-ਫੈਸਲ ਖ਼ਾਨ

ਜੇ ਕੋਈ ਮੈਨੂੰ ਪੁੱਛੇ ਕਿ ਦੁਨੀਆ ਵਿਚ ਸਭ ਤੋਂ ਕੀਮਤੀ ਚੀਜ਼ਾਂ ਕਿਹੜੀਆਂ ਹਨ ਤਾਂ ਮੈਂ ਬਿਨਾਂ ਇਕ ਪਲ ਸੋਚੇ ਕਹਾਂਗਾ ਕਿ ਨਿਰਮਲ ਪਾਣੀ, ਸਾਫ਼ ਹਵਾ, ਉਪਜਾਊ ਧਰਤੀ ਤੇ ਹਰਿਆ-ਭਰਿਆ ਚੌਗਿਰਦਾ ਕਿਉਂਕਿ ਇਨ੍ਹਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਾਣੀ ਬਾਰੇ ਇਕ ਬ੍ਰਿਟਿਸ਼ ਕਵੀ ਨੇ ਦਿਲ ਨੂੰ ਛੂਹਣ ਵਾਲੀ ਗੱਲ ਕਹੀ ਹੈ ਕਿ ਹਜ਼ਾਰਾਂ ਲੋਕ ਮੁਹੱਬਤ ਤੋਂ ਬਿਨਾਂ ਰਹਿ ਸਕਦੇ ਹਨ ਪਰ ਇਕ ਵੀ ਵਿਅਕਤੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਪਾਣੀ ਸਾਡੀਆਂ ਮੂਲ ਲੋੜਾਂ 'ਚੋਂ ਇਕ ਹੈ। ਨਿਰਮਲ ਪਾਣੀ ਨਿਰੋਗ ਸਰੀਰ ਦਾ ਆਧਾਰ ਹੁੰਦਾ ਹੈ। ਸਾਰੇ ਹੀ ਧਰਮਾਂ ਵਿਚ ਪਾਣੀ ਦਾ ਦਰਜਾ ਬਹੁਤ ਉੱਚਾ ਹੈ। ਸਿੱਖ ਧਰਮ 'ਚ ਪਾਣੀ ਪਿਤਾ ਦੇ ਸਮਾਨ ਹੈ। ਹਿੰਦੂ ਧਰਮ ਵਿਚ ਪਾਣੀ ਦੇਵਤਾ ਹੈ। ਮੁਸਲਿਮ ਧਰਮ ਵਿਚ ਪਾਣੀ ਦਾ ਸਥਾਨ ਬਹੁਤ ਆਹਲਾ ਹੈ। ਨਦੀਆਂ, ਦਰਿਆ, ਧਰਤੀ ਹੇਠਲਾ ਪਾਣੀ ਹਜ਼ਾਰਾਂ ਲੋਕਾਂ ਦੀ ਪਿਆਸ ਬੁਝਾਉਂਦਾ ਹੈ। ਲੱਖਾਂ ਹੈਕਟੇਅਰ ਜ਼ਮੀਨਾਂ ਨੂੰ ਸਿੰਜਦਾ ਹੈ। ਲੱਖਾਂ ਜਲ-ਜੀਵਾਂ ਨੂੰ ਆਸਰਾ ਦਿੰਦਾ ਹੈ। ਵਿਸ਼ਵ ਭਰ ਦੀਆਂ ਸੰਸਥਾਵਾਂ ਅਨੁਸਾਰ ਹੁਣ ਪਾਣੀ ਦੀ ਖ਼ੁਦ ਦੀ ਹੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਹੈ। ਮਨੁੱਖ ਦੀਆਂ ਗ਼ੈਰ-ਕੁਦਰਤੀ ਸਰਗਰਮੀਆਂ ਕਾਰਨ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਜਿੱਥੇ ਮਨੁੱਖ ਲਈ ਨਿਰਮਲ ਪਾਣੀ ਵਰਦਾਨ ਹੈ, ਉੱਥੇ ਹੀ ਦੂਸ਼ਿਤ ਪਾਣੀ ਸਰਾਪ।

