ਸਾਡੀਆਂ ਸਾਰੀਆਂ ਜਿਹੜੀਆਂ ਦੋਸਤੀਆਂ ਬਚਪਨ ਦੀਆਂ ਹਨ, ਉਹ ਬੜੀਆਂ ਪੱਕੀਆਂ ਹਨ। ਉਹ ਅਖ਼ੀਰ ਤਕ ਨਾਲ ਨਿਭਦੀਆਂ ਹਨ। ਮੈਂ ਆਪਣੀ ਬਚਪਨ ਦੀ ਸਹੇਲੀ ਸੁਖਬੀਰ ਦੀ ਗੱਲ ਕਰਨ ਲੱਗੀ ਹਾਂ। ਬਾਪੂ ਜੀ ਹਰਿਆਣੇ ’ਚ ਨੌਕਰੀ ਕਰਦੇ ਸਨ। ਜਦ ਅਸੀਂ ਇਕ ਛੋਟੇ ਸ਼ਹਿਰ ਤੋਂ ਬਦਲ ਕੇ ਵੱਡੇ ਸ਼ਹਿਰ ਵਿਚ ਗਏ ਸਾਂ ਤਾਂ ਸੁਖਬੀਰ ਹੋਰੀਂ ਸਾਡੇ ਗੁਆਂਢੀ ਸਨ। ਅਸੀਂ ਦੋਵੇਂ ਦਸਵੀਂ ਵਿਚ ਪੜ੍ਹਦੀਆਂ ਸਾਂ। ਫਿਰ ਇੱਕੋ ਕਾਲਜ ਤੋਂ ਬੀਏ ਤੇ ਬੀਐੱਡ ਕੀਤੀ। ਬਾਅਦ ਵਿਚ ਐੱਮਏ ਕਰਨ ਲਈ ਪੰਜਾਬ ਯੂਨੀਵਰਸਿਟੀ ਵਿਚ ਦਾਖ਼ਲ ਹੋ ਕੇ ਹੋਸਟਲ ਦੇ ਇੱਕੋ ਕਮਰੇ ਵਿਚ ਰਹੀਆਂ। ਫਿਰ ਸਾਡੇ ਰਹਿਣ ਦੇ ਅਤੇ ਜ਼ਿੰਦਗੀ ਦੇ ਹਾਲਾਤ ਬਦਲਦੇ ਰਹੇ ਪਰ ਸਾਡੀ ਦੋਸਤੀ ਬਰਕਰਾਰ ਰਹੀ। ਸ਼ਾਦੀ ਕਰਵਾ ਕੇ ਉਹ ਕਿਸੇ ਦੱਖਣੀ ਸੂਬੇ ਵਿਚ ਚਲੀ ਗਈ ਪਰ ਇਸ ਤੋਂ ਕੁਝ ਸਾਲਾਂ ਬਾਅਦ ਹੀ ਉਸ ਦੇ ਪਤੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਵਾਪਸ ਹਰਿਆਣੇ ਆ ਗਈ ਜਿੱਥੇ ਉਸ ਨੂੰ ਹਰਿਆਣਾ ਸਰਕਾਰ ਨੇ ਨੌਕਰੀ ਦੇ ਦਿੱਤੀ ਪਰ ਉਸ ਦੇ ਮਾਂ-ਬਾਪ ਆਪਣੀ ਸਟੇਟ ਜਿਸ ਵਿਚ ਜਾ ਵਸੇ ਸਨ। ਅਸੀਂ ਦੋਨੋਂ ਆਪੋ-ਆਪਣੇ ਸਕੂਲ ਵਿਚ ਨੌਕਰੀ ਕਰਦੀਆਂ ਰਹੀਆਂ। ਉਸ ਦੇ ਮਾਂ-ਬਾਪ ਉਸ ਕੋਲ ਆ ਜਾਂਦੇ। ਉਹ ਵੀ ਛੁੱਟੀਆਂ ਵਿਚ ਉਨ੍ਹਾਂ ਕੋਲ ਚਲੇ ਜਾਂਦੇ। ਕਦੇ ਉਹ ਮੇਰੇ ਕੋਲ ਚਲੇ ਆਉਂਦੇ। ਇਸੇ ਤਰ੍ਹਾਂ ਸਾਡੇ ਨੌਕਰੀ ਦੇ ਸਾਲ ਬੀਤ ਗਏ।
