-ਸੰਜੇ ਗੁਪਤ

ਕੋਰੋਨਾ ਵਾਇਰਸ ਤੋਂ ਉਪਜੀ ਕੋਵਿਡ-19 ਦੀ ਦੂਜੀ ਲਹਿਰ ਨੇ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨਵੇਂ ਸਾਲ ਦੇ ਆਗਮਨ ’ਤੇ ਭਾਰਤੀਆਂ ਨੂੰ ਲੱਗ ਰਿਹਾ ਸੀ ਕਿ ਮਹਾਮਾਰੀ ਤੋਂ ਰਾਹਤ ਮਿਲ ਗਈ ਹੈ। ਫਰਵਰੀ ਆਉਂਦੇ-ਆਉਂਦੇ ਆਮ ਜਨਤਾ ਤੋਂ ਲੈ ਕੇ ਨੇਤਾ-ਨੌਕਰਸ਼ਾਹ ਅਤੇ ਇੱਥੋਂ ਤਕ ਕਿ ਤਮਾਮ ਡਾਕਟਰ ਵੀ ਇਹ ਮੰਨਣ ਲੱਗ ਪਏ ਸਨ ਕਿ ਮਹਾਮਾਰੀ ਦੀ ਵਿਆਪਕਤਾ ਤੋਂ ਭਾਰਤ ਨੇ ਪਾਰ ਪਾ ਲਿਆ ਹੈ।

ਜਦ ਦੇਸ਼ ਕੋਰੋਨਾ ਕਾਲ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੁੰਦੀ ਹੋਈ ਦੇਖ ਰਿਹਾ ਸੀ, ਉਦੋਂ ਇਨਫੈਕਸ਼ਨ ਨੇ ਨਵੇਂ ਸਿਰੇ ਤੋਂ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੋ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਅੱਜ ਹਾਲਤ ਇਹ ਹੈ ਕਿ ਵੱਡੇ ਸ਼ਹਿਰਾਂ ਵਿਚ ਵੀ ਕੋਰੋਨਾ ਮਰੀਜ਼ਾਂ ਨੂੰ ਨਾ ਤਾਂ ਹਸਪਤਾਲਾਂ ਵਿਚ ਬੈੱਡ ਮਿਲ ਰਹੇ ਹਨ, ਨਾ ਵੈਂਟੀਲੇਟਰ।

ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਵੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਹ ਸਭ ਕੁਝ ਕੋਰੋਨਾ ਮਰੀਜ਼ਾਂ ’ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਕੋਰੋਨਾ ਕਾਰਨ ਹੁੰਦੀਆਂ ਮੌਤਾਂ ਕਾਰਨ ਸ਼ਮਸ਼ਾਨਘਾਟਾਂ ਅਤੇ ਕਬਰਸਤਾਨਾਂ ਵਿਚ ਲਾਸ਼ਾਂ ਦੇ ਆਉਣ ਦਾ ਸਿਲਸਿਲਾ ਟੁੱਟ ਨਹੀਂ ਰਿਹਾ ਹੈ। ਜੇਕਰ ਢਹਿ-ਢੇਰੀ ਹੁੰਦੇ ਸਿਹਤ ਢਾਂਚੇ ਨੂੰ ਸੰਭਾਲਿਆ ਨਾ ਗਿਆ ਤਾਂ ਹਾਲਾਤ ਹੋਰ ਜ਼ਿਆਦਾ ਬੇਕਾਬੂ ਹੋ ਸਕਦੇ ਹਨ। ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਸਿਹਤ ਵਰਗੇ ਮਹੱਤਵਪੂਰਨ ਖੇਤਰ ਦੀ ਕੀਤੀ ਜਾ ਰਹੀ ਅਣਦੇਖੀ ਦੀ ਭਾਰੀ ਕੀਮਤ ਹੁਣ ਜਨਤਾ ਨੂੰ ਤਾਰਨੀ ਪੈ ਰਹੀ ਹੈ। ਕੋਵਿਡ ਮਹਾਮਾਰੀ ਨੇ ਬੀਤੇ ਸਾਲ ਦੇ ਸ਼ੁਰੂ ਵਿਚ ਹੀ ਭਾਰਤ ਵਿਚ ਦਸਤਕ ਦੇ ਦਿੱਤੀ ਸੀ। ਮਾਰਚ ਵਿਚ ਜਦ ਕੋਰੋਨਾ ਦੇ ਲਗਪਗ 500 ਮਰੀਜ਼ ਹੀ ਸਨ, ਉਦੋਂ ਹੀ ਲਾਕਡਾਊਨ ਲਗਾ ਦਿੱਤਾ ਗਿਆ ਸੀ। ਇਹ ਸੰਪੂਰਨ ਲਾਕਡਾਊਨ ਮਈ ਤਕ ਚੱਲਿਆ, ਫਿਰ ਹੌਲੀ-ਹੌਲੀ ਰਿਆਇਤ ਦਿੱਤੀ ਜਾਣ ਲੱਗੀ। ਇਸ ਕਾਰਨ ਲੋਕਾਂ ਦੀ ਆਵਾਜਾਈ ਵਧਣ ਲੱਗੀ ਅਤੇ ਆਰਥਿਕ-ਵਪਾਰਕ ਸਰਗਰਮੀਆਂ ਵੀ ਚੱਲਣ ਲੱਗੀਆਂ। ਹਾਲਾਂਕਿ ਇਸ ਦੌਰਾਨ ਵੀ ਕੋਰੋਨਾ ਦੇ ਮਰੀਜ਼ ਵੱਧਦੇ ਰਹੇ ਪਰ ਸਿਹਤ ਢਾਂਚੇ ’ਤੇ ਜੋ ਦਬਾਅ ਪਿਆ, ਉਸ ’ਤੇ ਥੋੜ੍ਹੀਆਂ ਮੁਸ਼ਕਲਾਂ ਦੇ ਬਾਅਦ ਕਾਬੂ ਪਾ ਲਿਆ ਗਿਆ। ਨਤੀਜਾ ਇਹ ਹੋਇਆ ਕਿ ਲੋਕਾਂ ਨੇ ਬਾਜ਼ਾਰ ਜਾਣਾ ਸ਼ੁਰੂ ਕਰ ਦਿੱਤਾ ਅਤੇ ਸਕੂਲ-ਕਾਲਜ, ਸਿਨੇਮਾ ਹਾਲ ਵੀ ਖੁੱਲ੍ਹਣ ਲੱਗੇ।

ਹਾਲਾਂਕਿ ਇਹ ਉਹ ਦੌਰ ਸੀ, ਜਦ ਯੂਰਪ, ਅਮਰੀਕਾ ਆਦਿ ਕੋਰੋਨਾ ਦੀ ਦੂਜੀ-ਤੀਜੀ ਲਹਿਰ ਤੋਂ ਦੋ-ਚਾਰ ਹੋ ਰਹੇ ਸਨ। ਫਿਰ ਵੀ ਭਾਰਤ ਵਿਚ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਅਜਿਹਾ ਇੱਥੇ ਵੀ ਹੋ ਸਕਦਾ ਹੈ। ਆਮ ਜਨਤਾ, ਨੇਤਾਵਾਂ ਅਤੇ ਨੌਕਰਸ਼ਾਹਾਂ ਨਾ ਸਹੀ, ਸਿਹਤ ਖੇਤਰ ਦੇ ਮਾਹਿਰਾਂ ਨੂੰ ਤਾਂ ਇਹ ਪਤਾ ਹੋਣਾ ਹੀ ਚਾਹੀਦਾ ਸੀ ਕਿ ਕੋੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ ਅਤੇ ਉਹ ਪਹਿਲੀ ਨਾਲੋਂ ਘਾਤਕ ਹੋ ਸਕਦੀ ਹੈ। ਆਖ਼ਰ ਉਨ੍ਹਾਂ ਨੇ ਦੇਸ਼ ਅਤੇ ਖ਼ਾਸ ਤੌਰ ’ਤੇ ਸਰਕਾਰੀ-ਗ਼ੈਰ-ਸਰਕਾਰੀ ਸਿਹਤ ਤੰਤਰ ਦੇ ਲੋਕਾਂ ਨੂੰ ਆਗਾਹ ਕਿਉਂ ਨਹੀਂ ਕੀਤਾ?

