-ਲਕਸ਼ਮੀਕਾਂਤਾ ਚਾਵਲਾ

ਕੁਝ ਕੁ ਮਹੀਨੇ ਪਹਿਲਾਂ ਜਦ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਨ ਉਦੋਂ ਅਮਰੀਕਾ ਵਿਚ ਇਕ ਸਿਆਹਫਾਮ ਵਿਅਕਤੀ ਪੁਲਿਸ ਦੇ ਹੱਥੋਂ ਮਾਰਿਆ ਗਿਆ ਸੀ। ਉੱਥੇ ਇਹ ਸਵਾਲ ਖੜ੍ਹਾ ਹੋਇਆ ਕਿ ਗੋਰੇ ਪੁਲਿਸ ਵਾਲੇ ਨੇ ਬਿਨਾਂ ਕਾਰਨ ਸਿਆਹਫਾਮ ਨੂੰ ਧੌਣ ’ਤੇ ਗੋਡਾ ਰੱਖ ਕੇ ਦਿੱਤਾ। ਜ਼ਿਆਦਾ ਗੰਭੀਰ ਸਵਾਲ ਇਹ ਹੈ ਕਿ ਪੁਲਿਸ ਦੁਆਰਾ ਸਿਆਹਫਾਮ ਦੀ ਜਾਨ ਲੈਣ ਤੋਂ ਬਾਅਦ ਇਹ ਦੁਖਾਂਤ ਅਮਰੀਕਾ ਵਿਚ ਲਗਪਗ ਹਰ ਸੂਬੇ ਵਿਚ ਅੰਦੋਲਨ ਦਾ ਕਾਰਨ ਬਣਿਆ ਸੀ।

ਸਰਕਾਰ ਵਿਰੁੱਧ ਜਨਤਾ ਦਾ ਰੋਹ ਪੂਰੀ ਤਰ੍ਹਾਂ ਫੁੱਟ ਪਿਆ ਸੀ। ਅੰਦੋਲਨਕਾਰੀ ਇਕ ਰੰਗ ਦੇ ਨਹੀਂ ਸਨ, ਅਮਰੀਕਨ ਸਨ ਅਤੇ ਉਨ੍ਹਾਂ ਨੂੰ ਇਹ ਬਿਲਕੁਲ ਨਾਪਸੰਦ ਸੀ ਕਿ ਕੋਈ ਇਸ ਲਈ ਮਾਰਿਆ ਜਾਵੇ ਕਿ ਉਹ ਰੰਗ ਦਾ ਕਾਲਾ ਹੈ, ਨਿਰਦੋਸ਼ ਵੀ ਹੈ। ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਜਨਤਕ ਤੌਰ ’ਤੇ ਪੁਲਿਸ ਦੁਆਰਾ ਮਾਰੇ ਗਏ ਵਿਅਕਤੀ ਦੀ ਬੇਟੀ ਤੋਂ ਮਾਫ਼ੀ ਮੰਗਦਿਆਂ ਪਛਤਾਵੇ ਦਾ ਇਜ਼ਹਾਰ ਕੀਤਾ ਸੀ।

ਸ਼ਾਇਦ ਉਸ ਛੋਟੀ ਜਿਹੀ ਬਾਲੜੀ ਲਈ ਗੁਜ਼ਾਰੇ ਦਾ ਪ੍ਰਬੰਧ ਵੀ ਕੀਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਦਾ ਇਹ ਮਨੁੱਖਤਾ ਦੇ ਅਲੰਬਰਦਾਰ ਵਾਲਾ ਚਿਹਰਾ-ਮੋਹਰਾ ਸਭ ਨੂੰ ਚੰਗਾ ਲੱਗਾ। ਅਸੀਂ ਚਾਹੁੰਦੇ ਹਾਂ ਕਿ ਹਰ ਦੇਸ਼ ਵਿਚ ਅਜਿਹਾ ਹੀ ਹੋ ਜਾਵੇ ਪਰ ਇਹ ਉਦੋਂ ਹੀ ਸੰਭਵ ਹੈ ਜਦ ਲੋਕਤੰਤਰ ਦੇ ਸਵਾਮੀ ਅਰਥਾਤ ਇੱਥੋਂ ਦੇ ਨਾਗਰਿਕ ਮਤਦਾਨ ਕਰ ਕੇ ਸੱਤਾ ਸੌਂਪਣ ਵਾਲੇ ਖ਼ੁਦ ਜਾਗਰੂਕ ਹੋਣ। ਉਹ ਮਨੁੱਖੀ ਹਕੂਕ ਦੇ ਰਾਖੇ ਵੀ ਬਣਨ ਤੇ ਤਰਜਮਾਨ ਵੀ।

ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਮੁਲਕ ਵਿਚ ਅਜੇ ਇਹ ਭਾਵਨਾ ਪੂਰੀ ਤਰ੍ਹਾਂ ਜਾਗਿ੍ਤ ਨਹੀਂ ਹੋਈ ਹੈ। ਸ਼ਰੇਆਮ ਚਿੱਟੇ ਦਿਨ ਲੋਕਾਂ ਦੇ ਜਿਊਣ ਦਾ ਅਧਿਕਾਰ ਖੋਹਿਆ ਜਾਂਦਾ ਹੈ, ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।

ਅਕਸਰ ਅਜਿਹਾ ਲੱਗਦਾ ਹੀ ਨਹੀਂ ਕਿ ਅਸੀਂ ਆਜ਼ਾਦ ਮੁਲਕ ਦੇ ਆਜ਼ਾਦ ਨਾਗਰਿਕ ਹਾਂ। ਸਾਡੇ ਦੇਸ਼ ਵਿਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ ਜਿਸ ਵਿਚ ਸਰਕਾਰ ਜਨਤਾ ਦੀ ਅਤੇ ਜਨਤਾ ਲਈ ਹੁੰਦੀ ਹੈ। ਅੱਜਕੱਲ੍ਹ ਤਾਂ ਜ਼ਿਆਦਾਤਰ ਅਜਿਹਾ ਲੱਗਦਾ ਹੈ ਕਿ ਇਹ ਮੁਲਕ ਜਾਂ ਤਾਂ ਨੇਤਾਵਾਂ ਦਾ ਹੈ ਜਾਂ ਫਿਰ ਪੁਲਿਸ ਤੇ ਹੋਰ ਮਹਿਕਮਿਆਂ ਦੇ ਮੁਲਾਜ਼ਮਾਂ ਦਾ।

ਜਿਸ ਦੇ ਦਿਲ ਵਿਚ ਮਨੁੱਖਤਾ ਹੈ, ਉਹ ਤਾਂ ਦੂਜੇ ਨਾਗਰਿਕਾਂ ਨੂੰ ਵੀ ਇੱਜ਼ਤ-ਮਾਣ ਦਿੰਦਾ ਹੈ। ਸਮਾਨਤਾ ਦਾ ਵਿਵਹਾਰ ਕਰਦਾ ਹੈ ਪਰ ਜੇਕਰ ਕੋਈ ਦੂਜੇ ਨਾਗਰਿਕਾਂ ਨਾਲ ਜ਼ਾਲਮਾਨਾ ਵਿਵਹਾਰ ਕਰਦਾ ਹੈ, ਇੱਥੋਂ ਤਕ ਕਿ ਮੌਤ ਵੀ ਦੇ ਦਿੰਦਾ ਹੈ ਤਾਂ ਜਿਹੋ ਜਿਹਾ ਦੇਸ਼ ਪੱਧਰੀ ਗੁੱਸਾ ਜਾਂ ਵਿਰੋਧ ਖੜ੍ਹਾ ਹੋਣਾ ਚਾਹੀਦਾ ਹੈ।

ਹੈਰਾਨੀ ਦੀ ਗੱਲ ਹੈ ਕਿ ਧਰਮ ਦੇ ਨਾਂ ’ਤੇ ਗੁੱਸਾ ਹਿੰਦੁਸਤਾਨ ਵਿਚ ਬਹੁਤ ਜਲਦੀ ਫੁੱਟ-ਫੁੱਟ ਕੇ ਸੜਕਾਂ ’ਤੇ ਦਿਖਾਈ ਦਿੰਦਾ ਹੈ।

