‘ਕੋਹਿਨੂਰ’ ਸੰਸਾਰ ਦਾ ਸਭ ਤੋਂ ਵੱਧ ਚਰਚਿਤ ਤੇ ਵਡਮੁੱਲਾ ਹੀਰਾ ਹੈ। ਹੁਣ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਜਹਾਨੋਂ ਰੁਖ਼ਸਤ ਹੋਣ ਤੋਂ ਬਾਅਦ ਇਸ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਮੁੜ ਵਧ ਗਈ ਹੈ। ਇਸ ਦੇ ਲਫ਼ਜ਼ੀ ਅਰਥ ਹਨ ‘ਰੋਸ਼ਨੀ ਦਾ ਪਹਾੜ’। ਇਸ ਪ੍ਰਸਿੱਧੀ ਪ੍ਰਾਪਤ ਹੀਰੇ ਦੀ ਤਵਾਰੀਖ਼ ਕਲਪਿਤ ਕਥਾਵਾਂ ’ਚ ਦੱਬੀ ਪਈ ਹੈ। ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਅੰਗ ਦੇਸ਼ ਦੇ ਬਾਦਸ਼ਾਹ ਕਰਨ ਨਾਲ ਵੀ ਇਹ ਹੀਰਾ ਸਬੰਧਤ ਰਿਹਾ ਹੈ, ਜੋ ਈਸਾ ਤੋਂ 3000 ਸਾਲ ਪਹਿਲਾਂ ਹੋਇਆ ਸੀ। ਇਹ ਹੀਰਾ ਕਾਫ਼ੀ ਸਮਾਂ ਗੁਮਨਾਮੀ ਦੀ ਹਾਲਤ ’ਚ ਰਹਿ ਕੇ ਆਖ਼ਰ ਗਵਾਲੀਅਰ ਦੇ ਹਿੰਦੂ ਰਾਜੇ ਬਿਕਰਮਾਜੀਤ ਦੇ ਹੱਥ ਆਇਆ।

