-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਕੋਈ ਵੇਲਾ ਸੀ ਜਦੋਂ ਭਾਰਤ ਹੀ ਨਹੀਂ, ਦੂਜੇ ਮੁਲਕਾਂ 'ਚ ਵੀ ਪਸ਼ੂਆਂ ਦੇ ਨਾਲ-ਨਾਲ ਮਨੁੱਖਾਂ ਦੀਆਂ ਮੰਡੀਆਂ ਵੀ ਲੱਗਦੀਆਂ ਹੁੰਦੀਆਂ ਸਨ। ਜਵਾਨ ਔਰਤਾਂ ਤੇ ਮਰਦਾਂ ਅਤੇ ਬੱਚਿਆਂ ਤਕ ਦੀ ਬੋਲੀ ਲਗਾਈ ਜਾਂਦੀ ਸੀ। ਖ਼ਰੀਦ ਕੇ ਲੈ ਜਾਣ ਤੋਂ ਬਾਅਦ ਮਾਲਕ ਵੱਲੋਂ ਉਨ੍ਹਾਂ ਨੂੰ ਬਿਨਾਂ ਕੋਈ ਪੈਸਾ ਜਾਂ ਮਜ਼ਦੂਰੀ ਅਦਾ ਕੀਤਿਆਂ ਉਨ੍ਹਾਂ ਤੋਂ ਗ਼ੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਔਰਤਾਂ ਤੇ ਬੱਚੀਆਂ ਦਾ ਤਾਂ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ। ਗ਼ੁਲਾਮ ਪ੍ਰਥਾ ਖ਼ਿਲਾਫ਼ ਦੁਨੀਆ ਭਰ ਵਿਚ ਉੱਠੇ ਵੱਖ-ਵੱਖ ਅੰਦੋਲਨਾਂ ਕਾਰਨ ਇਹ ਪ੍ਰਥਾ ਕਾਫ਼ੀ ਹੱਦ ਤਕ ਖ਼ਤਮ ਹੋ ਗਈ ਮੰਨੀ ਜਾਣ ਲੱਗ ਪਈ ਸੀ ਪਰ ਕੁਝ ਕੁ ਸਮਾਜ ਵਿਗਿਆਨੀਆਂ ਦਾ ਮਤ ਹੈ ਕਿ ਸਮਾਂ ਬਦਲਣ ਨਾਲ ਮਨੁੱਖੀ ਖ਼ਰੀਦੋ-ਫ਼ਰੋਖ਼ਤ ਦਾ ਸਰੂਪ ਬਦਲ ਗਿਆ ਹੈ। ਇਹ ਪ੍ਰਥਾ ਖ਼ਤਮ ਨਹੀਂ ਹੋਈ। ਅੱਜ ਵੀ ਦੁਨੀਆ ਭਰ 'ਚੋਂ ਔਰਤਾਂ, ਲੜਕੀਆਂ ਅਤੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਤੋਂ ਸਰੀਰਕ ਮਿਹਨਤ ਜਾਂ ਬੰਧੂਆ ਮਜ਼ਦੂਰੀ ਵਾਲੇ ਕੰਮ ਕਰਵਾਏ ਜਾਂਦੇ ਹਨ ਜਾਂ ਭੀਖ ਮੰਗਣ ਦੇ 'ਕਾਲੇ ਕਾਰੋਬਾਰ' ਵਿਚ ਲਗਾ ਦਿੱਤਾ ਜਾਂਦਾ ਹੈ ਅਤੇ ਲੜਕੀਆਂ ਨੂੰ ਵੇਸਵਾਗਮਨੀ ਦੇ ਧੰਦੇ ਵਿਚ ਧੱਕ ਕੇ ਉਨ੍ਹਾਂ ਦਾ ਜੀਵਨ ਨਰਕ ਬਣਾ ਦਿੱਤਾ ਜਾਂਦਾ ਹੈ।

