ਡਾ. ਧਰਮਪਾਲ ਸਾਹਿਲ


ਇਸ ਗੱਲ ਨੂੰ ਅੱਧੀ ਸਦੀ ਬੀਤ ਗਈ ਹੈ। ਮੈਂ ਆਪਣੇ ਪਿਤਾ ਜੀ ਕੋਲ ਦੇਹਰਾਦੂਨ ਰਹਿੰਦਾ ਸੀ ਤਾਂ ਹਰ ਵਰ੍ਹੇ ਗਰਮੀਆਂ ਦੀਆਂ ਛੁੱਟੀਆਂ 'ਚ ਆਪਣੀ ਮਾਤਾ ਜੀ ਨਾਲ ਆਪਣੇ ਪਿੰਡ ਤੁੰਗ ਆਇਆ ਕਰਦਾ ਸੀ। ਇਹ ਉਹ ਸਮਾਂ ਸੀ, ਜਦੋਂ ਇਸ ਕੰਢੀ ਦੇ ਇਲਾਕੇ 'ਚ ਅੱਜ ਵਾਂਗ ਨਾ ਸੜਕਾਂ ਸਨ ਤੇ ਨਾ ਆਵਾਜਾਈ ਦੇ ਸਾਧਨ। ਇਹ ਪਿੰਡ ਤੰਗੀਆਂ- ਤੁਰਸ਼ੀਆਂ ਦਾ ਮਾਰਿਆ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜਿਆ ਹੋਇਆ ਸੀ। ਇਕ ਵੱਖਰੀ ਹੀ ਦੁਨੀਆ, ਵੱਖਰੀ ਹੀ ਸੋਚ ਤੇ ਵੱਖਰੇ ਹੀ ਢੰਗ ਨਾਲ ਜ਼ਿੰਦਗੀ ਜਿਊਂਦੇ ਲੋਕ, ਵੱਖਰਾ ਹੀ ਲੋਕ ਵਿਹਾਰ ਤੇ ਲੋਕ ਸਭਿਆਚਾਰ ਪਰ ਕੁਦਰਤ ਦੀਆਂ ਅਦਭੁੱਤ ਤੇ ਵਿਲੱਖਣ ਨਿਆਮਤਾਂ ਨਾਲ ਮਾਲੋ-ਮਾਲ। ਦੇਹਰਾਦੂਨ ਵਰਗੇ ਸ਼ਹਿਰ ਦੀਆਂ ਸੁੱਖ ਸਹੂਲਤਾਂ ਦੇ ਬਾਵਜੂਦ ਮੈਨੂੰ ਹਰ ਵਰ੍ਹੇ ਬੜੀ ਹੀ ਸ਼ਿੱਦਤ ਨਾਲ ਡੀਕ ਰਹਿੰਦੀ ਕਿ ਕਦੋਂ ਸਾਲਾਨਾ ਪ੍ਰੀਖਿਆਵਾਂ ਮੁੱਕਣ, ਗਰਮੀਆਂ ਦੀਆਂ ਛੁੱਟੀਆਂ ਹੋਣ ਤੇ ਮੈਂ ਆਪਣੀ ਮਾਤਾ ਜੀ ਨਾਲ ਆਪਣੇ ਦਾਦਕੇ ਪਿੰਡ ਗੇੜਾ ਮਾਰ ਕੇ ਆਵਾਂ।

ਅਜਿਹਾ ਕੀ ਸੀ ਉਸ ਸਹੂਲਤਾਂ ਤੋਂ ਸੱਖਣੇ ਪਿੰਡ 'ਚ , ਜੋ ਮੇਰੇ ਧੁਰ ਅੰਦਰ ਤਾਈਂ ਖਿੱਚ ਪਾਈ ਰੱਖਦਾ। ਪਥਰੀਲੇ ਤੇ ਕੰਡਿਆਲੇ ਰਸਤੇ। ਸਿਰਾਂ 'ਤੇ ਮੀਲਾਂ ਦੂਰੋਂ ਪਾਣੀ ਢੋਣਾ। ਨਾ ਕੋਈ ਮਨਪਸੰਦ ਸਬਜ਼ੀ ਤੇ ਨਾ ਫ਼ਲ। ਪੰਜ ਕੁ ਕਿਲੋਮੀਟਰ ਪਿਛਾਂਹ ਕਮਾਹੀ ਦੇਵੀ ਵਿਖੇ ਬੱਸੋਂ ਉੱਤਰ ਕੇ ਖੱਡੋ-ਖੱਡ ਪੈਦਲ ਚੱਲ ਕੇ ਪਿੰਡ ਪੁੱਜਣਾ। ਰਸਤਿਆਂ 'ਚ ਹੀ ਨਹੀਂ ਸਗੋਂ ਘਰਾਂ ਦੇ ਆਲੇ -ਦੁਆਲੇ ਤੇ ਕੱਚੇ ਘਰਾਂ ਅੰਦਰ ਵੀ ਜ਼ਹਿਰੀਲੇ ਸੱਪਾਂ , ਬਿੱਛੂਆਂ ਤੇ ਹੋਰ ਖ਼ਤਰਨਾਕ ਕੀੜੇ-ਮਕੌੜਿਆਂ ਦਾ ਬੇਝਿਜਕ ਘੁੰਮਣਾ। ਅਨਪੜ੍ਹ,ਤੰਗ ਸੋਚ, ਅੰਧਵਿਸ਼ਵਾਸੀ ਤੇ ਵਹਿਮਾਂ- ਭਰਮਾਂ ਦੇ ਮਾਰੇ ਲੋਕ। ਪਥਰੀਲੇ , ਕੰਡਿਆਲੀਆਂ, ਵਲੇਵੇਂਦਾਰ ,ਉੱਚੀਆਂ -ਨੀਵੀਆਂ ਘਾਟੀਆਂ ਤੇ ਤੰਗ ਰਾਹਾਂ 'ਤੇ ਵਿਚਰਣ ਵਾਲੇ ਲੋਕ ਵੀ ਅੰਦਰੋਂ ਓਨੇ ਹੀ ਤੰਗਦਿਲ , ਗੁੰਝਲਦਾਰ , ਵਲੇਵੇਂਦਾਰ ਤੇ ਕੰਜੂਸ ਪ੍ਰਵਿਰਤੀ ਵਾਲੇ ਸੁਭਾਅ ਦੇ ਮਾਲਕ। ਇਲਾਕੇ ਦੇ ਅਣਸੁਖਾਵੇਂ ਹਾਲਾਤ ਦਾ ਪੂਰਾ- ਪੂਰਾ ਪ੍ਰਭਾਵ ਉਨ੍ਹਾਂ ਦੀ ਸ਼ਖ਼ਸੀਅਤ 'ਚੋਂ ਝਲਕਦਾ। ਇੰਨੇ ਕਰੜੇ ਤੇ ਸਖ਼ਤ ਹਾਲਾਤ 'ਚ ਵੀ ਉਨ੍ਹਾਂ 'ਚ ਭਰਪੂਰ ਜੀਵਨ ਜਿਊਣ ਦੀ ਲੋਚਾ ਤੇ ਆਪਣੇ ਆਪ ਨੂੰ ਉਨ੍ਹਾਂ ਮੁਤਾਬਕ ਢਾਲ ਲੈਣ ਦੀ ਅਦਭੁੱਤ ਸਮਰੱਥਾ ਉਨ੍ਹਾਂ ਦੇ ਸਿਦਕ ਤੇ ਸਿਰੜ ਦੀ ਮੂੰਹ ਬੋਲਦੀ ਤਸਵੀਰ ਸੀ।

ਉਨ੍ਹਾਂ ਵੱਲੋਂ ਬੋਲੀ ਜਾਂਦੀ ਕੰਢੀ ਪਹਾੜੀ ਬੋਲੀ ਬੜੀ ਮਿੱਠੀ ਤੇ ਪਿਆਰੀ ਲੱਗਦੀ। ਜਨਮ ਤੋਂ ਬਾਅਦ ਇਹੋ ਬੋਲੀ ਤਾਂ ਆਪਣੀ ਮਾਂ ਤੇ ਦਾਦਾ -ਦਾਦੀ ਮੂੰਹੋਂ ਸੁਣ ਕੇ ਮੇਰੇ ਕੰਨਾਂ ਰਾਹੀਂ ਮੇਰੇ ਲਹੂ 'ਚ ਰਚਮਿਚ ਗਈ ਸੀ। ਦੇਹਰਾਦੂਨ ਤਾਂ ਅਸੀਂ ਹਿੰਦੀ ਹੀ ਬੋਲਦੇ ,ਲਿਖਦੇ ਤੇ ਪੜ੍ਹਦੇ ਸੀ। ਸਾਰਾ ਸਾਲ ਕੰਨ ਇਸ ਕੰਢੀ ਬੋਲੀ ਨੂੰ ਸੁਣਨ ਲਈ ਤਰਸਦੇ ਰਹਿੰਦੇ। ਸਿਰਫ਼ ਤੇ ਸਿਰਫ਼ ਬਰਸਾਤ 'ਤੇ ਨਿਰਭਰ ਖੇਤੀ, ਕਦੇ ਸੋਕਾ ਕਦੇ ਡੋਬਾ, ਕਦੇ ਜੰਗਲੀ ਜਾਨਵਰਾਂ ਵੱਲੋਂ ਮਚਾਈ ਤਬਾਹੀ ਕਾਰਨ ਬਰਬਾਦ ਹੋਈ ਫ਼ਸਲ ਵੀ ਉਨ੍ਹਾਂ ਦੇ ਹੌਸਲੇ ਤੇ ਹਿੰਮਤ ਨੂੰ ਢਾਹ ਨਹੀਂ ਸੀ ਸਕਦੀ। ਹ ਅਗਲੀ ਵਾਰ ਫੇਰ ਦੂਣੇ ਹੌਸਲੇ ਤੇ ਉਤਸ਼ਾਹ ਨਾਲ ਜੁਟ ਜਾਂਦੇ। ਉਨ੍ਹਾਂ ਨੇ ਜਿਵੇਂ ਇਨ੍ਹਾਂ ਕੁਦਰਤੀ ਆਫ਼ਤਾਂ ਨੂੰ ਆਪਣੀ ਜ਼ਿੰਦਗੀ ਦਾ ਹੀ ਇਕ ਹਿੱਸਾ ਮੰਨ ਲਿਆ ਹੋਇਆ ਸੀ। ਛੋਟੀ- ਮੋਟੀ ਬਿਮਾਰੀ ਨੂੰ ਉਹ ਕੁਝ ਨਾ ਸਮਝਦੇ ਤੇ ਘਰੇਲੂ ਟੋਟਕਿਆਂ ਤੇ ਓਹੜ -ਪੋਹੜ ਨਾਲ ਹੀ ਆਪਣਾ ਇਲਾਜ ਕਰ ਲੈਂਦੇ।

ਪਿੰਡ 'ਚ ਦਾਦਾ-ਦਾਦੀ ਰਹਿੰਦੇ ਸਨ। ਉਂਝ ਮਾਤਾ ਜੀ ਮਨੋਂ ਉਸ ਸਹੂਲਤਾਂ ਤੋਂ ਸੱਖਣੇ ਪਿੰਡ 'ਚ ਗਰਮੀਆਂ ਦੀਆਂ ਛੁੱਟੀਆਂ 'ਚ ਆਉਣ ਲਈ ਰਾਜ਼ੀ ਨਾ ਹੁੰਦੇ। ਗਰਮੀਆਂ ਦੇ ਮੌਸਮ 'ਚ ਅਕਸਰ ਉਨ੍ਹਾਂ ਦੀ ਇਹ ਸ਼ਿਕਾਇਤ ਹੁੰਦੀ ਕਿ ਦੇਹਰਦੂਨ ਦਾ ਵਧੀਆ ਮੌਸਮ ਮਾਣਨ ਲਈ ਲੋਕ ਦੂਰੋਂ -ਦੂਰੋਂ ਆ ਦੇ ਹਨ। ਪਿਤਾ ਜੀ ਸਾਨੂੰ ਜੂਨ ਦੀ ਅੰਗਿਆਰੇ ਵਰ੍ਹਾ ਦੀ ਗਰਮੀ 'ਚ ਭੱਠ ਝੋਕਣ ਲਈ ਪਿੰਡਾਂ ਵੱਲ ਧੱਕ ਦਿੰਦੇ ਪਰ ਉਨ੍ਹਾਂ ਨੂੰ ਮਨ ਮਾਰ ਕੇ ਪਿਤਾ ਜੀ ਦੇ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਜਾਂ ਫਿਰ ਕਿਧਰੇ ਨਾ ਕਿਧਰੇ ਮਨ ਦੇ ਕਿਸੇ ਖੂੰਜੇ 'ਚ ਆਪਣੇ ਪੇਕੇ ਪਿੰਡ ਜਾ ਕੇ ਸਾਲ ਮਗਰੋਂ ਆਪਣੀ ਮਾਤਾ ਤੇ ਭਰਾਵਾਂ ਨੂੰ ਮਿਲਣ ਦੀ ਤਾਂਘ ਜ਼ਰੂਰ ਹੁੰਦੀ।