ਬਿਕਰਮਾਜੀਤ ਨੇ ਸੁਲਤਾਨ ਇਬਰਾਹੀਮ ਲੋਧੀ ਵੱਲੋਂ ਪਾਣੀਪਤ ਦੀ ਲੜਾਈ ’ਚ ਹਿੱਸਾ ਲਿਆ ਸੀ। ਪਾਣੀਪਤ ਦੀ ਲੜਾਈ ਜਿੱਤਣ ਵਾਲੇ ਦਿਨ ਹੀ ਜਹੀਰ-ਉਲ-ਦੀਨ ਮੁਹੰਮਦ ਬਾਬਰ ਨੇ ਆਪਣੇ ਬੇਟੇ ਸਹਿਜ਼ਾਦਾ ਹੁਮਾਯੂੰ ਨੂੰ ਆਗਰੇ ਵੱਲ ਫ਼ੌਜਾਂ ਸਮੇਤ ਭੇਜਿਆ। ਆਗਰੇ ਪਹੁੰਚਦਿਆਂ ਹੀ ਹਿਮਾਯੂੰ ਨੇ ਸਾਰੇ ਆਗਰਾ ਸ਼ਹਿਰ ਨੂੰ ਘੇਰ ਲਿਆ। ਇਬਰਾਹੀਮ ਲੋਧੀ ਤਾਂ ਪਹਿਲਾਂ ਹੀ ਪਾਣੀਪਤ ਦੀ ਲੜਾਈ ’ਚ ਮਾਰਿਆ ਗਿਆ ਸੀ। ਇਸ ਲਈ ਹਿਮਾਯੂੰ ਕਿਸੇ ਲੜਾਈ ਦਾ ਸਾਹਮਣਾ ਕੀਤੇ ਬਗ਼ੈਰ ਹੀ ਆਗਰੇ ’ਚ ਆਪਣੀਆਂ ਜੇਤੂ ਫ਼ੌਜਾਂ ਸਮੇਤ ਦਾਖ਼ਲ ਹੋ ਗਿਆ ਸੀ। ਜਦੋਂ ਆਗਰੇ ਦੇ ਕਿਲ੍ਹੇ ਅੰਦਰ ਸਹਿਜ਼ਾਦਾ ਹਿਮਾਯੂੰ ਆਪਣੀਆਂ ਜੇਤੂ ਫ਼ੌਜਾਂ ਨਾਲ ਦਾਖ਼ਲ ਹੋ ਗਿਆ ਸੀ ਤਾਂ ਉਸ ਨੂੰ ਸ਼ਾਹੀ ਘਰਾਣੇ ਦੀਆਂ ਔਰਤਾਂ ਨੇ ਬਹੁਤ ਸਾਰੇ ਹੀਰੇ ਜਵਾਹਰਾਤ ਭੇਟਾ ਕਰ ਕੇ ਆਪਣੀ ਜ਼ਿੰਦਗੀ ਦੀ ਖ਼ੈਰ ਮੰਗੀ। ਇੱਥੇ ਹੀ ਸ਼ਾਹੀ ਘਰਾਣੇ ਦੀ ਬਜ਼ੁਰਗ ਔਰਤ ਨੇ ਇਕ ਡੱਬੀ ਫੜਾ ਕੇ ਆਪਣੀ ਜਾਨ ਬਖ਼ਸ਼ ਦੇਣ ਲਈ ਬੇਨਤੀ ਕੀਤੀ। ਜਦੋਂ ਸ਼ਹਿਜ਼ਾਦੇ ਨੇ ਡੱਬੀ ਖੋਲ੍ਹੀ ਤਾਂ ਸੰਸਾਰ ਦਾ ਬੇਮਿਸਾਲ ਅਤੇ ਵਡਮੁੱਲਾ ‘ਕੋਹਿਨੂਰ ਹੀਰਾ’ ਜਗਮਗਾਉਂਦਾ ਹੋਇਆ ਉਸ ਨੂੰ ਨਜ਼ਰੀਂ ਪਿਆ। ਆਗਰੇ ਪੁੱਜਦਿਆਂ ਹੀ ਹਿਮਾਯੂੰ ਨੇ ਇਸ ਨੂੰ ਆਪਣੇ ਪਿਤਾ ਦੇ ਹਜ਼ੂਰ ਪੇਸ਼ ਕੀਤਾ।