ਅੱਜ 30 ਜੁਲਾਈ ਦਾ ਦਿਨ ਉਪਰੋਕਤ ਕਸ਼ਟਾਂ ਨਾਲ ਰੂਬਰੂ ਲੋਕਾਂ ਨੂੰ ਸਮਰਪਿਤ ਹੈ ਅਤੇ ਪੂਰੇ ਵਿਸ਼ਵ ਵਿਚ ਇਹ ਦਿਨ 'ਵਰਲਡ ਡੇਅ ਅਗੇਂਸਟ ਟਰੈਫਿਕਿੰਗ ਇਨ ਪਰਸਨਜ਼' ਭਾਵ 'ਕੌਮਾਂਤਰੀ ਮਨੁੱਖੀ ਤਸਕਰੀ ਵਿਰੋਧੀ ਦਿਵਸ' ਦੇ ਸਿਰਲੇਖ ਹੇਠ ਹਰ ਸਾਲ ਮਨਾਇਆ ਜਾਂਦਾ ਹੈ। ਸੰਨ 2013 ਵਿਚ ਹੋਈ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਭਾਵ ਆਮ ਸਭਾ ਵਿਚ ਇਸ ਦਿਵਸ ਨੂੰ ਮਨਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਮਨੁੱਖੀ ਸਮੱਗਲਿੰਗ ਅਤੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਸਮਰਪਿਤ ਇਕ ਅਜਿਹਾ ਦਿਨ ਮਨਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ ਜਿਸ ਵਿਚ ਪੀੜਤ ਲੋਕਾਂ ਦੇ ਹੱਕਾਂ ਸਬੰਧੀ ਜਾਗਰੂਕਤਾ ਫੈਲਾਈ ਜਾਵੇ ਅਤੇ ਪੀੜਤਾਂ ਨੂੰ ਨਰਕ 'ਚੋਂ ਕੱਢ ਕੇ ਇਕ ਚੰਗਾ ਜੀਵਨ ਜਿਊਣ ਦੇ ਕਾਬਲ

ਬਣਾਇਆ ਜਾਵੇ।

ਸੰਨ 2003 ਵਿਚ ਸੰਯੁਕਤ ਰਾਸ਼ਟਰ ਦੇ 'ਡਰੱਗ ਐਂਡ ਕ੍ਰਾਈਮ ਵਿਭਾਗ' ਨੇ ਉਕਤ ਸਮੱਸਿਆ ਤੋਂ ਪੀੜਤ ਸਵਾ ਦੋ ਲੱਖ ਦੇ ਕਰੀਬ ਵਿਅਕਤੀਆਂ ਦੀ ਪਛਾਣ ਕੀਤੀ ਸੀ। ਉਪਰੰਤ ਸਮੂਹ ਮੁਲਕਾਂ ਨੇ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮੁਕਤੀ ਦਿਵਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ। ਅੰਕੜਿਆਂ ਅਨੁਸਾਰ ਮਨੁੱਖੀ ਸਮੱਗਲਿੰਗ ਜਾਂ ਟਰੈਫਿਕਿੰਗ ਦੀਆਂ ਸ਼ਿਕਾਰ ਔਰਤਾਂ ਜਾਂ ਲੜਕੀਆਂ 'ਚੋਂ 65 ਫ਼ੀਸਦੀ ਨੂੰ ਦੇਹ ਵਪਾਰ ਦੇ ਧੰਦੇ ਵਿਚ ਲਗਾ ਦਿੱਤਾ ਜਾਂਦਾ ਹੈ ਅਤੇ 35 ਫ਼ੀਸਦੀ ਕੋਲੋਂ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਹੈ। ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਗਏ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਇਸ ਗੋਰਖਧੰਦੇ ਵਿਚ ਫ਼ਸ ਚੁੱਕੇ ਨੌਜਵਾਨਾਂ ਨੂੰ ਸ਼ਾਤਿਰ ਦਿਮਾਗ ਅਪਰਾਧੀਆਂ ਨੇ ਨੌਕਰੀ ਜਾਂ ਪੈਸਿਆਂ ਦਾ ਲਾਲਚ ਦੇ ਕੇ ਫਸਾਇਆ ਹੁੰਦਾ ਹੈ। ਨਿੱਕੇ ਬੱਚਿਆਂ ਨੂੰ ਜਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਜਾਂ ਫਿਰ ਗ਼ਰੀਬ ਮਾਪਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੱਚੇ ਉਨ੍ਹਾਂ ਤੋਂ ਲੈ ਲਏ ਜਾਂਦੇ ਹਨ ਅਤੇ ਫਿਰ ਇਸ ਕਾਲੇ ਕਾਰੋਬਾਰ ਵਿਚ ਧੱਕ ਦਿੱਤੇ ਜਾਂਦੇ ਹਨ।

ਇਸ ਧੰਦੇ ਦੇ ਮਾਹਿਰ ਸਮਾਜ ਵਿਚ ਗ਼ਰੀਬ, ਇਕੱਲੇ, ਬੇਰੁਜ਼ਗਾਰ, ਅਨਪੜ੍ਹ ਲੋਕਾਂ ਨੂੰ ਤਲਾਸ਼ਦੇ ਰਹਿੰਦੇ ਹਨ। ਹੋਰ ਤਾਂ ਹੋਰ, ਉਹ ਕਿਸੇ ਮੁਲਕ ਵਿਚ ਜੰਗ ਜਾਂ ਕੁਦਰਤੀ ਆਫ਼ਤ ਦੇ ਸ਼ਿਕਾਰ ਔਰਤਾਂ ਤੇ ਬੱਚਿਆਂ ਨੂੰ ਵੀ ਸ਼ਿਕਾਰ ਬਣਾਉਣ ਤੋਂ ਬਾਜ਼ ਨਹੀਂ ਆਉਂਦੇ। ਅਨੇਕਾਂ ਬੱਚਿਆਂ ਤੇ ਔਰਤਾਂ ਨੂੰ ਤਾਂ ਅਜਿਹੇ ਅਨਜਾਣੇ ਮੁਲਕਾਂ ਵਿਚ ਲਿਜਾਇਆ ਜਾਂਦਾ ਹੈ ਜਿੱਥੋਂ ਦੀ ਭਾਸ਼ਾ ਵੀ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ। ਉਨ੍ਹਾਂ ਮੁਲਕਾਂ 'ਚ ਇਨ੍ਹਾਂ ਵਿਚਾਰਿਆਂ ਦੀ ਮਦਦ ਲਈ ਕੋਈ ਨਹੀਂ ਬਹੁੜਦਾ। ਫਿਰ ਕਈ ਸਾਲ ਦੀ ਤਸ਼ੱਦਦ ਭਰੀ ਜ਼ਿੰਦਗੀ ਕੱਟਣ ਪਿੱਛੋਂ ਉਹ ਕਿਹੜੇ ਖੂਹ-ਖਾਤੇ ਪੈ ਜਾਂਦੇ ਹਨ, ਇਹ ਕੋਈ ਨਹੀਂ ਜਾਣਦਾ। ਭਾਰਤ ਵਿਚ ਸੰਨ 2016 ਵਿਚ 2,90,439 ਲੋਕਾਂ ਦੇ ਗੁੰਮ ਹੋਣ ਸਬੰਧੀ ਰਿਪੋਰਟਾਂ ਦਰਜ ਹੋਈਆਂ ਸਨ ਜੋ ਕਿ ਸੰਨ 2018 ਵਿਚ ਵੱਧ ਕੇ 3,47,524 ਹੋ ਗਈਆਂ ਸਨ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ 40 ਹਜ਼ਾਰ ਬੱਚੇ ਹਰ ਸਾਲ ਅਗਵਾ ਕੀਤੇ ਜਾਂਦੇ ਹਨ। ਇਕ ਹੋਰ ਰਿਪੋਰਟ ਅਨੁਸਾਰ 60 ਹਜ਼ਾਰ ਬੱਚੇ ਇੱਥੇ ਹਰ ਸਾਲ ਗੁਮਸ਼ੁਦਾ ਐਲਾਨੇ ਜਾਂਦੇ ਹਨ ਜਿਨ੍ਹਾਂ 'ਚੋਂ 11 ਹਜ਼ਾਰ ਦਾ ਤਾਂ ਕੋਈ ਅਤਾ-ਪਤਾ ਹੀ ਨਹੀਂ ਲੱਗਦਾ। ਬਾਰਾਂ ਹਜ਼ਾਰ ਤੋਂ ਲੈ ਕੇ 50 ਹਜ਼ਾਰ ਤਕ ਔਰਤਾਂ ਅਤੇ ਬੱਚੇ ਹਰ ਸਾਲ ਗੁਆਂਢੀ ਮੁਲਕਾਂ ਤੋਂ ਲਿਆ ਕੇ ਭਾਰਤ ਵਿਚ ਦੇਹ ਵਪਾਰ ਦੇ ਧੰਦੇ ਵਿਚ ਧੱਕ ਦਿੱਤੇ ਜਾਂਦੇ ਹਨ। ਯੂਨੀਸੈੱਫ ਦੀ ਰਿਪੋਰਟ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਤਿੰਨ ਲੱਖ ਤੋਂ ਵੱਧ ਬੱਚਿਆਂ ਨੂੰ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਚੱਲ ਰਹੇ ਹਥਿਆਰਬੰਦ ਵਿਦਰੋਹਾਂ 'ਚ ਵਰਤਿਆ ਜਾ ਰਿਹਾ ਹੈ। ਬਦਕਿਸਮਤੀ ਨਾਲ ਸਾਢੇ ਬਾਰਾਂ ਲੱਖ ਬੱਚਿਆਂ ਨੂੰ ਬੇਹੱਦ ਖ਼ਤਰਨਾਕ ਕੰਮ-ਧੰਦਿਆਂ ਵਿਚ ਲਗਾਇਆ ਗਿਆ ਹੈ। ਅਮਰੀਕਾ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੂੰ 'ਚਾਈਲਡ ਪੋਰਨ ਇੰਡਸਟਰੀ' ਵਿਚ ਵਰਤਿਆ ਜਾਂਦਾ ਹੈ। ਭਾਰਤ ਵਿਚ ਨਕਸਲਵਾਦੀਆਂ ਨੇ ਤਾਂ 'ਬਾਲ ਦਸਤੇ' ਵੀ ਕਾਇਮ ਕੀਤੇ ਹੋਏ ਹਨ। ਇੱਥੇ ਤਿੰਨ ਲੱਖ ਦੇ ਲਗਪਗ ਬੱਚੇ ਭੀਖ ਮੰਗਦੇ ਹਨ ਅਤੇ 44 ਹਜ਼ਾਰ ਬੱਚੇ ਵੱਖ-ਵੱਖ ਅਪਰਾਧੀ ਗਿਰੋਹਾਂ ਲਈ ਕੰਮ ਕਰਦੇ ਹਨ। ਭਾਰਤੀ ਪੁਲਿਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਲੱਖ ਔਰਤਾਂ ਤੇ ਬੱਚੇ ਰੈੱਡ ਲਾਈਟ ਖੇਤਰਾਂ ਵਿਚ ਸਰਗਰਮ ਹਨ। ਦੇਹ ਵਪਾਰ ਦੇ ਧੰਦੇ ਨਾਲ ਜੁੜੇ ਲੋਕਾਂ ਵਿਚ 40 ਫ਼ੀਸਦੀ ਬੱਚੇ ਹਨ। ਇਹ ਅੰਕੜੇ ਬੜੇ ਹੀ ਤਕਲੀਫ਼ਦੇਹ ਹਨ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਕਿਹਾ ਸੀ, ''ਅੱਜ ਦੇ ਦਿਨ ਆਓ! ਉਸ ਪ੍ਰਣ ਨੂੰ ਦੁਹਰਾਈਏ ਕਿ ਅਸੀਂ ਉਨ੍ਹਾਂ ਸਾਰੇ ਅਪਰਾਧੀਆਂ ਨੂੰ ਨੱਥ ਪਾਵਾਂਗੇ ਜੋ ਆਪਣੇ ਫ਼ਾਇਦੇ ਲਈ ਬੜੀ ਬੇਦਰਦੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਹਨ ਅਤੇ ਨਾਲ ਹੀ ਇਹ ਤਹੱਈਆ ਵੀ ਦੁਹਰਾਈਏ ਕਿ ਪੀੜਤ ਲੋਕਾਂ ਨੂੰ ਅਸੀਂ ਉਨ੍ਹਾਂ ਦੇ ਮਨੁੱਖੀ ਅਧਿਕਾਰ ਵਾਪਸ ਦਿਵਾ ਕੇ ਉਨ੍ਹਾਂ ਨੂੰ ਇਕ ਚੰਗਾ ਜੀਵਨ ਜਿਊਣ ਲਈ

ਮੁਹੱਈਆ ਕਰਾਵਾਂਗੇ।''

ਇਕ ਅਮਰੀਕੀ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਭਾਰਤ ਨੇ ਸੰਨ 2019 ਵਿਚ ਮਨੁੱਖੀ ਤਸਕਰੀ ਰੋਕਣ ਲਈ ਮਹੱਤਵਪੂਰਨ ਯਤਨ ਕੀਤੇ ਪਰ ਉਹ ਘੱਟੋ-ਘੱਟ ਮਾਨਕਾਂ ਨਾਲ ਪੂਰੀ ਤਰ੍ਹਾਂ ਮੇਲ ਨਾ ਖਾ ਸਕੇ। ਇਸੇ ਕਾਰਨ ਭਾਰਤ ਸਟੇਟ ਡਿਪਾਰਟਮੈਂਟ ਦੀ 'ਕਾਂਗਰੈਸਨਲ-ਮੈਂਡੇਟਡ 2020 ਟਰੈਫਿਕਿੰਗ ਇਨ ਪਰਸਨਜ਼' ਦੀ ਸੂਚੀ 'ਚ ਟੀਅਰ 2 'ਚ ਰਿਹਾ। ਪਾਕਿ ਦੀਆਂ ਇਸ ਮਾਮਲੇ ਵਿਚ ਨਾਕਾਫ਼ੀ ਕੋਸ਼ਿਸ਼ਾਂ ਕਾਰਨ ਉਸ ਦਾ ਦਰਜਾ ਘਟਾ ਕੇ ਟੀਅਰ 2 ਵਾਚ ਲਿਸਟ ਵਿਚ ਪਾ ਦਿੱਤਾ ਗਿਆ। ਚੀਨ ਇਸ ਮਾਮਲੇ ਵਿਚ ਸਭ ਤੋਂ ਹੇਠਲੀ ਟੀਅਰ-3 ਸੂਚੀ ਵਿਚ ਹੈ। ਕੁਝ ਵੀ ਹੋਵੇ, ਮਨੁੱਖੀ ਤਸਕਰੀ ਦਾ ਮਾਮਲਾ ਵਿਸ਼ਵ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਭਾਵੇਂ ਸਭ ਸਰਕਾਰਾਂ ਕਾਗਜ਼ਾਂ ਵਿਚ ਹੀ ਸਹੀ, ਇਸ ਨੂੰ ਰੋਕਣ ਲਈ ਸੰਜੀਦਾ ਹਨ ਪਰ ਹਕੀਕਤ ਇਹ ਹੈ ਕਿ ਮਨੁੱਖੀ ਤਸਕਰੀ ਕੌੜੀ ਵੇਲ ਵਾਂਗ ਵੱਧਦੀ ਜਾ ਰਹੀ ਹੈ। ਸਾਡੇ ਮੁਲਕ ਵਿਚ ਭਾਵੇਂ ਮਨੁੱਖੀ ਤਸਕਰੀ ਨੂੰ ਰੋਕਣ ਲਈ ਕਾਨੂੰਨ ਮੌਜੂਦ ਹਨ ਅਤੇ ਸਰਕਾਰ ਵੀ ਇਸ ਨੂੰ ਰੋਕਣ ਲਈ ਹੱਥ-ਪੈਰ ਮਾਰ ਰਹੀ ਹੈ ਪਰ ਮਨੁੱਖੀ ਤਸਕਰੀ ਦੇ ਮਾਫ਼ੀਆ ਅੱਗੇ ਉਸ ਦੇ ਉਪਰਾਲੇ ਕੁਝ ਖ਼ਾਸ ਫ਼ਲਦਾਇਕ ਸਿੱਧ ਨਹੀਂ ਹੋ ਰਹੇ।

-ਮੋਬਾਈਲ ਨੰ. : 97816-46008

Posted By: Jagjit Singh