ਉਹ ਤਾਂ ਦੇਸ਼ ਦੇ ਨਾਲ-ਨਾਲ ਦੁਨੀਆ ਵਿਚ ਕੋਰੋਨਾ ਦੇ ਹਾਲਾਤ ਦੀ ਨਿਗਰਾਨੀ ਕਰ ਰਹੇ ਸਨ। ਆਖ਼ਰ ਉਨ੍ਹਾਂ ਤੋਂ ਉਕਾਈ ਕਿਸ ਤਰ੍ਹਾਂ ਹੋ ਗਈ? ਕੋਰੋਨਾ ਦੀ ਦੂਜੀ ਲਹਿਰ ਤੇਜ਼ ਹੋਣ ਦੇ ਪਿੱਛੇ ਇਕ ਵਜ੍ਹਾ ਤਾਂ ਲੋਕਾਂ ਦੀ ਤਰਫ਼ੋਂ ਢੁੱਕਵੀਂ ਸਾਵਧਾਨੀ ਨਾ ਵਰਤਣਾ ਅਤੇ ਦੂਜੀ, ਕੋਰੋਨਾ ਵਾਇਰਸ ਦੇ ਵੇਰੀਐਂਟ ਪੈਦਾ ਹੋ ਜਾਣੇ ਹੈ। ਕੋਰੋਨਾ ਦੇ ਬਦਲੇ ਰੂਪ ਕਿਤੇ ਜ਼ਿਆਦਾ ਤੇਜ਼ੀ ਨਾਲ ਇਨਫੈਕਸ਼ਨ ਫੈਲਾਉਣ ਦੇ ਨਾਲ-ਨਾਲ ਉਮੀਦ ਮੁਤਾਬਕ ਘੱਟ ਉਮਰ ਦੇ ਲੋਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੇ ਹਨ।

ਕੋਰੋਨਾ ਦੇ ਬਦਲੇ ਹੋਏ ਜੋ ਰੂਪ ਬਰਤਾਨੀਆ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਆਦਿ ਵਿਚ ਪਨਪੇ, ਉਹ ਭਾਰਤ ਵਿਚ ਵੀ ਦਸਤਕ ਦੇ ਚੁੱਕੇ ਹਨ। ਇਹ ਵੀ ਸਪਸ਼ਟ ਹੈ ਕਿ ਕੋਰੋਨਾ ਵਾਇਰਸ ਦੇ ਕੁਝ ਰੂਪ ਭਾਰਤ ਵਿਚ ਵੀ ਪਨਪ ਗਏ ਹਨ। ਇਹ ਬਰਤਾਨੀਆ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਆਦਿ ਤੋਂ ਆਏ ਕੋਰੋਨਾ ਵੇਰੀਐਂਟ ਦੇ ਨਵੇਂ ਰੂਪ ਯਾਨੀ ਡਬਲ ਵੇਰੀਐਂਟ ਵੀ ਹੋ ਸਕਦੇ ਹਨ। ਫ਼ਿਲਹਾਲ ਕਹਿਣਾ ਔਖਾ ਹੈ ਕਿ ਕੋਰੋਨਾ ਵਾਇਰਸ ਦਾ ਕਿਹੜਾ ਰੂਪ ਕਿੰਨਾ ਘਾਤਕ ਸਿੱਧ ਹੋ ਰਿਹਾ ਹੈ ਪਰ ਇਸ ਵਿਚ ਦੋ ਰਾਇ ਨਹੀਂ ਕਿ ਉਨ੍ਹਾਂ ਨੂੰ ਨੱਥ ਪੈਂਦੀ ਨਹੀਂ ਦਿਸ ਰਹੀ ਹੈ। ਭਾਰਤ ਵਿਚ ਹੁਣ ਤਕ ਸਿਹਤ, ਸੁਰੱਖਿਆ ਅਤੇ ਸਫ਼ਾਈ ਕਰਮੀਆਂ ਦੇ ਨਾਲ-ਨਾਲ 45 ਸਾਲ ਤੋਂ ਉੱਪਰ ਦੇ 11 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ।