ਬਾਬਰ ਦਿੱਲੀ ’ਚ ਫ਼ੌਜੀ ਪ੍ਰਬੰਧ ਸਥਾਪਤ ਕਰ ਕੇ 1526 ’ਚ ਆਗਰੇ ਪੁੱਜਿਆ, ਜਿੱਥੇ ਪੁੱਜਦਿਆਂ ਹੀ ਇਹ ਹੀਰਾ ਆਪਣੇ ਪਿਤਾ ਨੂੰ ‘ਪੇਸ਼ਕਸ਼’ ਵਜੋਂ ਭੇਟਾ ਕੀਤਾ ਪਰ ਬਾਬਰ ਨੇ ਪ੍ਰਸੰਨ ਹੋ ਕੇ ਬੇਟੇ ਨੂੰ ਤੋਹਫ਼ੇ ਵਜੋਂ ਵਾਪਸ ਦੇ ਦਿੱਤਾ। ਹਿਮਾਯੂੰ ਦੇ ਹੱਥਾਂ ’ਚ ਆਉਣ ਤੋਂ ਪਹਿਲਾਂ ਇਸ ਹੀਰੇ ਦਾ ਇਤਿਹਾਸ ਕਲਮਬੰਦ ਹੋ ਚੁੱਕਾ ਸੀ। ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ 1304 ’ਚ ਇਹ ਹੀਰਾ ਸੁਲਤਾਨ ਅਲਾਉਦੀਨ ਖਿਲਜੀ ਨੇ ਮਾਲਵਾ ਦੇ ਰਾਜੇ ਕੋਲੋਂ ਪ੍ਰਾਪਤ ਕੀਤਾ ਸੀ। ਮੁਸਲਮਾਨ ਅਧਿਕਾਰੀਆਂ ਤੋਂ ਦੁਬਾਰਾ ਗਵਾਲੀਅਰ ਦੇ ਹਿੰਦੂ ਰਾਜਿਆਂ ਕੋਲ ਇਹ ਕਿਵੇਂ ਪੁੱਜਾ, ਇਸ ਬਾਰੇ ਇਤਿਹਾਸ ਖ਼ਾਮੋਸ਼ ਹੈ। 1526 ਦੀ ਪਾਣੀਪਤ ਦੀ ਪਹਿਲੀ ਲੜਾਈ ਤੋਂ ਬਾਅਦ ਹਿੰਦੁਸਤਾਨ ’ਚ ਮੁਗ਼ਲ ਰਾਜ ਅਤੇ ਸ਼ਕਤੀ ਸਥਾਪਤ ਹੋਣ ਮਗਰੋਂ ਇਹ ਕੋਹਿਨੂਰ ਹੀਰਾ ਅਫ਼ਗਾਨ ਧਾੜਵੀਆਂ ਕੋਲ ਕਾਬਲ ਪਹੁੰਚਿਆ। ਦੋ ਸ਼ਤਾਬਦੀਆਂ ਤਕ ਇਹ ਕੀਮਤੀ ਹੀਰਾ ਮੁਗ਼ਲ ਖ਼ਾਨਦਾਨ ਦੇ ਹਿਮਾਯੂੰ, ਅਕਬਰ, ਜਹਾਂਗੀਰ ਅਤੇ ਸ਼ਾਹ ਜਹਾਨ ਜਿਹੇ ਵਾਰਸਾਂ ਕੋਲ ਰਿਹਾ।

1739 ’ਚ ਨਾਦਰਸ਼ਾਹ ਨੇ ਦਿੱਲੀ ਨੂੰ ਤਬਾਹ ਕੀਤਾ ਤਾਂ ਉਸ ਨੇ ਔਰੰਗਜ਼ੇਬ ਦੇ ਕਮਜ਼ੋਰ ਵਾਰਸ ਮੁਹੰਮਦ ਸ਼ਾਹ ਤੋਂ ਸਾਰੇ ਹੀਰੇ-ਜਵਾਹਰਾਤ ਖੋਹ ਲਏ। ਉਨ੍ਹਾਂ ’ਚ ‘ਕੋਹਿਨੂਰ ਹੀਰਾ’ ਵੀ ਸੀ। ਨਾਦਰਸ਼ਾਹ ਇਸ ਨੂੰ ਆਪਣੇ ਨਾਲ ਅਫ਼ਗਾਨਿਸਤਾਨ ਲੈ ਗਿਆ। ਨਾਦਰਸ਼ਾਹ ਨੇ ਹੀ ਇਸ ਹੀਰੇ ਨੂੰ ‘ਕੋਹਿਨੂਰ’ ਆਖਿਆ ਜੋ ਸਭ ਤੋਂ ਵੱਧ ਪ੍ਰਮਾਣਿਕ ਨਾਂ ਹੈ, ਜਿਸ ਨੂੰ ਬਾਬਰ ਤੇ ਟ੍ਰੇਵਰਨਿਰ ਨੇ ਹੋਰ ਨਾਂ ਦਿੱਤੇ ਸਨ।

