-ਬਲਰਾਜ ਸਿੰਘ ਸਿੱਧੂ

2020 ਦੀ ਸ਼ੁਰੂਆਤ ਤੋਂ ਹੀ ਅਮਰੀਕਾ, ਆਸਟ੍ਰੇਲੀਆ, ਫਰਾਂਸ ਅਤੇ ਇੰਗਲੈਂਡ ਆਦਿ ਦੇਸ਼ਾਂ ਦੇ ਕਈ ਚੋਟੀ ਦੇ ਜਰਾਸੀਮ ਵਿਗਿਆਨਕ ਅਤੇ ਫ਼ੌਜੀ ਮਾਹਿਰ ਇਹ ਸ਼ੰਕਾ ਜ਼ਾਹਿਰ ਕਰ ਰਹੇ ਸਨ ਕਿ ਸੰਸਾਰ ’ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਕੁਦਰਤੀ ਨਹੀਂ ਬਲਕਿ ਇਸ ਦੀ ਉਤਪਤੀ ਚੀਨ ਦੇ ਵੁਹਾਨ ਸ਼ਹਿਰ ਦੀ ਕਿਸੇ ਪ੍ਰਯੋਗਸ਼ਾਲਾ ਵਿਚ ਹੋਈ ਹੈ। ਉਨ੍ਹਾਂ ਮੁਤਾਬਕ ਚੀਨ ਨੇ ਇਸ ਵਾਇਰਸ ਨੂੰ ਕੈਮੀਕਲ ਯੁੱਧ ਵਾਸਤੇ ਤਿਆਰ ਕੀਤਾ ਸੀ ਪਰ ਇਹ ਕਿਸੇ ਤਰਾਂ ਪ੍ਰਯੋਗਸ਼ਾਲਾ ਵਿੱਚੋਂ ਲੀਕ ਹੋ ਗਿਆ ਸੀ। ਉਂਜ ਉਸ ਸਮੇਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐੱਚਓ) ਨੇ ਇਸ ਗੱਲ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਚੀਨ ਡਬਲਯੂਐੱਚਓ ਨੂੰ ਹਰ ਸਾਲ ਕਰੋੜਾਂ ਡਾਲਰ ਦਾ ਅਨੁਦਾਨ ਦਿੰਦਾ ਹੈ।

ਅੰਤਰਰਾਸ਼ਟਰੀ ਮੀਡੀਆ ਨੇ ਵੀ ਇਸ ਗੱਲ ਨੂੰ ਪੱਛਮੀ ਦੇਸ਼ਾਂ ਦਾ ਚੀਨ ਵਿਰੋਧੀ ਪ੍ਰਾਪੇਗੰਡਾ ਸਮਝ ਕੇ ਬਹੁਤਾ ਧਿਆਨ ਨਾ ਦਿੱਤਾ। ਡਬਲਯੂਐੱਚਓ ਦੇ ਇਸ ਵਤੀਰੇ ਕਾਰਨ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂਐੱਚਓ ਨਾਲੋਂ ਆਪਣਾ ਨਾਤਾ ਤੋੜ ਲਿਆ ਅਤੇ ਅਮਰੀਕਾ ਵੱਲੋਂ ਦਿੱਤਾ ਜਾ ਰਿਹਾ ਅਨੁਦਾਨ ਬੰਦ ਕਰ ਦਿੱਤਾ ਸੀ। ਪਰ ਹੁਣ ਕਈ ਨਵੇਂ ਤੱਥ ਅਤੇ ਠੋਸ ਸਬੂਤ ਸਾਹਮਣੇ ਆਉਣ ਤੋਂ ਬਾਅਦ ਸਾਰਾ ਦ੍ਰਿਸ਼ ਬਦਲ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਇਸ ਸਬੰਧੀ ਜਾਂਚ ਕਰ ਕੇ 90 ਦਿਨਾਂ ਵਿਚ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੌਲਾ ਤਾਂ ਬਹੁਤ ਪਾਇਆ ਸੀ ਕਿ ਕੋਰੋਨਾ ਚੀਨ ਦੀ ਵੁਹਾਨ ਪ੍ਰਯੋਗਸ਼ਾਲਾ ’ਚ ਪੈਦਾ ਕੀਤਾ ਗਿਆ ਸੀਪਰ ਉਸ ਦੇ ਰੋਜ਼ਾਨਾ ਦਿੱਤੇ ਜਾਂਦੇ ਊਲ-ਜਲੂਲ ਬਿਆਨਾਂ ਕਾਰਨ ਕਿਸੇ ਨੇ ਉਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ। ਹੁਣ ਡਬਲਯੂਐੱਚਓ ਸਮੇਤ ਸਾਰੇ ਸੰਸਾਰ ਦੀ ਇਕ ਰਾਇ ਬਣ ਗਈ ਹੈ ਕਿ ਇਸ ਵਾਇਰਸ ਦੀ ਸ਼ੁਰੂਆਤ ਦੀ ਤਹਿ ਤਕ ਪਹੁੰਚਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਦਾ ਕੋਈ ਠੋਸ ਇਲਾਜ ਲੱਭਿਆ ਜਾ ਸਕੇ।

ਵੁਹਾਨ ਦੀ ਪੀ-4 ਪ੍ਰਯੋਗਸ਼ਾਲਾ ਜਿੱਥੇ ਇਸ ਵਾਇਰਸ ਦੀ ਉਤਪਤੀ ਹੋਣ ਦਾ ਸ਼ੱਕ ਹੈ, ਚੀਨ ਦੀ ਹਵਾਈ ਫ਼ੌਜ ਦੇ ਵਿਗਿਆਨਕਾਂ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ ਅਤੇ ਇਕ ਮੇਜਰ ਜਨਰਲ ਰੈਂਕ ਦਾ ਅਫ਼ਸਰ ਇਸ ਦਾ ਇੰਚਾਰਜ ਹੈ। ਸੰਨ 2015 ਵਿਚ ਜਦੋਂ ਅਮਰੀਕਾ ਅਤੇ ਚੀਨ ਦੇ ਸਬੰਧ ਬੇਹੱਦ ਖ਼ਰਾਬ ਸਥਿਤੀ ਵਿਚ ਪਹੁੰਚ ਗਏ ਸਨ ਤਾਂ ਚੀਨ ਨੇ ਆਪਣੀ ਫ਼ੌਜ ਵਿਚ ਵਿਗਿਆਨੀਆਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਚੀਨ ਨੇ ਅਮਰੀਕਾ ਨੂੰ ਛਿਪੀ ਹੋਈ ਧਮਕੀ ਵੀ ਦਿੱਤੀ ਸੀ ਕਿ ਉਸ ਦੀ ਫ਼ੌਜ, ਅਮਰੀਕੀ ਫ਼ੌਜ ਨਾਲੋਂ ਕਿਤੇ ਬਿਹਤਰ ਹੈ। ਇਸ ਲਈ ਅਮਰੀਕਾ ਉਸ ਨਾਲ ਬਰਬਾਰੀ ਕਰਨ ਦਾ ਭਰਮ ਨਾ ਪਾਲੇ।