ਇਹ ਇਕ ਵੱਡੀ ਗਿਣਤੀ ਹੈ ਪਰ ਭਾਰਤ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਘੱਟ ਹੈ। ਭਾਵੇਂ ਸਰਕਾਰਾਂ ਟੀਕਾਕਰਨ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦੀਆਂ ਰਹੀਆਂ ਹਨ ਪਰ ਇਸ ਟੀਕੇ ਪ੍ਰਤੀ ਲੋਕਾਂ ਦੇ ਮਨਾਂ ਵਿਚ ਉਪਜੇ ਸ਼ੰਕੇ ਵੀ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਬਣ ਰਹੇ ਹਨ।

ਭਾਵੇਂ ਕੋਵੈਕਸੀਨ ਅਤੇ ਕੋਵਿਸ਼ੀਲਡ ਤੋਂ ਬਾਅਦ ਰੂਸ ਵਿਚ ਬਣੀ ਸਪੁਤਨਿਕ ਨੂੰ ਵੀ ਹਰੀ ਝੰਡੀ ਦੇਣ ਦੇ ਨਾਲ-ਨਾਲ ਕੁਝ ਹੋਰ ਵੈਕਸੀਨਾਂ ਲਈ ਰਸਤਾ ਸਾਫ਼ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੇ ਭਾਰਤ ਵਿਚ ਬਣਨ ਜਾਂ ਦਰਾਮਦ ਹੋਣ ਵਿਚ ਵਕਤ ਲੱਗੇਗਾ। ਇਹ ਧਿਆਨ ਰਹੇ ਕਿ ਕਈ ਸੂਬਿਆਂ ਨੇ ਕੋਰੋਨਾ ਵੈਕਸੀਨ ਦੀ ਕਮੀ ਦੀ ਗੱਲ ਕਹੀ ਹੈ। ਕਿਉਂਕਿ ਭਾਰਤ ਇਕ ਨੌਜਵਾਨ ਆਬਾਦੀ ਵਾਲਾ ਮੁਲਕ ਹੈ, ਇਸ ਲਈ ਜ਼ਰੂਰਤ ਇਸ ਦੀ ਵੀ ਹੈ ਕਿ 45 ਸਾਲ ਤੋਂ ਘੱਟ ਉਮਰ ਵਾਲਿਆਂ ਦਾ ਵੀ ਟੀਕਾਕਰਨ ਸ਼ੁਰੂ ਹੋਵੇ। ਜਦ ਤਕ ਅਜਿਹਾ ਨਹੀਂ ਹੁੰਦਾ, ਉਦੋਂ ਤਕ ਸਾਰਿਆਂ ਨੂੰ ਸਾਵਧਾਨੀ ਵਰਤਣੀ ਹੋਵੇਗੀ ਕਿਉਂਕਿ ਜਿੱਥੇ ਟੀਕੇ ਦੀ ਦੂਜੀ ਖ਼ੁਰਾਕ ਦੇ 10-12 ਦਿਨ ਬਾਅਦ ਹੀ ਸਰੀਰ ਰੋਗਾਂ ਨਾਲ ਲੜਨ ਦੀ ਸਮਰੱਥਾ ਨਾਲ ਚੰਗੀ ਤਰ੍ਹਾਂ ਲੈਸ ਹੋ ਪਾਉਂਦਾ ਹੈ, ਓਥੇ ਹੀ ਕੋਰੋਨਾ ਵਾਇਰਸ ਦੇ ਬਦਲੇ ਰੂਪ ਹਵਾ ਜ਼ਰੀਏ ਵੀ ਫੈਲਣ ਲੱਗੇ ਹਨ। ਕੋਰੋਨਾ ਦੀ ਦੂਜੀ ਲਹਿਰ ਕਾਰਨ ਤ੍ਰਾਹੀਮਾਮ ਵਾਲੀ ਜੋ ਸਥਿਤੀ ਬਣੀ ਹੋਈ ਹੈ, ਉਸ ਦੀ ਅਣਦੇਖੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ।

