- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਸ਼ਨ ਨਗਰ ਇਸਲਾਮਪੁਰਾ ਬਣ ਗਿਆ ਸੀ, ਧਰਮਪੁਰਾ ਮੁਸਤਫ਼ਾਬਾਦ ਬਣ ਗਿਆ ਸੀ, ਰਾਮ ਗਲੀ ਰਹਿਮਾਨ ਗਲੀ ਬਣ ਗਈ ਸੀ ਅਤੇ ਜੈਨ ਮੰਦਰ ਚੌਕ ਬਾਬਰੀ ਚੌਕ ਬਣ ਗਿਆ ਸੀ ਪਰ ਹੁਣ ਉਹੀ ਪੁਰਾਣੇ ਨਾਂ ਵਾਪਸ ਲਿਆਂਦੇ ਜਾ ਰਹੇ ਹਨ। ਇਹ ਫ਼ੈਸਲਾ ਸਿਰਫ਼ ਇਕ ਬਦਲਾਅ ਨਹੀਂ, ਇਕ ਇਤਿਹਾਸਕ ਇਨਸਾਫ਼ ਹੈ। ਪੰਜਾਬ ਦੀ ਇਕ ਵਿਰਾਸਤ ਵਿਚ ਗੁਰੂਆਂ ਦੀ ਬਾਣੀ, ਸੂਫ਼ੀਆਂ ਦੇ ਕਲਾਮ, ਹਿੰਦੂ ਤੀਰਥਾਂ ਦੀਆਂ ਕਥਾਵਾਂ ਅਤੇ ਸਿੱਖ ਇਤਿਹਾਸ ਦੀਆਂ ਗਾਥਾਵਾਂ ਇੱਕੋ ਧਾਗੇ ਵਿਚ ਪਰੋਈਆਂ ਹੋਈਆਂ ਹਨ।

ਪੰਜਾਬੀਆਂ ਲਈ ਵਿਰਾਸਤ ਸਿਰਫ਼ ਇਕ ਸ਼ਬਦ ਨਹੀਂ, ਇਹ ਉਸ ਧਰਤੀ ਦੀ ਮਹਿਕ, ਉਸ ਇਤਿਹਾਸ ਦੀ ਆਵਾਜ਼ ਤੇ ਉਸ ਸੱਭਿਆਚਾਰ ਦੀ ਰੂਹ ਹੈ, ਜਿਹਡ਼ੀ ਹਜ਼ਾਰਾਂ ਸਾਲਾਂ ਤੋਂ ਇੱਥੇ ਵਗਦੀ ਆਈ ਹੈ। ਇਸ ਵਿਰਾਸਤ ਨੂੰ ਬਟਵਾਰੇ ਦੀ ਲੀਕ ਵੀ ਖ਼ਤਮ ਨਹੀਂ ਕਰ ਸਕੀ। ਇਸ ਲਈ ਜਦੋਂ ਲਾਹੌਰ ਦੇ ਮਸ਼ਹੂਰ ਐਚੀਸਨ ਕਾਲਜ ’ਚ ਇਕ ਕਲਾਸ ਰੂਮ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਨਾਂ ’ਤੇ ਰੱਖਿਆ ਗਿਆ ਹੈ ਅਤੇ ਲਾਹੌਰ ਵਿਚ ਪੁਰਾਣੀਆਂ ਗਲ਼ੀਆਂ ਤੇ ਚੌਕਾਂ ਦੇ ਪੁਰਾਣੇ ਨਾਂ ਵਾਪਸ ਲਿਆਂਦੇ ਜਾ ਰਹੇ ਹਨ, ਤਾਂ ਇਹ ਘਟਨਾਵਾਂ ਸਿਰਫ਼ ਇਕ ਯਾਦਗਾਰੀ ਜਾਂ ਨਾਮਕਰਨ ਤੱਕ ਸੀਮਤ ਨਹੀਂ ਰਹਿੰਦੀਆਂ। ਇਹ ਸਾਂਝੀ ਵਿਰਾਸਤ ਨੂੰ ਮਾਨਤਾ ਦੇਣ ਤੇ ਇਸ ਨੂੰ ਜਿਊਂਦਾ ਰੱਖਣ ਦੀ ਇਕ ਮਜ਼ਬੂਤ ਘੋਖ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਏਨਾਗਾ ਨਾਲ ਸਬੰਧ ਰੱਖਣ ਵਾਲੇ ਬਰਾੜ ਨੇ ਲਾਹੌਰ ਦੇ ਐਚੀਸਨ ਕਾਲਜ ਤੋਂ ਆਪਣੀ ਵਿਦਿਆ ਪ੍ਰਾਪਤ ਕੀਤੀ ਸੀ। ਉਹ ਉੱਥੇ ਸਕੂਲ ਪ੍ਰੈਫੈਕਟ ਵੀ ਰਹੇ ਤੇ ਰਿਵਾਜ਼ ਗੋਲਡ ਮੈਡਲ ਵੀ ਹਾਸਲ ਕੀਤਾ। ਬਾਅਦ ’ਚ ਉਹ ਪੰਜਾਬ ਵਿਧਾਨ ਸਭਾ ਮੈਂਬਰ ਰਹੇ, ਓਡੀਸ਼ਾ ਤੇ ਹਰਿਆਣਾ ਦੇ ਗਵਰਨਰ ਵਜੋਂ ਸੇਵਾ ਨਿਭਾਈ ਅਤੇ 31 ਅਗਸਤ 1995 ਤੋਂ 21 ਨਵੰਬਰ 1996 ਤੱਕ ਪੰਜਾਬ ਦੇ 13ਵੇਂ ਮੁੱਖ ਮੰਤਰੀ ਵੀ ਰਹੇ। ਐਚੀਸਨ ਕਾਲਜ ਵਿਚ ਉਨ੍ਹਾਂ ਦੇ ਨਾਂ ਤੇ ਕਲਾਸ ਰੂਮ ਦਾ ਨਾਂ ਰੱਖਣਾ, ਦੋਵਾਂ ਪੰਜਾਬਾਂ ਵਿਚਕਾਰ ਇਕ ਪੁਲ਼ ਬਣਾਉਂਦਾ ਹੈ। ਇਸ ਨਾਲ ਨਵੀਂ ਪੀੜ੍ਹੀ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ, ਉਸ ਨੂੰ ਸਨਮਾਨ ਦੇਣਾ ਚਾਹੀਦਾ ਹੈ। ਲਾਹੌਰ ਵਿਚ ਪੁਰਾਣੀਆਂ ਗਲ਼ੀਆਂ ਤੇ ਚੌਕਾਂ ਦੇ ਪੁਰਾਣੇ ਨਾਂ ਵਾਪਸ ਲਿਆਉਣ ਦਾ ਫ਼ੈਸਲਾ ਵੀ ਅਹਿਮ ਹੈ। ਵੰਡ ਤੋਂ ਬਾਅਦ ਫ਼ਿਰਕੂ ਹਨੇਰੀ ’ਚ ਬਹੁਤੀਆਂ ਸਾਰੀਆਂ ਥਾਵਾਂ ਦੇ ਨਾਂ ਬਦਲ ਦਿੱਤੇ ਗਏ ਸਨ। ਕ੍ਰਿਸ਼ਨ ਨਗਰ ਇਸਲਾਮਪੁਰਾ ਬਣ ਗਿਆ ਸੀ, ਧਰਮਪੁਰਾ ਮੁਸਤਫ਼ਾਬਾਦ ਬਣ ਗਿਆ ਸੀ, ਰਾਮ ਗਲੀ ਰਹਿਮਾਨ ਗਲੀ ਬਣ ਗਈ ਸੀ ਅਤੇ ਜੈਨ ਮੰਦਰ ਚੌਕ ਬਾਬਰੀ ਚੌਕ ਬਣ ਗਿਆ ਸੀ ਪਰ ਹੁਣ ਉਹੀ ਪੁਰਾਣੇ ਨਾਂ ਵਾਪਸ ਲਿਆਂਦੇ ਜਾ ਰਹੇ ਹਨ। ਇਹ ਫ਼ੈਸਲਾ ਸਿਰਫ਼ ਇਕ ਬਦਲਾਅ ਨਹੀਂ, ਇਕ ਇਤਿਹਾਸਕ ਇਨਸਾਫ਼ ਹੈ। ਪੰਜਾਬ ਦੀ ਇਕ ਵਿਰਾਸਤ ਵਿਚ ਗੁਰੂਆਂ ਦੀ ਬਾਣੀ, ਸੂਫ਼ੀਆਂ ਦੇ ਕਲਾਮ, ਹਿੰਦੂ ਤੀਰਥਾਂ ਦੀਆਂ ਕਥਾਵਾਂ ਅਤੇ ਸਿੱਖ ਇਤਿਹਾਸ ਦੀਆਂ ਗਾਥਾਵਾਂ ਇੱਕੋ ਧਾਗੇ ਵਿਚ ਪਰੋਈਆਂ ਹੋਈਆਂ ਹਨ। ਲਾਹੌਰ ਇਸ ਵਿਰਾਸਤ ਦਾ ਇਕ ਅਹਿਮ ਕੇਂਦਰ ਰਿਹਾ ਹੈ। ਨਾਮ ਬਦਲਣ ਨਾਲ ਇਸ ਇਤਿਹਾਸ ਨੂੰ ਮਿਟਾਇਆ ਨਹੀਂ ਜਾ ਸਕਦਾ ਸੀ। ਉਸ ਨੂੰ ਵਾਪਸ ਲਿਆਉਣ ਨਾਲ ਲੋਕਾਂ ਵਿਚ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਭਾਵਨਾ ਵਧਦੀ ਹੈ। ਜਦੋਂ ਇਕ ਪਾਸੇ ਐਚੀਸਨ ਕਾਲਜ ਵਿਚ ਇਕ ਪੰਜਾਬੀ ਆਗੂ ਨੂੰ ਸਨਮਾਨ ਮਿਲਦਾ ਹੈ ਤਾਂ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਲੋਕ ਅਜੇ ਵੀ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਯਾਦ ਰੱਖਦੇ ਹਨ। ਇਸ ਨੂੰ ਵਧਾਉਣ ਲਈ ਹੋਰ ਵੀ ਕਦਮ ਪੁੱਟਣੇ ਚਾਹੀਦੇ ਹਨ, ਜਿਵੇਂ ਸਾਂਝੀਆਂ ਸੱਭਿਆਚਾਰਕ ਸਰਗਰਮੀਆਂ, ਇਤਿਹਾਸਕ ਥਾਵਾਂ ਦੀ ਸਾਂਝੀ ਸੰਭਾਲ, ਵਿਦਿਆਰਥੀਆਂ ਵਿਚ ਵਿਸ਼ੇਸ਼ ਤੌਰ ’ਤੇ ਇਤਿਹਾਸ ਤੇ ਵਿਰਾਸਤ ਬਾਰੇ ਜਾਗਰੂਕਤਾ ਅਤੇ ਦੋਵਾਂ ਪਾਸਿਆਂ ’ਚ ਲੋਕਾਂ ਲਈ ਆਉਣ-ਜਾਣ ਦੀਆਂ ਆਸਾਨ ਰਾਹਾਂ। ਇਸ ਨਾਲ ਨਫ਼ਰਤ ਦੀਆਂ ਦੀਵਾਰਾਂ ਟੁੱਟਣਗੀਆਂ ਅਤੇ ਸਹਿਯੋਗ ਦੀਆਂ ਨਵੀਆਂ ਇਮਾਰਤਾਂ ਖੜ੍ਹੀਆਂ ਹੋਣਗੀਆਂ। ਅੱਜ ਜਦੋਂ ਦੁਨੀਆ ਭਰ ਵਿਚ ਤੰਗਦਿਲੀ ਦੀਆਂ ਭਾਵਨਾਵਾਂ ਵਧ ਰਹੀਆਂ ਹਨ ਤਾਂ ਇਸ ਤਰ੍ਹਾਂ ਦੇ ਕਦਮ ਇਕ ਰੌਸ਼ਨ ਉਦਾਹਰਨ ਬਣ ਰਹੇ ਹਨ। ਇਸ ਫ਼ੈਸਲੇ ਨੂੰ ਸਲਾਮ ਹੈ। ਇਹ ਨਾ ਸਿਰਫ਼ ਇਕ ਵਿਅਕਤੀ ਜਾਂ ਇਕ ਥਾਂ ਨੂੰ ਸਨਮਾਨ ਦਿੰਦਾ ਹੈ ਬਲਕਿ ਉਸ ਪੂਰੀ ਧਰਤੀ ਤੇ ਉਸ ਦੀਆਂ ਯਾਦਾਂ ਨੂੰ ਸਨਮਾਨ ਦਿੰਦਾ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੋਂ ਇੱਕੋ ਰੂਹ ਨਾਲ ਜੋੜੀ ਰੱਖਿਆ ਹੈ। ਉਮੀਦ ਹੈ ਕਿ ਇਸ ਤਰ੍ਹਾਂ ਦੇ ਹੋਰ ਕਦਮ ਵੀ ਪੁੱਟੇ ਜਾਣਗੇ ਤੇ ਸਾਂਝੀ ਵਿਰਾਸਤ ਦਾ ਪਰਚਮ ਹੋਰ ਉੱਚਾ ਕੀਤਾ ਜਾਵੇਗਾ