ਰਾਸ਼ਟਰਪਤੀ ਚੋਣਾਂ 'ਚ ਗੋਤਬਾਯਾ ਰਾਜਪਕਸ਼ੇ ਦੀ ਜਿੱਤ ਦੇ ਨਾਲ ਹੀ ਸ੍ਰੀਲੰਕਾ ਦੀ ਰਾਜਨੀਤੀ 'ਚ ਇਕ ਚੱਕਰ ਵੀ ਪੂਰਾ ਹੋ ਗਿਆ। ਉਹ ਸ੍ਰੀਲੰਕਾ 'ਚ ਸਿਖਰਲੇ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਸੇਵਾਮੁਕਤ ਫ਼ੌਜੀ ਅਧਿਕਾਰੀ ਹਨ। ਹਾਲੀਆ ਚੋਣਾਂ 'ਚ ਜਿੱਤ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਮਹਿੰਦਾ ਦੋ ਵਾਰ ਸ੍ਰੀਲੰਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਪੰਜ ਸਾਲ ਪਹਿਲਾਂ ਸ੍ਰੀਲੰਕਾ ਦੇ ਵੋਟਰਾਂ ਵੱਲੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਰਾਜਪਕਸ਼ੇ ਪਰਿਵਾਰ ਇਕ ਵਾਰ ਫਿਰ ਸੱਤਾ ਦੇ ਕੇਂਦਰ 'ਚ ਆ ਗਿਆ ਹੈ।

ਸ੍ਰੀਲੰਕਾ ਪੋਡਜੁਨਾ ਪੇਰਮੁਨਾ ਯਾਨੀ ਐੱਸਐੱਲਪੀਪੀ ਦੇ ਨੇਤਾ ਗੋਤਬਾਯਾ ਨੇ ਆਪਣੇ ਵਿਰੋਧੀ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਸਜਿਤ ਪ੍ਰੇਮਦਾਸਾ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ। ਉਨ੍ਹਾਂ ਦੀ ਜਿੱਤ ਦਾ 10.23 ਫ਼ੀਸਦੀ ਅੰਤਰ ਇਸ ਨੂੰ ਸਪੱਸ਼ਟ ਰੂਪ 'ਚ ਦਰਸਾਉਂਦਾ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੈਨ ਤੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਪੰਜ ਸਾਲ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਦਮ 'ਤੇ ਬਿਹਤਰ ਸਰਕਾਰ ਦੇ ਵਾਅਦੇ ਨਾਲ ਸੱਤਾ 'ਚ ਆਏ ਸਨ। ਅੰਦਰੂਨੀ ਮਤਭੇਦ ਤੇ ਪ੍ਰਸ਼ਾਸਨ ਦੇ ਨਾਕਾਮ ਮਾਡਲ ਕਾਰਨ ਉਹ ਉਨ੍ਹਾਂ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ, ਜੋ ਉਨ੍ਹਾਂ ਨੇ ਜਗਾਈਆਂ ਸਨ। ਉਨ੍ਹਾਂ ਨੇ ਸ੍ਰੀਲੰਕਾ ਦੀ ਜਨਤਾ ਨੂੰ ਨਿਰਾਸ਼ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਰਾਜਪਕਸ਼ੇ ਯੁੱਗ ਦੀ ਵਾਪਸੀ ਲਈ ਜ਼ਮੀਨ ਤਿਆਰ ਕਰ ਦਿੱਤੀ। ਸ੍ਰੀਲੰਕਾ ਚੋਣਾਂ 'ਚ ਸੁਰੱਖਿਆ ਦਾ ਮੁੱਦਾ ਕੇਂਦਰ 'ਚ ਰਿਹਾ।

ਇਸ ਸਾਲ ਦੀ ਸ਼ੁਰੂਆਤ 'ਚ ਈਸਟਰ ਦੇ ਦਿਨ ਆਈਐੱਸਆਈਐੱਸ ਵੱਲੋਂ ਕੀਤੇ ਗਏ ਅੱਤਵਾਦੀ ਹਮਲਿਆਂ ਤੋਂ ਬਾਅਦ ਇਸ ਦੇਸ਼ 'ਚ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਗਏ ਸਨ। ਇਨ੍ਹਾਂ ਭਿਆਨਕ ਹਮਲਿਆਂ 'ਚ 260 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਕਈ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਗੋਤਬਾਯਾ ਨੇ ਲੋਕਾਂ ਦੇ ਇਨ੍ਹਾਂ ਸ਼ੰਕਿਆਂ ਨੂੰ ਆਪਣੇ ਪੱਖ 'ਚ ਖ਼ੂਬ ਭੁਗਤਾਇਆ। ਰੱਖਿਆ ਮੰਤਰੀ ਦੇ ਰੂਪ 'ਚ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਵੀ ਇਸ 'ਚ ਕੰਮ ਆਈ। ਉਨ੍ਹਾਂ ਨੂੰ ਤਮਿਲ ਬਾਗ਼ੀਆਂ ਵੱਲੋਂ ਛੇੜੇ ਗਏ ਸ੍ਰੀਲੰਕਾ ਦੇ ਖ਼ੂਨੀ ਗ੍ਰਹਿ ਯੁੱਧ ਨੂੰ ਖ਼ਤਮ ਕਰਨ ਦਾ ਸਿਹਰਾ ਜਾਂਦਾ ਹੈ। ਇਸ ਸੂਰਤ 'ਚ ਜ਼ਿਆਦਾਤਰ ਵੋਟਰਾਂ ਖ਼ਾਸ ਕਰਕੇ ਬਹੁਗਿਣਤੀ ਸਿੰਘਲੀ ਤਬਕੇ ਨੇ ਅਜਿਹੇ ਸਮੇਂ ਸ੍ਰੀਲੰਕਾ ਦੀ ਕਮਾਨ ਉਨ੍ਹਾਂ ਨੂੰ ਸੌਂਪਣ 'ਚ ਭਰੋਸਾ ਪ੍ਰਗਟਾਇਆ, ਜਦੋਂ ਉਹ ਖ਼ੁਦ ਨੂੰ ਕਾਫ਼ੀ ਨਾਜ਼ੁਕ ਸਥਿਤੀ 'ਚ ਦੇਖ ਰਹੇ ਸਨ।

ਵੈਸੇ ਇਹੋ ਅਕਸ ਗੋਤਬਾਯਾ ਲਈ ਸਭ ਤੋਂ ਵੱਡੀ ਚੁਣੌਤੀ ਵੀ ਹੋਵੇਗਾ। ਉਨ੍ਹਾਂ ਨੂੰ ਘੱਟਗਿਣਤੀਆਂ ਦਾ ਸਮਰਥਨ ਨਹੀਂ ਮਿਲਿਆ। ਇਸ ਲਈ ਜੇ ਉਨ੍ਹਾਂ ਨੇ ਰਾਸ਼ਟਰਪਤੀ ਦੇ ਰੂਪ 'ਚ ਆਪਣੇ ਕਾਰਜਕਾਲ ਨੂੰ ਸਫ਼ਲ ਬਣਾਉਣਾ ਹੈ ਤਾਂ ਧਰੁਵੀਕਰਨ ਦੀ ਇਸ ਖਾਈ ਨੂੰ ਭਰਨਾ ਪਵੇਗਾ। ਇਸ ਦਰਮਿਆਨ ਆਲਮੀ ਪੱਧਰ 'ਤੇ ਸੰਪਰਕਾਂ ਨੂੰ ਲੈ ਕੇ ਵੀ ਉਹ ਸਹਿਜ ਨਹੀਂ ਹੋਣਗੇ। ਅਜਿਹਾ ਇਸ ਲਈ ਕਿਉਂਕਿ ਐੱਲਟੀਟੀਈ (ਲਿੱਟੇ) ਦਾ ਦਮਨ ਕਰਨ ਦੌਰਾਨ ਉਹ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਨਿਸ਼ਾਨੇ 'ਤੇ ਰਹੇ। ਸੰਯੁਕਤ ਰਾਸ਼ਟਰ ਨੇ ਸ੍ਰੀਲੰਕਾਈ ਸੁਰੱਖਿਆ ਬਲਾਂ 'ਤੇ ਦੋਸ਼ ਲਾਇਆ ਕਿ ਗ੍ਰਹਿ ਯੁੱਧ ਦੇ ਆਖ਼ਰੀ ਪੜਾਅ 'ਚ ਉਨ੍ਹਾਂ ਨੇ 40,000 ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਹੋ ਕਾਰਨ ਹੈ ਕਿ ਉਨ੍ਹਾਂ ਲਈ ਚੀਨ ਤੇ ਭਾਰਤ ਜਿਹੀਆਂ ਖੇਤਰੀ ਸ਼ਕਤੀਆਂ ਕਿਤੇ ਜ਼ਿਆਦਾ ਮਹੱਤਵਪੂਰਨ ਹਨ।

ਇਹ ਚੰਗਾ ਹੈ ਕਿ ਨਵੇਂ ਰਾਸ਼ਟਰਪਤੀ ਨਾਲ ਸੰਪਰਕ ਕਰਨ 'ਚ ਭਾਰਤ ਨੇ ਬਹੁਤ ਤੱਤਪਰਤਾ ਦਿਖਾਈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਗੋਤਬਾਯਾ ਨਾਲ ਮੁਲਾਕਾਤ ਕਰਨ ਵਾਲੇ ਪਹਿਲੇ ਵਿਦੇਸ਼ੀ ਉੱਚ ਅਧਿਕਾਰੀ ਰਹੇ। ਜੈਸ਼ੰਕਰ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਸ਼ੁਭਕਾਮਨਾ ਪੱਤਰ ਦੇ ਨਾਲ ਹੀ ਨਵੇਂ ਚੁਣੇ ਰਾਸ਼ਟਰਪਤੀ ਨੂੰ ਭਾਰਤ ਦੌਰੇ ਦਾ ਸੱਦਾ ਵੀ ਦੇ ਆਏ। ਉਨ੍ਹਾਂ ਨੇ ਇਹ ਸੱਦਾ ਸਵੀਕਾਰ ਵੀ ਕਰ ਲਿਆ ਹੈ। ਉਹ ਇਸੇ ਹਫ਼ਤੇ ਬਤੌਰ ਰਾਸ਼ਟਰਪਤੀ ਆਪਣੇ ਪਹਿਲੇ ਵਿਦੇਸ਼ੀ ਦੌਰੇ ਦੇ ਰੂਪ 'ਚ ਭਾਰਤ ਆਉਣਗੇ। ਇਸ ਤੋਂ ਪਹਿਲਾਂ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਦੇਸ਼ ਕਿਸੇ ਤਰ੍ਹਾਂ ਦੀ ਖੇਤਰੀ ਸ਼ਕਤੀ ਨਾਲ ਖਿੱਚੋਤਾਣ 'ਚ ਸ਼ਾਮਲ ਹੋਵੇ। ਇਸ ਨੂੰ ਉਨ੍ਹਾਂ ਦੇ ਚੀਨ ਨਾਲ ਕਥਿਤ ਝੁਕਾਅ ਦਾ ਜਵਾਬ ਮੰਨਿਆ ਗਿਆ।

ਗੋਤਬਾਯਾ ਨਾਲ ਸਰਗਰਮੀ ਵਧਾਉਣ 'ਚ ਭਾਰਤ ਦੀ ਤੱਤਪਰਤਾ ਸਮਝੀ ਜਾ ਸਕਦੀ ਹੈ। ਇਸ ਦਾ ਸਬੰਧ ਚੀਨ ਦੇ ਪੱਖ 'ਚ ਰਾਜਪਕਸ਼ੇ ਦੇ ਝੁਕਾਅ ਨੂੰ ਲੈ ਕੇ ਹੈ। ਅਸਲ 'ਚ ਭਾਰਤ ਵੱਲੋਂ ਆਪਣੀ ਅਸਹਿਜਤਾ ਸਪੱਸ਼ਟ ਕਰਨ ਦੇ ਬਾਵਜੂਦ ਰੱਖਿਆ ਮੰਤਰੀ ਦੇ ਰੂਪ 'ਚ ਗੋਤਬਾਯਾ ਨੇ ਚੀਨੀ ਜੰਗੀ ਬੇੜਿਆਂ ਨੂੰ ਕੋਲੰਬੋ ਬੰਦਰਗਾਹ ਤੋਂ ਲੰਘਣ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੇ ਵੀ 2014 ਦੀਆਂ ਚੋਣਾਂ 'ਚ ਆਪਣੀ ਹਾਰ ਦਾ ਠੀਕਰਾ ਖੁਫ਼ੀਆ ਏਜੰਸੀਆਂ ਦੇ ਸਿਰ ਭੰਨਿਆ ਸੀ। ਹਾਲਾਂਕਿ ਸਿਰੀਸੈਨ ਸਰਕਾਰ ਸ੍ਰੀਲੰਕਾ ਦੀ ਵਿਦੇਸ਼ ਨੀਤੀ 'ਚ ਚੀਨ ਦੇ ਅਸੰਤੁਲਨ ਨੂੰ ਸੰਤੁਲਿਤ ਕਰਨ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ ਪਰ ਇਸ ਮੋਰਚੇ 'ਤੇ ਉਹ ਕੁਝ ਖ਼ਾਸ ਨਹੀਂ ਕਰ ਸਕੀ। ਉਨ੍ਹਾਂ ਦੀ ਸਰਕਾਰ 'ਚ ਹੀ ਚੀਨ ਆਪਣੇ ਕਰਜ਼ੇ ਦੇ ਇਵਜ਼ 'ਚ ਹੰਬਨਟੋਟਾ ਬੰਦਰਗਾਹ 'ਤੇ ਕਾਬਜ਼ ਹੋਣ 'ਚ ਕਾਮਯਾਬ ਰਿਹਾ। ਚੀਨ ਨੇ ਹਿੰਦ ਮਹਾਸਾਗਰ ਨੂੰ ਲੈ ਕੇ ਹਮਲਾਵਰ ਰਣਨੀਤੀ ਬਣਾਈ ਹੈ ਤਾਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਬੀਜਿੰਗ ਪਿਛਲੇ ਪੰਜ ਸਾਲਾਂ 'ਚ ਸ੍ਰੀਲੰਕਾ 'ਚ ਆਪਣਾ ਦਬਦਬਾ ਵਧਾਉਂਦਾ ਗਿਆ। ਇਸ ਸਾਲ ਦੀ ਸ਼ੁਰੂਆਤ 'ਚ ਚੀਨ ਨੇ ਸ੍ਰੀਲੰਕਾ ਨੂੰ ਇਕ ਜੰਗੀ ਬੇੜਾ ਵੀ ਦਿੱਤਾ।

ਚੀਨ ਨੇ ਸ੍ਰੀਲੰਕਾ 'ਚ 11 ਅਰਬ ਡਾਲਰ ਦੇ ਵੱਡੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਇਸ 'ਚ ਅੱਠ ਅਰਬ ਡਾਲਰ ਉਸ ਨੂੰ ਕਰਜ਼ੇ ਦੇ ਰੂਪ 'ਚ ਮਿਲਣਗੇ। ਸ੍ਰੀਲੰਕਾ ਚੀਨ ਦੇ ਬਹੁਤ ਮਹੱਤਵਪੂਰਨ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ ਨਾਲ ਵੀ ਜੁੜਿਆ ਹੈ। ਚੀਨ ਸ੍ਰੀਲੰਕਾ 'ਚ ਬੁਨਿਆਦੀ ਢਾਂਚਾ ਵਿਕਾਸ ਦੇ ਸਾਰੇ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾ ਰਿਹਾ ਹੈ। ਇਨ੍ਹਾਂ 'ਚ ਤੇਲ ਰਿਫਾਇਨਰੀ ਤੋਂ ਲੈ ਕੇ ਕੋਲੰਬੋ ਇੰਟਰਨੈਸ਼ਨਲ ਫਾਈਨੈਂਸੀਅਲ ਸੈਂਟਰ ਕੈਂਡੀ ਨੂੰ ਕੋਲੰਬੋ ਨਾਲ ਜੋੜਨ ਵਾਲਾ ਸੈਂਟਰਲ ਹਾਈਵੇ ਤੇ ਕੋਲੰਬੋ ਬੰਦਰਗਾਹ ਦੇ ਅੱਗੇ 1.4 ਅਰਬ ਡਾਲਰ ਦੀ ਲਾਗਤ ਨਾਲ ਇਕ ਪੋਰਟ ਸਿਟੀ ਵਿਕਸਤ ਕਰਨ ਜਿਹੇ ਤਮਾਮ ਪ੍ਰਾਜੈਕਟ ਸ਼ਾਮਲ ਹਨ। ਚੀਨ ਦੇ ਕਰਜ਼ੇ ਦੇ ਜਾਲ 'ਚ ਫਸਣ ਦੇ ਖੌਫ਼ ਦੇ ਬਾਵਜੂਦ ਇਹ ਸਭ ਹੋ ਰਿਹਾ ਹੈ। ਇਸੇ ਕਾਰਨ ਸ੍ਰੀਲੰਕਾ ਨੂੰ ਹੰਬਨਟੋਟਾ ਬੰਦਰਗਾਹ ਦੀ ਲੀਜ਼ 99 ਸਾਲਾਂ ਲਈ ਚੀਨ ਨੂੰ ਦੇਣ 'ਤੇ ਮਜਬੂਰ ਹੋਣਾ ਪਿਆ। ਇਸ ਸੂਰਤ 'ਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਪਣੀ ਚੋਣ ਮੁਹਿੰਮ 'ਚ ਗੋਤਬਾਯਾ ਨੇ ਹੰਬਨਟੋਟਾ ਬੰਦਰਗਾਹ ਦੀ ਲੀਜ਼ ਦੀਆਂ ਸ਼ਰਤਾਂ 'ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦਾ ਵਾਅਦਾ ਕੀਤਾ। ਨਾਲ ਹੀ ਇਹ ਇੱਛਾ ਵੀ ਪ੍ਰਗਟਾਈ ਸੀ ਕਿ ਉਹ ਏਸ਼ੀਆਈ ਸ਼ਕਤੀਆਂ ਤੋਂ ਦੂਰੀ ਬਣਾਈ ਰੱਖਣਗੇ।