ਨਾਦਰਸ਼ਾਹ ਨੂੰ 1747 ’ਚ ਕਤਲ ਕਰ ਦਿੱਤਾ ਗਿਆ, ਜਿਸ ਮਗਰੋਂ ਤਖ਼ਤ ’ਤੇ ਉਸ ਦੇ ਭਤੀਜੇ ਅਲੀ-ਕੁਲੀ-ਖ਼ਾਨ (ਜਾਂ ਅਲੀ ਸ਼ਾਹ) ਨੂੰ ਬਿਠਾਇਆ ਗਿਆ, ਜਿਸ ਨੂੰ ਇਹ ਹੀਰਾ ਪ੍ਰਾਪਤ ਹੋਇਆ। ਉਸ ਨੂੰ ਅੰਨ੍ਹਾ ਕਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਉਸ ਦੇ ਜਾਨਸ਼ੀਨ ਸ਼ਾਹਰੁਖ਼ ਨੂੰ ਬਾਅਦ ’ਚ ਆਗਾ ਮੁਹੰਮਦ ਨੇ ਬੰਦੀ ਬਣਾ ਕੇ ਖ਼ੂਬ ਸਰੀਰਕ ਕਸ਼ਟ ਦਿੱਤੇ ਅਤੇ ਕੋਹਿਨੂਰ ਦੀ ਮੰਗ ਕੀਤੀ। ਸ਼ਾਹਰੁਖ਼ ਮਿਰਜ਼ਾ ਨੇ 1751 ’ਚ ਇਹ ਕੀਮਤੀ ਹੀਰਾ ਅਹਿਮਦ ਸ਼ਾਹ ਦੁਰਾਨੀ ਨੂੰ ਉਸ ਦੀਆਂ ਸੇਵਾਵਾਂ ਬਦਲੇ ਭੇਟਾ ਕੀਤਾ। ਅਹਿਮਦ ਸ਼ਾਹ ਦੀ ਮੌਤ ਬਾਅਦ ਉਸ ਦੇ ਪੁੱਤਰ ਅਤੇ ਜਾਨਸ਼ੀਨ ਤੈਮੂਰ ਸ਼ਾਹ ਕੋਲ ਆਇਆ। 1793 ’ਚ ਤੈਮੂਰ ਸ਼ਾਹ ਦੀ ਮੌਤ ਹੋਈ ਅਤੇ ਇਹ ਹੀਰਾ ਉਸ ਦੇ ਵੱਡੇ ਬੇਟੇ ਸ਼ਾਹ ਜਮਾਨ ਦੇ ਹੱਥ ਆਇਆ। ਸ਼ਾਹ ਮਹਿਮੂਦ ਨੇ ਇਸ ਹੀਰੇ ਨੂੰ ਹਾਸਲ ਕਰਨ ਲਈ ਆਪਣੇ ਭਰਾ ਸ਼ਾਹ ਜਮਾਨ ਨੂੰ ਅੰਨ੍ਹਾ ਕਰ ਕੇ ਰਾਜਗੱਦੀ ਤੋਂ ਵਾਂਝਾ ਕੀਤਾ ਪਰ ਉਸ ਨੇ ਹੀਰਾ ਆਪਣੇ ਕੋਲ ਹੀ ਸੁਰੱਖਿਅਤ ਰੱਖਿਆ। ਫਿਰ ਇਹ ਹੀਰਾ ਉਸ ਦੇ ਤੀਜੇ ਭਰਾ ਸ਼ਾਹ ਸੁਜ਼ਾ ਕੋਲ ਪੁੱਜਾ।

ਕਈ ਸਦੀਆਂ ਅਨੇਕਾਂ ਰਾਜਿਆਂ-ਮਹਾਰਾਜਿਆਂ, ਵਿਦੇਸ਼ੀ ਹਮਲਾਵਰਾਂ ਤੇ ਸ਼ਹਿਨਸ਼ਾਹਾਂ ਦੇ ਹੱਥਾਂ ’ਚੋਂ ਗੁਜ਼ਰਨ ਤੋਂ ਪਹਿਲਾਂ ਇਸ ਹੀਰੇ ਦਾ ਵਜ਼ਨ 1000 ਕੈਰੇਟ ਸੀ। 1665 ’ਚ ਫਰਾਂਸ ਦੇ ਸੌਦਾਗਰ ਅਤੇ ਜੋਹਰੀ ਟ੍ਰੈਵਰਨਰ ਨੇ ਇਸ ਦਾ ਵਜ਼ਨ 279/ 9/16 ਕੈਰੇਟ ਕੀਤਾ ਸੀ। ਇਹ ਵਜ਼ਨ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਕੀਤਾ ਗਿਆ ਸੀ। ਵਰਨਿਰ ਨੇ ਇਸ ਹੀਰੇ ਨੂੰ ‘ਦੀ ਗ੍ਰੇਟ ਮੁਗ਼ਲ ਡਾਇਮੰਡ’ ਦਾ ਨਾਂ ਦਿੱਤਾ। ਕਦੇ ਇਸ ਨੂੰ ‘ਮੈਚਲੈੱਸ’ ਜਾਂ ‘ਬਾਬਰ ਡਾਇਮੰਡ’ ਵੀ ਆਖਿਆ ਜਾਂਦਾ ਰਿਹਾ ਹੈ, ਜਿਸ ਦਾ ਜ਼ਿਕਰ ‘ਤੁਜਕੇ ਬਾਬਰੀ’ ’ਚ ਵੀ ਆਇਆ ਹੈ।

