ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਦਿੱਤੀ ਗਈ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਨੇ ਪੂਰੀ ਦੁਨੀਆ ’ਚ ਡਰ ਤੇ ਖ਼ਦਸ਼ਿਆਂ ਭਰੀ ਵੱਡੀ ਬਹਿਸ ਛੇੜ ਦਿੱਤੀ ਹੈ। ਉਂਝ ਜੇ ਹਾਂ-ਪੱਖੀ ਤਰੀਕੇ ਨਾਲ ਸੋਚਿਆ ਜਾਵੇ ਤਾਂ ਇਹ ਮਹਿਜ਼ ‘ਧਮਕੀ’ ਹੀ ਹੋ ਸਕਦੀ ਹੈ ਪਰ ਜੇ ਇਸ ਸਾਰੇ ਮਾਮਲੇ ਨੂੰ ਰਤਾ ਵਿਵਹਾਰਕ ਤਰੀਕੇ ਨਾਲ ਵੇਖੀਏ-ਪਰਖੀਏ ਤਾਂ ਇਹ ‘ਵਿਸ਼ਵ ਯੁੱਧ’ ਦੀ ਅਗਾਊਂ ਆਹਟ ਵੀ ਹੋ ਸਕਦੀ ਹੈ। ਇਹ ਉਸ ਰੂਸ ਲਈ ਆਪਾ-ਵਿਰੋਧੀ ਗੱਲਾਂ ਹਨ, ਜਿਸ ਨੇ ਕਦੇ ਸਮੁੱਚੇ ਸੰਸਾਰ ਦੇ ਮਿਹਨਤਕਸ਼ ਕਾਮਿਆਂ ਨੂੰ ਇੱਕਜੱੁਟ ਕਰਨ ਦਾ ਖੁੱਲ੍ਹਾ ਹੋਕਾ ਦਿੱਤਾ ਸੀ ਅਤੇ ਇਸ ਧਰਤੀ ’ਤੇ ਹਰ ਥਾਂਈਂ ਚਮਕਦੀ ਤੇ ਰੋਸ਼ਨ ਸਵੇਰ ਲਿਆਉਣ ਦੀ ਗੱਲ ਕੀਤੀ ਸੀ। ਪੁਤਿਨ ਦੀ ਪਰਮਾਣੂ ਜੰਗ ਛੇੜਨ ਦੀ ਧਮਕੀ ਕਾਰਨ ਯੂਰਪ, ਕੈਨੇਡਾ, ਅਮਰੀਕਾ ਸਮੇਤ ਸਾਰੇ ਨਾਟੋ ਦੇਸ਼ਾਂ ਦੇ ਕੰਨ ਖੜ੍ਹੇ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤਾਂ ਆਖ ਵੀ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਕਿਸੇ ਵੀ ਤਰ੍ਹਾਂ ਦੇ ਅਜਿਹੇ ਹਮਲੇ ਵਿਰੁੱਧ ਡਟੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਦਰਅਸਲ ਯੂਕਰੇਨ ਨਾਲ ਜੰਗ ’ਚ ਰੂਸ ਕਿਸੇ ਵੀ ਹਾਲਤ ’ਚ ਜਿੱਤਣ ਦੀ ਹਾਲਤ ’ਚ ਨਹੀਂ ਹੈ, ਇਸੇ ਲਈ ਹੁਣ ਪੁਤਿਨ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਨੂੰ ਸ਼ਾਇਦ ਇੰਝ ਜਾਪਦਾ ਹੋਵੇਗਾ ਕਿ ਪਰਮਾਣੂ ਬੰਬ ਵਰਤਣ ਦੀ ਧਮਕੀ ਨਾਲ ਸ਼ਾਇਦ ਯੂਕਰੇਨ ਉਨ੍ਹਾਂ ਅੱਗੇ ਗੋਡੇ ਟੇਕ ਦੇਵੇਗਾ। ਪਰਮਾਣੂ ਜੰਗ ਦਾ ਖ਼ਤਰਾ ਪੂਰੀ ਦੁਨੀਆ ’ਤੇ ਉਦੋਂ ਤੋਂ ਹੀ ਮੰਡਰਾ ਰਿਹਾ ਹੈ ਜਦ ਤੋਂ ਇਹ ਬੰਬ ਈਜਾਦ ਹੋਇਆ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਪਰਮਾਣੂ ਬੰਬ ਦਾ ਇਸਤੇਮਾਲ ਅਮਰੀਕਾ ਵੱਲੋਂ ਜਾਪਾਨ ’ਤੇ ਹੋ ਚੁੱਕਾ ਹੈ, ਜਿਸ ਦੇ ਭੈੜੇ ਨਤੀਜੇ ਹਾਲੇ ਤਕ ਵੀ ਵੇਖਣ ਨੂੰ ਮਿਲ ਰਹੇ ਹਨ। ਉਸ ਤੋਂ ਪੌਣੀ ਸਦੀ ਬਾਅਦ ਜੇ ਕਿਤੇ ਹੁਣ ਪਰਮਾਣੂ ਬੰਬ ਦੀ ਵਰਤੋਂ ਹੁੰਦੀ ਹੈ ਤਾਂ ਉਸ ਦੇ ਨਤੀਜੇ ਪਰਮਾਣੂ ਹਮਲੇ ਤੋਂ ਕਿਤੇ ਜ਼ਿਆਦਾ ਭਿਆਨਕ ਹੋਣਗੇ। ਅਮਰੀਕੀ ਮਾਹਿਰ ਹੁਣ ਬਾਇਡਨ ਪ੍ਰਸ਼ਾਸਨ ’ਤੇ ਦਬਾਅ ਵਧਾ ਰਹੇ ਹਨ ਕਿ ਪੁਤਿਨ ਨੂੰ ਪਰਮਾਣੂ ਬੰਬ ਦੀ ਵਰਤੋਂ ਜਿਹਾ ਕਦਮ ਚੁੱਕਣ ਤੋਂ ਪਹਿਲਾਂ ਹੀ ਰੋਕਿਆ ਜਾਵੇ ਜਦ ਕਿ ਪੁਤਿਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੱਛਮੀ ਦੇਸ਼ ਰੂਸ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਇਸ ਦੋਸ਼ ’ਚ ਕਿੰਨੀ ਕੁ ਸੱਚਾਈ ਹੈ, ਇਸ ਦਾ ਜਵਾਬ ਤਾਂ ਤੱਥਾਂ ਦੇ ਬਾਰੀਕੀ ਨਾਲ ਵਿਸ਼ਲੇਸ਼ਣ ਤੋਂ ਬਾਅਦ ਹੀ ਦਿੱਤਾ ਜਾ ਸਕਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਵਿਕਸਤ ਤੇ ਸਮਰੱਥ ਦੇਸ਼ਾਂ ਨੂੰ ਹੁਣ ਇੱਕਜੁੱਟ ਹੋ ਕੇ ਮਨੁੱਖਤਾ ਵਿਰੋਧੀ ਮਨਸੂਬੇ ਰੱਖਣ ਵਾਲੇ ਆਲਮੀ ਆਗੂਆਂ ਤੇ ਦੇਸ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਹਰੇਕ ਦੇਸ਼ ਸਮੁੱਚੀ ਧਰਤੀ ਦੀ ਲੋਕਾਈ ਦਾ ਅਟੁੱਟ ਹਿੱਸਾ ਹੁੰਦਾ ਹੈ। ਇਕ ਦੇਸ਼ ਨੂੰ ਹੋਣ ਵਾਲੇ ਨੁਕਸਾਨ ਦਾ ਅਸਰ ਪੂਰੀ ਦੁਨੀਆ ’ਤੇ ਵੇਖਣ ਨੂੰ ਮਿਲਦਾ ਹੈ। ਇਹ ਗੱਲ ਪਿਛਲੇ ਸੱਤ ਮਹੀਨਿਆਂ ਤੋਂ ਚੱਲ ਰਹੀ ਰੂਸ ਤੇ ਯੂਕਰੇਨ ਦੀ ਜੰਗ ਦੇ ਨਤੀਜਿਆਂ ਦੀ ਪਰਖ-ਪੜਚੋਲ ਤੋਂ ਸਹਿਜੇ ਹੀ ਜ਼ਾਹਿਰ ਹੋ ਜਾਂਦੀ ਹੈ। ਇਸ ਜੰਗ ਕਾਰਨ ਬਹੁਤ ਸਾਰੇ ਗ਼ਰੀਬ ਦੇਸ਼ਾਂ ਨੂੰ ਇਸ ਵਾਰ ਸਸਤੀ ਕਣਕ ਨਸੀਬ ਨਹੀਂ ਹੋ ਸਕੀ। ਯੂਕਰੇਨ ਦੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਬਹੁਤ ਸਾਰੇ ਪੰਜਾਬੀ ਤੇ ਹੋਰ ਭਾਰਤੀ ਬੱਚਿਆਂ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਯੂਕਰੇਨ ਤੇ ਰੂਸ ਨੂੰ ਆਪਣਾ ਮਾਲ ਸਪਲਾਈ ਕਰਨ ਵਾਲੇ ਭਾਰਤ ਦੇ ਕਾਰੋਬਾਰੀ ਅਦਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜੋਕੇ ਆਧੁਨਿਕ ਯੁੱਗ ’ਚ ਸਾਰੇ ਦੇਸ਼ ਇਕ-ਦੂਜੇ ਦੇ ਪੂਰਕ ਹਨ ਤੇ ਵਿਰੋਧ ਦੀ ਸੰਭਾਵਨਾ ਦੀ ਕਿਤੇ ਕੋਈ ਬਹੁਤੀ ਗੁੰਜਾਇਸ਼ ਵੀ ਨਹੀਂ ਬਚਦੀ। ਇਸੇ ਲਈ ਪਰਮਾਣੂ ਬੰਬ ਦੀ ਧਮਕੀ ਨੂੰ ਹੁਣ ਇਕ ‘ਦਹਿਸ਼ਤਗਰਦ ਕਾਰੇ’ ਵਜੋਂ ਹੀ ਲਿਆ ਜਾਵੇਗਾ। ਪੁਤਿਨ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Posted By: Jaswinder Duhra