-ਹਿਰਦੇ ਨਾਰਾਇਣ ਦੀਕਸ਼ਿਤ

ਬੇਰਹਿਮੀ ਕਦੇ ਸ਼ਲਾਘਾਯੋਗ ਨਹੀਂ ਹੁੰਦੀ ਪਰ ਅੱਤਵਾਦੀ ਹੱਕਾਨੀ ਨੈੱਟਵਰਕ ਦੇ ਆਗੂ ਅਨਸ ਹੱਕਾਨੀ ਨੇ ਭਾਰਤ ’ਤੇ 17 ਵਾਰ ਹਮਲਾ ਕਰਨ ਵਾਲੇ ਤੇ ਸੋਮਨਾਥ ਮੰਦਰ ਨੂੰ ਢਹਿ ਢੇਰੀ ਕਰਨ ਵਾਲੇ ਮਹਿਮੂਦ ਗਜ਼ਨਵੀ ਦੇ ਸੋਹਲੇ ਗਾਏ ਹਨ। ਤਾਲਿਬਾਨ ਦੀ ਅੰਤ੍ਰਿਮ ਸਰਕਾਰ ਦਾ ਹਿੱਸਾ ਹੱਕਾਨੀ ਨੈੱਟਵਰਕ ਅਸਲ ’ਚ ਪਾਕਿਸਤਾਨ ਦੀ ਕਠਪੁਤਲੀ ਹੈ। ਅਮਰੀਕਾ ਨੇ ਉਸ ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਸੀ।