1852 ’ਚ ਇਸ ਹੀਰੇ ਨੂੰ ਲੰਡਨ ’ਚ ਦੁਬਾਰਾ ਕੱਟਿਆ ਗਿਆ। ਇਸ ਦੇ ਕੱਟਣ ਦੀ ਕੀਮਤ 8,000 ਪੌਂਡ ਅਦਾ ਕੀਤੀ ਗਈ। ਐਮਸਟਰਡਮ ਤੋਂ ਇਕ ਪ੍ਰਸਿੱਧ ਹੀਰਾ ਤਰਾਸ਼ ਵੂਰਸਾਗਰ ਨੂੰ ਇਸ ਕੰਮ ਲਈ ਬੁਲਾਇਆ ਗਿਆ, ਜਿਸ ਨੇ ਇਸ ਨੂੰ ਤਰਾਸ਼ਣ ਲਈ 38 ਦਿਨ ਲਾਏ ਤੇ ਇਹ ਹੀਰਾ 106/1/16 ਕੈਰੇਟ ਦਾ ਰਹਿ ਗਿਆ। ਲੰਡਨ ਦੇ ਇਕ ਜੌਹਰੀ ਫਰਾਈਡ ਨੇ 186 ਕੈਰਟ ਤੋਂ ਤਰਾਸ਼ ਕੇ ਅਜੋਕਾ 108/ 93 ਕੈਰਟ ਵਾਲਾ ਕੋਹਿਨੂਰ ਹੀਰਾ ਮੂਰਤੀਮਾਨ ਕੀਤਾ।

ਖ਼ਾਲਸਾ ਪੰਥ ਦੀ ਲਗਾਤਾਰ ਜੱਦੋ-ਜਹਿਦ ਰਾਹੀਂ ‘ਸਰਕਾਰ-ਏ-ਖ਼ਾਲਸਾ’ ਪੰਜਾਬ ’ਚ ਸਥਾਪਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਕੰਧਾਰ ਆਦਿ ਨੂੰ ਵੀ ਆਪਣੇ ਅਧੀਨ ਕਰ ਲਿਆ। ਅਹਿਮਦਸ਼ਾਹ ਦੁਰਾਨੀ ਦੇ ਵਾਰਸ ਸ਼ਾਹ ਸੁਜ਼ਾ ਨੇ ਈਨ ਮੰਨ ਲਈ। ਇਸ ਨੂੰ ਦੀਵਾਨ ਮੋਹਕਮ ਚੰਦ ਮਾਰਚ 1813 ’ਚ ਲਾਹੌਰ ਲੈ ਆਇਆ। ਉਸ ਦੇ ਰੁਤਬੇ ਕਾਰਨ ਕੰਵਰ ਖੜਕ ਸਿੰਘ ਨੂੰ ਸ਼ਾਹਦਰੇ ਉਸ ਦੇ ਸਵਾਗਤ ਲਈ ਭੇਜਿਆ ਗਿਆ।

