ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਇਹ ਕਹਿਣਾ ਮਹੱਤਵਪੂਰਨ ਹੈ ਕਿ ਅਮਰੀਕਾ ਇਸ ਦੀ ਪਰਖ ਕਰੇਗਾ ਕਿ ਪਾਕਿਸਤਾਨ ਨੇ ਬੀਤੇ ਦੋ ਦਹਾਕਿਆਂ ਵਿਚ ਕਿਹੋ ਜਿਹੀ ਭੂਮਿਕਾ ਨਿਭਾਈ ਹੈ ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਅਮਰੀਕੀ ਪ੍ਰਸ਼ਾਸਨ ਵੱਲੋਂ ਅਜਿਹੀਆਂ ਗੱਲਾਂ ਪਹਿਲਾਂ ਵੀ ਕੀਤੀਆਂ ਗਈਆਂ ਹਨ ਅਤੇ ਸਭ ਜਾਣਦੇ ਹਨ ਕਿ ਉਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਬੀਤੇ ਦੋ ਦਹਾਕਿਆਂ ਵਿਚ ਅਮਰੀਕੀ ਸੱਤਾ ਵਿਚ ਜੋ ਵੀ ਲੋਕ ਰਹੇ, ਉਹ ਇਸ ਤੋਂ ਭਲੀਭਾਂਤ ਜਾਣੂ ਰਹੇ ਕਿ ਪਾਕਿਸਤਾਨ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਨੂੰ ਸਿਰਫ਼ ਪਾਲਦਾ-ਪੋਸਦਾ ਹੀ ਨਹੀਂ ਰਿਹਾ ਬਲਕਿ ਅਮਰੀਕਾ ਦੀਆਂ ਅੱਖਾਂ ਵਿਚ ਘੱਟਾ ਵੀ ਪਾਉਂਦਾ ਰਿਹਾ। ਉਹ ਇਕ ਪਾਸੇ ਅੱਤਵਾਦ ਨਾਲ ਲੜਨ ਦੇ ਨਾਂ ’ਤੇ ਅਮਰੀਕਾ ਤੋਂ ਆਰਥਿਕ ਅਤੇ ਫ਼ੌਜੀ ਮਦਦ ਲੈਂਦਾ ਰਿਹਾ ਅਤੇ ਦੂਜੇ ਪਾਸੇ ਤਾਲਿਬਾਨ, ਜੈਸ਼ ਅਤੇ ਲਸ਼ਕਰ ਵਰਗੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਵੀ ਦਿੰਦਾ ਰਿਹਾ। ਇਸ ਮਕਸਦ ਵਾਲੀਆਂ ਪਤਾ ਨਹੀਂ ਕਿੰਨੀਆਂ ਖ਼ੁਫ਼ੀਆ ਰਿਪੋਰਟਾਂ ਤੋਂ ਅਮਰੀਕੀ ਪ੍ਰਸ਼ਾਸਨ ਜਾਣੂ ਹੁੰਦਾ ਰਿਹਾ ਪਰ ਉਸ ਨੇ ਪਾਕਿਸਤਾਨ ਨੂੰ ਉਸ ਦੇ ਦੋਹਰੇ ਵਤੀਰੇ ਲਈ ਕਦੇ ਸਜ਼ਾ ਨਹੀਂ ਦਿੱਤੀ। ਅਮਰੀਕਾ ਨੇ ਪਾਕਿਸਤਾਨ ’ਤੇ ਦਬਾਅ ਪਾਉਣ ਦੇ ਨਾਂ ’ਤੇ ਉਸ ਦੀ ਆਰਥਿਕ ਸਹਾਇਤਾ ਤਾਂ ਰੋਕੀ ਪਰ ਖੂੰਖਾਰ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਲਈ ਉਸ ਨੂੰ ਕਦੇ ਵੀ ਜਵਾਬਦੇਹ ਨਹੀਂ ਬਣਾਇਆ। ਸੰਨ 2001 ਵਿਚ ਅਫ਼ਗਾਨਿਸਤਾਨ ’ਤੇ ਅਮਰੀਕੀ ਹਮਲੇ ਤੋਂ ਬਾਅਦ ਓਸਾਮਾ-ਬਿਨ-ਲਾਦੇਨ ਸਮੇਤ ਸਾਰੇ ਤਾਲਿਬਾਨੀ ਸਰਗਨਾ ਪਾਕਿਸਤਾਨ ਵਿਚ ਜਾ ਲੁਕੇ ਪਰ ਅਮਰੀਕੀ ਪ੍ਰਸ਼ਾਸਨ ਅਨਜਾਣ ਬਣਿਆ ਰਿਹਾ। ਅਮਰੀਕਾ ਨੇ ਪਾਕਿਸਤਾਨ ਦੀਆਂ ਅੱਤਵਾਦ ਨੂੰ ਹੁਲਾਰਾ ਦੇਣ ਵਾਲੀਆਂ ਨੀਤੀਆਂ ਦੀ ਜੋ ਅਣਦੇਖੀ ਕੀਤੀ, ਉਸ ਕਾਰਨ ਹੀ ਉਸ ਨੂੰ ਅਫ਼ਗਾਨਿਸਤਾਨ ਵਿਚ ਮੂੰਹ ਦੀ ਖਾਣੀ ਪਈ ਹੈ। ਅਮਰੀਕੀ ਵਿਦੇਸ਼ ਮੰਤਰੀ ਦਾ ਇਹ ਕਥਨ ਕੋਈ ਬਹੁਤ ਉਮੀਦ ਨਹੀਂ ਜਗਾਉਂਦਾ ਕਿ ਅਮਰੀਕਾ ਪਾਕਿਸਤਾਨ ਦੀ ਭੂਮਿਕਾ ਦੀ ਜਾਂਚ ਕਰੇਗਾ ਕਿਉਂਕਿ ਇਹ ਸਭ ਦੇ ਧਿਆਨ ਵਿਚ ਹੈ ਕਿ ਤਾਲਿਬਾਨ ਉਸ ਦੀ ਹੀ ਮਦਦ ਨਾਲ ਉੱਥੇ ਕਾਬਜ਼ ਹੋਇਆ ਹੈ। ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਪਾਕਿਸਤਾਨ ਨੇ ਤਾਲਿਬਾਨ ਦੀ ਜਿੱਤ ’ਤੇ ਕਿਸ ਤਰ੍ਹਾਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਸ ਤਰ੍ਹਾਂ ਉਸ ਦੀ ਅੰਤਰਿਮ ਸਰਕਾਰ ਬਣਵਾਈ। ਜੇਕਰ ਇਸ ਅੰਤਰਿਮ ਸਰਕਾਰ ਵਿਚ ਅੱਤਵਾਦੀ ਐਲਾਨੇ ਅਨੇਕ ਵਿਅਕਤੀ ਮੰਤਰੀ ਬਣ ਗਏ ਹਨ ਤਾਂ ਪਾਕਿਸਤਾਨ ਦੀ ਵਜ੍ਹਾ ਕਰਕੇ ਹੀ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਬਣਵਾਉਣ ਤੋਂ ਬਾਅਦ ਪਾਕਿਸਤਾਨ ਇਸ ਕੋਸ਼ਿਸ਼ ਵਿਚ ਹੈ ਕਿ ਤਾਲਿਬਾਨ ਉਸ ਦੇ ਹਿਸਾਬ ਨਾਲ ਸਰਕਾਰ ਚਲਾਵੇ। ਬਿਹਤਰ ਹੋਵੇ ਕਿ ਅਮਰੀਕਾ ਇਹ ਮਹਿਸੂਸ ਕਰੇ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸਹਾਰੇ ਇਕ ਤਰ੍ਹਾਂ ਨਾਲ ਉੱਥੇ ਪਾਕਿਸਤਾਨ ਕਾਬਜ਼ ਹੋ ਗਿਆ ਹੈ। ਇਸ ਕਾਰਨ ਅਫ਼ਗਾਨਿਸਤਾਨ ਵਿਚ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਦੇ ਵਧਣ-ਫੁੱਲਣ ਦਾ ਅੰਦੇਸ਼ਾ ਹੈ।

Posted By: Jatinder Singh