ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਪਿਤਾ ਕੇਕੇ ਸਿੰਘ ਨੇ ਅਦਾਕਾਰਾ ਰੀਆ ਚੱਕਰਵਰਤੀ ਖ਼ਿਲਾਫ਼ ਪਟਨਾ 'ਚ ਐੱਫਆਈਆਰ ਦਰਜ ਕਰਵਾਈ ਹੈ। ਸੁਸ਼ਾਂਤ ਦੇ ਪਿਤਾ ਨੇ ਰੀਆ 'ਤੇ ਸੁਸ਼ਾਂਤ ਨੂੰ ਪਿਆਰ 'ਚ ਫਸਾ ਕੇ ਉਸ ਦੇ ਪੈਸੇ ਕਢਵਾਉਣ ਦਾ ਸੰਗੀਨ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਰੀਆ 'ਤੇ ਆਪਣੇ ਬੇਟੇ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਤੇ ਪਰਿਵਾਰ ਤੋਂ ਦੂਰ ਕਰਨ ਦੇ ਦੋਸ਼ ਲਗਾਏ ਹਨ। ਸੁਸ਼ਾਂਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਮੁੰਬਈ ਪੁਲਿਸ ਦੀ ਜਾਂਚ 'ਤੇ ਭਰੋਸਾ ਨਹੀਂ। ਦੂਜੇ ਪਾਸੇ ਰੀਆ ਨੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਅਸਲੀਅਤ ਜੋ ਵੀ ਹੋਵੇ, ਇਸ ਘਟਨਾ ਨੇ ਬਾਲੀਵੁੱਡ ਦੀ ਚਮਕ-ਦਮਕ ਵਾਲੀ ਜੀਵਨ-ਸ਼ੈਲੀ ਦੇ ਪਾਜ ਉਧੇੜ ਦਿੱਤੇ ਹਨ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਇਕ ਵਾਰ ਫਿਰ ਬਾਲੀਵੁੱਡ ਇੰਡਸਟਰੀ 'ਚ ਭਾਈ-ਭਤੀਜਵਾਦ ਦਾ ਮੁੱਦਾ ਸਿਖ਼ਰ 'ਤੇ ਹੈ। ਮੁੰਬਈ ਦੀ ਮਾਇਆ ਨਗਰੀ 'ਚ ਕਿੰਨੇ ਸੁਸ਼ਾਂਤ ਤਬਾਹ ਹੋ ਗਏ, ਕਿਸੇ ਨੂੰ ਪਤਾ ਵੀ ਨਹੀਂ ਚੱਲਿਆ। ਬਾਲੀਵੁੱਡ ਨਾਲ ਪਹਿਲਾਂ ਤੋਂ ਕੋਈ ਸਬੰਧ ਨਾ ਹੋਣ ਵਾਲੇ ਕਲਾਕਾਰਾਂ ਨੂੰ ਆਪਣੇ-ਆਪ ਨੂੰ ਵਾਰ-ਵਾਰ ਸਾਬਤ ਕਰਨ ਦੀ ਜ਼ਰੂਰਤ ਪੈਂਦੀ ਹੈ। ਜਦਕਿ ਇਸ ਇੰਡਸਟਰੀ ਨਾਲ ਪਹਿਲਾਂ ਤੋਂ ਜੁੜੀਆਂ ਹਸਤੀਆਂ ਦੇ ਸਬੰਧੀਆਂ ਨੂੰ ਸਭ ਕੁਝ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਇੱਥੋਂ ਤਕ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਆਸਕਰ ਜੇਤੂ ਸੰਗੀਤਕਾਰ ਏ ਆਰ ਰਹਿਮਾਨ ਨੇ ਵੀ ਹਿੰਦੀ ਫਿਲਮ ਇੰਡਸਟਰੀ 'ਤੇ ਇਸ ਮਸਲੇ ਨੂੰ ਲੈ ਕੇ ਸਵਾਲ ਚੁੱਕੇ ਸਨ। ਹਿਮਾਚਲ ਪ੍ਰਦੇਸ਼ ਦੀ ਅਦਾਕਾਰਾ ਕੰਗਨਾ ਰਣੌਤ ਇਸ ਮਸਲੇ 'ਤੇ ਖੁੱਲ੍ਹ ਕੇ ਨਾਮੀ ਹਸਤੀਆਂ ਖ਼ਿਲਾਫ਼ ਭੜਾਸ ਕੱਢ ਰਹੀ ਹੈ। ਹਾਲੇ ਤਕ ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ 40 ਤੋਂ ਵੱਧ ਨਿਰਦੇਸ਼ਕਾਂ ਤੇ ਸਿਤਾਰਿਆਂ ਕੋਲੋਂ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ। ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੁਸ਼ਾਂਤ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਸੁਸ਼ਾਂਤ ਦੀ ਮੌਤ ਨੂੰ ਲੈ ਕੇ ਜਿਸ ਤਰੀਕੇ ਨਾਲ ਬਾਲੀਵੁੱਡ ਅਤੇ ਸਿਆਸਤ ਦੇ ਵੱਡੇ ਨਾਂ ਜੁੜ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਇਸ ਕੇਸ ਦੇ ਕੁਝ ਹੋਰ ਪੰਨੇ ਵੀ ਹਨ ਜਿਹੜੇ ਖੁੱਲ੍ਹਣੇ ਜ਼ਰੂਰੀ ਹਨ। ਸੁਸ਼ਾਂਤ ਦੀ ਖ਼ੁਦਕੁਸ਼ੀ ਦਾ ਸਦਮਾ ਹਰ ਆਮ ਅਤੇ ਖ਼ਾਸ ਨੂੰ ਲੱਗਾ ਸੀ। ਇਸ ਲਈ ਨਹੀਂ ਕਿ ਉਹ ਫਿਲਮੀ ਅਦਾਕਾਰ ਸੀ।ਬਲਕਿ ਉਸ ਨੇ ਲੰਬੇ ਸੰਘਰਸ਼ ਸਦਕਾ ਬਿਨਾਂ ਕਿਸੇ ਦੀ ਮਦਦ ਦੇ ਬਾਲੀਵੁੱਡ 'ਚ ਆਪਣੀ ਥਾਂ ਬਣਾਈ ਸੀ। ਟੀਵੀ ਦੇ ਨਾਟਕਾਂ ਤੋਂ ਸ਼ੁਰੂ ਹੋ ਕੇ ਉਸ ਨੇ ਸਾਬਤ ਕੀਤਾ ਸੀ ਕਿ ਆਪਣੀ ਮਿਹਨਤ ਦੇ ਦਮ 'ਤੇ ਕਿਤੇ ਵੀ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਪਰ ਉਸ ਦੀ ਮੌਤ ਨਾਲ ਕਈ ਸੁਪਨਿਆਂ ਦੀ ਮੌਤ ਹੋ ਗਈ। ਇਕ ਸਾਧਾਰਨ ਪਰਿਵਾਰ 'ਚੋਂ ਨਿਕਲੇ ਹੋਣਹਾਰ ਸੁਸ਼ਾਂਤ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਪੈਸਾ ਤੇ ਮਕਬੂਲੀਅਤ ਹੋਣ ਦੇ ਬਾਵਜੂਦ ਉਸ ਨੇ ਉਹ ਕਿਹੜੀ ਗੱਲ ਸੀ ਜਿਸ ਦੇ ਅਸਰ ਹੇਠ ਖ਼ੁਦਕੁਸ਼ੀ ਦਾ ਫ਼ੈਸਲਾ ਲਿਆ। ਸੁਸ਼ਾਂਤ ਦੀ ਜ਼ਿੰਦਗੀ ਅਤੇ ਉਸ ਦਾ ਭਿਆਨਕ ਅੰਤ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਆਖ਼ਰ ਉਸ ਨੂੰ ਕਿਸ ਗੱਲ ਦੀ ਘਾਟ ਸੀ? ਖ਼ੁਦਕੁਸ਼ੀ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਜ਼ਿੰਦਗੀ ਤੋਂ ਵੱਧ ਕੇ ਕੁਝ ਵੀ ਨਹੀਂ। ਇਸ ਮਾਮਲੇ ਦੀ ਸੱਚਾਈ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ। ਸੁਬਰਾਮਨੀਅਮ ਸਵਾਮੀ ਦੇ ਕਹੇ ਮੁਤਾਬਕ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ 'ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ' ਹੋ ਸਕੇ। ਜੇਕਰ ਇਸ ਮਾਮਲੇ 'ਚ ਕੋਈ ਸਜ਼ਾ ਦਾ ਹੱਕਦਾਰ ਹੈ ਤਾਂ ਉਸ ਨੂੰ ਦੰਡ ਜ਼ਰੂਰ ਮਿਲਣਾ ਚਾਹੀਦਾ ਹੈ।

Posted By: Jagjit Singh