ਲਾਹੌਰ ’ਚ ਮੁਬਾਰਕ ਹਵੇਲੀ ਸ਼ਾਹ ਸੁਜ਼ਾ ਲਈ ਰਾਖਵੀਂ ਰੱਖੀ ਗਈ। ਪਹਿਲਾਂ ਸ਼ਾਹ ਨਾਂਹ-ਨੁੱਕਰ ਕਰਦਾ ਰਿਹਾ ਪਰ ਉਸ ਦੀ ਬੇਗ਼ਮ ਨੇ ਇਹ ਕੀਮਤੀ ਹੀਰਾ ਦੇਣ ਲਈ ਇਕਰਾਰ ਕੀਤਾ। ਕੁਝ ਸਮਾਂ ਫਿਰ ਸ਼ਾਹ ਨੇ ਹੀਰਾ ਦੇਣ ਤੋਂ ਘੇਸਲ ਮਾਰ ਛੱਡੀ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜ਼ਾ ਨੂੰ ਕਈ ਤਕਲੀਫ਼ਾਂ ਦਿੱਤੀਆਂ ਅਤੇ ਉਸ ਨੂੰ ਚੇਤਾਵਨੀ ਦਿੱਤੀ ਕਿ ਪਰਿਵਾਰ ਨਾਲੋਂ ਵੱਖ ਕਰ ਕੇ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ’ਚ ਕੈਦ ਕਰ ਦਿੱਤਾ ਜਾਵੇਗਾ। ਸ਼ਾਹ ਸੁਜ਼ਾ ਦੀ ਬੇਗ਼ਮ ਨੇ ਆਪਣੇ ਪਤੀ ਦੀ ਜ਼ਿੰਦਗੀ ਬਦਲੇ ਮਹਾਰਾਜਾ ਨੂੰ ਕੋਹਿਨੂਰ ਹੀਰਾ ਦੇਣ ਦਾ ਵਚਨ ਦਿੱਤਾ ਸੀ।

ਪਹਿਲੀ ਜੂਨ, 1813 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਗੁਰਮੁਖ ਸਿੰਘ, ਫ਼ਕੀਰ ਅਜ਼ੀਜ਼-ਉਦ-ਦੀਨ ਅਤੇ ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ਸ਼ਾਹ ਸੁਜ਼ਾ ਕੋਲ ਇਹ ਨਾਯਾਬ ਹੀਰਾ ਲਿਆਉਣ ਲਈ ਭੇਜਿਆ। ਸ਼ਾਹ ਨੇ ਤਿੰਨਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਮਹਾਰਾਜਾ ਆਪ ਆ ਕੇ ਹੀਰਾ ਲਵੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਖ਼ੁਸ਼ੀ-ਖ਼ੁਸ਼ੀ ਘੋੜੇ ’ਤੇ ਸਵਾਰ ਹੋ ਕੇ ਆਪਣੀਆਂ ਫ਼ੌਜਾਂ ਸਮੇਤ ਇਕ ਹਜ਼ਾਰ ਰੁਪਏ ਨਕਦ ਚੁੱਕ ਕੇ ਮੁਬਾਰਕ ਹਵੇਲੀ ਵੱਲ ਕੂਚ ਕੀਤਾ।