ਕਿਸੇ ਪੂਜਾ ਪ੍ਰਣਾਲੀ ਨਾਲ ਜੁੜੇ ਚਿੰਨ੍ਹ ਦੀ ਬੇਅਦਬੀ ਹੋਣ ’ਤੇ ਤਾਂ ਲੱਖਾਂ ਲੋਕ ਸੜਕਾਂ ’ਤੇ ਨਿਕਲ ਆਉਂਦੇ ਹਨ। ਸਰਕਾਰੀ ਤੇ ਗ਼ੈਰ-ਸਰਕਾਰੀ ਸੰਪਤੀ ਨੂੰ ਨਸ਼ਟ ਵੀ ਕਰਦੇ ਹਨ।

ਅੱਗ ਦੇ ਹਵਾਲੇ ਕਰ ਦੇਣਾ ਤਾਂ ਮਾਮੂਲੀ ਗੱਲ ਹੈ ਪਰ ਜਦ ਇਕ ਨਾਗਰਿਕ ਨੂੰ ਕਾਨੂੰਨ ਦੇ ਮਾਲਕ ਕੁੱਟਦੇ ਹਨ, ਅਪਮਾਨਿਤ ਕਰਦੇ ਹਨ, ਲੁੱਟਦੇ ਹਨ ਉਦੋਂ ਉਹ ਗੁੱਸਾ ਦਿਖਾਈ ਨਹੀਂ ਦਿੰਦਾ ਜੋ ਦਿਖਾਈ ਦੇਣਾ ਚਾਹੀਦਾ ਸੀ ਜਿਸ ਦੀ ਕਿ ਇਕ ਸਿਹਤਮੰਦ ਲੋਕਤੰਤਰ ਲਈ ਜ਼ਰੂਰਤ ਵੀ ਹੈ। ਸਾਰੇ ਜਾਣਦੇ ਹਨ ਕਿ ਜਿੱਥੇ ਲੋਕਤੰਤਰ ਵਿਚ ਲੋਕ ਮੌਨ ਰਹਿੰਦੇ ਹਨ, ਉੱਥੇ ਤੰਤਰ ਭਾਰੂ ਹੋ ਜਾਂਦਾ ਹੈ ਅਤੇ ਇਸ ਤੰਤਰ ਦੀ ਚੱਕੀ ਵਿਚ ਕੋਈ ਵੀ ਪਿਸ ਸਕਦਾ ਹੈ।

ਮਿਸਾਲ ਦੇ ਤੌਰ ’ਤੇ ਕੋਰੋਨਾ ਲਈ ਜੋ ਨਿਯਮ ਬਣਾਏ ਗਏ, ਉਨ੍ਹਾਂ ਵਿਚ ਮਾਸਕ ਪਾਉਣਾ ਵੀ ਇਕ ਹੈ ਅਤੇ ਇਸ ’ਤੇ ਸਖ਼ਤੀ ਨਾਲ ਅਮਲ ਕਰਵਾਇਆ ਜਾ ਰਿਹਾ ਹੈ। ਹਰ ਨਾਗਰਿਕ ਨੂੰ ਇਸ ਨਿਯਮ ਦੀ ਪਾਲਣਾ ਕਰਨੀ ਵੀ ਚਾਹੀਦੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਕੋਰੋਨਾ ਤੋਂ ਬਚਾਅ ਲਈ ਜੇ ਕਿਸੇ ਨੇ ਮਾਸਕ ਨਹੀਂ ਪਹਿਨਿਆ ਤਾਂ ਉਸ ਨੂੰ ਪੁਲਿਸ ਤੰਤਰ ਦੁਆਰਾ ਇਸ ਤਰ੍ਹਾਂ ਮਸਲ ਦਿੱਤਾ ਜਾਵੇ ਕਿ ਉਹ ਉੱਠਣ ਦੇ ਕਾਬਲ ਹੀ ਨਾ ਰਹੇ।

ਇਕ ਪਾਸੇ ਤਾਂ ਦੇਸ਼ ਦੇ ਨੇਤਾ ਆਪਣੇ ਹੀ ਬਣਾਏ ਹੋਏ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਵੱਡੀਆਂ-ਵੱਡੀਆਂ ਚੋਣ ਰੈਲੀਆਂ ਕਰਦੇ ਹਨ, ਰਾਜਨੀਤਕ ਮੰਚ ਸਜਾਉਂਦੇ ਹਨ ਤੇ ਰੋਡ ਸ਼ੋਅ ਕਰਦੇ ਹਨ। ਉੱਥੇ ਨਾ ਮਾਸਕ, ਨਾ ਕੋਈ ਹੱਥ ਧੋਣ ਦਾ ਬੰਦੋਬਸਤ ਹੁੰਦਾ ਹੈ ਅਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾਂਦੀ ਹੈ ਬਲਕਿ ਵੱਧ ਤੋਂ ਵੱਧ ਭੀੜ ਇਕੱਠੀ ਕਰਨ ਦੀਆਂ ਕੋਸ਼ਿਸ਼ਾਂ ਸਾਫ਼ ਦਿਖਾਈ ਦਿੰਦੀਆਂ ਹਨ।

ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੀ ਪੁਲਿਸ ਇਕ ਦੁਕਾਨ ਦੇ ਅੰਦਰ ਜਾ ਕੇ ਇਕ ਵਪਾਰੀ ਦੇ ਮਾਸਕ ਦਾ ਨਿਰੀਖਣ ਕਰ ਕੇ ਇਹ ਫ਼ੈਸਲਾ ਲੈਂਦੀ ਹੈ ਕਿ ਮਾਸਕ ਠੀਕ ਤਰ੍ਹਾਂ ਨਹੀਂ ਸੀ ਪਹਿਨਿਆ। ਪੁਲਸੀਆ ਕਹਿਰ ਉਸ ਦੁਕਾਨਦਾਰ ’ਤੇ ਪੂਰੀ ਤਰ੍ਹਾਂ ਟੁੱਟ ਪਿਆ। ਧੱਕੇ ਮਾਰ ਕੇ ਉਸ ਨੂੰ ਬਾਹਰ ਕੱਢਿਆ ਤੇ ਜਿਪਸੀ ਵਿਚ ਸੁੱਟ ਕੇ ਥਾਣੇ ਲਿਜਾ ਕੇ ਅਪਮਾਨਿਤ ਕੀਤਾ ਗਿਆ।

ਖ਼ੁਸ਼ਕਿਸਮਤੀ ਨਾਲ ਹੋਰ ਵਪਾਰੀ ਥਾਣੇ ਪੁੱਜ ਕੇ ਉਸ ਨੂੰ ਛੁਡਾ ਲਿਆ ਪਰ ਉਨ੍ਹਾਂ ਪੁਲਿਸ ਵਾਲਿਆਂ ਨੂੰ ਗ਼ੈਰ-ਕਾਨੂੰਨੀ, ਅਣ-ਮਨੁੱਖੀ ਹਰਕਤ ਲਈ ਕੋਈ ਸਜ਼ਾ ਮਿਲੀ, ਪਤਾ ਨਹੀਂ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਵੀ ਇਹੀ ਸਰਕਾਰੀ ਕਹਿਰ ਆਟੋ ਰਿਕਸ਼ਾ ਚਾਲਕ ’ਤੇ ਟੁੱਟਿਆ। ਕਾਰਨ ਉੱਥੇ ਵੀ ਇਹ ਸੀ ਕਿ ਪੁਲਿਸ ਮੁਤਾਬਕ ਉਸ ਨੇ ਮੂੰਹ ਠੀਕ ਤਰ੍ਹਾਂ ਢਕਿਆ ਨਹੀਂ ਸੀ। ਉਹ ਵਿਚਾਰਾ ਵਪਾਰੀ ਨਹੀਂ, ਰਿਕਸ਼ਾ ਚਾਲਕ ਸੀ। ਇਸ ਲਈ ਉਸ ਨੂੰ ਸੜਕ ’ਤੇ ਸੁੱਟ ਕੇ ਡੰਡੇ ਵੀ ਮਾਰੇ ਅਤੇ ਠੁੱਡੇ ਵੀ।

ਹੈਰਾਨੀ ਉਨ੍ਹਾਂ ਲੋਕਾਂ ’ਤੇ ਹੈ ਜੋ ਆਲੇ-ਦੁਆਲੇ ਖੜ੍ਹ ਕੇ ਪੁਲਿਸ ਦੇ ਡਰੋਂ ਚਾਲਕ ਦੀ ਮਾਰਕੁੱਟ ਦੇਖਦੇ ਅਤੇ ਚੀਕਾਂ ਸੁਣਦੇ ਰਹੇ। ਇੱਥੇ ਇਹ ਸੋਚਣਾ ਪੈਂਦਾ ਹੈ ਕਿ ਕੀ ਦੇਸ਼ ਦੇ ਸ਼ਾਸਕ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਸਾਲ ਮੰਨਦੇ ਹੋਏ ਇਨ੍ਹਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗਣਗੇ ਜੋ ਬੇਵਜ੍ਹਾ ਪੁਲਿਸ ਦੀ ਹਿੰਸਾ ਦਾ ਸ਼ਿਕਾਰ ਹੋਏ।