ਇਸਲਾਮੀ ਵਿਚਾਰਧਾਰਾ ’ਚ ਮੂਰਤੀ ਤੋੜਨਾ ਮੁਸਲਿਮ ਦਾ ਫ਼ਰਜ਼ ਮੰਨਿਆ ਜਾਂਦਾ ਹੈ। ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਰ ਦੀਆਂ ਮੂਰਤੀਆਂ ਦੇ ਟੁਕੜਿਆਂ ਨੂੰ ਅਫ਼ਗਾਨਿਸਤਾਨ ਦੀ ਜਾਮਾ ਮਸਜਿਦ ਦੀਆਂ ਪੌੜੀਆਂ ’ਤੇ ਲਗਵਾਇਆ ਸੀ। ਉਸ ਨੇ ਸੋਮਨਾਥ ਦੇ ਮੰਦਰ ਨੂੰ 1055 ’ਚ ਨੁਕਸਾਨ ਪਹੁੰਚਾਇਆ ਸੀ। ਉਸ ਨੇ 1000 ’ਚ ਵੀ ਭਾਰਤ ’ਤੇ ਹਮਲਾ ਕੀਤਾ। ਰਾਜਾ ਜੈਪਾਲ ਤੋਂ ਦੋ ਲੱਖ 50 ਹਜ਼ਾਰ ਦੀਨਾਰ ਲੁੱਟੇ। 1004 ਦੇ ਹਮਲੇ ’ਚ ਉਹ ਮੌਲਵੀ ਵੀ ਲਿਆਇਆ ਸੀ। ਹਜ਼ਾਰਾਂ ਹਿੰਦੂਆਂ ਦਾ ਧਰਮ ਤਬਦੀਲ ਕਰਵਾਇਆ। ਉਹ 1008 ’ਚ ਫਿਰ ਆਇਆ। ਭਿਆਨਕ ਲੁੱਟ ਹੋਈ। 1011 ’ਚ ਲੁੱਟ ਦੇ ਨਾਲ-ਨਾਲ ਮੰਦਰ ਵੀ ਤੋੜੇ। ਉਸ ਦੇ ਸਹਾਇਕ ਇਤਿਹਾਸਕਾਰ ਉਤਵੀ ਨੇ ਤਾਰੀਖੇ ਯਾਮਿਨੀ ’ਚ ਲਿਖਿਆ, ‘ਨਦੀ ਦਾ ਰੰਗ ਕਾਫ਼ਿਰਾਂ ਦੇ ਖ਼ੂਨ ਨਾਲ ਲਾਲ ਹੋ ਗਿਆ ਸੀ। ਅੱਲ੍ਹਾ ਇਸਲਾਮ ਤੇ ਮੁਸਲਮਾਨਾਂ ਨੂੰ ਸਨਮਾਨ ਅਤਾ ਕਰਦਾ ਹੈ। ਉਸ ਦਾ ਸ਼ੁਕਰੀਆ।’ 1013 ਦੇ ਹਮਲੇ ਦੀ ਖ਼ੁਸ਼ੀ ’ਚ ਉਤਵੀ ਨੇ ਲਿਖਿਆ, ‘ਸੁਲਤਾਨ ਬੇਹਿਸਾਬ ਮਾਲ ਲੈ ਕੇ ਪਰਤਿਆ। ਗ਼ੁਲਾਮਾਂ ਦੀ ਗਿਣਤੀ ਕਾਰਨ ਬਾਜ਼ਾਰ ਦੀਆਂ ਕੀਮਤਾਂ ਡਿੱਗ ਪਈਆਂ।’ ਉਹ ਮਥੁਰਾ ਵੀ ਗਿਆ। ਉਤਵੀ ਨੇ ਲਿਖਿਆ ਹੈ, ‘ਕਾਫ਼ਿਰ ਭੱਜੇ। ਨਦੀ ਪਾਰ ਕਰਨ ਦੀ ਕੋਸ਼ਿਸ਼ ’ਚ ਡੁੱਬ ਗਏ। ਸੁਲਤਾਨ ਨੇ ਹੁਕਮ ਦਿੱਤਾ ਕਿ ਸਾਰੇ ਮੰਦਰਾਂ ਨੂੰ ਅੱਗ ਲਾ ਦਿਓ।’ ਮਹਿਮੂਦ ਗਜ਼ਨਵੀ ਇਕੱਲਾ ਹਮਲਾਵਰ ਨਹੀਂ ਸੀ। ਮੁਹੰਮਦ ਗੌਰੀ ਜਿਹੇ ਕਈ ਹਮਲਾਵਰਾਂ ਨੇ ਲੱਖਾਂ ਹਿੰਦੂਆਂ ਨੂੰ ਮਾਰਿਆ, ਲੁੱਟਮਾਰ ਕੀਤੀ। ਏਨਾ ਹੀ ਨਹੀਂ 2000 ’ਚ ਭਾਰਤ ਦੀ ਅਜਿਹੀ ਹੀ ਇਕ ਅੱਤਵਾਦੀ ਜਥੇਬੰਦੀ ‘ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ’ ਯਾਨੀ ਸਿਮੀ ਨੇ ‘ਭਾਰਤ ’ਚ ਹਿਕ ਹੋਰ ਮਹਿਮੂਦ ਗਜ਼ਨਵੀ ਦੀ ਜ਼ਰੂਰਤ’ ਦੱਸੀ ਸੀ। ਭਾਰਤ ਨੂੰ ਇਸਲਾਮੀ ਰਾਜ ਬਣਾਉਣਾ ਅਜਿਹੀਆਂ ਅੱਤਵਾਦੀ ਜਥੇਬੰਦੀਆਂ ਦਾ ਮਕਸਦ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੰਡ ਦੀ ਘਟਨਾ ਨੂੰ ਯਾਦ ਰੱਖਣ ਦੀ ਅਪੀਲ ਕੀਤੀ ਸੀ। ਭਾਰਤ ਨੂੰ ਇਸੇ ਵਿਚਾਰਧਾਰਾ ਨੇ ਤੋੜਿਆ ਸੀ। ਪਾਕਿਸਤਾਨੀ ਮੁਲਕ ਦੀ ਮੰਗ ਪਿੱਛੇ ਵੀ ਇਹੋ ਵਿਚਾਰਧਾਰਾ ਸੀ। 30 ਜੁਲਾਈ, 1945 ਨੂੰ ਮੁਸਲਿਮ ਲੀਗ ਦੇ ਆਗੂ ਅਬਦੁਲ ਰਬ ਨਸਤਰ ਨੇ ‘ਲੇਟ ਪਾਕਿਸਤਾਨ ਸਪੀਕ ਫਾਰ ਹਰ ਸੈਲਫ’ ’ਚ ਲਿਖਿਆ ਸੀ, ‘ਪਾਕਿਸਤਾਨ ਖ਼ੂਨ ਵਹਾ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜ਼ਰੂਰੀ ਹੋਇਆ ਤਾਂ ਗ਼ੈਰ-ਮੁਸਲਿਮਾਂ ਦਾ ਖ਼ੂਨ ਵੀ ਵਹਾਇਆ ਜਾਵੇਗਾ।’ ਕੋਲਕਾਤਾ ਮੁਸਲਿਮ ਲੀਗ ਦੇ ਤਤਕਾਲੀ ਸਕੱਤਰ ਨੇ ‘ਡਾਇਰੈਕਟ ਐਕਸ਼ਨ ਡੇ’ ਮੌਕੇ ਕਿਹਾ ਸੀ, ‘ਅਸੀਂ ਹਲਫ਼ ਲੈਂਦੇ ਹਾਂ ਹੇ ਅੱਲ੍ਹਾ ਸਾਨੂੰ ਕਾਫ਼ਿਰਾਂ ’ਤੇ ਫ਼ਤਹਿ ਦਿਓ, ਜਿਸ ਨਾਲ ਅਸੀਂ ਹਿੰਦੁਸਤਾਨ ’ਚ ਇਸਲਾਮ ਦਾ ਰਾਜ ਸਥਾਪਿਤ ਕਰ ਸਕੀਏ।’

ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਓਸਾਮਾ ਬਿਨ ਲਾਦੇਨ ਤੇ ਅਫ਼ਜ਼ਲ ਗੁਰੂ ਤਕ ਅਜਿਹੀ ਹੀ ਕੱਟੜਪੰਥੀ ਅੱਤਵਾਦੀ ਸੋਚ ਦਾ ਇਕ ਲੰਬਾ ਇਤਿਹਾਸ ਹੈ। ਇਸਲਾਮੀ ਮਾਮਲਿਆਂ ਦੇ ਆਲਮੀ ਵਿਦਵਾਨ ਪ੍ਰੋਫੈਸਰ ਡੇਨੀਅਲ ਪਾਈਪ ਲਿਖਦੇ ਹਨ, ‘ਪਿਛਲੀ ਸਦੀ ਦੇ ਅੱਠਵੇਂ ਦਹਾਕੇ ਦੇ ਅੱਧ ’ਚ ਭਾਰਤ ਦੇ ਕੱਟੜਪੰਥੀ ਹਮਲਾਵਰ ਹੋ ਗਏ। ਉਨ੍ਹਾਂ ਦੇ ਦੰਗੇ ਪਹਿਲਾਂ ਸਥਾਨਕ ਸਨ, ਫਿਰ ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ’ਚ ਫੈਲਣ ਲੱਗੇ।’ ਦਰਅਸਲ ਪਾਕਿਸਤਾਨ

ਦਾ ਗਠਨ ਕੱਟੜਪੰਥੀਆਂ ਦੀ ਆਖ਼ਰੀ ਮੰਗ ਨਹੀਂ ਸੀ।

ਇਸਲਾਮੀ ਵਿਦਵਾਨ ਐੱਫਕੇ ਦੁਰਾਨੀ ਨੇ ‘ਮੀਨਿੰਗ ਆਫ ਪਾਕਿਸਤਾਨ’ ’ਚ ਲਿਖਿਆ, ‘ਪਾਕਿਸਤਾਨ ਦਾ ਨਿਰਮਾਣ ਇਸ ਲਈ ਅਹਿਮ ਸੀ ਕਿ ਉਸ ਨੂੰ ਆਧਾਰ ਬਣਾ ਕੇ ਬਾਕੀ ਭਾਰਤ ਦਾ ਇਸਲਾਮੀਕਰਨ ਕੀਤਾ ਜਾਵੇ।’ ਪਾਕਿਸਤਾਨ ਦੀ ਸਥਾਪਨਾ ਭਾਰਤ ਵਿਰੋਧੀ ਮਕਸਦ ’ਚ ਕਾਮਯਾਬ ਰਹੀ। ਪਾਕਿਸਤਾਨ ਦੇਸ਼ ਨਹੀਂ ਸਗੋਂ ਫ਼ੌਜੀ ਛਾਉਣੀ ਹੈ। ਪਾਕਿਸਤਾਨੀ ਫ਼ੌਜ ’ਚ ਮਿਜ਼ਾਈਲਾਂ ਦੇ ਨਾਂ ਵੀ ਗਜ਼ਨੀ ਤੇ ਗੌਰੀ ਰੱਖੇ ਗਏ ਹਨ। ਜੰਮੂ-ਕਸ਼ਮੀਰ ਦੀਆਂ ਤਾਜ਼ਾ ਘਟਨਾਵਾਂ ਵੀ ਪਾਕਿਸਤਾਨੀ ਸਾਜ਼ਿਸ਼ ਦਾ ਹਿੱਸਾ ਹਨ।

ਅਫ਼ਗਾਨਿਸਤਾਨ ’ਚ ਹੁਣ ਕੱਟੜ ਤਾਲਿਬਾਨੀ ਰਾਜ ਹੈ। ਭਾਰਤ ’ਚ ਤਾਲਿਬਾਨ ਦੇ ਹਮਾਇਤੀ ਹਨ। ਇਨ੍ਹਾਂ ’ਚ ਸਿਆਸੀ ਆਗੂ ਤੇ ਸ਼ਾਇਰ ਵੀ ਹਨ। ਪਾਕਿਸਤਾਨ ਤੇ ਤਾਲਿਬਾਨ ਕੱਟੜ ਇਸਲਾਮੀ ਵਿਚਾਰਾਧਾਰਾ ਦੇ ਕਾਰਨ ਇੱਕ ਹਨ। ਭਾਰਤ ਲਈ ਇਹ ਨਵੀਂ ਚੁਣੌਤੀ ਹੈ। ਅਯੁੱਧਿਆ, ਮਥੁਰਾ ਤੇ ਕਾਸ਼ੀ ਦੇ ਮੰਦਰਾਂ ਨੂੰ ਵੀ ਇਸੇ ਕੱਟੜ ਵਿਚਾਰਧਾਰਾ ਕਾਰਨ ਨੁਕਸਾਨ ਪਹੁੰਚਾਇਆ ਗਿਆ। ਤੋੜੇ ਗਏ ਮੰਦਰਾਂ ਦੀ ਗਿਣਤੀ ਸੰਭਵ ਨਹੀਂ ਹੈ। ਜਿਹਾਦੀ ਅੱਤਵਾਦ ਸਪੱਸ਼ਟ ਯੁੱਧ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ’ਚ ਨਿਰਦੋਸ਼ਾਂ ਦੀ ਹੱਤਿਆ, ਹਿੰਸਾ ਤੇ ਲੁੱਟ ਅਪਰਾਧ ਨਹੀਂ ਹਨ। ਇਹ ਦੁਨੀਆ ਨੂੰ ਇਸਲਾਮੀ ਛੱਤਰੀ ਹੇਠਾਂ ਲਿਆਉਣ ਦੇ ਸਾਧਨ ਹਨ। ਇਸ ਲਈ ਆਤਮਘਾਤੀ ਮਨੁੱਖੀ ਬੰਬ ਬਣਾਉਣ ਤਕ ਤੋਂ ਪਰਹੇਜ਼ ਨਹੀਂ।