ਇੰਟਰਨੈੱਟ ਤੋਂ ਪ੍ਰਾਪਤ ਡਾਟੇ ਅਨੁਸਾਰ ਵਿਸ਼ਵ ਦੀ ਕੁੱਲ ਜਨਸੰਖਿਆ ਲਗਪਗ 7.7 ਬਿਲੀਅਨ ਹੈ। ਇਹ ਰਿਪੋਰਟ ਦਿਲ ਨੂੰ ਦਹਿਲਾਅ ਦੇਣ ਵਾਲੀ ਹੈ ਕਿ ਇਸ ਅਤਿ-ਆਧੁਨਿਕ ਯੁੱਗ ਵਿਚ ਵੀ 2.3 ਬਿਲੀਅਨ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਤੋਂ ਵਾਂਝੇ ਹਨ। ਆਧੁਨਿਕਤਾ ਨੇ ਕੁਦਰਤੀ ਸ੍ਰੋਤਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਧਰਤੀ ਹੋਵੇ ਜਾਂ ਆਕਾਸ਼, ਸਭ ਕੁਝ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਕਈ ਇਲਾਕਿਆਂ ਵਿਚ ਅੱਜ ਵੀ ਪਾਣੀ ਨਸੀਬ ਨਹੀਂ ਹੁੰਦਾ ਅਤੇ ਲੋਕਾਂ ਨੂੰ ਦੂਜੇ ਸਥਾਨਾਂ ਤੋਂ ਪਾਣੀ ਸਿਰਾਂ 'ਤੇ ਢੋਅ ਕੇ ਲਿਆਉਣਾ ਪੈਂਦਾ ਹੈ। ਅਫ਼ਰੀਕਾ ਦੇ ਪੇਂਡੂ ਖੇਤਰਾਂ ਵਿਚ ਔਰਤਾਂ ਔਸਤਨ 6 ਕਿਲੋਮੀਟਰ ਤਕ ਪਾਣੀ ਦੀ ਭਾਲ ਵਿਚ ਘੁੰਮਦੀਆਂ ਹਨ। ਪਾਣੀ ਦੇ ਦੂਸ਼ਿਤ ਹੋਣ ਨਾਲ ਹਰ ਤਬਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਕ ਰਿਪੋਰਟ ਮੁਤਾਬਕ ਲਗਪਗ 80 ਫ਼ੀਸਦੀ ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਵਿਚ ਸੀਵਰੇਜ ਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਤੋਂ ਸਿੱਧੇ ਹੀ ਜਲ ਸ੍ਰੋਤਾਂ 'ਚ ਸੁੱਟ ਦਿੱਤਾ ਜਾਂਦਾ ਹੈ। ਇਹ ਇਕ ਬਹੁਤ ਵੱਡਾ ਕਾਰਨ ਹੈ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ। ਲੱਖਾਂ ਹੀ ਜਲ-ਜੀਵ ਪ੍ਰਦੂਸ਼ਿਤ ਪਾਣੀ ਕਾਰਨ ਮਰ ਜਾਂਦੇ ਹਨ। ਨਾਈਟ੍ਰੋਜਨ ਅਤੇ ਫਾਸਫੋਰਸ ਦੇ ਅੰਸ਼ਾਂ ਦਾ ਪਾਣੀ ਵਿਚ ਮਿਲਣਾ ਸਭ ਤੋਂ ਵੱਧ ਖਤਰਨਾਕ ਹੈ।