ਵੱਡਾ ਸਵਾਲ ਇਹ ਹੈ ਕਿ ਕੀ ਲੋਕ ਨੁਮਾਇੰਦਿਆਂ ਨੂੰ ਉਨ੍ਹਾਂ ਸਭ ਕਾਨੂੰਨਾਂ ਦੀ ਪਾਲਣਾ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੀ ਪਾਲਣਾ ਦੀ ਉਮੀਦ ਆਮ ਜਨਤਾ ਤੋਂ ਕੀਤੀ ਜਾਂਦੀ ਹੈ। ਜਨਤਾ ਦੇ ਨੁਮਾਇੰਦੇ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਸਭ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਤ੍ਰਾਸਦੀ ਇਹ ਹੈ ਕਿ ਅਸਾਮ, ਕੇਰਲ, ਤਾਮਿਲਨਾਡੂ ਅਤੇ ਬੰਗਾਲ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ ਤਕ ਪਹੁੰਚਾਉਣ ਲਈ ਇਹ ਨੇਤਾ ਜਿਨ੍ਹਾਂ ਵਿਚ ਮੁੱਖ ਮੰਤਰੀ, ਕੇਂਦਰੀ ਮੰਤਰੀ ਤੇ ਸਾਰੀਆਂ ਪਾਰਟੀਆਂ ਦੇ ਨੇਤਾ ਸ਼ਾਮਲ ਹਨ, ਬੜੀ ਬੇਸ਼ਰਮੀ ਨਾਲ ਕੋਵਿਡ-19 ਦੇ ਨਿਯਮਾਂ-ਕਾਇਦਿਆਂ-ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਹੁਣ ਪੰਜਾਬ ਦੀ ਹੀ ਮਿਸਾਲ ਲੈ ਲਓ।

ਮੋਗਾ ਜ਼ਿਲ੍ਹੇ ਦੇ ਇਕ ਵੀਆਈਪੀ ਜਿਨ੍ਹਾਂ ਨਾਲ ਨਾਰਾਜ਼ ਹੋ ਗਏ, ਉਨ੍ਹਾਂ ਨੂੰ ਪੁਲਿਸ ਫੋਰਸ ਨਾਲ ਥਾਣੇ ਵਿਚ ਪਹੁੰਚਾ ਕੇ ਕੁੜਿੱਕੀ (ਲੱਕੜੀ ਦਾ ਪਿੰਜਰਾ) ਵਿਚ ਫਸਾ ਕੇ ਕੁਟਵਾਉਂਦੇ ਰਹੇ। ਦੋਸ਼ ਇੰਨਾ ਹੀ ਸੀ ਕਿ ਵੀਆਈਪੀ ਦਾ ਹੰਕਾਰ ਬਹੁਤ ਵੱਧ ਗਿਆ ਸੀ। ਉਸ ਦੇ ਹੰਕਾਰ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਆਪਣੇ ਡੰਡੇ ਨਾਲ ਬੇਗੁਨਾਹਾਂ ਦੀ ਮਾਰ-ਕੁਟਾਈ ਕੀਤੀ।

ਮੈਂ ਤਾਂ ਵਾਰ-ਵਾਰ ਉਸ ਵਿਗਿਆਨੀ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਸ ਨੇ ਮੋਬਾਈਲ ਫੋਨ ਦੇ ਨਾਲ ਕੈਮਰਾ ਜੋੜ ਦਿੱਤਾ। ਜੇ ਇੱਥੇ ਕੋਈ ਹਿੰਮਤ ਕਰ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਨਾ ਕਰਦਾ ਤਾਂ ਸੁੱਤੇ ਰਹਿੰਦੇ ਪੁਲਿਸ ਅਫ਼ਸਰ ਅਤੇ ਕੁੱਟ ਖਾਂਦੇ ਰਹਿੰਦੇ ਆਮ ਨਾਗਰਿਕ।

