-ਪ੍ਰੋ. ਨਿਰੰਜਣ ਕੁਮਾਰ

ਭਾਰਤੀ ਮੂਲ ਦੇ ਅਮਰੀਕੀ ਲੇਖਕ-ਪੱਤਰਕਾਰ ਫਰੀਦ ਜਕਾਰਿਆ ਨੇ ਆਪਣੀ ਚਰਚਿਤ ਪੁਸਤਕ ‘ਦਿ ਪੋਸਟ ਅਮੇਰੀਕਨ ਵਰਲਡ’ ਵਿਚ ਲਿਖਿਆ ਹੈ ਕਿ ਬੀਤੇ ਕਈ ਦਹਾਕਿਆਂ ਤਕ ਅਮਰੀਕਾ ਦੀ ਦੁਨੀਆ ਵਿਚ ਚੜ੍ਹਤ ਰਹੀ ਹੈ, ਪਰ 21ਵੀਂ ਸਦੀ ਵਿਚ ਅਮਰੀਕਾ ਦਾ ਦਬਦਬਾ ਘੱਟ ਕੇ ਸ਼ਕਤੀ ਦਾ ਕੇਂਦਰ ਚੀਨ ਤੇ ਭਾਰਤ ਵਰਗੇ ਮੁਲਕਾਂ ਵੱਲ ਖਿਸਕਦਾ ਜਾਵੇਗਾ। ਜਕਾਰਿਆ ਦੀ ਇਸ ਧਾਰਨਾ ਦੇ ਸਬੰਧ ਵਿਚ ਭਾਰਤ ਦੇ ਅੰਦਰੂਨੀ ਸੰਦਰਭ ਖ਼ਾਸ ਤੌਰ ’ਤੇ ਸੱਭਿਆਚਾਰਕ-ਬੌਧਿਕ ਮਾਹੌਲ ’ਤੇ ਗ਼ੌਰ ਕਰੀਏ ਤਾਂ ਮੇਰਾ ਮੱਤ ਹੈ ਕਿ ਭਾਰਤ ਦੇ ਸੱਭਿਆਚਾਰਕ-ਬੌਧਿਕ ਮਾਹੌਲ ਦਾ ਕੇਂਦਰ ਬਿੰਦੂ ਮਾਰਕਸਵਾਦ ਤੇ ਕਥਿਤ ‘ਉਦਾਰਵਾਦ’ ਵਰਗੀ ਪੱਛਮੀ ਚਿੰਤਨਧਾਰਾ ਦੀ ਜਗ੍ਹਾ ਭਾਰਤ ਅਤੇ ਭਾਰਤੀਅਤਾ ਵਰਗੇ ਵਿਚਾਰ ਲੈਂਦੇ ਜਾ ਰਹੇ ਹਨ। ਦਿਲਚਸਪ ਹੈ ਕਿ ਸੱਭਿਆਚਾਰਕ ਮਾਹੌਲ ਵਿਚ ਭਾਰਤੀਅਤਾ ਦੇ ਤੱਤਾਂ ਦੀ ਪੁਨਰ-ਸਥਾਪਨਾ ਅਤੇ ਸਿਆਸੀ ਮਾਹੌਲ ਵਿਚ ਸੁਣਾਈ ਦੇਣ ਲੱਗੀ ਹੈ ਜਿਸ ਦੀ ਝਲਕ ਫ਼ਿਲਹਾਲ ਵਿਧਾਨ ਸਭਾ ਚੋਣਾਂ ਵਿਚ ਦੇਖੀ ਜਾ ਸਕਦੀ ਹੈ। ਬੰਗਾਲ ਵਿਚ ਮਮਤਾ ਬੈਨਰਜੀ ਪਹਿਲਾਂ-ਪਹਿਲ ਤਾਂ ‘ਜੈ ਸ੍ਰੀਰਾਮ’ ਦੇ ਨਾਅਰੇ ਤੋਂ ਪਰੇਸ਼ਾਨੀ ਮਹਿਸੂਸ ਕਰਦੀ ਸੀ ਪਰ ਜਦ ਉਸ ਨੂੰ ਹਕੀਕਤ ਦਾ ਅਹਿਸਾਸ ਹੋਇਆ ਤਾਂ ਚੰਡੀ ਦਾ ਪਾਠ ਕਰਨਾ ਪਿਆ ਤੇ ਗੋਤਰ ਵੀ ਦੱਸਣਾ ਪਿਆ। ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁੱਡੂਚੇਰੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸੱਭਿਆਚਾਰਕ ਤੇ ਭਾਵਨਾਤਮਕ ਮੁੱਦੇ ਵੀ ਸਿਆਸੀ ਪਾਰਟੀਆਂ ਚੁੱਕਣ ਲੱਗੀਆਂ ਹਨ। ਬੰਗਾਲ ਹੀ ਨਹੀਂ ਕਦੇ ਅੰਨਾ ਡੀਐੱਮਕੇ ਨੇ ਵੀ ਤਾਮਿਲਨਾਡੂ ਵਿਚ ਸ੍ਰੀਰਾਮ ਦੀ ਹੋਂਦ ’ਤੇ ਹੀ ਸਵਾਲ ਚੁੱਕਿਆ ਸੀ ਪਰ ਅੱਜ ਉਸੇ ਅੰਨਾ ਡੀਐੱਮਕੇ ਦੇ ਲੋਕ ਆਪਣੇ ਪ੍ਰਧਾਨ ਐੱਮ ਕੇ ਸਟਾਲਿਨ ਨੂੰ ਰਾਮ ਰਾਜ ਦਾ ਸਮਰਥਕ ਦੱਸ ਰਹੇ ਹਨ। ਇਸੇ ਤਰ੍ਹਾਂ ਕੇਰਲ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਲਈ ਦਾਖ਼ਲੇ ਨਾਲ ਸਬੰਧਤ ਸੰਨ 2018 ਦੀਆਂ ਘਟਨਾਵਾਂ ’ਤੇ ਖੇਦ ਪ੍ਰਗਟਾਉਂਦੇ ਹੋਏ ਕੇਰਲ ਸਰਕਾਰ ਵਿਚ ਮੰਤਰੀ ਕੇ. ਸੁਰੇਂਦਰਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਭਾਰਤੀਅਤਾ ਅਤੇ ਭਾਰਤੀ ਦ੍ਰਿਸ਼ਟੀਕੋਣ ਦੇ ਵੱਧ ਰਹੇ ਪ੍ਰਭਾਵ ਨੂੰ ਵਿੱਦਿਅਕ-ਬੌਧਿਕ ਵਿਚਾਰ-ਵਟਾਂਦਰੇ ਵਿਚ ਵੀ ਦੇਖਿਆ ਜਾ ਸਕਦਾ ਹੈ। ਕੌਮੀ ਸਿੱਖਿਆ ਨੀਤੀ-2020 ਦੇ ਮੁੱਢਲੇ ਉਦੇਸ਼ਾਂ ਵਿਚ ਭਾਰਤੀਅਤਾ ਦੀ ਪੁਨਰ-ਸਥਾਪਨਾ ਸ਼ਾਮਲ ਹੈ। ਯੋਗਾ, ਆਯੁਰਵੈਦ ਅਤੇ ਵੈਦਿਕ ਗਣਿਤ ਆਦਿ ਦਾ ਵੱਧਦਾ ਅਸਰ ਭਾਰਤੀਅਤਾ ਦੀ ਪੁਨਰ-ਸਥਾਪਨਾ ਦਾ ਹੀ ਸੂਚਕ ਹੈ। ਸੰਸਕ੍ਰਿਤੀ, ਧਰਮ, ਸਿੱਖਿਆ, ਇਤਿਹਾਸ, ਵਾਤਾਵਰਨ ਤੇ ਔਰਤਾਂ ਪ੍ਰਤੀ ਦ੍ਰਿਸ਼ਟੀਕੋਣ ਸਬੰਧੀ ਭਾਰਤ ਦੀ ਅਤਿਅੰਤ ਪ੍ਰਾਚੀਨ ਪਰ ਰੂਹਾਨੀ ਪ੍ਰਗਤੀਸ਼ੀਲ ਪ੍ਰੰਪਰਾ ਦਾ ਮਹੱਤਵ ਦੇਸ਼ ਹੀ ਨਹੀਂ, ਦੁਨੀਆ ਵੀ ਹੌਲੀ-ਹੌਲੀ ਸਵੀਕਾਰ ਕਰ ਰਹੀ ਹੈ। ਅਗਾਮੀ ਦੌਰ ਭਾਰਤੀਅਤਾ ਦੇ ਨਵ-ਉੱਥਾਨ ਦਾ ਵੀ ਸਮਾਂ ਹੈ। ਜਿਨ੍ਹਾਂ ਨੂੰ ਇਸ ਗੱਲ ਵਿਚ ਸ਼ੱਕ ਹੈ, ਉਨ੍ਹਾਂ ਦੇ ਸਾਰੇ ਭਰਮ ਜਲਦ ਹੀ ਦੂਰ ਹੋਣ ਵਾਲੇ ਹਨ।


Posted By: Jagjit Singh