ਚੀਨ ਦੀ ਇਸ ਧਮਕੀ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਹੁਤ ਬੁਰਾ ਮਨਾਇਆ ਸੀ। ਉਨ੍ਹਾਂ ਦਿਨਾਂ ਵਿਚ ਹੀ ਆਸਟ੍ਰੇਲੀਆ ਦੇ ਇਕ ਖੋਜੀ ਪੱਤਰਕਾਰ ਨੇ ਆਪਣੇ ਆਰਟੀਕਲ ਵਿਚ ਦਾਅਵਾ ਕੀਤਾ ਸੀ ਕਿ ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਤੀਸਰੀ ਸੰਸਾਰ ਜੰਗ ਹੋਣ ਦੀ ਸੂਰਤ ਵਿਚ ਚੀਨ ਆਪਣੇ ਕੈਮੀਕਲ ਹਥਿਆਰਾਂ ਦੇ ਸਿਰ ’ਤੇ ਜਿੱਤ ਜਾਵੇਗਾ। ਇਸ ਰਿਪੋਰਟ ਵਿਚ ਵਜ਼ਨ ਲੱਗਦਾ ਹੈ ਕਿਉਂਕਿ 2015 ਵਿਚ ਹੀ ਚੀਨ ਨੇ ਕੈਮੀਕਲ ਹਥਿਆਰਾਂ ਦੇ ਉਤਪਾਦਨ ਲਈ ਵਿਗਿਆਨੀਆਂ ਨੂੰ ਫ਼ੌਜ ਵਿਚ ਭਰਤੀ ਕਰਨਾ ਸ਼ੁਰੂ ਕੀਤਾ ਸੀ। ਅਮਰੀਕੀ ਸੂਹੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਚੀਨ ਵਿਚ ਕੋਰੋਨਾ ਫੈਲਣ ਤੋਂ ਕੁਝ ਦਿਨ ਪਹਿਲਾਂ ਨਵੰਬਰ 2019 ਵਿਚ ਵੁਹਾਨ ਪ੍ਰਯੋਗਸ਼ਾਲਾ ਦੇ ਤਿੰਨ ਵਿਗਿਆਨੀ ਕੋਰੋਨਾ ਦੀ ਲਾਗ ਲੱਗਣ ਕਾਰਨ ਹਸਪਤਾਲ ਵਿਚ ਦਾਖ਼ਲ ਕੀਤੇ ਗਏ ਸਨ। ਇਸ ਤੋਂ 20 ਕੁ ਦਿਨ ਬਾਅਦ ਦਸੰਬਰ 2019 ਵਿਚ ਚੀਨ ਨੇ ਡਬਲਯੂਐੱਚਓ ਨੂੰ ਕੋਰੋਨਾ ਵਾਇਰਸ ਦੇ ਚੀਨ ਵਿਚ ਫੈਲਣ ਬਾਰੇ ਸੂਚਨਾ ਦਿੱਤੀ ਸੀ। ਹੁਣ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਉਸ ਸਮੇਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾ ਰੋਕਣ ਲਈ ਚੀਨ ਦੀ ਸਾਰੀ ਅੰਦਰੂਨੀ ਆਵਾਜਾਈ ’ਤੇ ਤਾਂ ਰੋਕ ਲਗਾ ਦਿੱਤੀ ਸੀ ਪਰ ਅੰਤਰਰਾਸ਼ਟਰੀ ਹਵਾਈ ਅਤੇ ਸਮੁੰਦਰੀ ਆਵਾਜਾਈ ’ਤੇ ਰੋਕ ਕਿਉਂ ਨਹੀਂ ਸੀ ਲਗਾਈ? ਸਾਫ਼ ਹੈ ਕਿ ਚੀਨ ਦੀ ਮਨਸ਼ਾ ਠੀਕ ਨਹੀਂ ਸੀ ਅਤੇ ਇਸ ਆਵਾਜਾਈ ਕਾਰਨ ਹੀ ਕੋਰੋਨਾ ਬਾਕੀ ਦੇਸ਼ਾਂ ਵਿਚ ਫੈਲਿਆ ਹੈ।