ਸਾਰੀ ਦੁਨੀਆ ਇਸ ਵਿਚਾਰ ਨਾਲ ਸਹਿਮੀ ਹੈ। ਕਿਹਾ ਜਾ ਰਿਹਾ ਸੀ ਕਿ ਤਾਲਿਬਾਨ ’ਚ ਤਬਦੀਲੀ ਆਈ ਹੈ ਪਰ ਉਸ ਦੀਆਂ ਹਰਕਤਾਂ ਹਾਲੇ ਵੀ ਹਿੰਸਕ ਹਨ। ਮੂਰਤੀ ਤੇ ਮੰਦਰ ਨੂੰ ਉਹ ਬਰਦਾਸ਼ਤ ਨਹੀਂ ਕਰਦੇ। ਉਹ ਹੋਰ ਧਰਮਾਂ ਨੂੰ ਸਨਮਾਨ ਨਹੀਂ ਦਿੰਦੇ। ਪਾਕਿਸਤਾਨ ’ਚ ਵੀ ਮੰਦਰ ਤੇ ਹਿੰਦੂ ਸੁਰੱਖਿਅਤ ਨਹੀਂ ਹਨ। ਤਾਲਿਬਾਨੀ ਲੋਕ ਪਾਕਿਸਤਾਨੀ ਮਦਰੱਸਿਆਂ ’ਚੋਂ ਹੀ ਨਿਕਲੇ ਸਨ। ਇਸਲਾਮੀ ਪਰੰਪਰਾ ਦੇ ਵਿਦਵਾਨ ਡਾ. ਮੁਸ਼ੀਰੂਲ ਹਕ ਨੇ ਲਿਖਿਆ ਹੈ, ‘ਮੁਸਲਮਾਨ ਜਾਣਦੇ ਹਨ ਕਿ ਇਨ੍ਹਾਂ ਮਦਰੱਸਿਆਂ ’ਚੋਂ ਪੜ੍ਹ ਕੇ ਨਿਕਲੇ ਨੌਜਵਾਨਾਂ ਦੀ ਦੁਨਿਆਵੀ ਤਰੱਕੀ ਦੀ ਉਮੀਦ ਘੱਟ ਹੈ ਪਰ ਮੁਸਲਮਾਨਾਂ ਦੇ ਵੱਡੇ ਹਿੱਸੇ ’ਚ ਵਿਸ਼ਵਾਸ ਹੈ ਕਿ ਮਦਰੱਸਿਆਂ ਤੋਂ ਪਾਸ ਆਲਿਮ ਕਿਆਮਤ ਦੇ ਦਿਨ ਆਪਣੇ ਰਿਸ਼ਤੇਦਾਰਾਂ ਵੱਲੋਂ ਮਾਫ਼ ਕਰਨ ਦੀ ਪੈਰਵੀ ਅੱਲ੍ਹਾ ਪਾਕ ਤੋਂ ਕਰਨ ਦੇ ਸਮਰੱਥ ਹਨ।’

ਸਈਅਦ ਮਕਬੂਲ ਅਹਿਮਦ ਨੇ ਠੀਕ ਕਿਹਾ ਸੀ, ‘ਰੂੜੀਵਾਦੀ ਵਿਚਾਰ ਫੈਲਾਉਣ ਵਾਲੇ ਸਾਧਨਾਂ ’ਚ ਮਦਰੱਸਾ ਸਿੱਖਿਆ ਮਹੱਤਵਪੂਰਨ ਹੈ। ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਭੂਗੋਲ ਆਦਿ ਵਿਸ਼ੇ ਮਦਰੱਸਿਆਂ ’ਚ ਨਹੀਂ ਪੜ੍ਹਾਏ ਜਾਂਦੇ। ਇਸ ਕਾਰਨ ਇਸਲਾਮ ਨੂੰ ਛੱਡ ਕੇ ਦੂਜੇ ਧਰਮਾਂ ਪ੍ਰਤੀ ਉਦਾਰਵਾਦ ਤੇ ਸਹਿਣਸ਼ੀਲਤਾ ਦੀ ਅਣਹੋਂਦ ਹੁੰਦੀ ਹੈ। ਦਰਸ਼ਨ ਸ਼ਾਸਤਰ ਨੂੰ ਕੁਫ਼ਰ ਕਿਹਾ ਗਿਆ।’

ਭਾਰਤ ਅੱਤਵਾਦੀ ਵਿਚਾਰ ਦਾ ਨਿਸ਼ਾਨਾ ਹੈ। ਤਾਲਿਬਾਨ ਤੇ ਪਾਕਿਸਤਾਨ ਦੀ ਰਾਜਨੀਤੀ ਭਾਰਤ ਵਿਰੋਧੀ ਹੈ। ਹੱਕਾਨੀ ਨੇ ਜਾਣ-ਬੁੱਝ ਕੇ ਮਹਿਮੂਦ ਦੀ ਤਾਰੀਫ਼ ’ਚ ਸੋਮਨਾਥ ਦੀ ਤਬਾਹੀ ਜੋੜੀ ਹੈ। ਇਹ ਭਾਰਤ ਨੂੰ ਸਿੱਧੀ ਚੁਣੌਤੀ ਹੈ ਕਿ ਅਸੀਂ ਤੁਹਾਡੇ ਦੇਸ਼ ਨੂੰ 17 ਵਾਰ ਲੁੱਟਣ ਤੇ ਮੰਦਰ ਤੋੜਨ ਵਾਲੇ ਖਲਨਾਇਕ ਮਹਿਮੂਦ ਨੂੰ ਆਪਣਾ ਹੀਰੋ ਮੰਨਦੇ ਹਾਂ। ਸੋਮਨਾਥ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖਿੱਚਪਾਊ ਤੇ ਸ਼ਾਨਦਾਰ ਹੈ। ਇਸ ਦਰਮਿਆਨ ਭਾਰਤ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਭਾਰਤ ਨੇ ਪਾਕਿਸਤਾਨ ਤੋਂ ਕਈ ਜੰਗਾਂ ਜਿੱਤੀਆਂ ਹਨ। ਸਰਜੀਕਲ ਤੇ ਏਅਰ ਸਟ੍ਰਾਈਕ ਰਾਹੀਂ ਪਾਕਿਸਤਾਨ ਨੂੰ ਔਕਾਤ ਦੱਸੀ ਗਈ। ਇਸ ਦੇ ਬਾਵਜੂਦ ਭਾਰਤ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।

ਭਾਰਤ ਦਾ ਸੱਭਿਆਚਾਰ ਤੇ ਸ਼ਰਧਾ ਆਲਮੀ ਮਨੁੱਖਤਾ ਲਈ ਆਦਰਸ਼ ਹੈ। ਵੱਖਵਾਦੀ ਤਾਕਤਾਂ ਭਾਰਤ ’ਚ ਲੰਬੇ ਅਰਸੇ ਤੋਂ ਸਰਗਰਮ ਰਹੀਆਂ ਹਨ। ਭਾਰਤ ਨੇ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਦਮ ’ਤੇ ਅਜਿਹੀਆਂ ਸ਼ਕਤੀਆਂ ਦਾ ਸਾਹਮਣਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠੀਕ ਕਿਹਾ ਹੈ ਕਿ ਸੋਮਨਾਥ ਮੰਦਰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਵਿਸ਼ਵਾਸ ਹੈ। ਤੋੜਨ ਵਾਲੀਆਂ ਸ਼ਕਤੀਆਂ ਥੋੜ੍ਹੇ ਸਮੇਂ ਲਈ ਭਾਵੇਂ ਹੀ ਹਾਵੀ ਹੋ ਜਾਣ ਪਰ ਉਹ ਭਾਰਤ ਦੇ ਜਿਊਣ ਦੀ ਸੰਭਾਵਨਾ ਤੇ ਬਹਾਦਰੀ ਨੂੰ ਨਹੀਂ ਦਬਾ ਸਕਦੀਆਂ। ਹੱਕਾਨੀ ਨੇਤਾ ਅਨਸ ਲੁਟੇਰੇ ਮਹਿਮੂਦ ਦੇ ਸੋਹਲੇ ਗਾ ਰਿਹਾ ਹੈ ਪਰ ਮੁਰਦੇ ’ਚ ਜੀਵਨ ਨਹੀਂ ਹੁੰਦਾ।

-(ਲੇਖਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਹੈ।)

Posted By: Jatinder Singh