ਫਿਰ ਵੀ ਪਤਾ ਨਹੀਂ ਉਸ ਪਿੰਡ ਦੀ ਮਿੱਟੀ,ਆਬੋ- ਹਵਾ ਤੇ ਤਾਸੀਰ 'ਚ ਅਜਿਹੀ ਕਿਹੜੀ ਖਿੱਚ ਸੀ ਕਿ ਉੱਥੇ ਆ ਕੇ ਮੈਨੂੰ ਆਪਣੀਆਂ ਛੁੱਟੀਆਂ ਦਾ ਪਤਾ ਹੀ ਨਾ ਚੱਲਦਾ। ਪਿੰਡ ਦੇ ਲੋਕਾਂ ਨੂੰ ਆਪਸ 'ਚ ਤੇ ਦਰੱਖਤਾਂ ਤੇ ਜਾਨਵਰਾਂ ਨਾਲ ਵੀ ਕੰਢੀ ਪਹਾੜੀ ਬੋਲੀ 'ਚ ਗੱਲਾਂ ਕਰਦਿਆਂ ਵੇਖਦਾ ਜਾਂ ਸੁਣਦਾ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ। ਜਦੋਂ ਪਿੰਡੋਂ ਪਰਤਣ ਦਾ ਸਮਾਂ ਆ ਦਾ, ਮੇਰਾ ਮਨ ਬਹੁਤ ਉਦਾਸ ਹੋ ਜਾਂਦਾ। ਮੈਂ ਪਰਤਣ ਤੋਂ ਪਹਿਲਾਂ ਉੱਥੋਂ ਦੀਆਂ ਰੱਖਾਂ, ਖੇਤਾਂ, ਦਰੱਖਤਾਂ, ਖੱਡਾਂ, ਟੋਭੇ, ਮੀਲਾਂ ਦੂਰ ਡੂੰਘੇ ਖੂਹ, ਗੌਹਰੇ -ਘੱਟੀਆਂ , ਖੁਰਲੀ 'ਤੇ ਬੱਝੀਆ ਗਾਵਾਂ, ਮੱਝਾਂ ਤੇ ਮਾਰਖੁੰਡੇ ਬੌਲਦਾਂ ਨੂੰ ਵੀ ਅਲਵਿਦਾ ਕਹਿਣ ਲਈ ਜਾਂਦਾ। ਉਨ੍ਹਾਂ ਨਾਲ ਮੂਕ ਭਾਸ਼ਾ 'ਚ ਅਗਲੇ ਵਰ੍ਹੇ ਫਿਰ ਮਿਲਣ ਦਾ ਵਾਅਦਾ ਕਰਦਾ। ਉਨ੍ਹਾਂ ਤੋਂ ਵਿਛੜਦਿਆਂ ਅਕਸਰ ਮੇਰੀਆਂ ਅੱਖਾਂ ਭਿੱਜ ਜਾਂਦੀਆਂ। ਪਤਾ ਨਹੀਂ ਉਨ੍ਹਾਂ ਬੇਜ਼ਬਾਨਾਂ ਨਾਲ ਮੇਰਾ ਕੀ ਰਿਸ਼ਤਾ ਸੀ, ਕਿਹੜੀ ਖਿੱਚ ਸੀ ਤੇ ਕਿਹੜਾ ਲਗਾਅ ਸੀ? ਪਿੰਡੋਂ ਪਰਤ ਕੇ ਵੀ ਕਈ ਦਿਨ ਉਨ੍ਹਾਂ ਦੀਆਂ ਯਾਦਾਂ ਮੈਨੂੰ ਜੋਕਾਂ ਵਾਂਗੂੰ ਚੰਬੜੀਆਂ ਰਹਿੰਦੀਆ। ਮਨ ਕਈ -ਕਈ ਦਿਨ ਬੁਝਿਆ-ਬੁਝਿਆ ਰਹਿੰਦਾ। ਫਿਰ ਅਗਲੇ ਵਰ੍ਹੇ ਸਾਲਾਨਾ ਪ੍ਰੀਖਿਆ ਖਤਮ ਹੋਣ ਤੇ ਗਰਮੀਆਂ ਦੀਆਂ ਛੁੱਟੀਆਂ ਦੀ ਉਡੀਕ ਕਰਨ ਲੱਗਦਾ।