ਸਾਡੇ ਦੇਸ਼ 'ਚ ਵੀ ਪਾਣੀ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਇਕ ਰਿਪੋਰਟ ਦੱਸਦੀ ਹੈ ਕਿ ਲਗਪਗ 2,00,000 ਭਾਰਤੀ ਹਰ ਸਾਲ ਸਾਫ਼ ਪਾਣੀ ਨਾ ਮਿਲਣ ਕਰ ਕੇ ਮਰ ਜਾਂਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਨਿਰੰਤਰ ਨੀਵਾਂ ਹੁੰਦਾ ਜਾ ਰਿਹਾ ਹੈ। ਇਹ ਬਹੁਤ ਵੱਡੀ ਚਿੰਤਾ ਦਾ ਮਸਲਾ ਹੈ। ਜੇਕਰ ਹਾਲਾਤ ਇਹੋ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਬਿਲਕੁਲ ਖ਼ਤਮ ਹੋ ਜਾਵੇਗਾ। ਤਾਮਿਲਨਾਡੂ ਵਿਚ ਇਹ ਗੱਲ ਸੱਚ ਵੀ ਹੋਈ ਹੈ। ਉੱਥੇ ਪਾਣੀ ਦੀ ਕਮੀ ਕਾਰਨ ਬਹੁਤ ਸਾਰੇ ਜੰਗਲੀ ਜੀਵ ਮਰ ਗਏ ਹਨ। ਕਈਆਂ ਨੇ ਪਾਣੀ ਦੀ ਭਾਲ ਕਰਦਿਆਂ ਖੂਹਾਂ ਵਿਚ ਛਾਲ ਮਾਰ ਦਿੱਤੀ। ਰਸਾਇਣਾਂ ਦੇ ਅੰਸ਼ਾਂ ਦਾ ਪਾਣੀ ਵਿਚ ਰਲਣਾ ਚਿੰਤਾ ਦਾ ਵਿਸ਼ਾ ਹੈ। ਫਲੋਰਾਈਡ ਹੋਵੇ ਜਾਂ ਆਰਸੈਨਿਕ ਜਾਂ ਨਾਈਟ੍ਰੇਟ ਦੇ ਅੰਸ਼ ਹੋਣ ਜਾਂ ਕੋਈ ਹੋਰ ਕੋਈ ਰਸਾਇਣ, ਸਭ ਸਿਹਤ ਲਈ ਬਹੁਤ ਖ਼ਤਰਨਾਕ ਹਨ। ਮੁਰਸ਼ਿਦਾਬਾਦ, ਨੋਇਡਾ, ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਆਦਿ ਦੇ ਪਾਣੀ ਵਿਚ ਆਰਸੈਨਿਕ ਦੇ ਸਭ ਤੋ ਵੱਧ ਅੰਸ਼ ਮਿਲੇ ਹਨ।

ਮੱਧ ਪ੍ਰਦੇਸ਼, ਯੂਪੀ, ਪੰਜਾਬ, ਹਰਿਆਣਾ, ਦਿੱਲੀ, ਕਰਨਾਟਕ, ਤਾਮਿਲਨਾਡੂ ਆਦਿ ਦੇ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਨਾਈਟ੍ਰੇਟ ਦੇ ਅੰਸ਼ ਵੱਡੀ ਮਾਤਰਾ ਵਿਚ ਮਿਲੇ ਹਨ। ਰਸਾਇਣਾਂ ਦਾ ਪਾਣੀ ਵਿਚ ਮਿਲਣਾ ਸਭ ਲਈ ਖ਼ਤਰੇ ਦੀ ਘੰਟੀ ਹੈ। ਦੂਸ਼ਿਤ ਪਾਣੀ ਪੀਣ ਨਾਲ ਪੀਲੀਆ, ਡਾਇਰੀਆ, ਹੈਜ਼ਾ, ਹੈਪੇਟਾਈਟਸ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੱਡੇ ਪੈਮਾਨੇ 'ਤੇ ਪੈਰ ਪਸਾਰ ਲੈਣਗੀਆਂ। ਬੰਗਲੌਰ ਵਿਚ ਕਈ ਵਿਗਿਆਨੀਆਂ ਨੇ ਧਰਤੀ ਹੇਠਲੇ ਪਾਣੀ 'ਤੇ ਅਧਿਐਨ ਕੀਤਾ। ਉਨ੍ਹਾਂ ਆਪਣੀ ਰਿਪੋਰਟ ਵਿਚ ਦੱਸਿਆ ਕਿ ਬੰਗਲੌਰ ਵਿਚ 75 ਫ਼ੀਸਦੀ ਬੋਰਵੈੱਲਾਂ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਧਰਤੀ 'ਤੇ ਪੀਣਯੋਗ ਪਾਣੀ ਤਾਂ ਪਹਿਲਾਂ ਹੀ ਬਹੁਤ ਘੱਟ ਹੈ। ਉੱਤੋਂ ਅਸੀਂ ਇਸ ਨੂੰ ਵੀ ਦੂਸ਼ਿਤ ਕਰੀ ਜਾ ਰਹੇ ਹਾਂ। ਨੀਤੀ ਆਯੋਗ ਦੀ ਇਕ ਰਿਪੋਰਟ ਮੁਤਾਬਕ 2030 ਤਕ 40 ਫ਼ੀਸਦੀ ਭਾਰਤੀ ਪਾਣੀ ਤੋਂ ਵਾਂਝੇ ਹੋ ਜਾਣਗੇ। ਖੋਜਾਰਥੀ ਮੰਨਦੇ ਹਨ ਕਿ ਧਰਤੀ ਹੇਠਲੇ ਪਾਣੀ 'ਤੇ ਵਧਿਆ ਬੇਲੋੜਾ ਬੋਝ ਅਤੇ ਧਰਤੀ ਹੇਠਲੇ ਪਾਣੀ ਦਾ ਦੂਸ਼ਿਤ ਹੋਣਾ ਸਭ ਤੋਂ ਵੱਧ ਖ਼ਤਰਨਾਕ ਹੈ। ਜਾਣਕਾਰ ਮੰਨਦੇ ਹਨ ਕਿ ਸਰਕਾਰਾਂ ਧਰਤੀ ਹੇਠਲੇ ਪਾਣੀ ਦੀ ਖ਼ੁਦ ਹੀ ਲੁੱਟ ਕਰਵਾ ਰਹੀਆਂ ਹਨ। ਟਿਊਬਵੈੱਲਾਂ ਆਦਿ ਨੂੰ ਬਿਜਲੀ ਬਿੱਲ ਮੁਕਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਲੁੱਟ ਵਧੀ ਹੈ। ਇਹ ਲੁੱਟ ਜਿੱਥੇ 2004 ਵਿਚ 58 ਫ਼ੀਸਦੀ ਦੇ ਲਗਪਗ ਸੀ, ਉੱਥੇ ਹੀ 2011 ਵਿਚ ਇਹ ਵਧ ਕੇ 62 ਫ਼ੀਸਦੀ ਹੋ ਗਈ। ਭਾਰਤ ਲਗਾਤਾਰ ਧਰਤੀ ਹੇਠਲੇ ਪਾਣੀ 'ਤੇ ਆਪਣੀ ਨਿਰਭਰਤਾ ਵਧਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਭਾਰਤ ਅਮਰੀਕਾ ਅਤੇ ਚੀਨ ਤੋਂ ਵੱਧ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਰਿਹਾ ਹੈ। ਮਾਹਿਰ ਮੰਨਦੇ ਹਨ ਕਿ ਭਾਰਤ ਵਿਚ ਸਿੰਚਾਈ ਤਕਨੀਕਾਂ ਬਹੁਤ ਖ਼ਰਾਬ ਹਨ। ਤੁਪਕਾ ਸਿੰਚਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਜਲ ਸੰਕਟ ਦਾ ਕੁਝ ਹੱਲ ਹੋ ਸਕਦਾ ਸੀ ਪਰ ਤੁਪਕਾ ਸਿੰਚਾਈ ਦੀ ਤਕਨੀਕ ਕੁਝ ਮਹਿੰਗੀ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਜ਼ਮੀਨੀ ਹਕੀਕਤ ਤੋਂ ਆਪਾਂ ਸਭ ਜਾਣੂ ਹੀ ਹਾਂ।