ਇਕ ਹੋਰ ਗੱਲ ਜੋ ਸ਼ੱਕ ਪੈਦਾ ਕਰਦੀ ਹੈ, ਉਹ ਇਹ ਹੈ ਕਿ ਚੀਨ ਨੇ ਜਨਵਰੀ 2020 ਵਿਚ ਹੀ ਆਪਣੇ ਸਾਰੇ ਹਸਪਤਾਲਾਂ ਵਿਚ ਕੋਰੋਨਾ ਟੈਸਟ ਕਿੱਟਾਂ ਮੁਹੱਈਆ ਕਰਵਾ ਦਿੱਤੀਆਂ ਸਨ ਜਦਕਿ ਬਾਕੀ ਦੇਸ਼ਾਂ ਨੂੰ ਇਨ੍ਹਾਂ ਕਿੱਟਾਂ ਬਾਰੇ ਅਜੇ ਕੋਈ ਪਤਾ ਹੀ ਨਹੀਂ ਸੀ। ਇਸ ਤੋਂ ਇਲਾਵਾ ਜਿਸ ਤੇਜ਼ੀ ਨਾਲ ਚੀਨ ਨੇ ਆਪਣੇ ਦੇਸ਼ ਅੰਦਰ ਕੋਰੋਨਾ ’ਤੇ ਕਾਬੂ ਪਾਇਆ, ਉਹ ਵੀ ਹੈਰਾਨੀਜਨਕ ਹੈ। ਇਹ ਕਾਰਨਾਮਾ ਸਿਰਫ਼ ਉਹ ਦੇਸ਼ ਹੀ ਕਰ ਸਕਦਾ ਹੈ ਜਿਸ ਨੂੰ ਇਸ ਵਾਇਰਸ ਦੀ ਸੰਰਚਨਾ ਅਤੇ ਇਲਾਜ ਬਾਰੇ ਪਹਿਲਾਂ ਤੋਂ ਹੀ ਪਤਾ ਹੋਵੇ। ਅੱਜ ਜਦੋਂ ਸਾਰਾ ਸੰਸਾਰ ਕੋਰੋਨਾ ਦੀ ਜਕੜ ਵਿਚ ਫਸਿਆ ਹੋਇਆ ਹੈ, ਚੀਨ ਵਿਚ ਕੋਰੋਨਾ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਚੀਨ ਸੰਸਾਰ ਦਾ ਇੱਕੋ-ਇੱਕ ਦੇਸ਼ ਹੈ ਜਿਸ ਦੀ ਆਰਥਿਕਤਾ ਕੋਰੋਨਾ ਕਾਲ ਵਿਚ ਵੀ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੀ ਹੈ ਜਦੋਂਕਿ ਅਮਰੀਕਾ ਅਤੇ ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀ ਆਰਥਿਕਤਾ ਇਕ ਵਾਰ ਤਾਂ ਤਬਾਹੀ ਦੇ ਕੰਢੇ ਪੁੱਜ ਗਈ ਸੀ। ਚੀਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕੈਮੀਕਲ ਹਥਿਆਰਾਂ ਦੇ ਸਾਹਮਣੇ ਐਟਮੀ ਸ਼ਕਤੀ ਦਾ ਕੋਈ ਮਹੱਤਵ ਨਹੀਂ ਰਹਿ ਗਿਆ। ਐਟਮ ਬੰਬ ਵਰਤ ਕੇ ਸਾਰੇ ਸੰਸਾਰ ਤੋਂ ਬਦਨਾਮੀ ਖੱਟਣ ਦੀ ਬਜਾਏ ਚੁੱਪ-ਚਾਪ ਕਿਸੇ ਦੇਸ਼ ਵਿਚ ਜਰਾਸੀਮ ਛੱਡ ਕੇ ਵੀ ਉਸ ਨੂੰ ਤਬਾਹ ਕੀਤਾ ਜਾ ਸਕਦਾ ਹੈ। ਹੁਣ ਕਿਸੇ ਦੇਸ਼ ਦੀ ਸੈਨਿਕ ਸ਼ਕਤੀ ਉਸ ਦੇ ਐਟਮੀ ਹਥਿਆਰਾਂ ਦੀ ਗਿਣਤੀ ਦੀ ਬਜਾਏ ਉਸ ਕੋਲ ਮੌਜੂਦ ਕੈਮੀਕਲ ਹਥਿਆਰਾਂ ਦੀ ਮਾਰੂ ਸ਼ਕਤੀ ਤੋਂ ਮਿੱਥੀ ਜਾਇਆ ਕਰੇਗੀ।

ਕਈ ਦਹਾਕਿਆਂ ਤੋਂ ਚੀਨ ਦੀ ਇੱਛਾ ਅਮਰੀਕਾ ਨੂੰ ਪਛਾੜ ਕੇ ਸੰਸਾਰ ਦੀ ਸਭ ਤੋਂ ਵੱਡੀ ਸੈਨਿਕ ਅਤੇ ਆਰਥਿਕ ਸ਼ਕਤੀ ਬਣਨ ਦੀ ਹੈ। ਸੰਨ 2001 ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਕਿਹਾ ਸੀ ਕਿ ਰੂਸ ਨਾਲ ਠੰਢੀ ਜੰਗ ਖ਼ਤਮ ਹੋਣ ਤੋਂ ਬਾਅਦ ਹੁਣ ਸਿਰਫ਼ ਚੀਨ ਹੀ ਅਮਰੀਕਾ ਦਾ ਇੱਕੋ-ਇੱਕ ਸੈਨਿਕ ਮੁਕਾਬਲੇਬਾਜ਼ ਰਹਿ ਗਿਆ ਹੈ। ਜੇ ਕਿਤੇ ਅਮਰੀਕਾ ’ਤੇ ਅਲ ਕਾਇਦਾ ਵੱਲੋਂ 9-11 ਵਾਲਾ ਹਮਲਾ ਨਾ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਚੀਨ ਤੇ ਅਮਰੀਕਾ ਬਹੁਤ ਪਹਿਲਾਂ ਹੀ ਕਿਸੇ ਨਾ ਕਿਸੇ ਸੰਘਰਸ਼ ਵਿਚ ਉਲਝ ਗਏ ਹੁੰਦੇ।

9-11 ਤੋਂ ਬਾਅਦ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਸਾਰਾ ਜ਼ੋਰ ਅੰਤਰਰਾਸ਼ਟਰੀ ਅੱਤਵਾਦ ਅਤੇ ਅਫ਼ਗਾਨਿਸਤਾਨ ਦੀ ਜੰਗ ਵੱਲ ਲੱਗ ਗਿਆ ਅਤੇ ਚੀਨ ਵਾਲਾ ਮੁੱਦਾ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ। ਇਸੇ ਕਾਰਨ ਪੱਛਮੀ ਦੇਸ਼ਾਂ ਦਾ ਧਿਆਨ ਚੀਨ ਵੱਲੋਂ ਵੁਹਾਨ ਵਿਚ ਕੀਤੇ ਜਾ ਰਹੇ ਕੋਝ੍ਹੇ ਪ੍ਰਯੋਗਾਂ ਵੱਲੋਂ ਹਟ ਗਿਆ ਤੇ ਚੀਨ ਚੁੱਪ-ਚਾਪ ਆਪਣੇ ਕੰਮ ਵਿਚ ਲੱਗਾ ਰਿਹਾ। ਅਲ ਕਾਇਦਾ ਵੱਲੋਂ ਅਮਰੀਕਾ ’ਤੇ ਕੀਤਾ ਗਿਆ ਹਮਲਾ ਚੀਨ ਵਾਸਤੇ ਰੱਬੀ ਦਾਤ ਬਣ ਕੇ ਬਹੁੜਿਆ ਹੈ। ਇਹ ਵੀ ਇਕ ਵਿਬੰਡਨਾ ਹੈ ਵੁਹਾਨ ਦੀ ਪ੍ਰਯੋਗਸ਼ਾਲਾ ਵਿਚ ਮਾਰੂ ਵਾਇਰਸਾਂ ਨੂੰ ਵਿਕਸਤ ਕਰਨ ਲਈ ਵਰਤੀਆਂ ਜਾ ਰਹੀਆਂ ਜ਼ਿਆਦਤਰ ਮਸ਼ੀਨਾਂ ਅਤੇ ਸਾਜ਼ੋ-ਸਾਮਾਨ ਚੀਨ ਵੱਲੋਂ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਤੋਂ ਦਰਾਮਦ ਕੀਤਾ ਗਿਆ ਹੈ। ਇਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਪੱਛਮੀ ਦੇਸ਼ਾਂ ਨੇ ਵੀ ਅਨਜਾਣੇ ਵਿਚ ਦੁਨੀਆ ਨੂੰ ਤਬਾਹ ਕਰ ਕੇ ਰੱਖ ਦੇਣ ਵਾਲੇ ਇਸ ਵਾਇਰਸ ਨੂੰ ਵਿਕਸਤ ਕਰਨ ’ਚ ਆਪਣਾ ਯੋਗਦਾਨ ਪਾਇਆ ਹੈ। ਇਸ ਵੇਲੇ ਸਾਰੇ ਦੇਸ਼ ਕੋਰੋਨਾ ਵਾਇਰਸ ਦੇ ਫੈਲਾਅ ਲਈ ਚੀਨ ਨੂੰ ਦੋਸ਼ੀ ਮੰਨ ਰਹੇ ਹਨ ਪਰ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰ ਰਿਹਾ।

