ਅੱਜ-ਕੱਲ੍ਹ ਕਿਸਾਨਾਂ ਵੱਲੋਂ ਕਣਕ ਦੀ ਨਾੜ ਨੂੰ ਧੜਾਧੜ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਕਾਰਾਂ, ਖੇਤੀ ਮਾਹਿਰਾਂ, ਬੁੱਧੀਜੀਵੀਆਂ, ਧਾਰਮਿਕ ਅਸਥਾਨਾਂ, ਵਾਤਾਵਰਨ ਪ੍ਰੇਮੀਆਂ ਆਦਿ ਸਣੇ ਲਗਪਗ ਹਰੇਕ ਵਰਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਉਹ ਟਸ ਤੋਂ ਮਸ ਨਹੀਂ ਹੋਏ। ਕਿਸੇ ਸਮੇਂ ਕਣਕ ਦੀ ਨਾੜ ਨੂੰ ਸੋਧਣਾ ਅਸੰਭਵ ਸੀ ਪਰ ਹੁਣ ਤਾਂ ਮਸ਼ੀਨਰੀ ਦੇ ਵਿਕਸਤ ਹੋਣ ਕਾਰਨ ਨਾੜ ਤੋਂ ਤੂੜੀ ਵੀ ਬਣਨ ਲੱਗ ਪਈ ਹੈ ਅਤੇ ਤੂੜੀ ਦੀ ਕੀਮਤ ਵੀ ਬਹੁਤ ਹੈ। ਕਿਸਾਨ ਹਨ ਕਿ ਤੂੜੀ ਬਣਾਉਣ ਤੋਂ ਬਾਅਦ ਵੀ ਇੰਜ ਅੱਗ ਲਾ ਕੇ ਸਭ ਕੁਝ ਤਹਿਸ-ਨਹਿਸ ਕਰੀ ਜਾ ਰਹੇ ਹਨ ਜਿਵੇਂ ਅੱਗ ਲਗਾਉਣਾ ਕੋਈ ਸ਼ਗਨ ਹੋਵੇ। ਜਿੱਥੋਂ ਤਕ ‘ਅੱਗ ਲਗਾਏ ਬਿਨਾਂ ਖੇਤੀ ਅਸੰਭਵ’ ਵਾਲੀ ਗੱਲ ਹੈ ਤਾਂ ਇਹ ਉਦੋਂ ਝੂਠੀ ਸਾਬਿਤ ਹੁੰਦੀ ਹੈ ਜਦੋਂ ਦੇਖਦੇ ਹਾਂ ਕਿ ਹਰ ਇਲਾਕੇ ’ਚ ਕੁਝ ਵਿਰਲੇ-ਟਾਵੇਂ ਅਤੇ ਕਾਮਯਾਬ ਕਿਸਾਨ ਅਜਿਹੇ ਵੀ ਹਨ ਜਿਹੜੇ ਕਦੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦੇ। ਜੇ ਗੱਲ ਕਰੀਏ ਕਿ ਕਿਸਾਨਾਂ ਵੱਲੋਂ ਆਪਣੇ ਖੇਤਾਂ ’ਚ ਅੱਗ ਲਗਾਉਣ ਨੂੰ ਆਪਣਾ ਹੱਕ ਸਮਝਣਾ ਕਿੰਨਾ ਕੁ ਜਾਇਜ਼ ਹੈ ਤਾਂ ਇਸ ਸਬੰਧੀ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਇਕ ਬਹੁਤ ਵਧੀਆ ਫ਼ੈਸਲੇ ’ਤੇ ਨਜ਼ਰ ਮਾਰਨੀ ਜ਼ਰੂਰੀ ਹੈ। ਅਦਾਲਤ ਨੇ ਸਪਸ਼ਟ ਫ਼ੈਸਲਾ ਦਿੱਤਾ ਸੀ ਕਿ ‘ਲੋਕਾਂ ਦਾ ਸ਼ੁੱਧ ਹਵਾ ਵਿਚ ਸਾਹ ਲੈਣ ਦਾ ਹੱਕ ਖੋਹ ਕੇ ਉਨ੍ਹਾਂ ਲਈ ਰੋਟੀ ਦਾ ਪ੍ਰਬੰਧ ਕਰਨਾ ਕੋਈ ਚੰਗਾ ਕੰਮ ਨਹੀਂ ਹੈ। ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਹ ਦੂਜਿਆਂ ਦਾ ਸ਼ੁੱਧ ਹਵਾ ’ਚ ਸਾਹ ਲੈਣ ਦਾ ਹੱਕ ਹੀ ਖੋਹ ਲਵੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀ ਹੁਕਮ ਦਿੱਤਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਪ੍ਰਤੀ ਕੁਇੰਟਲ ਉਪਜ ਮਗਰ 100 ਰੁਪਏ ਵਾਧੂ ਦਿੱਤੇ ਜਾਣ ਤਾਂ ਜੋ ਉਨ੍ਹਾਂ ਦਾ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤ ਵਿਚ ਖਪਾਉਣ ’ਤੇ ਹੋਣ ਵਾਲਾ ਖ਼ਰਚਾ ਪੂਰਾ ਕੀਤਾ ਜਾ ਸਕੇ ਪਰ ਇਸ ਹੁਕਮ ਤੋਂ ਬਾਅਦ ਕਿਸਾਨਾਂ ਨੂੰ 100 ਰੁਪਏ ਵੱਧ ਦੇਣ ਦੇ ਮੁੱਦੇ ’ਤੇ ਕੇਂਦਰ ਤੇ ਰਾਜ ਸਰਕਾਰਾਂ ਇਕ-ਦੂਜੇ ਵੱਲ ਗੇਂਦ ਸੁੱਟੀ ਗਈਆਂ ਜਿਸ ਕਾਰਨ ਸਰਕਾਰਾਂ ਨੇ ਕਿਸਾਨਾਂ ਨੂੰ ਵਾਧੂ 100 ਰੁਪਏ ਦਿੱਤੇ ਨਹੀਂ ਅਤੇ ਕਿਸਾਨਾਂ ਨੇ ਕਦੇ ਸਰਕਾਰਾਂ ਕੋਲੋਂ ਮੰਗੇ ਨਹੀਂ। ਅਜਿਹਾ ਇਸ ਲਈ ਕਿਉਂਕਿ ਦੋਵੇਂ ਧਿਰਾਂ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਸੰਜੀਦਾ ਨਹੀਂ ਹਨ। ਕਿਸਾਨ ਆਗੂਆਂ ਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਚਾਹੇ ਸਰਕਾਰਾਂ ਹੋਣ ਤੇ ਚਾਹੇ ਸੰਗਠਨ, ਆਮ ਲੋਕਾਂ ਦਾ ਸਮਰਥਨ ਹਰੇਕ ਲਈ ਜ਼ਰੂਰੀ ਹੁੰਦਾ ਹੈ। ਅੱਜ ਕਿਸਾਨਾਂ ਨੂੰ ਆਪਣੀ ਸੋਚ ਬਦਲਣ ਦੀ ਸਖ਼ਤ ਲੋੜ ਹੈ। ਜੇ ਉਹ ਇਸੇ ਤਰ੍ਹਾਂ ਅੱਗ ਲਾ ਕੇ ਸਭ ਕੁਝ ਬਰਬਾਦ ਕਰੀ ਗਏ ਤਾਂ ਜ਼ਰੂਰ ਇਕ ਦਿਨ ਇਸ ਸਬੰਧੀ ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾਉਣੇ ਪੈਣਗੇ। ਸੋ, ਸਮਾਂ ਰਹਿੰਦਿਆਂ ਅੰਨਦਾਤਿਆਂ ਨੂੰ ਸੰਭਲਣਾ ਅਤੇ ਬਦਲਣਾ ਚਾਹੀਦਾ ਹੈ।

-ਅਮਰਜੀਤ ਸਿੰਘ ਅਟਵਾਲ,

ਖੁਰਦਪੁਰ (ਜਲੰਧਰ)।

(94630-61638)

Posted By: Jagjit Singh