ਸਾਡੇ ਕੋਲ 4 ਪ੍ਰਤੀਸ਼ਤ ਵਿਸ਼ਵ ਦਾ ਪਾਣੀ ਹੈ ਅਤੇ 16 ਫ਼ੀਸਦੀ ਆਬਾਦੀ। ਆਬਾਦੀ ਫ਼ੀਸਦ ਆਉਣ ਵਾਲੇ ਸਾਲਾਂ ਵਿਚ ਵਧ ਸਕਦਾ ਹੈ ਪਰ ਪਾਣੀ ਦਾ ਪ੍ਰਤੀਸ਼ਤ ਘਟਣ ਦੇ ਹੀ ਆਸਾਰ ਹਨ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੁਣ 'ਬੇ-ਆਬ' ਹੋਣ ਵੱਲ ਵਧ ਰਹੀ ਹੈ। ਧਰਤੀ ਹੇਠਲਾ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਬਾਕੀ ਕਸਰ ਪਾਣੀ ਨੂੰ ਦੂਸ਼ਿਤ ਕਰ ਕੇ ਪੂਰੀ ਕਰ ਦਿੱਤੀ ਹੈ। ਪੁਰਾਣੇ ਸਮਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਪਾਣੀ ਦੀ ਸੰਭਾਲ ਲਈ ਪਿੰਡ ਦਾ ਇਕ ਟੋਭਾ ਹੁੰਦਾ ਸੀ ਜਿਸ ਦਾ ਜ਼ਿਕਰ ਕਈ ਲੋਕ ਗੀਤਾਂ ਵਿਚ ਵੀ ਆਉਂਦਾ ਹੈ। ਹੁਣ ਨਾ ਹੀ ਟੋਭੇ ਰਹੇ ਹਨ ਅਤੇ ਨਾ ਹੀ ਇਨ੍ਹਾਂ ਨਾਲ ਸਬੰਧਤ ਲੋਕ ਗੀਤ। ਪਾਣੀ ਦੀ ਮੰਗ ਲਗਾਤਾਰ ਵਧ ਰਹੀ ਹੈ ਪਰ ਧਰਤੀ ਹੇਠਲੇ ਪਾਣੀ ਦੀ ਰੀ-ਚਾਰਜਿੰਗ ਦਰ ਨਾਮਾਤਰ ਹੀ ਹੈ। ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਕੁਝ ਹਿੱਸੇ ਦਾ ਪਾਣੀ ਖਾਰਾ ਅਤੇ ਕਲੋਰਾਈਡ ਵਾਲਾ ਹੋ ਚੁੱਕਾ ਹੈ। ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਖੇਤਰਾਂ ਵਿਚ ਪਾਣੀ ਵਿਚ ਸੈਲੇਨੀਅਮ ਦੇ ਅੰਸ਼ ਪ੍ਰਾਪਤ ਹੋਏ ਹਨ। ਖੇਤਾਂ ਵਿਚ ਇਸਤੇਮਾਲ ਹੋਣ ਵਾਲੀਆਂ ਰਸਾਇਣਕ ਖਾਦਾਂ ਦਾ ਜਲ ਸ੍ਰੋਤਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਿਚ ਬਹਤ ਵੱਡਾ ਹੱਥ ਹੈ। ਖਾਦਾਂ ਦੀ ਮੰਗ ਦੇਖ ਕੇ ਹੈਰਾਨੀ ਹੁੰਦੀ ਹੈ। ਹੁਣ ਤਾਂ ਇੰਜ ਲੱਗਦਾ ਹੈ ਕਿ ਅਸੀਂ ਨਿਰਾ ਜ਼ਹਿਰ ਹੀ ਖਾ ਰਹੇ ਹਾਂ। ਇਕ ਸੰਸਥਾ ਦੀ ਰਿਪੋਰਟ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਦੇਸ਼ ਵਿਚ 1951 ਵਿਚ ਖਾਦਾਂ ਦਾ ਉਤਪਾਦਨ 5.2 ਕਰੋੜ ਟਨ ਸੀ ਜੋ ਕਿ 2017-18 ਵਿਚ ਵਧ ਕੇ 27.7 ਕਰੋੜ ਟਨ ਦੇ ਲਗਪਗ ਹੋ ਗਿਆ ਸੀ। ਜਾਣਕਾਰ ਮੰਨਦੇ ਹਨ ਕਿ ਜੇਕਰ ਇਹ ਸਭ ਕੁਝ ਇੰਜ ਹੀ ਚੱਲਦਾ ਰਿਹਾ ਤਾਂ ਧਰਤੀ ਬੰਜਰ ਤਾਂ ਹੋ ਹੀ ਜਾਵੇਗੀ, ਨਾਲ ਹੀ ਪਾਣੀ ਵੀ ਪੀਣਯੋਗ ਨਹੀਂ ਰਹੇਗਾ। ਜੇਕਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਅਤੇ ਉਪਜਾਊ ਧਰਤੀ ਦੇਣੀ ਚਾਹੁੰਦੇ ਹਾਂ ਤਾਂ ਪਾਣੀ ਅਤੇ ਖਾਦਾਂ ਦੀ ਖਪਤ ਨੂੰ ਘਟਾਉਣਾ ਪਵੇਗਾ।

ਪਿੱਛੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਵਿਚ ਵਾਤਾਵਰਨ ਦੇ ਮੁੱਦੇ ਉਦਾਸੀਨ ਹੀ ਰਹੇ। ਇਹ ਕਿੰਨੇ ਦੁੱਖ ਅਤੇ ਚਿੰਤਾ ਦੀ ਗੱਲ ਹੈ। ਹਰੇਕ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ ਪਰ ਸਥਾਈ ਵਿਕਾਸ ਦੀ ਨਹੀਂ। ਜੇਕਰ ਤੰਦਰੁਸਤ ਚੌਗਿਰਦਾ ਹੀ ਨਾ ਰਿਹਾ ਤਾਂ ਸ਼ਕਤੀਸ਼ਾਲੀ ਰਾਸ਼ਟਰ ਦਾ ਨਿਰਮਾਣ ਕਿਵੇਂ ਹੋ ਸਕਦਾ ਹੈ?

ਅੱਜ ਲੋੜ ਹੈ ਸਾਨੂੰ ਸਭ ਨੂੰ ਸਾਵਧਾਨ ਹੋਣ ਦੀ ਅਤੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਦੀ। ਅੱਜ ਲੋੜ ਹੈ ਕਿ ਅਸੀਂ ਪਾਣੀ ਦੀ ਹਰ ਬੂੰਦ ਦੀ ਅਹਿਮੀਅਤ ਨੂੰ ਸਮਝੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਮਿਹਣਾ ਨਾ ਮਾਰਨ ਕਿ ਤੁਸੀਂ ਸਾਨੂੰ ਦਿੱਤਾ ਹੀ ਕੀ ਹੈ? ਪੈਸੇ ਨਾਲ ਹੋਰ ਭਾਵੇਂ ਸਭ ਕੁਝ ਮਿਲ ਜਾਵੇ ਪਰ ਸਾਫ਼ ਪਾਣੀ, ਸ਼ੁੱਧ ਹਵਾ, ਤੰਦਰੁਸਤ ਚੌਗਿਰਦਾ ਚੰਗੀ ਸਿਹਤ ਅਤੇ ਮੁਸਕਾਨ ਨਹੀ ਮਿਲਣੀ।

-ਮੋਬਾਈਲ ਨੰ. : 99149-65937

Posted By: Sukhdev Singh