ਮੁਹਾਲੀ ’ਚ ਸੋਮਵਾਰ ਦੇਰ ਸ਼ਾਮੀਂ ਖ਼ੁਫ਼ੀਆ ਵਿਭਾਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਰਾਹੀਂ ਦਾਗੇ ਗਏ ਗ੍ਰਨੇਡ ਨਾਲ ਹੋਏ ਹਮਲੇ ਨੇ ਸਨਸਨੀ ਫੈਲਾ ਦਿੱਤੀ ਹੈ। ਇਹ ਵਾਰਦਾਤ ਯਕੀਨੀ ਤੌਰ ’ਤੇ ਦੇਸ਼ ਦੀ ਸੁਰੱਖਿਆ ਲਈ ਵੱਡੀ ਚੁਣੌਤੀ ਹੈ। ਦੇਸ਼ ਵਿਰੋਧੀ ਅਤੇ ਦਹਿਸ਼ਤਗਰਦ ਤਾਕਤਾਂ ਇਕ ਵਾਰ ਫਿਰ ਸਿਰ ਚੁੱਕ ਰਹੀਆਂ ਹਨ ਤੇ ਉਨ੍ਹਾਂ ਦੀ ਸਿਰੀ ਆਰੰਭ ’ਚ ਹੀ ਫੇਹ ਦੇਣੀ ਚਾਹੀਦੀ ਹੈ। ਸਾਡੇ ਸੱਭਿਅਕ ਸਮਾਜ ਵਿਚ ਮੌਜੂਦ ਅਜਿਹੇ ਸਮਾਜ-ਵਿਰੋਧੀ ਅਤੇ ਗੁੰਡਾ ਅਨਸਰਾਂ ਦੀ ਸ਼ਨਾਖ਼ਤ ਹੋਣੀ ਚਾਹੀਦੀ ਹੈ ਜੋ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਦੀ ਵਰਤੋਂ ਕਰਦੇ ਹੋਏ ਪੰਜਾਬ ’ਚ ਨਫ਼ਰਤ ਦੇ ਬੀਅ ਬੀਜਣ ’ਚ ਲੱਗੇ ਹੋਏ ਹਨ। ਇਨ੍ਹਾਂ ’ਚੋਂ ਇਕ ਅਮਰੀਕਾ ’ਚ ਰਹਿੰਦਾ ਗੁਰਪਤਵੰਤ ਸਿੰਘ ਪੰਨੂ ਨਾ ਤਾਂ ਪੂਰਨ ਗੁਰਸਿੱਖ ਹੈ ਅਤੇ ਉਹ ਸਿੱਖੀ ਅਸੂਲਾਂ ਦੇ ਉਲਟ ਨਿਰਦੋਸ਼ਾਂ ਦਾ ਖ਼ੂਨ ਡੋਲ੍ਹਣ ਦੀ ਗੱਲ ਵੀ ਕਰਦਾ ਹੈ। ਉਸ ਨੇ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਨਾਂ ਆਪਣਾ ਇਕ ਧਮਕੀ ਭਰਿਆ ਆਡੀਓ ਸੁਨੇਹਾ ਜਾਰੀ ਕੀਤਾ ਹੈ ਜਿਸ ਰਾਹੀਂ ਉਸ ਨੇ ਮੁਹਾਲੀ ਦੇ ਗ੍ਰਨੇਡ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਅਜਿਹੀ ਘਟਨਾ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ’ਚ ਵੀ ਵਾਪਰ ਸਕਦੀ ਸੀ। ਇਹ ਸੁਨੇਹਾ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਾਰਾਨਾ ਹੈ। ਅਜਿਹੀ ਬਿਆਨਬਾਜ਼ੀ ਕਾਰਨ ਹਿਮਾਚਲ ’ਚ ਰਹਿੰਦੇ ਘੱਟ ਗਿਣਤੀ ਭਾਈਚਾਰੇ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਪੰਜਾਬੀ ਭਾਸ਼ਾ ਇਹ ਬੰਦਾ ਠੀਕ ਤਰੀਕੇ ਨਹੀਂ ਬੋਲ ਸਕਦਾ ਪਰ ‘ਖ਼ਾਲਿਸਤਾਨ’ ਦੇ ਨਾਂ ਉੱਤੇ ਲੱਖਾਂ ਡਾਲਰ ਉਹ ਇਕੱਠੇ ਕਰੀ ਜਾ ਰਿਹਾ ਹੈ ਤੇ ਕੁਝ ਸਿੱਧ-ਪੱਧਰੇ ਤੇ ਮੁੱਠੀ ਭਰ ਪੰਜਾਬੀਆਂ ਨੂੰ ਅਜਿਹੀ ਸ਼ੋਸ਼ੇਬਾਜ਼ੀ ਕਰਕੇ ਆਪਣੇ ਪਿੱਛੇ ਲਾਇਆ ਹੋਇਆ ਹੈ। ਭਾਰਤ ਦੀਆਂ ਦੁਸ਼ਮਣ ਤਾਕਤਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਹੀ ਵਰਤਿਆ ਕਰਦੀਆਂ ਹਨ। ਮੁਹਾਲੀ ਦੇ ਮਾਮਲੇ ’ਚ ਹੁਣ ਇਹ ਵੇਖਣਾ ਵਧੇਰੇ ਅਹਿਮ ਹੋਵੇਗਾ ਕਿ ਖ਼ੁਫ਼ੀਆ ਵਿਭਾਗ ਦੀ ਇਮਾਰਤ ’ਤੇ ਗ੍ਰਨੇਡ ਦਾਗਣ ਵਾਲਾ ਅਸਲ ਵਿਅਕਤੀ ਕੌਣ ਸੀ? ਭਾਰਤ ਬੀਤੇ ਲੰਬੇ ਸਮੇਂ ਤੋਂ ਦਹਿਸ਼ਤਗਰਦ ਹਮਲਿਆਂ ਦਾ ਸ਼ਿਕਾਰ ਰਿਹਾ ਹੈ। ਪੰਜਾਬ ਨੇ ਵੀ 1980ਵਿਆਂ ਤੇ 1990ਵਿਆਂ ਦੌਰਾਨ ਇਸ ਦਾ ਸੰਤਾਪ ਭੋਗਿਆ ਹੈ। ਕਸ਼ਮੀਰ ਵਾਦੀ, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਕਈ ਇਲਾਕੇ ਅੱਤਵਾਦ ਤੋਂ ਪੀੜਤ ਰਹੇ ਹਨ। ਅਗਸਤ 2008 ’ਚ ਤਤਕਾਲੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮ. ਕੇ. ਨਾਰਾਇਣਨ ਨੇ ਦੱਸਿਆ ਸੀ ਕਿ ਦੇਸ਼ ’ਚ 800 ਦੇ ਲਗਪਗ ਦਹਿਸ਼ਤਗਰਦ ਸੈੱਲ ਸਰਗਰਮ ਹਨ। ‘ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ’ ਅਨੁਸਾਰ ਭਾਰਤ ’ਚ 180 ਦਹਿਸ਼ਤਗਰਦ ਸਮੂਹ ਇਸ ਵੇਲੇ ਕੰਮ ਕਰ ਰਹੇ ਹਨ। ਕੋਰੋਨਾ-ਵਾਇਰਸ ਦੀ ਆਮਦ ਵਾਲੇ ਸਾਲ ਦੌਰਾਨ 98 ਦੇਸ਼ਾਂ ਵਿਚ 10,172 ਦਹਿਸ਼ਤਗਰਦ ਹਮਲੇ ਹੋਏ ਸਨ ਜੋ ਉਸ ਤੋਂ ਇਕ ਸਾਲ ਪਹਿਲਾਂ ਭਾਵ 2019 ਦੀਆਂ ਅਜਿਹੀਆਂ ਵਾਰਦਾਤਾਂ ਤੋਂ 1,300 ਵੱਧ ਸਨ। ਸਾਲ 2020 ’ਚ ਹੀ ਭਾਰਤ ’ਚ 679 ਦਹਿਸ਼ਤਗਰਦ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ’ਚ 567 ਵਿਅਕਤੀ ਮਾਰੇ ਗਏ ਸਨ। ਇਹ ਗਿਣਤੀ ਪੂਰੀ ਦੁਨੀਆ ਦੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਸੀ। ਸਮੂਹ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪਹਿਲਕਦਮੀ ਕਰਦਿਆਂ ਦਹਿਸ਼ਤਗਰਦ ਅਨਸਰਾਂ ਨੂੰ ਕਾਨੂੰਨੀ ਸ਼ਿਕੰਜੇ ’ਚ ਲਿਆਉਣ ਲਈ ਮਦਦ ਕਰਨ। ਅਜਿਹੀਆਂ ਤਾਕਤਾਂ ਨੇ ਭਾਰਤ ਤੇ ਇਸ ਦੇ ਖ਼ੁਸ਼ਹਾਲ ਸਮਾਜ ਨੂੰ ਖੋਰਾ ਲਾਉਣ ਲਈ ਟਿੱਲ ਲਾਇਆ ਹੋਇਆ ਹੈ। ਉਨ੍ਹਾਂ ਦਾ ਖੁਰਾ-ਖੋਜ ਸਦਾ ਲਈ ਮਿਟਾਉਣਾ ਸਾਡਾ ਸਭ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ।

Posted By: Jagjit Singh