ਸੁਪਰੀਮ ਕੋਰਟ ਨੇ ਇਹ ਬਿਲਕੁਲ ਸਹੀ ਕਿਹਾ ਹੈ ਕਿ ਜੰਮੂ-ਕਸ਼ਮੀਰ 'ਚ ਸੁਰੱਖਿਆ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਲਈ ਕੇਂਦਰ ਸਰਕਾਰ ਨੂੰ ਵਕਤ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਸੂਬੇ ਦੇ ਹਾਲਾਤ ਨਾਜ਼ੁਕ ਹਨ। ਅਦਾਲਤ ਦੀ ਇਸ ਟਿੱਪਣੀ ਅਤੇ ਪਟੀਸ਼ਨਕਰਤਾ ਨੂੰ ਲਗਾਈ ਗਈ ਫਟਕਾਰ ਤੋਂ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਜਾਣਾ ਚਾਹੀਦਾ ਹੈ ਜੋ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਹਾਲਾਤ ਕਾਬੂ ਹੇਠ ਰੱਖਣ ਲਈ ਲਗਾਈਆਂ ਗਈਆਂ ਤਮਾਮ ਪਾਬੰਦੀਆਂ ਨੂੰ ਗ਼ਲਤ ਦੱਸ ਰਹੇ ਹਨ। ਜੇ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਪਟੀਸ਼ਨਕਰਤਾ ਨੂੰ ਜ਼ਮੀਨੀ ਹਕੀਕਤ ਦੀ ਜਾਣਕਾਰੀ ਨਹੀਂ ਹੈ ਤਾਂ ਫਿਰ ਇਹ ਆਪਣੇ-ਆਪ ਸਾਫ਼ ਹੈ ਕਿ ਪਾਬੰਦੀਆਂ ਹਟਾਏ ਜਾਣ ਦੀ ਮੰਗ ਕਿੰਨੀ ਕੁ ਤਰਕਸੰਗਤ ਹੈ।

ਬਿਹਤਰ ਹੋਵੇਗਾ ਕਿ ਇਨ੍ਹਾਂ ਪਾਬੰਦੀਆਂ ਕਾਰਨ ਤੰਗੀ ਮਹਿਸੂਸ ਕਰ ਰਹੇ ਲੋਕ ਇਹ ਸਮਝਣ ਕਿ ਇਹ ਖ਼ੁਦ ਉਨ੍ਹਾਂ ਅਤੇ ਸੂਬੇ ਦੇ ਹੋਰ ਲੋਕਾਂ ਦੀ ਸੁਰੱਖਿਆ ਲਈ ਹਨ। ਮੌਜੂਦਾ ਹਾਲਾਤ ਵਿਚ ਸੁਰੱਖਿਆ ਸਬੰਧੀ ਪਾਬੰਦੀਆਂ ਨੂੰ ਇਕ ਝਟਕੇ ਵਿਚ ਵਾਪਸ ਨਹੀਂ ਲਿਆ ਜਾ ਸਕਦਾ। ਕਸ਼ਮੀਰ ਦੇ ਮਾਮਲੇ ਵਿਚ ਤਾਂ ਇਹ ਹੋਰ ਵੱਧ ਜ਼ਰੂਰੀ ਹੈ ਕਿ ਸੁਰੱਖਿਆ ਸਬੰਧੀ ਵਧੀਕ ਚੌਕਸੀ ਵਰਤੀ ਜਾਵੇ। ਲੰਬੇ ਸਮੇਂ ਤੋਂ ਅੱਤਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਵਿਚ ਅਜਿਹੇ ਅਨਸਰਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾ ਸਕਦਾ ਜੋ ਭਾਰਤ ਨੂੰ ਹਜ਼ਾਰ ਫੱਟ ਦੇਣ ਦੇ ਮਨਸੂਬੇ ਬਣਾਈ ਬੈਠੇ ਹਨ ਅਤੇ ਕਿਸੇ ਵੀ ਸਮੇਂ ਕੋਈ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ। ਧਾਰਾ 370 'ਤੇ ਸਰਕਾਰ ਦੇ ਇਤਿਹਾਸਕ ਫ਼ੈਸਲੇ ਦੇ ਸਬੰਧ ਵਿਚ ਸੁਰੱਖਿਆ ਨੂੰ ਚੁਸਤ-ਦਰੁਸਤ ਰੱਖਣ ਲਈ ਜੋ ਕਦਮ ਚੁੱਕੇ ਗਏ ਹਨ, ਉਨ੍ਹਾਂ ਦਾ ਮਕਸਦ ਅਜਿਹੇ ਹੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨਾ ਹੈ। ਕੇਂਦਰ ਸਰਕਾਰ ਦਾ ਫ਼ੈਸਲਾ ਜੰਮੂ-ਕਸ਼ਮੀਰ ਨੂੰ ਇਕ ਨਵੇਂ ਯੁੱਗ ਵਿਚ ਲੈ ਕੇ ਜਾਣ ਲਈ ਕੌੜੀ ਦਵਾਈ ਦੀ ਤਰ੍ਹਾਂ ਹੈ। ਇਸ ਦਾ ਅਸਰ ਹੋਣ ਵਿਚ ਵਕਤ ਵੀ ਲੱਗੇਗਾ ਅਤੇ ਕੁਝ ਤਕਲੀਫ਼ਾਂ ਵੀ ਹੋਣਗੀਆਂ। ਇਨ੍ਹਾਂ ਤਕਲੀਫ਼ਾਂ ਨੂੰ ਸਹਿਣ ਲਈ ਹਰ ਕਿਸੇ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਹੁਣ ਜਦ ਸੂਬਾ ਪ੍ਰਸ਼ਾਸਨ ਵੱਲੋਂ ਇਹ ਦੱਸਿਆ ਗਿਆ ਹੈ ਕਿ ਹਾਲਾਤ ਦੀ ਸਮੀਖਿਆ ਕਰਦੇ ਹੋਏ ਪਾਬੰਦੀਆਂ 'ਚ ਪੜਾਅਵਾਰ ਤਰੀਕੇ ਨਾਲ ਢਿੱਲ ਦਿੱਤੀ ਜਾ ਰਹੀ ਹੈ ਉਦੋਂ ਸਹੀ ਇਹੋ ਹੈ ਕਿ ਸਰਕਾਰ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਵੈਸੇ ਵੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਜੰਮੂ-ਕਸ਼ਮੀਰ ਵਿਚ ਸੁਰੱਖਿਆ ਦੇ ਮੱਦੇਨਜ਼ਰ ਆਮ ਜਨਤਾ ਦੇ ਆਉਣ-ਜਾਣ 'ਤੇ ਪਾਬੰਦੀਆਂ ਲਗਾਈਆਂ ਗਈਆਂ ਹੋਣ। ਬਿਹਤਰ ਹੋਵੇਗਾ ਕਿ ਜੰਮੂ-ਕਸ਼ਮੀਰ ਦੀ ਜਨਤਾ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦੇ ਇਸ ਤਹੱਈਏ 'ਤੇ ਗ਼ੌਰ ਕਰੇ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਫ਼ੌਜ ਸਥਾਨਕ ਲੋਕਾਂ ਨਾਲ ਉਸੇ ਤਰ੍ਹਾਂ ਮਿਲ-ਜੁਲ ਕੇ ਰਹੇਗੀ ਜਿਵੇਂ ਉਹ 30-40 ਸਾਲ ਪਹਿਲਾਂ ਰਹਿੰਦੀ ਸੀ। ਰਾਵਤ ਦੇ ਇਸ ਕਥਨ ਦਾ ਸੁਨੇਹਾ ਸਾਫ਼ ਹੈ ਕਿ ਅੱਤਵਾਦ ਕਾਰਨ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਫ਼ੌਜ ਤੇ ਆਮ ਜਨਤਾ ਵਿਚਾਲੇ ਜੇ ਕੋਈ ਦੂਰੀ ਬਣ ਵੀ ਗਈ ਸੀ ਤਾਂ ਉਹ ਹੁਣ ਸਮਾਪਤ ਹੋਣ ਵਾਲੀ ਹੈ। ਕਸ਼ਮੀਰੀ ਅਵਾਮ ਨੂੰ ਵੀ ਦੂਰਦਰਸ਼ੀ ਸੋਚ ਅਪਣਾ ਕੇ ਆਪਣੇ ਉਜਵਲ ਭਵਿੱਖ ਵੱਲ ਹਾਂ-ਪੱਖੀ ਕਦਮ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਕਿਸਤਾਨ ਦੇ ਕੂੜ-ਪ੍ਰਚਾਰ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੂੰ ਸਿਰਫ਼ ਕਸ਼ਮੀਰ ਚਾਹੀਦਾ ਹੈ, ਕਸ਼ਮੀਰੀ ਨਹੀਂ। ਕਸ਼ਮੀਰ ਵਿਚ ਹੁਣ ਨਵੀਂ ਪ੍ਰਭਾਤ ਹੋ ਚੁੱਕੀ ਹੈ ਜੋ ਆਪਣੇ ਨਾਲ ਖ਼ੁਸ਼ਹਾਲੀ, ਤਰੱਕੀ, ਵਿਕਾਸ ਲੈ ਕੇ ਆਈ ਹੈ। ਜਿਸ ਦਿਨ ਕਸ਼ਮੀਰੀ ਇਸ ਹਕੀਕਤ ਨੂੰ ਸਮਝ ਲੈਣਗੇ, ਵਾਦੀ ਵਿਚ ਅਮਨ-ਚੈਨ ਬਹਾਲ ਹੋਣਾ ਸ਼ੁਰੂ ਹੋ ਜਾਵੇਗਾ। ਉਮੀਦ ਹੈ ਕਿ ਇਹ ਸਭ ਜਲਦੀ ਸ਼ੁਰੂ ਹੋ ਜਾਵੇਗਾ।

Posted By: Sukhdev Singh