ਕਈ-ਕਈ ਲੱਖ ਲੋਕ ਰੋਜ਼ ਇਸ ਦੀ ਲਪੇਟ ਵਿਚ ਆ ਰਹੇ ਹਨ, ਉਸ ਤੋਂ ਸਾਰੇ ਹੈਰਾਨ-ਪਰੇਸ਼ਾਨ ਹਨ।

ਮਹਾਮਾਰੀ ਦੇ ਪ੍ਰਸਾਰ ਅਤੇ ਜੀਵਨ ਦੇ ਤੇਜ਼ੀ ਨਾਲ ਹੋ ਰਹੇ ਨਾਸ ਦੀ ਕਹਾਣੀ ਦਿਲ ਨੂੰ ਦਹਿਲਾਉਣ ਵਾਲੀ ਹੁੰਦੀ ਜਾ ਰਹੀ ਹੈ। ਇਸ ਦੀ ਆਗੋਸ਼ ਵਿਚ ਨੌਜਵਾਨ ਵਰਗ ਵੀ ਆਉਣ ਲੱਗਾ ਹੈ ਅਤੇ ਇਨਫੈਕਸ਼ਨ ਦੇ ਹਵਾ ਜ਼ਰੀਏ ਹੋਣ ਦੀ ਪੁਸ਼ਟੀ ਨੇ ਅਨਜਾਣ ਜਿਹਾ ਭੈਅ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਆਮ ਜਨਤਾ ਵਿਚ ਭਰਮ ਅਤੇ ਭੈਅ ਵਾਲਾ ਮਾਹੌਲ ਬਣ ਰਿਹਾ ਹੈ। ਟੀਵੀ ’ਤੇ ਪੁਸ਼ਟੀ ਵਾਲੀਆਂ-ਗ਼ੈਰ-ਪੁਸ਼ਟੀ ਵਾਲੀਆਂ ਸੂਚਨਾਵਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਦੇਖ ਕੇ ਮਨ ਨੂੰ ਦਿਲਾਸਾ ਦਿਵਾਉਣ ਦੀ ਜਗ੍ਹਾ ਮੌਤ ਦੇ ਮੰਡਰਾਉਣ ਦਾ ਅਹਿਸਾਸ ਵੱਧਦਾ ਜਾ ਰਿਹਾ ਹੈ। ਇਸ ਮਾਹੌਲ ਵਿਚ ਜਿਸ ਸਬਰ ਅਤੇ ਸੰਜਮ ਨਾਲ ਸਿਹਤਮੰਦ ਜੀਵਨ-ਸ਼ੈਲੀ ਅਪਨਾਉਣ ਦੀ ਜ਼ਰੂਰਤ ਹੈ, ਉਸ ਵੱਲ ਬਹੁਤ ਥੋੜ੍ਹੇ ਟੀਵੀ ਚੈਨਲ ਧਿਆਨ ਦੇ ਰਹੇ ਹਨ।

ਅਜਿਹੇ ਵਿਚ ਚਿੰਤਾ, ਭੈਅ ਅਤੇ ਦੁਚਿੱਤੀ ਦੀਆਂ ਮਨੋਬਿਰਤੀਆਂ ਭਾਰੂ ਪੈ ਰਹੀਆਂ ਹਨ। ਲੋਕ ਦਹਿਸ਼ਤ ਵਿਚ ਆ ਰਹੇ ਹਨ। ਜੀਵਨ ਦੀ ਡੋਰ ਕਮਜ਼ੋਰ ਲੱਗਣ ਲੱਗੀ ਹੈ। ਭਾਰਤ ਦੀ ਆਬਾਦੀ, ਜਨਸੰਖਿਆ ਦੀ ਘਣਤਾ, ਵਾਤਾਵਰਨ-ਪ੍ਰਦੂਸ਼ਣ ਅਤੇ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ, ਸਿਹਤ-ਸਹੂਲਤਾਂ ਦੀ ਅਣਦੇਖੀ ਅਤੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਵਰਗੇ ਬਦਲਾਅ ਨੇ ਆਮ ਨਾਗਰਿਕ ਲਈ ਸਿਹਤਮੰਦ ਰਹਿਣ ਦੀ ਚੁਣੌਤੀ ਨੂੰ ਜ਼ਿਆਦਾ ਹੀ ਜਟਿਲ ਬਣਾ ਦਿੱਤਾ ਹੈ।

