ਇਤਿਹਾਸ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਪੰਜਾਬ ਨੂੰ ਰੰਗਲੇ ਪੰਜਾਬ ਵਜੋਂ ਜਾਣਿਆ ਜਾਂਦਾ ਸੀ ਤੇ ਉਸ ਸਮੇਂ ਬੇਰੁਜ਼ਗਾਰੀ, ਗ਼ਰੀਬੀ, ਭ੍ਰਿਸ਼ਟਾਚਾਰ, ਭੁੱਖਮਰੀ, ਨਸ਼ਾਖੋਰੀ ਆਦਿ ਲਾਹਨਤਾਂ ਦਾ ਸਾਇਆ ਵੀ ਇਸ ਸੂਬੇ ਦੇ ਇਰਦ-ਗਿਰਦ ਨਹੀਂ ਸੀ ਮੰਡਰਾਉਂਦਾ। ਉਸ ਸਮੇਂ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਸੀ। ਉਸ ਸਮੇਂ ਥੋੜ੍ਹਾ-ਬਹੁਤਾ ਗਿਆਨ ਪ੍ਰਾਪਤ ਕਰ ਲੈਣ ’ਤੇ ਵੀ ਵਿਅਕਤੀ ਸਮਾਜ ਵਿਚ ਇੱਜ਼ਤ-ਮਾਣ ਦਾ ਭਾਗੀਦਾਰ ਮੰਨਿਆ ਜਾਂਦਾ ਸੀ। ਅੱਜ ਸਮੇਂ ਨੇ ਅਜਿਹੀ ਕਰਵਟ ਬਦਲੀ ਹੈ ਕਿ ਅਨਪੜ੍ਹਾਂ ਦੀ ਤਾਂ ਗੱਲ ਹੀ ਛੱਡੋ, ਪੜ੍ਹੇ-ਲਿਖੇ ਲੋਕਾਂ ਨੂੰ ਵੀ ਸਰਕਾਰ ਦੀ ਜ਼ਿਆਦਤੀ ਤੇ ਭ੍ਰਿਸ਼ਟਾਚਾਰ ਦੇ ਤੰਤਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਕ ਪੁਰਾਣੀ ਗੱਲ ਹੈ ਕਿ ਇਕ ਮਿਲਟਰੀ ਕੈਂਪ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨਾਂ ’ਤੇ ਸਥਾਨਕ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਹ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਇਕ ਗੰਭੀਰ ਚਿੰਤਾ ਵਾਲੀ ਗੱਲ ਹੈ ਕਿ ਮਿਲਟਰੀ ਵਿਚ ਅਸਾਮੀਆਂ ਤਾਂ ਸਿਰਫ਼ 16 ਸਨ ਮਸਲਨ 14 ਜਨਰਲ ਡਿਊਟੀ ਸਿਪਾਹੀ, 1 ਕਲਰਕ ਅਤੇ 1 ਕੁੱਕ ਦੀਆਂ ਪਰੰਤੂ ਇਨ੍ਹਾਂ 16 ਅਸਾਮੀਆਂ ਲਈ 15,000 ਨੌਜਵਾਨਾਂ ਦਾ ਹਜੂਮ ਉਮੜ ਆਇਆ ਸੀ। ਇਸ ਮਿਲਟਰੀ ਕੈਂਪ ਵਿਚ ਆਏ ਨੌਜਵਾਨਾਂ ਦੇ ਹੜ੍ਹ ਦਾ ਦ੍ਰਿਸ਼ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਮਹਾਕੁੰਭ ਮੇਲੇ ਦੌਰਾਨ ਸ਼ਰਧਾਲੂਆਂ ਲਈ ਸ਼ਾਹੀ ਇਸ਼ਨਾਨ ਦਾ ਵੇਲਾ ਹੋਵੇ। ਸੱਚ ਪੁੱਛੋ ਤਾਂ ਇਹ ਵੀ ਇਕ ਮਹਾਕੁੰਭ ਹੀ ਸੀ, ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਨੌਜਵਾਨਾਂ ਦਾ ਮਹਾਕੁੰਭ। ਭਰਤੀ ਹੋਣ ਲਈ ਮਿਲਟਰੀ ਕੈਂਪ ਵਿਚ ਸਵੇਰੇ 4 ਵਜੇ ਤੋਂ ਪੁੱਜੇ ਬੇਰੁਜ਼ਗਾਰਾਂ ਲਈ ਪੀਣ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਉੱਤੋਂ ਉਨ੍ਹਾਂ ਨੂੰ ਭੁੱਖੇ ਪੇਟ ਪੁਲਿਸ ਦੀਆਂ ਲਾਠੀਆਂ ਦਾ ਭੋਜਨ ਕਰਵਾਉਣਾ ਕਿੱਥੋਂ ਦੀ ਇਨਸਾਨੀਅਤ ਹੈ। ਵੱਖ-ਵੱਖ ਸੂਬਿਆਂ ਤੋਂ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਮੰਤਵ ਨੂੰ ਮੁੱਖ ਰੱਖ ਕੇ ਭਰਤੀ ਹੋਣ ਆਏ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦਾ ਕੀ ਕਸੂਰ ਸੀ ਜੋ ਇਨ੍ਹਾਂ ਨੂੰ ਇਸ ਅਣਮਨੁੱਖੀ ਕਾਰਵਾਈ ਦਾ ਸ਼ਿਕਾਰ ਹੋਣਾ ਪਿਆ ਸੀ। ਕੀ ਕੁਝ ਅਸਾਮੀਆਂ ਲਈ ਹਜ਼ਾਰਾਂ ਦੀ ਤਾਦਾਦ ਵਿਚ ਪਹੁੰਚੇ ਬੇਰੁਜ਼ਗਾਰ ਨੌਜਵਾਨਾਂ ਦੀ ਇਸ ਘਟਨਾ ਨੂੰ ਵੇਖ ਕੇ ਵੀ ਪੰਜਾਬ ਸਰਕਾਰ ਨੂੰ ਅੰਦਾਜ਼ਾ ਨਹੀਂ ਹੋਇਆ ਸੀ ਕਿ ਸੂਬੇ ਵਿਚ ਬੇਰੁਜ਼ਗਾਰੀ ਕਿਹੋ ਜਿਹਾ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਜੇਕਰ ਇਸ ਘਟਨਾ ਨੂੰ ਜ਼ਿਹਨ ਵਿਚ ਰੱਖ ਕੇ ਵੀ ਅੱਖਾਂ ਨਹੀਂ ਖੁੱਲ੍ਹਦੀਆਂ ਤਾਂ ਸ਼ਾਸਨ ਕਰ ਚੁੱਕੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ’ਚ ਕੋਈ ਅੰਤਰ ਨਹੀਂ ਰਹਿ ਜਾਵੇਗਾ ਅਤੇ ਪੰਜਾਬ ਨੂੰ ਬੇਰੁਜ਼ਗਾਰੀ ਵਿਚ ਗਲਤਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਤੇ ਪੰਜਾਬ ਲਈ ‘ਬੇਰੁਜ਼ਗਾਰੀ ਦਾ ਮਹਾਕੁੰਭ’ ਇਕ ਢੁੱਕਵਾਂ ਸ਼ਬਦ ਹੋਵੇਗਾ। ਅੱਜ ਪੰਜਾਬ ਵਰਗੇ ਕਿੱਤਾਮੁੱਖੀ ਸੂਬੇ ਵਿਚ ਵੀ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰੀ ਦੀ ਭਾਰੀ ਮਾਰ ਝੱਲ ਰਹੇ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਭਾਵੇਂ ਪੰਜਾਬ ਦੀ ਮੌਜੂਦਾ ਸਰਕਾਰ ਰੁਜ਼ਗਾਰ ਦੇ ਵੱਡੇ-ਵੱਡੇ ਵਾਅਦੇ ਕਰ ਰਹੀ ਹੈ ਪਰ ਭ੍ਰਿਸ਼ਟਾਚਾਰ ਦਾ ਘੁਣ ਕਿਤੇ ਨਾ ਕਿਤੇ ਇਸ ਸਰਕਾਰ ਨੂੰ ਵੀ ਖੋਖਲਾ ਕਰਦਾ ਜਾ ਰਿਹਾ ਹੈ। ਹਾਲ ਹੀ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿਚ ਹੋਏ ਵੱਡੇ ਘਪਲੇ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਕੇ ਰੱਖ ਦਿੱਤਾ ਹੈ। ਪੁਲਿਸ ਵੱਲੋਂ ਬੇਪਰਦ ਕੀਤੇ ਗਏ ਇਸ ਭਰਤੀ ਘੁਟਾਲੇ ਦਾ ਘੇਰਾ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕਾਬੂ ਕੀਤੇ ਗਏ ਗਿਰੋਹ ਦੇ ਮੈਂਬਰਾਂ ਵੱਲੋਂ ਇਸੇ ਹੀ ਤਰਜ਼ ’ਤੇ ਕੁਝ ਹੋਰ ਅਸਾਮੀਆਂ ਦੀ ਭਰਤੀ ਦੌਰਾਨ ਵੀ ਨਕਲ ਕਰਵਾਉਣ ਸਮੇਤ ਪੰਜਾਬ ਅਤੇ ਬਾਹਰਲੇ ਕੁਝ ਰਾਜਾਂ ਵਿਚ ਵੀ ਵੱਖ-ਵੱਖ ਅਸਾਮੀਆਂ ਦੀ ਭਰਤੀ ਵਿਚ ਆਧੁਨਿਕ ਤਕਨੀਕ ਜ਼ਰੀਏ ਨਕਲ ਕਰਵਾ ਕੇ ਕਈ ਹੋਰਨਾਂ ਵਿਅਕਤੀਆਂ ਨੂੰ ਵੀ ਸਰਕਾਰੀ ਅਹੁਦਿਆਂ ਤਕ ਪਹੁੰਚਾਉਣ ਦੀ ਗੱਲ ਕਬੂਲੀ ਗਈ ਹੈ। ਜੇਕਰ ਇਸੇ ਤਰ੍ਹਾਂ ਹੀ ਪੰਜਾਬ ਦੇ ਪੜ੍ਹੇ-ਲਿਖੇ ਅਤੇ ਮਿਹਨਤਕਸ਼ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਪੈਂਦਾ ਰਿਹਾ ਤਾਂ ਸਾਲਾਂ ਤੋਂ ਨੌਕਰੀ ਦੀ ਆਸ ਰੱਖ ਕੇ ਸਖ਼ਤ ਮਿਹਨਤ-ਮੁਸ਼ੱਕਤ ਕਰਦੇ ਆ ਰਹੇ ਇਨ੍ਹਾਂ ਲੜਕੇ-ਲੜਕੀਆਂ ਦੇ ਦਿਲ ਵਿਚ ਸਰਕਾਰੀ ਤੰਤਰ ਪ੍ਰਤੀ ਕੀ ਵਿਸ਼ਵਾਸ ਅਤੇ ਆਸ ਰਹੇਗੀ? ਇਸ ਲਈ ਅਜਿਹੇ ਭ੍ਰਿਸ਼ਟ ਅਤੇ ਸਮਾਜ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਭਰਤੀਆਂ ਨਿਰੋਲ ਅਤੇ ਨਿਰਪੱਖ ਤਰੀਕੇ ਨਾਲ ਸਿਰੇ ਚੜ੍ਹਨ ਅਤੇ ਲੰਬੇ ਸਮੇਂ ਤੋਂ ਮਿਹਨਤ ਕਰਨ ਵਾਲਿਆਂ ਦੀ ਮਿਹਨਤ ਦਾ ਵਾਜਿਬ ਮੁੱਲ ਪੈ ਸਕੇ ਜਿਸ ਨਾਲ ਇਕ ਨਵੇਂ ਕਿੱਤਾਮੁਖੀ ਪੰਜਾਬ ਦੀ ਮੁੜ ਤੋਂ ਸਿਰਜਣਾ ਹੋ ਸਕੇ।

-ਪਰਮਵੀਰ ਜਨਾਗਲ,

ਰੂਪਨਗਰ।

ਮੋਬਾਈਲ : 94644-51553

Posted By: Jagjit Singh