ਕੋਰੋਨਾ ਫੈਲਣ ਤੋਂ ਦਸ ਮਹੀਨੇ ਬਾਅਦ ਚੀਨ ਨੇ ਡਬਲਯੂਐੱਚਓ ਦੀ ਟੀਮ ਨੂੰ ਜਾਂਚ ਕਰਨ ਲਈ ਦੇਸ਼ ’ਚ ਆਉਣ ਦੀ ਆਗਿਆ ਦਿੱਤੀ ਸੀ ਪਰ ਉਸ ਨੂੰ ਵੁਹਾਨ ਪ੍ਰਯੋਗਸ਼ਾਲਾ ਦੀ ਜਾਂਚ ਨਹੀਂ ਸੀ ਕਰਨ ਦਿੱਤੀ। ਸਾਫ਼ ਹੈ ਕਿ ਚੀਨ ਕੁਝ ਛਿਪਾ ਰਿਹਾ ਹੈ। ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਚਾਹੇ ਕਿਸੇ ਤਰੀਕੇ ਚੀਨ ਦੀ ਸ਼ਮੂਲੀਅਤ ਲੱਭ ਵੀ ਲੈਣ, ਫਿਰ ਵੀ ਅਮਰੀਕਾ ਚੀਨ ਵਿਰੁੱਧ ਕੋਈ ਖ਼ਾਸ ਕਾਰਵਾਈ ਨਹੀਂ ਕਰ ਸਕੇਗਾ।

ਚੀਨ ਨਾਲ ਨਿਪਟਣ ਵੇਲੇ ਅਮਰੀਕਾ ਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਚੀਨ ਕੋਈ ਇਰਾਕ ਨਹੀਂ ਹੈ ਜਿਸ ਨੂੰ ਸਿਰਫ਼ ਕੈਮੀਕਲ ਹਥਿਆਰ ਰੱਖਣ ਦੇ ਸ਼ੱਕ ਵਿਚ ਹੀ ਅਮਰੀਕਾ ਨੇ ਤਬਾਹ ਕਰ ਕੇ ਸੱਦਾਮ ਹੁਸੈਨ ਨੂੰ ਕਤਲ ਕਰ ਦਿੱਤਾ ਸੀ। ਚੀਨ ਸੰਸਾਰ ਦੀ ਦੂਸਰੀ ਵੱਡੀ ਸੈਨਿਕ ਮਹਾ-ਸ਼ਕਤੀ ਹੈ ਅਤੇ ਅਜੇ ਇਹ ਵੀ ਨਹੀਂ ਪਤਾ ਕਿ ਚੀਨ ਕੋਲ ਕੋਰੋਨਾ ਤੋਂ ਇਲਾਵਾ ਹੋਰ ਕਿੰਨੇ ਕੁ ਮਾਰੂ ਵਾਇਰਸ ਸੰਸਾਰ ਨੂੰ ਤਬਾਹ ਕਰਨ ਲਈ ਤਿਆਰ ਪਏ ਹਨ। ਹੁਣ ਤਾਂ ਇਹ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਚੀਨ ਦੀ ਵੇਖਾ-ਵੇਖੀ ਕਿਤੇ ਉੱਤਰੀ ਕੋਰੀਆ ਵਰਗੇ ਦੇਸ਼ ਵੀ ਐਟਮੀ ਹਥਿਆਰ ਤਿਆਰ ਕਰਨ ਦੀ ਬਜਾਏ ਕੋਰੋਨਾ ਵਰਗੇ ਵਾਇਰਸ ਨਾ ਤਿਆਰ ਕਰਨ ਲੱਗ ਪੈਣ ਤੇ ਸੰਸਾਰ ਨੂੰ ਹੋਰ ਮੁਸ਼ਕਲ ਵਿਚ ਪਾ ਦੇਣ।

-ਮੋਬਾਈਲ ਨੰ. : 95011-00062

-response0jagran.com

Posted By: Sunil Thapa