ਰੂਸ ਤੇ ਯੂਕਰੇਨ ਦੀ ਜੰਗ ਸ਼ੁਰੂ ਹੋਈ ਨੂੰ ਚਾਰ ਮਹੀਨੇ ਮੁਕੰਮਲ ਹੋ ਚੁੱਕੇ ਹਨ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸੇ ਵਰ੍ਹੇ 24 ਫਰਵਰੀ ਨੂੰ ਜੰਗ ਦਾ ਰਸਮੀ ਐਲਾਨ ਕੀਤਾ ਸੀ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਕ ਛੋਟਾ ਜਿਹਾ ਦੇਸ਼ ਯੂਕਰੇਨ ਇੰਨਾ ਲੰਬਾ ਸਮਾਂ ਦੁਨੀਆ ਦੀ ਇਕ ਵੱਡੀ ਤਾਕਤ ਰੂਸ ਦਾ ਮੁਕਾਬਲਾ ਕਰ ਸਕੇਗਾ। ਇਸ ਜੰਗ ਨੇ ਦੁਨੀਆ ਨੂੰ ਇਕ ਭਿਆਨਕ ਮੰਜ਼ਰ ਵਿਖਾਇਆ ਹੈ। ਰੂਸ ਦੇ ਹੁਣ ਤਕ 34 ਹਜ਼ਾਰ ਤੇ ਯੂਕਰੇਨ ਦੇ 25 ਹਜ਼ਾਰ ਦੇ ਲਗਪਗ ਫ਼ੌਜੀ ਇਸ ਜੰਗ ਦੌਰਾਨ ਮਾਰੇ ਜਾ ਚੁੱਕੇ ਹਨ। ਆਮ ਨਾਗਰਿਕਾਂ ਦੀ ਗਿਣਤੀ ਦਾ ਕਿਤੇ ਕੋਈ ਹਿਸਾਬ-ਕਿਤਾਬ ਨਹੀਂ ਹੈ। ਇੰਜ ਇਕ ਮੋਟੇ ਅਨੁਮਾਨ ਅਨੁਸਾਰ ਹੁਣ ਤਕ 60 ਤੋਂ 70 ਹਜ਼ਾਰ ਨਿਰਦੋਸ਼ ਜਾਨਾਂ ਜਾ ਚੁੱਕੀਆਂ ਹਨ। ਇਨਸਾਨੀ ਜਾਨਾਂ ਦੇ ਇਸ ਘਾਣ ਲਈ ਸਿੱਧੇ ਤੌਰ ’ਤੇ ਉਹ ਦੇਸ਼ ਰੂਸ ਜ਼ਿੰਮੇਵਾਰ ਹੈ ਜਿਸ ਨੇ ਕਿਸੇ ਵੇਲੇ ਇਸ ਖ਼ਲਕਤ ’ਚ ਸਮਾਜਵਾਦ ਲਿਆਉਣ ਦਾ ਦਾਅਵਾ ਕਰਦਿਆਂ ਪੂਰੀ ਦੁਨੀਆ ਦੇ ਕਿਰਤੀਆਂ ਨੂੰ ਇਕਜੁੱਟ ਹੋਣ ਦਾ ਹੋਕਾ ਦਿੱਤਾ ਸੀ। ਅਜੇ ਵੀ ਤਕਰੀਬਨ 100 ਤੋਂ ਵੱਧ ਥਾਵਾਂ ’ਤੇ ਯੂਕਰੇਨ ਦੇ ਫ਼ੌਜੀ ਰੂਸੀ ਫ਼ੌਜ ਦਾ ਮੁਕਾਬਲਾ ਕਰ ਰਹੇ ਹਨ। ਵੱਡੀਆਂ-ਛੋਟੀਆਂ ਅਣਗਿਣਤ ਇਮਾਰਤਾਂ ਢਹਿ-ਢੇਰੀ ਹੋ ਕੇ ਖੰਡਰਾਂ ਦਾ ਰੂਪ ਅਖ਼ਤਿਆਰ ਕਰ ਚੁੱਕੀਆਂ ਹਨ। ਯੂਕਰੇਨ ਦੇ ਇਕ ਵੱਡੇ ਇਲਾਕੇ ’ਚ ਰੂਸ ਨੇ ਆਪਣੇ ਪਾਸਪੋਰਟ ਤਕ ਜਾਰੀ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਹੁਣ ਤਕ ਯੂਕਰੇਨ ਦਾ 600 ਅਰਬ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਹੋ ਚੁੱਕਾ ਹੈ। ਇਸ ਜੰਗ ਦਾ ਨੁਕਸਾਨ ਇਕੱਲੇ ਯੂਕਰੇਨ ਨੂੰ ਹੀ ਨਹੀਂ, ਸਗੋਂ ਰੂਸ ਸਮੇਤ ਪੂਰੀ ਦੁਨੀਆ ਨੂੰ ਝੱਲਣਾ ਪੈ ਰਿਹਾ ਹੈ। ਸਾਰੀਆਂ ਵੱਡੀਆਂ ਬਹੁ-ਰਾਸ਼ਟਰੀ ਕਾਰਪੋਰੇਟ ਕੰਪਨੀਆਂ ਹੁਣ ਰੂਸ ਨੂੰ ਛੱਡ ਕੇ ਜਾ ਚੁੱਕੀਆਂ ਹਨ। ਅਮਰੀਕਾ ਤੇ ਯੂਰਪੀ ਦੇਸ਼ਾਂ ਨੇ ਉਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਰੂਸ ਤੇ ਯੂਕਰੇਨ ਤੋਂ ਬਰਾਮਦ ਕੀਤੇ ਜਾਣ ਵਾਲੇ ਅਨਾਜ ਦੀ ਵਰਤੋਂ ਕਰਨ ਵਾਲੇ ਅਨੇਕ ਗ਼ਰੀਬ ਮੁਲਕਾਂ ਦੇ 160 ਕਰੋੜ ਦੇ ਲਗਪਗ ਲੋਕਾਂ ਲਈ ਭੁੱਖਮਰੀ ਵਾਲੇ ਹਾਲਾਤ ਪੈਦਾ ਹੋਣ ਵਾਲੇ ਹਨ। ਇਸ ਤੋਂ ਇਲਾਵਾ ਰੂਸ ਤੋਂ ਬਹੁਤ ਸਾਰੇ ਯੂਰਪੀ ਦੇਸ਼ਾਂ ਨੂੰ ਗੈਸ ਦੀ ਸਪਲਾਈ ਕੀਤੀ ਜਾਂਦੀ ਰਹੀ ਹੈ, ਹੁਣ ਉਸ ਵਿਚ ਵੀ ਡਾਢੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਤੋਂ ਇਲਾਵਾ ਰੂਸ ਤੇ ਯੂਕਰੇਨ ਤੋਂ ਖੇਤੀਬਾੜੀ ਦੇ ਔਜ਼ਾਰ, ਮਸ਼ੀਨਾਂ ਤੇ ਉਪਕਰਨ, ਤੇਲ, ਖਾਦਾਂ ਵੀ ਪੂਰੀ ਦੁਨੀਆ ਨੂੰ ਸਪਲਾਈ ਹੁੰਦੀਆਂ ਸਨ। ਹੁਣ ਇਹ ਸਭ ਕੁਝ ਰੁਕ ਗਿਆ ਹੈ। ਕੌਮਾਂਤਰੀ ਵਿਸ਼ਲੇਸ਼ਕਾਂ ਦਾ ਇਕ ਵਰਗ ਇਹ ਵੀ ਮੰਨਦਾ ਹੈ ਕਿ ਦੁਨੀਆ ਦਾ ਹਥਿਆਰ ਮਾਫ਼ੀਆ ਵੀ ਰੂਸ ਤੇ ਯੂਕਰੇਨ ਦੀ ਜੰਗ ਨੂੰ ਹਵਾ ਦੇਣ ਲਈ ਜ਼ਿੰਮੇਵਾਰ ਹੋ ਸਕਦਾ ਹੈ। ਉਂਜ ਇਸ ਵੇਲੇ ਨਾਟੋ ਦੇਸ਼ ਲਿਥੂਆਨੀਆ ਨੂੰ ਬਚਾਉਣ ਵਾਸਤੇ ਯੂਕਰੇਨ ਦੀ ਮਦਦ ਕਰ ਰਹੇ ਹਨ। ਅਮਰੀਕਾ ਦੇ ਨਾਲ-ਨਾਲ ਯੂਰਪ ਦੇ ਬਹੁਤ ਸਾਰੇ ਦੇਸ਼ ਇਸ ਵੇਲੇ ਯੂਕਰੇਨ ਦੀ ਮਦਦ ਕਰ ਰਹੇ ਹਨ। ਜੇ ਕਿਤੇ ਕਿਸੇ ਸਮਰਥਕ ਦੇਸ਼ ’ਤੇ ਰੂਸ ਨੇ ਕਦੇ ਹਮਲਾ ਕਰ ਦਿੱਤਾ ਤਾਂ ਵਿਸ਼ਵ ਜੰਗ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਲ 1939 ’ਚ ਜਦੋਂ ਪਹਿਲਾਂ-ਪਹਿਲ ਹਿਟਲਰ ਦੀ ਫ਼ੌਜ ਛੋਟੇ-ਮੋਟੇ ਦੇਸ਼ਾਂ ’ਤੇ ਹਮਲੇ ਕਰ ਰਹੀ ਸੀ, ਤਦ ਬਹੁਤੇ ਦੇਸ਼ ਸ਼ਾਂਤ ਰਹੇ ਸਨ ਪਰ ਬਾਅਦ ’ਚ ਜਦੋਂ ਹੋਰ ਦੇਸ਼ਾਂ ਦੀ ਸ਼ਮੂਲੀਅਤ ਹੋਈ ਤਾਂ ਉਹ ਦੂਜਾ ਵਿਸ਼ਵ ਯੁੱਧ ਬਣ ਗਿਆ ਤੇ 7 ਸਾਲਾਂ ਭਾਵ 1945 ਤਕ ਚੱਲਦਾ ਰਿਹਾ। ਅਜਿਹੇ ਹਾਲਾਤ ਤੋਂ ਮਨੁੱਖਤਾ ਨੂੰ ਬਚਾਉਣ ਲਈ ਹੁਣ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਜੱਥੇਬੰਦੀਆਂ ਦੇ ਨਾਲ-ਨਾਲ ਦੁਨੀਆ ਦੇ ਪ੍ਰਮੁੱਖ ਰਹਿਨੁਮਾਵਾਂ ਨੂੰ ਵੀ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ।

Posted By: Shubham Kumar