ਅਧਿਆਪਕ ਸਿਰਫ਼ ਬੱਚਿਆਂ ਨੂੰ ਪੜ੍ਹਾਉਂਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਚਿਹਰੇ ਵੀ ਪੜ੍ਹਦਾ ਹੈ। ਉਹ ਉਸ ਸੜਕ ਵਾਂਗ ਹੈ ਜੋ ਖ਼ੁਦ ਇਕ ਜਗ੍ਹਾ ’ਤੇ ਖੜ੍ਹੇ ਹੋ ਕੇ ਬਾਕੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਂਦੀ ਹੈ। ਅਧਿਆਪਕਾਂ ਨੂੰ ਬੱਚਿਆਂ ਦੇ ਦੂਜੇ ਮਾਪੇ ਵੀ ਕਿਹਾ ਜਾਂਦਾ ਹੈ ਕਿਉਂਕਿ ਜਿੱਥੇ ਮਾਪੇ ਬੱਚੇ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਂਦੇ ਹਨ ਓਥੇ ਅਧਿਆਪਕ ਉਸ ਦੇ ਪੈਰਾਂ ਨੂੰ ਐਨਾ ਮਜ਼ਬੂਤ ਬਣਾਉਂਦੇ ਹਨ ਕਿ ਉਹ ਜ਼ਿੰਦਗੀ ਦੇ ਰਾਹਾਂ ’ਤੇ ਆਉਂਦੀਆਂ ਔਕੜਾਂ ਨਾਲ ਨਜਿੱਠ ਕੇ ਆਪਣੀ ਮੰਜ਼ਿਲ ਨੂੰ ਸਰ ਕਰਨ ਦੇ ਕਾਬਲ ਹੋ ਸਕਣ। ਪੁਰਾਤਨ ਸਮੇਂ ਵਿਚ ਅਧਿਆਪਕ ਨੂੰ ‘ਗੁਰੂ’ ਦਾ ਦਰਜਾ ਦੇ ਕੇ ਸਮਾਜ ਵਿਚ ਉਸ ਦੀ ਸਥਿਤੀ ਨੂੰ ਬਹੁਤ ਉੱਚੇ ਸਥਾਨ ’ਤੇ ਪਹੁੰਚਾ ਦਿੱਤਾ ਗਿਆ ਸੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਬਦਲਦੇ ਸਮੇਂ ਨਾਲ ਉਹ ਸਥਿਤੀ ਹੁਣ ਡਾਵਾਂਡੋਲ ਹੋ ਰਹੀ ਹੈ। ਅੱਜ ਜਿੱਥੇ ਅਧਿਆਪਕ ਦੀ ਸਮਾਜ ਵਿਚ ਇੱਜ਼ਤ ਘਟ ਗਈ ਹੈ ਓਥੇ ਹੀ ਉਸ ਤੋਂ ਵੱਧ ਆਸਾਂ ਉਸ ਦੇ ਸੋਸ਼ਣ ਦਾ ਕਾਰਨ ਬਣ ਰਹੀਆਂ ਹਨ। ਪ੍ਰਾਈਵੇਟ ਸਕੂਲਾਂ ਨੂੰ ਹਜ਼ਾਰਾਂ ’ਚ ਫੀਸ ਅਦਾ ਕਰ ਕੇ ਮਾਪੇ ਸੋਚਦੇ ਹਨ ਕਿ ਜਿਵੇਂ ਉਨ੍ਹਾਂ ਦੇ ਬੱਚਿਆਂ ਦੇ ਕਰਤਾ-ਧਰਤਾ ਬਸ ਉਨ੍ਹਾਂ ਦੇ ਅਧਿਆਪਕ ਹੀ ਹਨ ਤੇ ਇਸ ਤਰ੍ਹਾਂ ਉਹ ਮਾਪਿਆਂ ਦੀ ਭੂਮਿਕਾ ਨਿਭਾਉਣੀ ਭੁੱਲ ਰਹੇ ਹਨ। ਬੱਚਿਆਂ ਵੱਲੋਂ ਘਰ ਵਿਚ ਜ਼ਿਆਦਾ ਫੋਨ ਚਲਾਉਣ ਤੋਂ ਲੈ ਕੇ ਉਨ੍ਹਾਂ ਦੀ ਸਿਹਤ ਦੀ ਜ਼ਿੰਮੇਵਾਰੀ ਵੀ ਅਧਿਆਪਕ ਸਿਰ ਮੜ੍ਹ ਦਿੱਤੀ ਗਈ ਹੈ। ਇਕ ਅਧਿਆਪਕ ਹੀ ਬੱਚੇ ਦੀ ਸ਼ਖ਼ਸੀਅਤ ਨਿਖਾਰਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਮਾਪੇ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਭੁੱਲ ਜਾਣ। ਬੱਚੇ ਦੁਆਰਾ ਆਪਣੇ ਸਾਥੀਆਂ ਨਾਲ ਕੀਤੀ ਜਾਂਦੀ ਛੋਟੀ ਜਿਹੀ ਲੜਾਈ ਦਾ ਸਕੂਲ ’ਚ ਵੱਡਾ ਮੁੱਦਾ ਬਣਾ ਕੇ ਜਿੱਥੇ ਮਾਪੇ ਅਧਿਆਪਕ ਦਾ ਅਪਮਾਨ ਕਰਦੇ ਹਨ, ਓਥੇ ਬੱਚਿਆਂ ’ਚ ਸਹਿਣਸ਼ੀਲਤਾ ਵੀ ਘਟਾ ਰਹੇ ਹਨ। ਸਰਕਾਰਾਂ ਵੀ ਅਧਿਆਪਕਾਂ ਦੀ ਸਥਿਤੀ ਨੂੰ ਬਦਹਾਲ ਕਰਨ ’ਚ ਪਿੱਛੇ ਨਹੀਂ ਰਹਿ ਰਹੀਆਂ। ਡਿਗਰੀਆਂ ਪਾਸ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਯੋਗਤਾ ਪਰਖਣ ਲਈ ਟੈੱਟ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ। ਚਲੋ, ਜੇ ਉਹ ਇਹ ਵੀ ਪਾਸ ਕਰ ਲੈਂਦੇ ਹਨ ਤਾਂ ਅੱਗੇ ਹੋਰ ਪੇਪਰ ਨੂੰ ਪਾਸ ਕਰਨ ਦੀਆਂ ਸ਼ਰਤਾਂ ਹੁੰਦੀਆਂ ਹਨ। ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਜਦੋਂ ਕੋਈ ਇਹ ਪੜਾਅ ਵੀ ਪਾਰ ਕਰ ਲੈਂਦਾ ਹੈ, ਫਿਰ ਵੀ ਉਸ ਦੇ ਸੁਨਹਿਰੀ ਭਵਿੱਖ ਦੀ ਕੋਈ ਬਹੁਤ ਪੱਕੀ ਆਸ ਨਹੀਂ ਹੁੰਦੀ। ਉਨ੍ਹਾਂ ਨੂੰ ਆਪਣੀ ਮਿਹਨਤ ਬਦਲੇ ਸੋਟੀਆਂ ਅਤੇ ਅੱਥਰੂ ਗੈਸਾਂ ਤੋਹਫ਼ੇ ਵਜੋਂ ਮਿਲਦੀਆਂ ਹਨ। ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੇ ਲੋਕਾਂ ਦੇ ਮਜ਼ਾਕਾਂ ਤੋਂ ਤੰਗ ਹੋਏ ਕਈ ਨੌਜਵਾਨ ਤਾਂ ਆਪਣੀ ਜੀਵਨ ਲੀਲ੍ਹਾ ਹੀ ਖ਼ਤਮ ਕਰ ਲੈਂਦੇ ਹਨ ਤੇ ਕਈ ਵਿਦੇਸ਼ ਜਾਣ ਦਾ ਰਸਤਾ ਅਪਣਾ ਲੈਂਦੇ ਹਨ। ਅੱਜ ਸਰਕਾਰਾਂ ਤੇ ਮਾਪਿਆਂ, ਦੋਵਾਂ ਨੂੰ ਹੀ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਲੋੜ ਹੈ। ਅਗਲੀ ਪੀੜ੍ਹੀ ਦੇ ਸੁਨਹਿਰੀ ਭਵਿੱਖ ਲਈ ਸਰਕਾਰਾਂ ਨੂੰ ਇਸ ਮੁੱਦੇ ’ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ।

-ਜਸਵੀਰ ਕੌਰ ਪੱਖੋਕੇ। ਸੰਪਰਕ : 98156-53766

Posted By: Jagjit Singh