-ਸਿਮਰਜੀਤ ਸਿੰਮੀ

ਅਧਿਆਪਕ ਅਤੇ ਵਿਦਿਆਰਥੀ ਦਾ ਖ਼ੂਨ ਦੀ ਸਾਂਝ ਵਰਗਾ ਗੂੜ੍ਹਾ ਰਿਸ਼ਤਾ ਹੁੰਦਾ ਹੈ। ਅਧਿਆਪਕ ਇਕ ਚਮੁਖੀਏ ਚਿਰਾਗ਼ ਦੇ ਸਮਾਨ ਹੈ ਜੋ ਹਮੇਸ਼ਾ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ। ਪ੍ਰਾਚੀਨ ਗੁਰੂਕੁਲ ਪ੍ਰਣਾਲੀ ਵਿਚ ਅਧਿਆਪਕ ਨੂੰ ਗੁਰੂ ਮੰਨਿਆ ਜਾਂਦਾ ਸੀ। ‘ਗੁਰੂ’ ਸੰਸਕ੍ਰਿਤ ਮੂਲ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਹੈ। ਵਿਦਿਆਰਥੀਆਂ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾਣਾ ਉਸ ਦਾ ਕਰਤੱਵ ਹੈ। ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ’ਚੋਂ ਅਗਿਆਨਤਾ ਰੂਪੀ ਹਨ੍ਹੇਰੇ ਨੂੰ ਦੂਰ ਕਰਨ ਲਈ ਯੋਗ ਅਗਵਾਈ ਦੀ ਜ਼ਰੂਰਤ ਪੈਂਦੀ ਹੈ। ਇਹ ਅਗਵਾਈ ਅਧਿਆਪਕ ਦਿੰਦੇ ਹਨ। ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਤੋਂ ਉੱਚੇ ਮੁਕਾਮ ’ਤੇ ਪਹੁੰਚਾ ਕੇ ਖ਼ੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਨਵੇਂ, ਸੌਖੇ ਅਤੇ ਪ੍ਰੇਰਨਾਦਾਇਕ ਤਰੀਕਿਆਂ ਦੀ ਵਰਤੋਂ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਉਸ ਦੀ ਘਾਲਣਾ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਅਧਿਆਪਨ ਵਿਚੋਂ ਹੀ ਦੂਸਰੇ ਸਾਰੇ ਕਿੱਤਿਆਂ ਦਾ ਜਨਮ ਹੁੰਦਾ ਹੈ। ਅਜੋਕੇ ਸਮੇਂ ਪੜ੍ਹਾਈ ਨੂੰ ਜ਼ਿੰਦਗੀ ’ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਨਪੜ੍ਹ ਵਿਅਕਤੀ ਦੀ ਹਾਲਤ ਇਕ ਹਨੇਰੀ ਕੁੰਦਰ ਦੇ ਸਮਾਨ ਹੁੰਦੀ ਹੈ।

ਅਸੀਂ ਸਾਰੇ ਇਹ ਗੱਲ ਭਲੀਭਾਂਤ ਜਾਣਦੇ ਹਾਂ ਕਿ ਜ਼ਿੰਦਗੀ ਜਿਊਣ ਲਈ ਕੁਝ ਖਾਣਾ ਪੈਂਦਾ ਹੈ ਅਤੇ ਖਾਣ-ਪੀਣ ਲਈ ਕਮਾਈ ਵੀ ਕਰਨੀ ਪੈਂਦੀ ਹੈ। ਜੇਕਰ ਸਾਡੇ ਕੋਲ ਵਿੱਦਿਆ ਰੂਪੀ ਹਥਿਆਰ ਹੋਵੇਗਾ ਤਾਂ ਕਮਾਈ ਕਰਨੀ ਸੌਖੀ ਹੋਵੇਗੀ। ਸਰੀਰਕ ਮਿਹਨਤ ਨਾਲੋਂ ਦਿਮਾਗੀ ਮਿਹਨਤ ਆਸਾਨ ਹੁੰਦੀ ਹੈ। ਇਕੱਲੇ ਗਾਰੇ, ਇੱਟਾਂ-ਬੱਜਰੀ ਆਦਿ ਚੁੱਕਣਾ ਹੀ ਮਿਹਨਤ ਨਹੀਂ ਹੁੰਦੀ। ਪੜ੍ਹਨ-ਲਿਖਣ ਨਾਲ ਮਨ ਦੇ ਜਾਲੇ ਸਾਫ਼ ਹੁੰਦੇ ਹਨ ਤੇ ਇਸ ਨਾਲ ਸਾਡਾ ਜ਼ਿੰਦਗੀ ਜਿਊਣ ਦਾ ਢੰਗ ਸੌਖਾ ਹੋ ਜਾਂਦਾ ਹੈ। ਕੋਰੋਨਾ ਮਹਾਮਾਰੀ ਨੇ ਸਦੀਆਂ ਪੁਰਾਣੀ ਅਧਿਆਪਨ ਤਕਨੀਕ ਵਚਿ ਅਣਕਿਆਸੀ ਤਬਦੀਲੀ ਲਿਆਂਦੀ ਹੈ। ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਇਸ ਆਨਲਾਈਨ ਸਿੱਖਿਆ ਦੇ ਵੀ ਦੋ ਪਹਿਲੂ ਹਨ-ਚੰਗੇ ਅਤੇ ਮਾੜੇ। ਸਾਡੀ ਸਿੱਖਿਆ ਜਿਹੜੀ ਕਿ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਹੈ, ਉਸ ਨੂੰ ਵੀ ਇਨ੍ਹਾਂ ਚੰਗੇ-ਮਾੜੇ ਪੜਾਵਾਂ ’ਚੋਂ ਗੁਜ਼ਰਨਾ ਪਿਆ। ਲੱਗਦਾ ਹੈ ਕਿ ਇਸ ’ਤੇ ਕੀਤੇ ਜਾ ਰਹੇ ਤਜਰਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋ ਸਕੇ। ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿਦਿਆਰਥੀਆਂ ਨੂੰ ਹੋਏ ਲਾਭ ਦੀ ਗੱਲ ਕਰਾਂਗੇ। ਜੋ ਵਿਦਿਆਰਥੀ ਪੜ੍ਹਾਈ ਵਿਚ ਪੂਰੀ ਰੀਝ ਰੱਖਦੇ ਹਨ, ਉਨ੍ਹਾਂ ਨੇ ਵਿੱਦਿਆ ਦੀ ਨਵੀਂ ਤਕਨੀਕ ਦਾ ਭਰਪੂਰ ਫ਼ਾਇਦਾ ਲਿਆ ਹੈ। ਉਹ ਪੜ੍ਹਾਈ ਨਾਲ ਲਗਾਤਾਰ ਜੁੜੇ ਰਹੇ। ਯੂ-ਟਿਊਬ ਵਰਗੇ ਸਾਧਨਾਂ ਦਾ ਸਦਉਪਯੋਗ ਕਰ ਕੇ ਉਨ੍ਹਾਂ ਨੇ ਮਾਹਿਰ ਸਿੱਖਿਆ ਸ਼ਾਸਤਰੀਆਂ ਤੋਂ ਆਪਣੀ ਸਮਝ ਤੋਂ ਪਰੇ ਦਾ ਗਿਆਨ ਇਕੱਠਾ ਕੀਤਾ। ਉਨ੍ਹਾਂ ਲਾਇਕ ਵਿਦਿਆਰਥੀਆਂ ਨੇ ਇਸ ਗੱਲ ਨੂੰ ਦਿਮਾਗ ਵਿਚ ਰੱਖਿਆ ਕਿ ਜੇ ਅਸੀਂ ‘ਅੱਜ ਸਮੇਂ ਨੂੰ ਬਰਾਬਾਦ ਕਰਾਂਗੇ ਤਾਂ ਇਹ ਸੌ ਪ੍ਰਤੀਸ਼ਤ ਸਾਨੂੰ ਬਰਬਾਦ ਕਰੇਗਾ।’ ਪਰ ਇਸ ਇਕਪਾਸੜ ਸਿੱਖਿਆ ਪ੍ਰਾਪਤੀ ਵਿਚ ਸਿੱਖਣ ਵਾਲਿਆਂ ਦੀ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਸੀ ਭਾਵ ਕਿ 10% ਹੀ ਸੀ।

ਦੂਜੇ ਪਾਸੇ ਇਸ ਲੰਬੇ ਸਮੇਂ ਦੌਰਾਨ ਇਸ ਤਰ੍ਹਾਂ ਕਰਵਾਈ ਆਨਲਾਈਨ ਪੜ੍ਹਾਈ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਸਿੱਖਿਆ ਲੈਣ ਵਾਲਾ ਵਿਦਿਆਰਥੀ ਗਾਇਬ ਹੀ ਰਿਹਾ ਕਿਉਂਕਿ ਉਸ ਦੇ ਪੇਪਰ ਕੋਈ ਹੋਰ ਦੇ ਰਿਹਾ ਹੈ, ਕਲਾਸ ਕੋਈ ਹੋਰ ਲਗਾ ਰਿਹਾ ਹੈ ਤੇ ਦਿੱਤਾ ਹੋਇਆ ਕੰਮ ਕੋਈ ਹੋਰ ਕਰ ਕੇ ਭੇਜ ਰਿਹਾ ਹੈ। ਜਿਹੜੀ ਪੜ੍ਹਾਈ ਗਰੀਬਾਂ ਦੇ ਬੱਚਿਆਂ ਲਈ ਪਹਿਲੀ ਤੋਂ ਅੱਠਵੀਂ ਤਕ ਮੁਫ਼ਤ ਸੀ, ਉਹ ਮਹਿੰਗੀ ਹੋ ਗਈ। ਨੈੱਟਪੈਕ ਪੁਆਉਣੇ ਪੈ ਗਏ। ਘਰ ਵਿਚ 2-3 ਬੱਚੇ ਹਨ ਤਾਂ ਅਲੱਗ-ਅਲੱਗ ਫੋਨਾਂ ਦੀ ਜ਼ਰੂਰਤ ਪਈ। ਮਾਪਿਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਲਈ ਵੀ ਫੋਨ ਦੀ ਜ਼ਰੂਰਤ ਹੈ ਜੋ ਕਿ ਘਰੇਲੂ ਕਲੇਸ਼ ਦਾ ਕਾਰਨ ਬਣੀ। ਫੋਨ ਦੀ ਜ਼ਿਆਦਾ ਵਰਤੋਂ ਨਾਲ ਬਿਜਲੀ ਦਾ ਖ਼ਰਚਾ ਵੀ ਵਧਿਆ। ਇਸ ਤਰ੍ਹਾਂ ਆਮਦਨ ਘਟਣ ਦੇ ਬਾਵਜੂਦ ਖ਼ਰਚੇ ਵਧੇ। ਮਾਪਿਆਂ ਤੋਂ ਮਹਿੰਗੇ ਫੋਨ ਅਤੇ ਨੈੱਟ ਪੈਕ ਦੀ ਰੋਜ਼ ਦੀ ਮੰਗ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ। ਹਰੇਕ ਮਾਂ-ਬਾਪ ਆਪਣੀ ਔਲਾਦ ਨੂੰ ਕਾਮਯਾਬ ਹੋਇਆ ਵੇਖਣਾ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਨੇ ਬੱਚਿਆਂ ਦੀ ਮੰਗ ਨੂੰ ਜਿਵੇਂ-ਕਿਵੇਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਕਈ ਬੱਚਿਆਂ ਨੇ ਇਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਅਧਿਆਪਕਾਂ ਵੱਲੋਂ ਦਿੱਤੇ ਕੰਮ ਨੂੰ ਇਮਾਨਦਾਰੀ ਨਾਲ ਬਹੁਤ ਥੋੜੇ੍ਹ ਬੱਚੇ ਹੀ ਕਰਦੇ ਹਨ। ਬਾਕੀ ਤਾਂ ਸਾਰਾ ਦਿਨ ਆਨਲਾਈਨ ਗੇਮਾਂ ਖੇਡਦੇ ਜਾਂ ਫਿਰ ਹੋਰ ਬਹੁਤ ਕੁਝ ਵੇਖਦੇ ਹਨ ਜੋ ਉਨ੍ਹਾਂ ਦੇ ਵੇਖਣ ਯੋਗ ਨਹੀਂ ਹੰੁਦਾ। ਇਸ ਤਰ੍ਹਾਂ ਉਹ ਗਾਡੀ ਰਾਹ ਦੀ ਬਜਾਏ ਕੁਰਾਹੇ ਪੈ ਗਏ ਹਨ। ਕਈ ਛੋਟੀ ਅਕਲ ਦੇ ਮਾਲਕਾਂ ਨੇ ਆਪਣੀਆਂ ਅਧਿਆਪਕਾਵਾਂ ਨੂੰ ਅਜਿਹੇ ਮੈਸੇਜ ਭੇਜੇ ਜੋ ਉਨ੍ਹਾਂ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਦੇ ਸਨ। ਅਜਿਹੀਆਂ ਘਟੀਆ ਹਰਕਤਾਂ ਨਾਲ ਗੁਰੂ ਰੂਪੀ ਅਧਿਆਪਕ ਸ਼ਰਮਸਾਰ ਹੋਏ ਅਤੇ ਉਨ੍ਹਾਂ ਦੇ ਸਨਮਾਨ ਨੂੰ ਗਹਿਰੀ ਢਾਅ ਲੱਗੀ। ਅਧਿਆਪਕ ਅਤੇ ਵਿਦਿਆਰਥੀਆਂ ਦੇ ਕੰਮ ਦੀ ਕੋਈ ਸਮਾਂ-ਸਾਰਣੀ ਨਹੀਂ ਰਹੀ। ਦੇਰ ਰਾਤ ਤਕ ਕੰਮ ਕਰਵਾਉਣ ਦੇ ਮੈਸੇਸ ਆਉਂਦੇ ਰਹਿੰਦੇ ਜਿਸ ਨਾਲ ਅਧਿਆਪਕਾਂ ਦੇ ਪਰਿਵਾਰਕ ਮਾਹੌਲ ਖ਼ਰਾਬ ਹੋਏ ਕਿਉਂਕਿ ਸਕੂਲ ’ਚ ਸਾਰਾ ਕੁਝ ਸਮੇਂ ਦੇ ਦਾਇਰੇ ਵਿਚ ਰਹਿ ਕੇ ਹੁੰਦਾ ਸੀ। ਮੋਬਾਈਲ ਫੋਨ ਦੀ ਹੱਦ ਤੋਂ ਵੱਧ ਵਰਤੋਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਅੱਖਾਂ ਦੀ ਲੋਅ ਘਟਾ ਦਿੱਤੀ ਅਤੇ ਹੋਰ ਸਰੀਰਕ ਕਮਜ਼ੋਰੀਆਂ ਨੂੰ ਵੀ ਜਨਮ ਦਿੱਤਾ।

ਸਿਰ ਪੀੜ ਦੀ ਤਕਲੀਫ਼ ਆਮ ਹੋ ਗਈ। ਸਾਰਾ ਦਿਨ ਜ਼ਿਆਦਾ ਬੈਠਣ ਨਾਲ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਨੇ ਜਨਮ ਲਿਆ। ਪਿੰਡਾਂ ’ਚ ਨੈੱਟਵਰਕ ਪ੍ਰੋਬਲਮ ਜ਼ਿਆਦਾ ਹੋਣ ਕਾਰਨ ਵਿਦਿਆਰਥੀਆਂ ਦੇ ਮਨਾਂ ਅੰਦਰ ਪੜ੍ਹਾਈ ਲਈ ਅਕੇਵਾਂ ਵਧਿਆ। ਮੁੱਕਦੀ ਗੱਲ ਇਹ ਕਿ ਕੋਈ ਵੀ ਟੈਕਨਾਲੋਜੀ ਬੰਦੇ ਦੀ ਥਾਂ ਨਹੀਂ ਲੈ ਸਕਦੀ। ਰੁਚੀਹੀਣ ਵਿਦਿਆਰਥੀਆਂ ਨੇ ਪੂਰੇ ਬੁੱਲੇ ਲੁੱਟੇ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਘਾਟਾ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਕਦਾ। ਹੁਣ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਸਾਰੇ ਛੇਤੀ ਹੀ ਕੋਰੋਨਾ ਦੇ ਮੱਕੜਜਾਲ ’ਚੋਂ ਬਾਹਰ ਨਿਕਲਣ। ਹੁਣ ਜਦੋਂ 25 ਜੂਨ ਨੂੰ ਸਕੂਲ ਖੁੱਲ੍ਹਣ ਤਾਂ ਵਿਦਿਆਰਥੀ ਵੀ ਚਾਈਂ -ਚਾਈਂ ਸਕੂਲ ਆਉਣ ਤੇ ਆਪਣੀ ਪੜ੍ਹਾਈ ਪ੍ਰਤੀ ਰੁਚੀ ਦਿਖਾਉਣ। ਕਿਸਾਨਾਂ ਦਾ ਮਸਲਾ ਵੀ ਜਲਦੀ ਖ਼ਤਮ ਹੋਵੇ ਤੇ ਉਹ ਵੀ ਸੁੱਖੀਂ-ਸਾਂਦੀਂ ਆਪਣੇ ਘਰਾਂ ਨੂੰ ਵਾਪਸ ਪਰਤਣ। ਬੱਚਿਆਂ ਬਿਨਾਂ ਘਰ ਅਤੇ ਸਕੂਲ ਦੋਵੇਂ ਹੀ ਉਦਾਸ ਲੱਗਦੇ ਹਨ। ਇਹ ਸਕੂਲ ਰੂਪੀ ਬਾਗ਼ ਦੇ ਸੋਹਣੇ ਫੁੱਲ ਫਿਰ ਆਪਣੀਆਂ ਫੁੱਲਵਾੜੀਆਂ ਨੂੰ ਮਹਿਕਾਉਣ। ਆਮੀਨ!

-ਮੋਬਾਈਲ ਨੰ. : 94176-71091

Posted By: Sunil Thapa