ਮੁਹਾਲੀ ਜ਼ਿਲ੍ਹੇ ’ਚ ਖਰੜ ਲਾਗੇ ਪਿੰਡ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ’ਚ ਅਚਾਨਕ ਸਾਹਮਣੇ ਆਈਆਂ ਸ਼ਰਮਨਾਕ ਤੇ ਮੰਦਭਾਗੀਆਂ ਘਟਨਾਵਾਂ ਨੇ ਦੇਸ਼–ਵਿਦੇਸ਼ ਦੇ ਮਾਪਿਆਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ। ’ਵਰਸਿਟੀ ਪ੍ਰਸ਼ਾਸਨ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਦੇ ਬਾਵਜੂਦ ਵਿਦਿਆਰਥਣਾਂ ਦੇ ਧਰਨੇ ’ਤੇ ਬੈਠੇ ਰਹਿਣ ਨਾਲ ਮਾਹੌਲ ਹੋਰ ਵਿਗੜਨ ਦਾ ਖ਼ਦਸ਼ਾ ਹੈ। ਮਹਿਲਾ ਕਮਿਸ਼ਨ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੀ ਜਾਂਚ ਕਰਵਾਏ ਜਾਣ ਦੀ ਗੱਲ ਆਖੀ ਹੈ। ਹੁਣ ਭਾਵੇਂ ਮੁਲਜ਼ਮ ਕੁੜੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਤੇ ਪੰਜਾਬ ਪੁਲਿਸ ਉਸ ਦੇ ਸ਼ਿਮਲਾ ਰਹਿੰਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਗੀ ਪਾ ਚੁੱਕੀ ਹੈ ਪਰ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਕਰਵਾ ਕੇ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਕਰਨਾ ਚਾਹੀਦਾ ਹੈ। ਉਂਝ ਪਹਿਲੀ ਨਜ਼ਰੇ ਇਹ ਮਾਮਲਾ ਭਾਵੇਂ ਇਕ ਵਿਦਿਆਰਥਣ ਵੱਲੋਂ 60 ਹਮਜਮਾਤਣਾਂ ਦੇ ਐੱਮਐੱਮਐੱਸ ਬਣਾ ਕੇ ਆਪਣੇ ਸ਼ਿਮਲਾ ਰਹਿੰਦੇ ਕਿਸੇ ਜਾਣਕਾਰ ਮੁੰਡੇ ਨੂੰ ਭੇਜਣ ਦਾ ਹੈ ਪਰ ਇਸ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਢਿੱਲ–ਮੱਠ ਵੀ ਉਜਾਗਰ ਹੁੰਦੀ ਹੈ। ਮੁਲਜ਼ਮ ਕੁੜੀ ਕਿੰਨੇ ਸਮੇਂ ਤੋਂ ਇਹ ਸਭ ਕੁਝ ਕਰ ਰਹੀ ਸੀ? ਜਦੋਂ ਸਾਰੀਆਂ ਵਿਦਿਆਰਥਣਾਂ ਨੇ ਉਸ ਦਾ ਵਿਰੋਧ ਕੀਤਾ ਤੇ ਉਸ ਵਿਰੁੱਧ ’ਵਰਸਿਟੀ ਪ੍ਰਸ਼ਾਸਨ ਨੂੰ ਕਈ ਵਾਰ ਅਪੀਲਾਂ ਕੀਤੀਆਂ ਪਰ ਅਧਿਕਾਰੀ ਨਹੀਂ ਜਾਗੇ ਤੇ ਕੋਈ ਕਾਰਵਾਈ ਨਾ ਕੀਤੀ ਸਗੋਂ ਉਨ੍ਹਾਂ ਵੱਲੋਂ ਇਹ ਮਾਮਲਾ ਦਬਾਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ ਵੀ ਲੱਗੇ ਹਨ। ਉਸ ਤੋਂ ਬਾਅਦ ਹੀ ਸੱਤ ਪੀੜਤ ਕੁੜੀਆਂ ਵੱਲੋਂ ਆਤਮਹੱਤਿਆ ਕਰ ਲੈਣ ਦੀ ਖ਼ਬਰ ਆਉਣ ਲੱਗ ਪਈ। ਜੇ ਇਸ ਵਿੱਦਿਅਕ ਅਦਾਰੇ ਦੇ ਅਧਿਕਾਰੀ ਤੁਰੰਤ ਕਾਰਵਾਈ ਪਾ ਦਿੰਦੇ ਤਾਂ ਸ਼ਾਇਦ ਗੱਲ ਇੱਥੋਂ ਤਕ ਨਾ ਵਧਦੀ। ਹੋ ਸਕਦਾ ਹੈ ਕਿ ਪਹਿਲੀ ਨਜ਼ਰੇ ਉਨ੍ਹਾਂ ਨੂੰ ਇਹ ਮਾਮਲਾ ਇੰਨਾ ਵੱਡਾ ਨਾ ਜਾਪਿਆ ਹੋਵੇ ਜਿੰਨਾ ਕਿ ਹੁਣ ਬਣ ਗਿਆ ਹੈ। ਇਹ ਮਾਮਲਾ ਮਹਿਜ਼ ਭਾਰਤ ਦੀ ਇਕ ਯੂਨੀਵਰਸਿਟੀ ਦਾ ਨਹੀਂ ਹੈ ਸਗੋਂ ਸਮੁੱਚੇ ਭਾਰਤ ਦੇ ਵਿੱਦਿਅਕ ਅਦਾਰਿਆਂ ’ਤੇ ਲੱਗ ਰਹੇ ਕਲੰਕ ਦਾ ਹੈ। ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਇਸ ਅਤਿ ਆਧੁਨਿਕ ਯੁੱਗ ’ਚ ਨਿੱਕਾ ਜਿੰਨਾ ਮਾਮਲਾ ਵੀ ਤੁਰਤ–ਫੁਰਤ ਪੂਰੀ ਦੁਨੀਆ ’ਚ ਫੈਲ ਕੇ ਵੱਡੇ ਵਿਵਾਦ ਦਾ ਕਾਰਨ ਬਣ ਜਾਂਦਾ ਹੈ। ਇਸ ਤੱਥ ਤੋਂ ਵੀ ਸਮੂਹ ਦੇਸ਼ ਵਾਸੀ ਭਲੀਭਾਂਤ ਜਾਣੂ ਹਨ ਕਿ ਦੇਸ਼ ਵਿਰੋਧੀ ਤਾਕਤਾਂ ਸਦਾ ਸਰਗਰਮ ਰਹਿੰਦੀਆਂ ਹਨ। ਉਹ ਭਾਰਤ ਵਿਰੁੱਧ ਕੋਈ ਨਾ ਕੋਈ ਇਲਜ਼ਾਮ ਲਾਉਣ ਦੇ ਬਹਾਨੇ ਲੱਭਦੀਆਂ ਰਹਿੰਦੀਆਂ ਹਨ। ਉਹ ਦੇਸ਼ ’ਚ ਹਥਿਆਰ ਤੇ ਨਸ਼ਿਆਂ ਦੀ ਸਪਲਾਈ ਕਰ ਕੇ ਜਿੱਥੇ ਦੇਸ਼ ਨੂੰ ਬਦਨਾਮ ਕਰਦੀਆਂ ਹਨ, ਉੱਥੇ ਉਹ ਸਾਡੇ ਨੌਜਵਾਨਾਂ ਨੂੰ ਵੀ ਫਾਹੁੰਦੀਆਂ ਹਨ। ਬਹੁਤ ਸਾਰੇ ਭਾਰਤੀ ਨੌਜਵਾਨ ਅਜਿਹੀਆਂ ਤਾਕਤਾਂ ਦੇ ਢਹੇ ਚੜ੍ਹ ਵੀ ਚੁੱਕੇ ਹਨ। ਇੰਝ ਮਾਮਲਾ ਦੇਸ਼ ਦੀ ਮਾਣ–ਮਰਿਆਦਾ ਦਾ ਵੀ ਬਣ ਜਾਂਦਾ ਹੈ। ਦੋ ਵਰ੍ਹੇ ਪਹਿਲਾਂ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ–2020 ਇਹੋ ਸੋਚ ਕੇ ਲਾਗੂ ਕੀਤੀ ਸੀ ਕਿ ਪੂਰੀ ਦੁਨੀਆ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਭਾਰਤ ਆਉਣਾ ਪਵੇ ਤੇ ਦੇਸ਼ ਨੂੰ ਇਕ ਵਿਦਿਅਕ ਧੁਰਾ ਬਣਾਇਆ ਜਾਵੇ। ਅਜਿਹੀਆਂ ਘਟਨਾਵਾਂ ਨਿਸ਼ਚਿਤ ਤੌਰ ’ਤੇ ਉਸ ਕੇਂਦਰੀ ਨੀਤੀ ਦੇ ਟੀਚਿਆਂ ਦੇ ਰਾਹ ’ਚ ਵੱਡਾ ਅੜਿੱਕਾ ਹਨ। ’ਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਸਾਰੇ ਵਿਦਿਆਰਥੀਆਂ ਖ਼ਾਸ ਕਰਕੇ ਧੀਆਂ ਵਰਗੀਆਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਸਮਰੱਥ ਹਨ।

Posted By: Jagjit Singh