ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਲੋਕਾਂ ਦੀ ਮੌਤ ਦੀ ਜ਼ਿੰਮੇਵਾਰੀ ਸ਼ਰਾਬ ਮਾਫ਼ੀਆ ਅਤੇ ਕੁਝ ਰਿਸ਼ਵਤਖੋਰ ਪੁਲਿਸ ਅਫ਼ਸਰਾਂ ਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਅਫ਼ਸਰਾਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਨਾ ਬਣਦਾ ਹੈ। ਮੌਤਾਂ ਦੇ ਸੱਥਰ ਵਿਛਾਉਣ ਵਾਲਾ ਵਾਪਰਿਆ ਇਹ ਦਿਲ ਕੰਬਾਊ ਦੁਖਾਂਤ ਪੁਲਿਸ ਦੀ ਕਥਿਤ ਰਿਸ਼ਵਤਖੋਰੀ ਦਾ ਨਤੀਜਾ ਹੈ। ਕਿਹਾ ਜਾਂਦਾ ਹੈ ਕਿ ਉਹ ਨਸ਼ਿਆਂ ਦੇ ਵਪਾਰੀਆਂ ਨਾਲ ਰਲੀ ਹੋਣ ਕਰ ਕੇ ਪੰਜਾਬ ਅੰਦਰ ਗ਼ੈਰ-ਕਾਨੂੰਨੀ ਨਸ਼ਿਆਂ ਦੀ ਸਮੱਗਲਿੰਗ ਨੂੰ ਉੇਤਸ਼ਾਹਿਤ ਕਰਦੀ ਹੈ। ਅਜਿਹੇ ਕਾਂਡ ਪਹਿਲੋਂ ਵੀ ਵਾਪਰਦੇ ਆਏ ਹਨ ਅਤੇ ਅਗਾਂਹ ਵੀ ਵਾਪਰਦੇ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਕਾਂਡ ਨਾਲ ਜੁੜੇ ਅਫ਼ਸਰਾਂ ਨੂੰ ਮੁਅੱਤਲ ਕਰਨ ਦੀ ਬਜਾਏ ਡਿਸਮਿਸ ਕਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰ ਕੇ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਪੀੜਤ ਪਰਿਵਾਰਾਂ ਦੇ ਪੜ੍ਹੇ-ਲਿਖੇ ਬੱਚੇ-ਬੱਚੀਆਂ ਨੂੰ ਉਕਤ ਦੁਖਾਂਤ ਦੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਜਗ੍ਹਾ ਨੌਕਰੀਆਂ ਦਿੱਤੀਆਂ ਜਾਣ ਜੋ ਪੰਜਾਬ 'ਚ ਰਿਸ਼ਵਤਖੋਰਾਂ ਲਈ ਇਕ ਮਿਸਾਲੀ ਸਬਕ ਬਣ ਜਾਵੇ। ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਅਜਿਹੇ ਦੁਖਾਂਤ 'ਤੇ ਸਿਅਸਤ ਤੋਂ ਹਟ ਕੇ ਪੀੜਤਾਂ ਦੇ ਹਮਦਰਦ ਬਣਦੇ ਹੋਏ ਉਨ੍ਹਾਂ ਦੇ ਦੁੱਖ 'ਚ ਸ਼ਰੀਕ ਹੋਣ ਦੀ ਨੀਤੀ ਅਪਨਾਉਣੀ ਚਾਹੀਦੀ ਹੈ। ਸੂਬੇ ਦੀ ਹਰ ਰਾਜਸੀ ਪਾਰਟੀ ਨੇ ਚੋਣਾਂ ਜਿੱਤਣ ਲਈ ਪੰਜਾਬ 'ਚ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਬਹੁਤ ਠੁੰਮ੍ਹਣਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਰੱਜ ਕੇ ਸ਼ਰਾਬ ਵੰਡੀ। ਅਜਿਹੇ ਵਿਚ ਨਸ਼ੇ ਨੂੰ ਠੱਲ੍ਹ ਪਾਉਣ ਦੀਆਂ ਖਾਧੀਆਂ ਕਸਮਾਂ ਬੇ-ਮਾਅਨੇ ਹਨ। ਦੂਜੇ ਪਾਸੇ ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਸੱਤਾ ਲਈ ਲਗਪਗ ਸਭ ਸਿਆਸੀ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦੇ ਕਰਦੀਆਂ ਹਨ ਅਤੇ ਸੱਤਾ ਪ੍ਰਾਪਤ ਹੋਣ ਤੋਂ ਬਾਅਦ ਲੋਕਾਂ ਨਾਲ ਕੀਤੇ ਕਰਾਰ ਭੁੱਲ ਜਾਂਦੀਆਂ ਹਨ। ਇਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆ ਕੇ ਭੁਗਤਣਾ ਪੈਂਦਾ ਹੈ। ਨਿਰਦੋਸ਼ਾਂ ਦੀਆਂ ਮੌਤਾਂ ਦਾ ਕਾਰਨ ਬਣ ਰਹੇ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਪੰਜਾਬ 'ਚ ਪੁਲਿਸ ਚੌਕੀ ਪੱਧਰ ਤਕ ਛਾਣਬੀਨ ਕਰਨ ਲਈ ਪੁਲਿਸ ਮਹਿਕਮੇ 'ਚ ਚੰਗੇ ਅਫ਼ਸਰਾਂ ਦੀ ਜ਼ਰੂਰਤ ਹੈ। ਉਨ੍ਹਾਂ ਦੀਆਂ ਸੇਵਾਵਾਂ ਲੈ ਕੇ ਇਸ ਧੰਦੇ 'ਚ ਸ਼ਾਮਲ ਸਮੱਗਲਰਾਂ ਦੇ ਮੱਕੜਜਾਲ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ। ਸਰਕਾਰ ਤੇ ਪ੍ਰਸ਼ਾਸਨ ਦੇ ਇਮਾਨਦਾਰ ਯਤਨ ਹੀ ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਲੋਕਾਂ ਨੂੰ ਬਚਾਅ ਸਕਦੇ ਹਨ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲੱਗਦਾ ਨਹੀਂ ਕਿ ਸ਼ਰਾਬ ਮਾਫ਼ੀਆ ਨੂੰ ਸਰਕਾਰ ਨੱਥ ਪਾਉਣ ਵਿਚ ਕਾਮਯਾਬ ਹੋਵੇਗੀ। ਇਸ ਦੀ ਵਜ੍ਹਾ ਇਹ ਹੈ ਕਿ ਨਸ਼ਾ ਮਾਫ਼ੀਆ ਚਾਂਦੀ ਦੀ ਜੁੱਤੀ ਜੋ ਮਾਰ ਦਿੰਦਾ ਹੈ।

-ਬਲਰਾਜ ਸਿੰਘ, ਵੇਰਕਾ।

ਮੋਬਾਈਲ ਨੰ. : 98884-97576

Posted By: Jagjit Singh