ਸ਼ਾਇਦ ਇਸੇ ਕਾਰਨ ਪ੍ਰਧਾਨ ਮੰਤਰੀ ਨੇ ਕੁੰਭ ਮੇਲੇ ਨੂੰ ਪ੍ਰਤੀਕਾਤਮਕ ਤੌਰ ’ਤੇ ਮਨਾਉਣ ਦੀ ਅਪੀਲ ਕੀਤੀ ਹੈ। ਇਸ ਅਪੀਲ ’ਤੇ ਸਾਰਿਆਂ ਨੂੰ ਗ਼ੌਰ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਵੱਡੇ ਸੰਕਟ ਦੇ ਸਮੇਂ ਆਪੋ-ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ ਅਤੇ ਕੋਰੋਨਾ ਦਾ ਫੈਲਾਅ ਰੋਕਣ ਲਈ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

ਜਿਵੇਂ ਪਿਛਲੇ ਸਾਲ ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਆਪੋ-ਆਪਣੇ ਪਰਵ-ਤਿਉਹਾਰ ਸੰਜਮ ਨਾਲ ਮਨਾਏ ਸਨ, ਉਸੇ ਤਰ੍ਹਾਂ ਇਸ ਵਾਰ ਵੀ ਕਰਨਾ ਹੋਵੇਗਾ। ਇਨ੍ਹੀਂ ਦਿਨੀਂ ਸਰਕਾਰ ਸਿਹਤ ਖੇਤਰ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਤਤਪਰ ਦਿਖਾਈ ਦੇ ਰਹੀ ਹੈ। ਉਹ ਟੀਕਾ ਉਤਪਾਦਨ ਸਮਰੱਥਾ ਵਧਾਉਣ ਦੇ ਨਾਲ-ਨਾਲ ਆਕਸੀਜਨ ਦੀ ਸਪਲਾਈ ਦੀ ਵਿਵਸਥਾ ਮਜ਼ਬੂਤ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਹਸਪਤਾਲਾਂ ’ਤੇ ਦਬਾਅ ਘੱਟ ਹੋਣ ਵਾਲਾ ਹੈ ਅਤੇ ਨਾ ਹੀ ਸਿਹਤ ਖੇਤਰ ਦੀਆਂ ਕਮੀਆਂ ਤੋਂ ਤਤਕਾਲ ਛੁਟਕਾਰਾ ਮਿਲਣ ਵਾਲਾ ਹੈ। ਇਨ੍ਹਾਂ ਕਮੀਆਂ ਤੋਂ ਪਾਰ ਪਾਉਣ ਲਈ ਸਿਹਤ ਖੇਤਰ ਦੇ ਲੋਕਾਂ ਨੂੰ ਕਮਰ ਕੱਸਣੀ ਪਵੇਗੀ ਅਤੇ ਕੇਂਦਰ ਤੇ ਸੂਬਾਂ ਸਰਕਾਰਾਂ ਨੂੰ ਇਹ ਦੇਖਣਾ ਹੋਵੇਗਾ ਕਿ ਸਿਹਤ ਖੇਤਰ ਦੀਆਂ ਜ਼ਰੂਰਤਾਂ ਤਰਜੀਹੀ ਆਧਾਰ ’ਤੇ ਪੂਰੀਆਂ ਹੋਣ। ਇਹ ਸਮਾਂ ਰਾਜਨੀਤਕ ਰੋਟੀਆਂ ਸੇਕਣ ਦਾ ਨਹੀਂ ਸਗੋਂ ਕੁਝ ਨੇਤਾ ਖ਼ਾਸ ਤੌਰ ’ਤੇ ਰਾਹੁਲ ਗਾਂਧੀ ਇਹੀ ਕਰਨ ਲੱਗੇ ਹੋਏ ਹਨ।