ਬੀਤੇ ਕੁਝ ਸਾਲਾਂ ਵਿਚ ਸਿਹਤ ਸੇਵਾਵਾਂ ਦੀ ਲੰਗੜਾਉਂਦੀ ਸਰਕਾਰੀ ਵਿਵਸਥਾ ਦਾ ਹੋਰ ਵੀ ਭੱਠਾ ਬੈਠਦਾ ਗਿਆ। ਸਿਹਤ ਖੇਤਰ ਵਿਚ ਨਿੱਜੀਕਰਨ ਨੇ ਸਿਹਤ ਸਹੂਲਤਾਂ ਤਕ ਪਹੁੰਚ ਨੂੰ ਆਮ ਜਨਤਾ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ। ਨਿੱਜੀ ਖੇਤਰ ਵਿਚ ਜਨ ਸੇਵਾ ਦੀ ਜਗ੍ਹਾ ਮੁਨਾਫ਼ਾ ਕਮਾਉਣਾ ਹੀ ਮੁੱਖ ਟੀਚਾ ਬਣ ਗਿਆ। ਦੂਜੇ ਪਾਸੇ ਇਸ ਦਾ ਦਬਾਅ ਸਹਾਰ ਰਹੀ ਜਨਤਾ ਦੇ ਸਮਾਜਿਕ, ਨੈਤਿਕ ਅਤੇ ਆਰਥਿਕ ਆਚਰਨ ਵਿਚ ਤਰੁੱਟੀਆਂ ਵੀ ਆਉਣ ਲੱਗੀਆਂ। ਕੋਵਿਡ ਵਰਗੀ ਤ੍ਰਾਸਦੀ ਨੇ ਸਭ ਦੀ ਪੋਲ ਖੋਲ੍ਹ ਦਿੱਤੀ ਹੈ ਪਰ ਉਸ ਦਾ ਠੀਕਰਾ ਹਰ ਕੋਈ ਦੂਜੇ ਦੇ ਸਿਰ ’ਤੇ ਭੰਨਣ ਨੂੰ ਤਤਪਰ ਹੈ ਅਤੇ ਜੀਵਨ-ਮੌਤ ਦੇ ਸਵਾਲ ਵਿਚ ਵੀ ਸਿਆਸੀ ਫ਼ਾਇਦਾ ਲੱਭਿਆ ਜਾ ਰਿਹਾ ਹੈ। ਫਰਵਰੀ ਤਕ ਕੋਵਿਡ ਦੇ ਅਸਰ ਵਿਚ ਗਿਰਾਵਟ ਦਿਸਣ ਕਾਰਨ ਸਭ ਦੇ ਨਜ਼ਰੀਏ ਵਿਚ ਢਿੱਲ-ਮੱਠ ਆ ਗਈ।

ਇੰਨੀ ਕਿ ਕਿਤੇ-ਕਿਤੇ ਜੋ ਸਿਹਤ ਸਹੂਲਤਾਂ ਕੋਵਿਡ ਲਈ ਸ਼ੁਰੂ ਹੋਈਆਂ ਸਨ, ਉਨ੍ਹਾਂ ਨੂੰ ਬੰਦ ਜਾਂ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਆਮ ਆਦਮੀ ਰਾਹਤ ਦਾ ਸਾਹ ਲੈਣ ਲੱਗਾ। ਬਾਜ਼ਾਰਾਂ ਅਤੇ ਵੱਖ-ਵੱਖ ਆਯੋਜਨਾਂ ਵਿਚ ਭੀੜ ਵਧਣ ਲੱਗੀ ਅਤੇ ਸਰੀਰਕ ਦੂਰੀ ਬਣਾਈ ਰੱਖਣ ਅਤੇ ਮਾਸਕ ਲਗਾਉਣ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲੱਗਾ ਪਰ ਮਾਰਚ ਵਿਚ ਸਭ ਕੁਝ ਬਦਲਣ ਲੱਗਾ।

ਅਚਾਨਕ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਅਤੇ ਫਿਰ ਜੋ ਹਫੜਾ-ਦਫੜੀ ਮਚੀ, ਉਸ ਦਾ ਕਿਸੇ ਨੂੰ ਅਨੁਮਾਨ ਨਹੀਂ ਸੀ। ਅੱਜ ਮਰੀਜ਼ ਅਤੇ ਹਸਪਤਾਲ ਸਾਰੇ ਤ੍ਰਾਹੀਮਾਮ ਕਰ ਰਹੇ ਹਨ। ਦਿੱਲੀ, ਮੁੰਬਈ ਤੋਂ ਲੈ ਕੇ ਸਾਰੇ ਵੱਡੇ ਸ਼ਹਿਰਾਂ ਵਿਚ ਸਿਹਤ ਢਾਂਚਾ ਢਹਿ-ਢੇਰੀ ਹੋਣ ਲੱਗਾ ਅਤੇ ਹਸਪਤਾਲਾਂ ਵਿਚ ਬੈੱਡ, ਦਵਾਈਆਂ ਅਤੇ ਆਕਸੀਜਨ ਦੀ ਕਿੱਲਤ ਸ਼ੁਰੂ ਹੋ ਗਈ। ਇਨ੍ਹਾਂ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ। ਨੈਤਿਕਤਾ ਅਤੇ ਮਨੁੱਖਤਾ ਨੂੰ ਦਰਕਿਨਾਰ ਕਰ ਕੇ ਬਾਜ਼ਾਰ ਵਿਚ ਕਈ ਗੁਣਾ ਮਹਿੰਗੇ ਮੁੱਲ ’ਤੇ ਦਵਾਈਆਂ ਅਤੇ ਟੀਕੇ ਵਿਕਣ ਲੱਗੇ। ਅੱਜ ਦੀ ਤ੍ਰਾਸਦੀ ਇਹ ਵੀ ਹੈ ਕਿ ਸਰਕਾਰੀ ਵਿਵਸਥਾ ਅਜਿਹੀ ਹੈ ਕਿ ਲੋਕ ਉੱਥੇ ਜਾਣ ਤੋਂ ਘਬਰਾ ਰਹੇ ਹਨ। ਅੱਜ ਸਭ ਪਾਸੇ ਰੋਗੀਆਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਹਸਪਤਾਲਾਂ ਦੇ ਅੰਦਰ-ਬਾਹਰ ਲੋਕ ਮਦਦ ਲਈ ਤਰਸ ਰਹੇ ਹਨ।