ਕਾਰਵਾਈ ਉਦੋਂ ਹੀ ਹੋਈ ਜਦ ਮੋਗਾ ਵਿਚ ਅਧਿਕਾਰੀਆਂ ਦੀ ਨੀਂਦ ਸੋਸ਼ਲ ਮੀਡੀਆ ਨੇ ਉਡਾ ਦਿੱਤੀ। ਅਜਿਹਾ ਹੀ ਕੁਝ ਇੰਦੌਰ ਤੇ ਆਜ਼ਮਗੜ੍ਹ ਵਿਚ ਵੀ ਹੋਇਆ। ਜੋ ਪੁਲਿਸ ਦਾ ਹੱਥ ਨਹੀਂ ਰੋਕ ਸਕਦੇ, ਪਾਣੀ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਲੈ ਸਕਦੇ, ਉਹ ਵੀਡੀਓ ਬਣਾ ਕੇ ਮੰਨੋ ਸੁਰੱਖਿਆ ਕਵਚ ਤਿਆਰ ਕਰ ਲੈਂਦੇ ਹਨ। ਇਹ ਇਕ ਦਿਨ ਦੀ ਗੱਲ ਨਹੀਂ, ਵਾਰ-ਵਾਰ ਆਮ ਆਦਮੀ ਅਪਮਾਨਿਤ ਹੁੰਦਾ ਹੈ। ਅੱਜ ਵੀ ਜਦ ਅਸੀਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਵਿਚ ਹਾਂ, ਹਿੰਦੁਸਤਾਨ ਦੇ ਆਮ ਆਦਮੀ ਨੂੰ ਇਹ ਸਨਮਾਨ, ਜੀਵਨ ਦੇ ਸਾਧਨ, ਪੇਟ ਭਰ ਰੋਟੀ ਨਹੀਂ ਮਿਲੀ। ਸ਼ਹੀਦਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਅਜੇ ਤਕ ਨਹੀਂ ਮਿਲੀ ਹੈ।

ਇਹ ਤਾਂ ਕੁਝ ਕੁ ਮਿਸਾਲਾਂ ਹਨ, ਕੌਣ ਨਹੀਂ ਜਾਣਦਾ ਕਿ ਹਿੰਦੁਸਤਾਨ ਦੇ ਥਾਣਿਆਂ ਵਿਚ ਬੀਤੇ 75 ਸਾਲਾਂ ਵਿਚ ਹਜ਼ਾਰਾਂ ਲੋਕ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਸਦਾ ਦੀ ਨੀਂਦ ਸੌਂ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਿਆਂ ਨਾ ਮਿਲ ਸਕਣ ਕਾਰਨ ਆਪਣੇ ਰਿਸਦੇ ਜ਼ਖ਼ਮਾਂ ਨੂੰ ਸਹੇਜਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋਏ ਅੱਥਰੂ ਕੇਰਦੇ ਹਨ। ਕਾਸ਼! ਸਾਡੇ ਦੇਸ਼ ਦੇ ਸ਼ਾਸਕ ਵੀ ਜੋਅ ਬਾਇਡਨ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹੋਏ ਘੱਟੋ-ਘੱਟ ਤੂਤੀਕੋਰਿਮ (ਤਾਮਿਲਨਾਡੂ) ਦੇ ਕਹਿਰ ਲਈ ਤਾਂ ਮਾਫ਼ੀ ਮੰਗ ਲੈਂਦੇ ਜਿੱਥੇ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਨਾਂ ’ਤੇ ਦੁਕਾਨਦਾਰ ਪਿਤਾ-ਪੁੱਤਰ ਨੂੰ ਥਾਣੇ ਲਿਜਾ ਕੇ ਲਾਸ਼ ਬਣਾ ਦਿੱਤਾ।

-(ਲੇਖਿਕਾ ਭਾਜਪਾ ਦੀ ਸੀਨੀਅਰ ਨੇਤਾ ਅਤੇ ਪੰਜਾਬ ਦੀ ਸਾਬਕਾ ਮੰਤਰੀ ਹੈ)।

-ਮੋਬਾਈਲ ਨੰ. : 94172-76242

Posted By: Jagjit Singh