ਉਸ ਦੇ ਮਾਂ-ਬਾਪ ਇਸ ਦੁਨੀਆ ਤੋਂ ਚਲੇ ਗਏ ਹਨ। ਭਰਾਵਾਂ ਨੇ ਵੀ ਜ਼ਮੀਨ-ਜਾਇਦਾਦ ਦੀਆਂ ਵੰਡੀਆਂ ਪਾ ਕੇ ਆਪਣੇ ਰਾਹ-ਘਰ ਅਲੱਗ ਕਰ ਲਏ ਸਨ। ਹੁਣ ਸੁਖਬੀਰ ਬਹੁਤ ਇਕੱਲੀ ਰਹਿ ਗਈ। ਇਕ ਦਿਨ ਉਸ ਦਾ ਫੋਨ ਆਇਆ। ਬੜੀ ਉਦਾਸ ਲੱਗੀ। ਉਸ ਨੇ ਕਿਹਾ ਕਿ ਕੀ ਕਹਾਂ, ਸਾਰਾ ਦਿਨ ਵਿਹਲੀ ਬੈਠ ਕੇ ਦਿਨ ਨਹੀਂ ਕੱਟਦਾ। ਹੁਣ ਤਾਂ ਮਾਂ-ਬਾਪ ਵੀ ਨਹੀਂ ਰਹੇ, ਜਿੱਥੇ ਚਲੀ ਜਾਵਾਂ ਜਾਂ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਵਾਂ। ਮੈਂ ਕਿਹਾ ਉਸ ਨੂੰ ਕਿਹਾ ਕਿ ਸੁੱਖ ਨਾਲ ਤੇਰੇ ਦੋ ਭਰਾ ਨੇ। ਤੂੰ ਉੱਥੇ ਚਲੀ ਜਾ ਜਾਂ ਇੱਥੇ ਮੇਰੇ ਕੋਲ ਆ ਜਾ। ਫਿਰ ਸੋਚਾਂਗੇ ਕਿ ਕੀ ਕਰਨਾ ਹੈ। ਉਸ ਦੇ ਆਉਣ ’ਤੇ ਅਸੀਂ ਸਲਾਹ ਬਣਾਈ ਕਿ ਉਹ ਹਫ਼ਤਾ ਕੁ ਵੱਡੇ ਭਰਾ ਦੇ ਘਰ ਰਹੇਗੀ, ਫਿਰ ਛੋਟੇ ਭਰਾ ਦੇ ਘਰ ਚਲੀ ਜਾਵੇਗੀ। ਉਸ ਨੇ ਕਿਹਾ ਕਿ ਠੀਕ ਹੈ ਪਰ ਤੂੰ ਮੇਰੇ ਨਾਲ ਜਾਏਂਗੀ ਤੇ ਅਸੀਂ ਅਗਲੇ ਦਿਨ ਉਸ ਦੇ ਛੋਟੇ ਭਰਾ ਦੇ ਘਰ ਚਲੀਆਂ ਗਈਆਂ। ਭਰਾ ਦਾ ਘਰ ਪਿੰਡੋਂ ਬਾਹਰ ਖੇਤ ਵਿਚ ਸੀ। ਖੂਬ ਖੁੱਲ੍ਹਾ-ਡੁੱਲ੍ਹਾ ਤੇ ਸਾਫ਼-ਸੁਥਰਾ ਘਰ ਸੀ। ਇਕ ਖੇਤ ਦੀ ਵਿੱਥ ’ਤੇ ਨਹਿਰ ਸਰਹਿੰਦ ਵਗਦੀ ਸੀ ਤੇ ਉਸ ਦੇ ਸੱਜੇ ਬੰਨੇ ਇਨ੍ਹਾਂ ਦਾ ਅੰਬਾਂ ਦਾ ਬਾਗ ਸੀ। ਅਸੀਂ ਖਾ-ਪੀ ਕੇ ਨਹਿਰ ’ਤੇ ਘੁੰਮਣ ਚਲੀਆਂ ਜਾਂਦੀਆਂ ਤੇ ਉੱਥੋਂ ਤੁਰ ਕੇ ਬਾਗ ਵਿਚ ਆ ਕੇ ਬੈਠ ਜਾਂਦੀਆਂ। ਅਸੀਂ ਉੱਥੇ ਬਚਪਨ ਤੇ ਸਕੂਲ, ਕਾਲਜ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ। ਸੁਖਬੀਰ ਨੇ ਦੱਸਿਆ ਕਿ ਇਹ ਬਾਗ ਉਸ ਦੇ ਬਾਪੂ ਜੀ ਨੇ ਆਪਣੇ ਹੱਥਾਂ ਨਾਲ ਲਾਇਆ ਸੀ। ਪਤਾ ਨਹੀਂ ਕਿੱਥੋਂ-ਕਿੱਥੋਂ ਉਨ੍ਹਾਂ ਨੇ ਛਾਂਟ-ਛਾਂਟ ਕੇ ਇਹ ਬੂਟੇ ਲਿਆਂਦੇ ਸਨ। ਫਿਰ ਖੰਭੇ ਦੀ ਉੱਪਰਲੀ ਗੁੱਠੇ ਦੀ ਸਾਫ਼-ਸਫ਼ਾਈ ਕਰ ਕੇ ਬਰਾਬਰ ਵਿੱਥ ਰੱਖ ਕੇ ਨਿੱਕੇ-ਨਿੱਕੇ ਬੂਟੇ ਲਾਏ ਸਨ। ਸਕੂਲੋਂ ਆ ਕੇ ਉਹ ਇਨ੍ਹਾਂ ਦੀ ਦੇਖਭਾਲ ’ਚ ਲੱਗ ਜਾਂਦੇ। ਫਿਰ ਜਦ ਇਨ੍ਹਾਂ ਨੂੰ ਫ਼ਲ ਲੱਗਣ ਲੱਗ ਪਏ ਤਾਂ ਉਨ੍ਹਾਂ ਨੇ ਹਿਸਾਬ ਨਾਲ ਇਨ੍ਹਾਂ ਬੂਟਿਆਂ ਦੇ ਨਾਂ ਰੱਖ ਦਿੱਤੇ। ਓਥੇ ਚਾਰ-ਪੰਜ ਦਿਨ ਸਾਡੇ ਵਧੀਆ ਲੰਘ ਗਏ। ਇਕ ਦਿਨ ਸੁਖਬੀਰ ਆਪਣੀ ਭਾਬੀ ਨੂੰ ਕਹਿਣ ਲੱਗੀ, ‘‘ਭਾਬੀ, ਮੈਂ ਅੱਜ ਆਪਣਾ ਸਿਰ ਧੋਣਾ ਹੈ, ਬਾਥਰੂਮ ਵਿਚ ਨਾ ਕੋਈ ਸ਼ੈਂਪੂ ਹੈ ਤੇ ਨਾ ਸਾਬਣ, ਦੇ ਦਿਉ।’’ ਭਾਬੀ ਚੁੱਪਚਾਪ ਬੈਠੀ ਰਹੀ ਜਿਵੇਂ ਉਸ ਨੇ ਕੁਝ ਸੁਣਿਆ ਹੀ ਨਾ ਹੋਵੇ। ਸੁਖਬੀਰ ਨੇ ਜਦ ਫਿਰ ਕਿਹਾ ਤਾਂ ਉਹ ਬੋਲੀ ‘ਦੇਖੋ ਭੈਣ ਜੀ, ਮੇਰੀ ਗੱਲ ਦਾ ਭਾਵੇਂ ਤੁਸੀਂ ਗੁੱਸਾ ਹੀ ਕਰਿਆ ਜੇ ਪਰ ਸਿਰ ਤੁਸੀਂ ਆਪਣੇ ਘਰ ਜਾਂਦੇ ਧੋਇਆ ਜੇ। ਆਪਣਾ ਦਲਿੱਦਰ ਇੱਥੇ ਸਾਡੇ ਘਰ ਨਾ ਸੁੱਟਿਆ ਜੇ।’