ਆਕਸੀਜਨ ਦੀ ਕਮੀ ਜਿਸ ਤਰ੍ਹਾਂ ਵਧੀ ਅਤੇ ਰੋਗੀਆਂ ਦੇ ਪ੍ਰਾਣ ਸੰਕਟ ਵਿਚ ਪੈ ਰਹੇ ਹਨ, ਉਸ ਨੂੰ ਦੇਖਦੇ ਹੋਏ ਸਰਕਾਰੀ ਤਿਆਰੀ ਅਤੇ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਮੁੰਬਈ ਦੇ ਇਕ ਹਸਪਤਾਲ ਵਿਚ ਅੱਗ ਲੱਗਣ ਨਾਲ ਮਰੀਜ਼ ਮਰਦੇ ਹਨ ਅਤੇ ਨਾਸਿਕ ਵਿਚ ਆਕਸੀਜਨ ਲੀਕ ਹੋਣ ਕਾਰਨ। ਰਾਜਧਾਨੀ ਦਿੱਲੀ ਦੀ ਇਸ ਖ਼ਬਰ ਨੇ ਕਿ ਸਰ ਗੰਗਾਰਾਮ ਵਰਗੇ ਵੱਡੇ ਹਸਪਤਾਲ ਵਿਚ ਰੋਗੀਆਂ ਨੇ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਦਿੱਤਾ, ਸਿਹਤ ਦੇ ਖੇਤਰ ਵਿਚ ਕੌਮੀ ਐਮਰਜੈਂਸੀ ਦਾ ਹੀ ਨਗਾਰਾ ਵਜਾ ਦਿੱਤਾ।

ਕਰਨਾਟਕ ’ਚ ਮੈਸੂਰ ਜ਼ਿਲੇ੍ਹ ਦੇ ਇਕ ਹਸਪਤਾਲ ਵਿਚ ਵੀ ਆਕਸੀਜਨ ਦੀ ਘਾਟ ਕਾਰਨ ਹੀ 23 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਹੋਰ ਵੀ ਅਨੇਕਾਂ ਹਸਪਤਾਲਾਂ ਤੋਂ ਸਾਹਮਣੇ ਆ ਰਹੀਆਂ ਹਨ। ਅਸੀਂ ਸਾਰੇ ਇੰਨੇ ਬੇਵੱਸ ਕਿਵੇਂ ਹੋ ਰਹੇ ਹਾਂ ਅਤੇ ਕਿੱਥੇ ਪੁੱਜਾਂਗੇ, ਇਹ ਵੱਡਾ ਸਵਾਲ ਹੈ ਪਰ ਤਤਕਾਲ ਜ਼ਰੂਰਤ ਇਹ ਹੈ ਕਿ ਮਹਾਮਾਰੀ ਤੋਂ ਉਪਜੀ ਤ੍ਰਾਸਦੀ ਦਾ ਸਾਰੇ ਵੈਰ-ਵਿਰੋਧਾਂ ਤੋਂ ਮੁਕਤ ਹੋ ਕੇ ਸਾਹਮਣਾ ਕੀਤਾ ਜਾਵੇ।

ਜੀਵਨ ਦੀ ਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਜੇਕਰ ਜੀਵਨ ਬਚਿਆ ਰਹੇ ਤਾਂ ਸਭ ਕੁਝ ਫਿਰ ਹੋ ਸਕੇਗਾ। ਚੇਤੇ ਰੱਖੋ, ਜੀਵਨ ਦਾ ਕੋਈ ਬਦਲ ਨਹੀਂ ਹੈ। ‘ਜਾਨ ਹੈ ਤਾਂ ਜਹਾਨ ਹੈ’ ਵਾਲੀ ਅਖੌਤ ਨੂੰ ਜਨਤਾ ਦੇ ਨਾਲ-ਨਾਲ ਸ਼ਾਸਨ-ਪ੍ਰਸ਼ਾਸਨ ਜਿੰਨੀ ਜਲਦੀ ਚੰਗੀ ਤਰ੍ਹਾਂ ਸਮਝ ਲਵੇ, ਓਨਾ ਹੀ ਚੰਗਾ ਹੈ ਅਤੇ ਉਸ ਵਿਚ ਸਾਰਿਆਂ ਦੀ ਭਲਾਈ ਹੈ।

-(ਲੇਖਕ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਕੁਲਪਤੀ ਹੈ)।

-response0jagran.com

Posted By: Susheel Khanna