ਅਫ਼ਗਾਨੀ ਸ਼ਹਿਨਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦਾ ਖ਼ੂਬ ਸਤਿਕਾਰ ਕੀਤਾ ਅਤੇ ਖ਼ੁਸ਼ਆਮਦੀਦ ਆਖੀ। ਇਕ ਘੰਟਾ ਦੋਵਾਂ ਵਿਚਕਾਰ ਵਿਚਾਰਾਂ ਹੁੰਦੀਆਂ ਰਹੀਆਂ। ਆਖ਼ਰ ਸ਼ਾਹ ਨੇ ‘ਕੋਹਿਨੂਰ’ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਰੱਖਿਆ ਤੇ ਆਪਸੀ ਦੋਸਤੀ ਦਾ ਐਲਾਨ ਕੀਤਾ ਗਿਆ। ਮਹਾਰਾਜਾ ਨੇ ਸ਼ਾਹ ਨੂੰ ਇਸ ਦੀ ਕੀਮਤ ਪੁੱਛੀ ਤਾਂ ਸ਼ਾਹ ਨੇ ਆਖਿਆ, ‘‘ਇਸ ਦੀ ਕੀਮਤ ਲਾਠੀ ਹੈ। ਮੇਰੇ ਪੁਰਖਿਆਂ ਨੇ ਇਸ ਨੂੰ ਇਸੇ ਤਰ੍ਹਾਂ ਹਾਸਲ ਕੀਤਾ ਸੀ। ਤੁਸੀਂ ਇਸ ਨੂੰ ਮੇਰੇ ਤੋਂ ਘਸੁੰਨਾਂ-ਮੁੱਕਿਆਂ ਨਾਲ ਹਾਸਲ ਕੀਤਾ ਹੈ। ਜਦੋਂ ਤੁਹਾਡੇ ਤੋਂ ਵੀ ਤਾਕਤਵਰ ਰਾਜ ਆਇਆ, ਉਹ ਵੀ ਇਸੇ ਢੰਗ-ਤਰੀਕੇ ਨਾਲ ਤੁਹਾਡੇ ਤੋਂ ਲੈ ਲਵੇਗਾ।’’

ਮਹਾਰਾਜਾ ਇਹ ਸੁਣ ਕੇ ਨਿਰਾਸ਼ ਨਹੀਂ ਹੋਇਆ ਅਤੇ ‘ਕੋਹਿਨੂਰ’ ਆਪਣੀ ਜੇਬ ’ਚ ਪਾ ਕੇ ਚਲਾ ਗਿਆ। ਮਹਾਰਾਜਾ ਨੇ ਸ਼ਾਹੀ ਮਹਿਲਾਂ ’ਚ ਪੁੱਜ ਕੇ ਇਕ ਵੱਡਾ ਦਰਬਾਰ ਬੁਲਾਇਆ ਅਤੇ ਇਸ ਵਡਮੁੱਲੇ ਹੀਰੇ ਦੀ ਪ੍ਰਾਪਤੀ ਦੀ ਖ਼ੁਸ਼ੀ ’ਚ ਸਾਰਾ ਸ਼ਹਿਰ ਰੋਸ਼ਨੀਆਂ ਨਾਲ ਜਗਮਗ ਕੀਤਾ ਗਿਆ। ਮਹਾਰਾਜਾ ਇਸ ਹੀਰੇ ਨੂੰ ਦੋ ਹੋਰ ਕੀਮਤੀ ਹੀਰਿਆਂ ਨਾਲ ਜੋੜ ਕੇ ਖ਼ਾਸ ਮੌਕਿਆਂ ’ਤੇ ਆਪਣੀ ਬਾਂਹ ਨਾਲ ਬੰਨ੍ਹਦਾ ਸੀ। ਇਹ ਹੀਰਾ ਲਾਹੌਰ ਦੇ ਸ਼ਾਹੀ ਖ਼ਜ਼ਾਨੇ ’ਚ 1849 ਤਕ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਨੂੰ ਜਦੋਂ ਖ਼ਾਸ ਸਾਜ਼ਿਸ਼ ਤਹਿਤ ਗੂੜ੍ਹੀ ਨੀਂਦ ਸੁਆ ਦਿੱਤਾ ਗਿਆ ਤਾਂ ਚੰਦ ਕੌਰ ਦੇ ਦਾਅਵੇ ਇਕ ਪਾਸੇ ਰੱਖ ਕੇ ਸ਼ੇਰ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਤੇ ਇਹ ਨਾਯਾਬ ਤੋਹਫ਼ਾ ਉਸ ਦੇ ਹੱਥ ਆਇਆ। (ਬਾਕੀ ਕੱਲ੍ਹ...)

-ਡਾ. ਜਸਬੀਰ ਸਿੰਘ ਸਰਨਾ

ਸੰਪਰਕ ਨੰਬਰ : 99065-66604

Posted By: Jagjit Singh