ਜੇਕਰ ਉਨ੍ਹਾਂ ਕੋਲ ਸਮੱਸਿਆ ਦੇ ਹੱਲ ਦਾ ਕੋਈ ਕਾਰਗਰ ਉਪਾਅ ਨਹੀਂ ਹੈ ਤਾਂ ਬਿਹਤਰ ਹੋਵੇਗਾ ਕਿ ਉਹ ਸਰਕਾਰ ਨੂੰ ਟਿੱਚਰਾਂ ਤਾਂ ਨਾ ਕਰਨ। ਘੱਟੋ-ਘੱਟ ਉਨ੍ਹਾਂ ਨੂੰ ਮੁਸ਼ਕਲ ਹਾਲਾਤ ’ਤੇ ਖ਼ੁਸ਼ ਹੋਣ ਦਾ ਅਹਿਸਾਸ ਤਾਂ ਨਹੀਂ ਕਰਵਾਉਣਾ ਚਾਹੀਦਾ। ਜੇਕਰ ਕੋਰੋਨਾ ਦੀ ਦੂਜੀ ਲਹਿਰ ਤੋਂ ਬਚਣਾ ਹੈ ਤਾਂ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨੀ ਵਰਤਣ ਤੋਂ ਇਲਾਵਾ ਹੋਰ ਕੋਈ ਆਸਾਨ ਉਪਾਅ ਨਹੀਂ ਹੈ। ਕੋਰੋਨਾ ਦੀ ਦੂਜੀ ਲਹਿਰ ਇੰਨੀ ਘਾਤਕ ਨਾ ਹੁੰਦੀ ਜੇਕਰ ਲੋਕਾਂ ਨੇ ਮਾਸਕ ਲਾਉਣ ਅਤੇ ਸਰੀਰਕ ਦੂਰੀ ਦੀ ਪਾਲਣਾ ਪ੍ਰਤੀ ਚੌਕਸੀ ਵਰਤੀ ਹੁੰਦੀ। ਜੇਕਰ ਹਰ ਨਾਗਰਿਕ ਇਹ ਠਾਣ ਲਵੇ ਕਿ ਉਹ ਬੇਵਜ੍ਹਾ ਬਾਹਰ ਨਹੀਂ ਨਿਕਲੇਗਾ ਅਤੇ ਮਾਸਕ ਲਾਉਣ ਦੇ ਨਾਲ-ਨਾਲ ਸਰੀਰਕ ਦੂਰੀ ਦਾ ਵੀ ਧਿਆਨ ਰੱਖਣ ਦੇ ਨਾਲ-ਨਾਲ ਆਪਣੀ ਸਿਹਤ ਦੀ ਪਰਵਾਹ ਕਰੇਗਾ ਤਾਂ ਹਾਲਾਤ ਬਦਲੇ ਜਾ ਸਕਦੇ ਹਨ।

ਸੂਬਾ ਸਰਕਾਰਾਂ ਵੱਲੋਂ ਰਾਤ ਦੇ ਕਰਫਿਊ ਲਗਾਉਣ ਵਰਗੇ ਜੋ ਕਦਮ ਚੁੱਕੇ ਜਾ ਰਹੇ ਹਨ, ਉਹ ਲੋਕਾਂ ਲਈ ਚੇਤਾਵਨੀ ਹਨ। ਇਸ ਚੇਤਾਵਨੀ ਨੂੰ ਸਮਝਿਆ ਜਾਣਾ ਚਾਹੀਦਾ ਹੈ। ਇਸੇ ਦੇ ਨਾਲ ਇਹ ਵੀ ਸਮਝਿਆ ਜਾਣਾ ਚਾਹੀਦਾ ਹੈ ਕਿ ਜੇਕਰ ਹਾਲਾਤ ਨਹੀਂ ਸੁਧਰੇ ਤਾਂ ਮਜਬੂਰੀ ਵਿਚ ਲਾਕਡਾਊਨ ਲਗਾਉਣਾ ਪੈ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਆਮ ਆਦਮੀ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ।

-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

-response@jagran.com

Posted By: Jagjit Singh