ਏਡੀ ਕੌੜੀ ਗੱਲ ਸੁਣ ਕੇ ਸੁਖਬੀਰ ਤਾਂ ਚੁੱਪ ਰਹੀ ਪਰ ਮੈਨੂੰ ਬੜਾ ਬੁਰਾ ਲੱਗਿਆ। ਸੁਖਬੀਰ ਨੇ ਮੈਨੂੰ ਇਸ਼ਾਰੇ ਨਾਲ ਚੁੱਪ ਕਰਾ ਦਿੱਤਾ। ਸ਼ਾਮ ਨੂੰ ਮੈਂ ਉਸ ਦਾ ਮੂਡ ਠੀਕ ਕਰਨ ਲਈ ਕਿਹਾ, ‘‘ਚੱਲ ਤੇਰੇ ਵੱਡੇ ਭਰਾ ਦੇ ਘਰ ਚੱਲਦੇ ਹਾਂ, ਉੱਥੇ ਹੀ ਤੂੰ ਸਿਰ ਧੋ ਲਵੀਂ।’’ ਜੇ ਵੱਡੀ ਨੇ ਵੀ ਇਹ ਕੁਝ ਕਹਿ ਦਿੱਤਾ, ਉਹ ਵੀ ਤਾਂ ਇਸੇ ਦੀ ਭੈਣ ਹੈ। ੳਸ ਨੇ ਉਦਾਸੀ ਨਾਲ ਕਿਹਾ। ਅਗਲੇ ਦਿਨ ਸੁਖਬੀਰ ਦੀ ਵੱਡੀ ਭਤੀਜੀ ਆਪਣੇ ਸਹੁਰਿਆਂ ਤੋਂ ਆ ਗਈ। ਉਸ ਦਾ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਭੂਆ ਹੋਰਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਈ ਤੇ ਬੋਲੀ, ‘‘ਭੂਆ ਜੀ, ਹੁਣ ਤੁਸੀਂ ਉੱਥੇ ਕੱਲ੍ਹ ਕੀ ਕਰੋਗੇ? ਮੈਂ ਵੀ ਹੁਣ ਪੂਰਾ ਮਹੀਨਾ ਇੱਥੇ ਹੀ ਰਹਿਣਾ ਹੈ ਕਿਉਂਕਿ ਤੁਹਾਡਾ ਭਤੀਜ-ਜਵਾਈ ਇਕ ਮਹੀਨੇ ਦੀ ਟਰੇਨਿੰਗ ’ਤੇ ਦਿੱਲੀ ਚਲਾ ਗਿਆ ਹੈ। ਦੋ ਕੁ ਦਿਨ ਬਾਅਦ ਭਤੀਜੀ ਨੇ ਆਪਣੇ ਕੱਪੜੇ ਤੇ ਸਿਰ ਧੋ ਲਿਆ। ਹੁਣ ਸੁਖਬੀਰ ਨੂੰ ਚਾਹੀਦਾ ਸੀ ਬਈ ਉਹ ਪੁੱਛਦੀ ਕਿ ਜੇ ਉਸ ਦੇ ਸਿਰ ਧੋਣ ਨਾਲ ਘਰ ਵਿਚ ਦਲਿੱਦਰ ਗਿਰਦਾ ਸੀ ਤਾਂ ਭਤੀਜੀ ਦੇ ਸਿਰ ਧੋਣ ਨਾਲ ਕਿਉਂ ਨਹੀਂ ਗਿਰਿਆ। ਜੇ ਉਹ ਘਰ ਦੀ ਧੀ ਸੀ ਤਾਂ ਸੁਖਬੀਰ ਵੀ ਤਾਂ ਇਸੇ ਘਰ ਵਿਚ ਜੰਮੀ-ਪਲੀ ਸੀ ਸਗੋਂ ਉਸ ਦਾ ਹੱਕ ਤਾਂ ਜ਼ਿਆਦਾ ਬਣਦਾ ਸੀ ਕਿਉਂਕਿ ਉਸ ਦੇ ਪੱਲੇ ਵਿਚ ਤਾਂ ਦੋ ਪੀੜ੍ਹੀਆਂ ਦਾ ਰਿਸ਼ਤਾ ਸੀ ਪਰ ਭਰਜਾਈ ਪਹਿਲਾਂ ਹੀ ਬੋਲ ਪਈ, ‘‘ਹੁਣ ਭਾਈ ਅੱਜ-ਕੱਲ੍ਹ ਦੇ ਬੱਚਿਆਂ ਨੂੰ ਕੌਣ ਸਮਝਾਏ? ਤੁਸੀਂ ਤਾਂ ਸਿਆਣੇ ਹੋ, ਇਨ੍ਹਾਂ ਗੱਲਾਂ ਨੂੰ ਸਮਝਦੇ ਹੋ। ਮੈਂ ਤੁਹਾਨੂੰ ਰੋਕਿਆ ਸੀ। ਮੈਂ ਤਾਂ ਪਰਾਈ ਹਾਂ। ਮੈਨੂੰ ਕੁਝ ਹੋ ਵੀ ਜਾਵੇ ਤਾਂ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ ਪਰ ਜੇ ਤੁਹਾਡੇ ਭਾਈ ਨੂੰ ਕੁਝ ਹੋ ਗਿਆ ਤਾਂ। ‘‘ਜਿਹੜੀ ਗੱਲ ਦਾ ਆਪਾਂ ਵਹਿਮ ਮੰਨਦੇ ਹਾਂ, ਉਹ ਕਿਉਂ ਕੀਤੀ ਜਾਏ।’’ ਕਹਿ ਕੇ ਸੁਖਬੀਰ ਮੈਨੂੰ ਬੋਲੀ ਕਿ ਚੱਲ ਆਪਾਂ ਨਹਿਰ ’ਤੇ ਘੁੰਮ ਕੇ ਆਉਂਦੇ ਹਾਂ। ਅਸੀਂ ਬਾਹਰ ਵੱਲ ਨੂੰ ਤੁਰ ਪਈਆਂ।
ਨਹਿਰ ’ਤੇ ਪੁੱਜ ਕੇ ਮੈਂ ਸੁਖਬੀਰ ਨੂੰ ਕਿਹਾ, ‘‘ਤੈਨੂੰ ਯਾਦ ਹੈ ਜਦੋਂ ਆਪਾਂ ਐੱਮਏ ਵਿਚ ਪੜ੍ਹਦੇ ਸਾਂ ਤਾਂ ਸਾਡੇ ਨਾਲ ਇਕ ਕੁੜੀ ਸਾਇਕਾਲੋਜੀ ਦੀ ਐੱਮਏ ਕਰ ਰਹੀ ਸੀ। ਉਹ ਦੱਸਿਆ ਕਰਦੀ ਸੀ ਕਿ ਜਦੋਂ ਕੋਈ ਇਨਸਾਨ ਕਿਸੇ ਵਹਿਮ ਨੂੰ ਮੰਨਣ ਲੱਗ ਪਏ ਤਾਂ ਉਹ ਪੂਰੀ ਤਰ੍ਹਾਂ ਉਸ ਦਾ ਗੁਲਾਮ ਹੋ ਜਾਂਦਾ ਹੈ, ਫਿਰ ਉਹ ਜ਼ਿੰਦਗੀ ਵਿਚ ਵਾਪਰੀ ਹੋਈ ਹਰ ਚੰਗੀ-ਮਾੜੀ ਘਟਨਾ ਨੂੰ ਉਸ ਵਹਿਮ ਦੇ ਸਿਰ ਮੜ੍ਹ ਦਿੰਦਾ ਹੈ। ਚੰਗੀਆਂ ਗੱਲਾਂ ਨੂੰ ਤਾਂ ਉਹ ਹੌਲੀ-ਹੌਲੀ ਭੁੱਲ ਜਾਂਦਾ ਹੈ ਪਰ ਭੈੜੀਆਂ ਗੱਲਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ। ਸਗੋਂ ਸਮੇਂ-ਸਮੇਂ ’ਤੇ ਉਸ ਦਾ ਹਵਾਲਾ ਦਿੰਦਾ ਰਹਿੰਦਾ ਹੈ। ਰੱਬ ਨਾ ਕਰੇ ਜੇ ਭਰਾ ਨਾਲ ਕੋਈ ਚੰਗੀ-ਮਾੜੀ ਗੱਲ ਹੋ ਜਾਵੇ ਤਾਂ ਭਰਜਾਈ ਨੇ ਤਾਂ ਤੈਨੂੰ ਹੀ ਦੋਸ਼ ਦੇਣਾ ਹੈ।’’ ਮੈਂ ਇਹ ਸਾਰਾ ਕੁਝ ਸੁਖਬੀਰ ਦੇ ਅੰਦਰਲੇ ਉਬਾਲ ਨੂੰ ਠੰਢਾ ਕਰਨ ਲਈ ਕਿਹਾ। ਉਹ ਥੋੜ੍ਹੀ ਦੇਰ ਚੁੱਪਚਾਪ ਚੱਲਦੀ ਰਹੀ ਤੇ ਫਿਰ ਕਹਿਣ ਲੱਗੀ ਕਿ ਤੂੰ ਵੀ ਜਾਣਦੀ ਏਂ ਕਿ ਅੱਜ-ਕੱਲ੍ਹ ਸਾਇੰਸ ਦਾ ਜ਼ਮਾਨਾ ਹੈ। ਹੁਣ ਇਨ੍ਹਾਂ ਵਹਿਮਾਂ ਨੂੰ ਕੌਣ ਮੰਨਦਾ ਹੈ? ਤੂੰ ਦੇਖਦੀ ਏਂ ਕਿ ਸੜਕਾਂ ’ਤੇ ਬਿੱਲੀਆਂ ਆਮ ਭੱਜੀਆਂ ਫਿਰਦੀਆਂ ਹਨ ਤੇ ਲੋਕਾਂ ਦੀ ਆਵਾਜਾਈ ’ਤੇ ਕੋਈ ਫ਼ਰਕ ਨਹੀਂ ਪੈਂਦਾ ਤੇ ਹੁਣ ਕੁੱਤਿਆਂ ਦੇ ਰਾਤ ਨੂੰ ਰੋਣ-ਧੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਤੇ ਲੋਕ ਨਾ ਹੀ ਹੁਣ ਅੱਗੇ ਵਾਂਗੂੰ ਡਰਦੇ ਹਨ।’’ ਸੁਖਬੀਰ ਨੇ ਕਿਹਾ ਕਿ ਹੁਣ ਆਪਾਂ ਨੂੰ ਆਪਣੇ ਘਰ ਨੂੰ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਸਮਾਂ ਅਜਿਹਾ ਚੱਲ ਰਿਹਾ ਹੈ ਕਿ ਕੋਈ ਕਿਸੇ ਨੂੰ ਆਪਣੇ ਘਰ ਰੱਖਣਾ ਨਹੀਂ ਚਾਹੁੰਦਾ। ਉਹ ਨਾਨਕੇ, ਦਾਦਕਿਆਂ ਦੇ ਘਰ ਮਹੀਨਾ-ਮਹੀਨਾ ਰਹਿ ਜਾਣ ਵਾਲੇ ਵੇਲੇ ਲੰਘ ਗਏ। ਅੱਜ-ਕੱਲ੍ਹ ਹਰ ਬੰਦੇ ਦੀ ਆਪਣੀ ਪ੍ਰਾਈਵੇਟ ਲਾਈਫ ਹੈ। ਹੁਣ ਮਿਲਣ-ਗਿਲਣ ਦੇ ਸਾਧਨ ਫੋਨ ਬਣ ਗਏ ਹਨ। ਸੋ, ਘਰ ਚੱਲ ਕੇ ਪੈਕ ਕਰੀਏ ਤੇ ਤੁਰਦੇ ਹੋਈਏ।
-ਪ੍ਰੀਤਮਾ ਦੋਮੇਲ
-ਮੋਬਾਈਲ : 62841-55025
Posted By: Jagjit Singh