ਇਕ ਵਾਰੀ ਮਨ ਦੀ ਇਹ ਗੱਲ ਮੈਂ ਆਪਣੇ ਦਾਦਾ ਜੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਸ ਥਾਂ ਪੈਦਾ ਹੋਣ ਮਗਰੋਂ ਬੱਚੇ ਦਾ ਨਾੜੂ ਦੱਬਿਆ ਜਾਂਦਾ ਹੈ, ਉਸ ਥਾਂ ਨਾਲ ਬੰਦੇ ਦਾ ਸੰਬੰਧ ਸ ਦੀ ਮਾਂ ਵਰਗਾ ਹੋ ਜਾਂਦਾ ਹੈ। ਜਨਮ ਤੋਂ ਪਹਿਲੋਂ ਬੰਦਾ ਨਾੜੂ ਨਾਲ ਆਪਣੀ ਮਾਂ ਨਾਲ ਜੁੜਿਆ ਹੁੰਦਾ ਹੈ ਤੇ ਉਸ ਰਾਹੀਂ ਸਾਡੀ ਜਨਮਦਾਤੀ ਸਾਡਾ ਪੋਸ਼ਣ ਕਰਦੀ ਹੈ। ਜਨਮ ਮਗਰੋਂ ਉਹ ਆਪਣੀ ਜੰਮਣ ਭੋਇੰ ਨਾਲ ਯਾਨੀ ਧਰਤੀ ਮਾਂ ਨਾਲ ਜੁੜ ਜਾਂਦਾ ਹੈ। ਸਾਨੂੰ ਜਨਮ ਦੇਣ ਵਾਲੀ ਮਾਂ ਵਾਂਗ ਹੀ ਤਾਂ ਇਹ ਧਰਤੀ ਮਾਂ ਵੀ ਸਾਡਾ ਸਾਰੀ ਉਮਰ ਪਾਲਣ- ਪੋਸ਼ਣ ਕਰਦੀ ਹੈ। ਮਰਦੇ ਦਮ ਤਕ ਸਾਡਾ ਸਾਥ ਦਿੰਦੀ ਹੈ ਤੇ ਆਖਰ ਆਪਣੀ ਗੋਦ 'ਚ ਥਾਂ ਦਿੰਦੀ ਹੈ। ਮਾਂ ਤਾਂ ਮਾਂ ਹੀ ਹੁੰਦੀ ਹੈ ਭਾਵੇਂ ਆਪਣੀ ਕੁੱਖੋਂ ਜਨਮ ਦੇਣ ਵਾਲੀ ਹੋਵੇ ਜਾਂ ਜਨਮ ਮਗਰੋਂ ਸਾਨੂੰ ਸਾਰੀ ਉਮਰ ਸਾਂਭਣ ਵਾਲੀ। ਦੋਵਾਂ ਨਾਲ ਲਗਾਅ ਇੱਕੋ ਜਿਹਾ ਹੀ ਹੁੰਦਾ ਹੈ।

ਦੂਸਰੇ ਜਿਹੜੀ ਬੋਲੀ ਦੇ ਸ਼ਬਦ ਸਭ ਤੋਂ ਪਹਿਲੀ ਵਾਰੀ ਤੇਰੇ ਕੰਨਾਂ 'ਚ ਗੂੰਜੇ ਸਨ, ਉਹ ਇਸ ਥਾਂ ਦੀ ਹਵਾ, ਮਿੱਟੀ ,ਪਾਣੀ ,ਪੇੜ-ਪੌਦਿਆਂ ਮਤਲਬ ਕਿ ਜ਼ੱਰ੍ਹੇ-ਜ਼ੱਰ੍ਹੇ 'ਚ ਸਮਾਏ ਹੋਏ ਹਨ। ਤੇਰਾ ਜਨਮ ਵੀ ਤਾਂ ਇਸੇ ਪਿੰਡ 'ਚ ਹੋਇਆ ਸੀ ਨਾ। ਇਸੇ ਲਈ ਇਹ ਮਿੱਟੀ ਆਪਣੀ ਜ਼ਬਾਨ 'ਚ ਸਾਨੂੰ ਪੁਕਾਰਦੀ ਹੈ। ਉਸੇ ਮਿੱਟੀ ਦਾ ਬਣਿਆ ਸਾਡਾ ਸਰੀਰ ਉਸ ਪੁਕਾਰ ਨੂੰ ਮਹਿਸੂਸ ਕਰ ਕੇ ਉਸ ਨੂੰ ਮਿਲਣ ਲਈ ਬਿਹਬਲ ਹੋ ਠਦਾ ਹੈ। ਸ਼ਾਇਦ ਇਹੋ ਕਾਰਣ ਸੀ ਕਿ ਦਾਦਾ ਜੀ ਨੇ ਮਰਦੇ ਦਮ ਤਕ ਆਪਣਾ ਪਿੰਡ ਨਹੀਂ ਸੀ ਛੱਡਿਆ। ਭਾਂਵੇ ਉਨ੍ਹਾਂ ਦੇ ਪੁੱਤਾਂ ਨੇ ਵੱਡੇ -ਵੱਡੇ ਸ਼ਹਿਰਾਂ ਤੇ ਸੌ ਸੁੱਖ ਸਹੂਲਤਾਂ ਵਾਲੇ ਘਰਾਂ 'ਚ ਉਨ੍ਹਾਂ ਨੂੰ ਵਾਰ -ਵਾਰ ਰੱਖਣਾ ਚਾਹਿਆ ਸੀ ਪਰ ਉਹ ਦੋ -ਚਾਰ ਦਿਨ ਤੋਂ ਵੱਧ ਉੱਥੇ ਨਾ ਠਹਿਰਦੇ ਤੇ ਲੱਖ ਮਨਾਉਣ ਦੇ ਬਾਵਜੂਦ ਆਪਣੇ ਪਿੰਡ ਵੱਲ ਤੁਰ ਪੈਂਦੇ। ਹੁਣ ਮੈਂ ਵੀ ਬੇਸ਼ੱਕ ਘਰੇਲੂ ਮਜਬੂਰੀਆਂ ਕਰਕੇ ਆਪਣਾ ਟਿਕਾਣਾ ਹੁਸ਼ਿਆਰਪੁਰ ਵਿਖੇ ਰੱਖ ਲਿਆ ਹੈ ਤੇ ਪਿੰਡ 'ਚ ਕੋਈ ਨਹੀਂ ਰਹਿੰਦਾ । ਪੁਰਾਣਾ ਕੱਚਾ ਘਰ ਢਹਿ ਚੁੱਕਿਆ ਹੈ। ਹੁਣ ਦਾਦਾ -ਦਾਦੀ ਵੀ ਨਹੀਂ ਤੇ ਜਨਮ ਦੇਣ ਵਾਲੀ ਮਾਂ ਇਸ ਦੁਨੀਆ 'ਚ ਨਹੀਂ ਹੈ ਪਰ ਜਿੱਥੇ ਮੇਰਾ ਨਾੜੂ ਦੱਬਿਆ ਗਿਆ ਸੀ, ਉਹ ਮਿੱਟੀ ਤੇ ਬੋਲੀ ਮੈਨੂੰ ਪੁਕਾਰਦੀ ਹੈ। ਫਿਰ ਮਨ ਛੇਤੀ-ਛੇਤੀ ਕੋਈ ਨਾ ਕੋਈ ਬਹਾਨਾ ਲੱਭਣ ਲੱਗਦਾ ਹੈ ਆਪਣੇ ਪਿੰਡਾਂ ਵੱਲ ਗੇੜੀ ਮਾਰਨ ਦਾ ਤੇ ਮੈਂ ਵੀ ਅਜਿਹਾ ਕੋਈ ਮੌਕਾ ਨਹੀਂ ਖੁੰਝਣ ਦਿੰਦਾ। ਕੋਰੇ ਅਨਪੜ੍ਹ ਦਾਦਾ ਜੀ ਵੱਲੋਂ ਦਿੱਤੀ ਉਕਤ ਦਲੀਲ ਕਿੰਨੀ ਕੁ ਵਿਗਿਆਨਕ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ ਪਰ ਮਨੋਵਿਗਿਆਨਕ ਤੌਰ 'ਤੇ ਇਹ ਦਲੀਲ ਮੈਨੂੰ ਤਾਂ ਸਹੀ ਜਾਪਦੀ ਹੈ।

- ਮੋ : 98761-56964

Posted By: Rajnish Kaur