ਨਵੀਂ ਦਿੱਲੀ 'ਚ ਗੋਤਬਾਯਾ ਦੇ ਚੀਨ ਵੱਲ ਕਥਿਤ ਝੁਕਾਅ ਨੂੰ ਲੈ ਕੇ ਜਾਰੀ ਬਹਿਸ ਫਜ਼ੂਲ ਹੈ। ਗੋਤਬਾਯਾ ਚੀਨ ਦੇ ਪੱਖ 'ਚ ਓਨੇ ਹੀ ਝੁਕੇ ਹੋਣਗੇ ਜਿੰਨਾ ਸਿਰੀਸੈਨ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦਾ ਝੁਕਾਅ ਭਾਰਤ ਵੱਲ ਹੋਵੇਗਾ। ਸਾਨੂੰ ਸ੍ਰੀਲੰਕਾ ਦੀ ਲੀਡਰਸ਼ਿਪ ਸਬੰਧੀ ਕੋਈ ਭਰਮ ਭੁਲੇਖਾ ਨਹੀਂ ਰੱਖਣਾ ਚਾਹੀਦਾ। ਖੇਤਰੀ ਸ਼ਕਤੀ ਸੰਤੁਲਨ ਦੇ ਸਿੱਧੇ ਰਾਹ 'ਤੇ ਟਿਕੇ ਰਹਿਣ ਲਈ ਛੋਟੇ ਦੇਸ਼ਾਂ ਨੂੰ ਵਿਵਹਾਰਕ ਰੁਖ ਅਪਣਾਉਣਾ ਹੋਵੇਗਾ। ਆਪਣੇ ਗੁਆਂਢ 'ਚ ਚੀਨ ਦੀ ਵਧਦੀ ਧਮਕ ਨੂੰ ਲੈ ਕੇ ਰੱਖਿਆਤਮਕ ਹੋਣ ਦੀ ਬਜਾਏ ਭਾਰਤ ਨੂੰ ਆਪਣੀ ਤਾਕਤ ਦੇ ਦਮ 'ਤੇ ਦਾਅ ਲਾਉਣਾ ਚਾਹੀਦਾ ਹੈ। ਆਰਥਿਕ ਮੋਰਚੇ 'ਤੇ ਚੀਨ ਦੀ ਬਰਾਬਰੀ ਕਰਨਾ ਨਵੀਂ ਦਿੱਲੀ ਲਈ ਹਾਲ ਦੀ ਘੜੀ ਸੰਭਵ ਨਹੀਂ ਹੋਵੇਗਾ। ਇਸ ਦੀ ਬਜਾਏ ਭਾਰਤ ਨੂੰ ਆਪਣੀ ਸੱਭਿਅਤਾ ਤੇ ਸੱਭਿਆਚਾਰਕ ਕੜੀਆਂ ਦਾ ਲਾਭ ਉਠਾ ਕੇ ਸ੍ਰੀਲੰਕਾ ਨੂੰ ਸਾਧਣਾ ਚਾਹੀਦਾ ਹੈ। ਇਸ ਨਾਲ ਉਹ ਸ੍ਰੀਲੰਕਾ ਦੀ ਲੀਡਰਸ਼ਿਪ ਨੂੰ ਆਸਵੰਦ ਕਰ ਸਕਦਾ ਹੈ ਕਿ ਆਰਥਿਕ ਸਰਗਰਮੀ ਠੋਸ ਨਤੀਜੇ ਦਿੰਦੀ ਹੈ।

ਜੇ ਆਪਣੇ ਹਿੱਤਾਂ ਲਈ ਭਾਰਤ ਨੂੰ ਸ੍ਰੀਲੰਕਾ ਦੇ ਸਹਿਯੋਗ ਦੀ ਜ਼ਰੂਰਤ ਹੈ ਤਾਂ ਉਹ ਵੀ ਭਾਰਤ ਨਾਲ ਵਿਆਪਕ ਸਰਗਰਮੀ ਬਿਨਾਂ ਹਿੰਦ ਮਹਾਸਾਗਰ ਖੇਤਰ ਦੀ ਵੱਡੀ ਤਾਕਤ ਨਹੀਂ ਬਣ ਸਕਦਾ। ਇਹੋ ਅਸਲੀਅਤ ਹੀ ਹਮੇਸ਼ਾ ਭਾਰਤ-ਸ੍ਰੀਲੰਕਾ ਸਬੰਧਾਂ ਨੂੰ ਦਿਸ਼ਾ ਦਿੰਦੀ ਰਹੇਗੀ। ਇਸ 'ਚ ਇਸ ਤੱਥ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦੋਵੇਂ ਦੇਸ਼ਾਂ ਦੀ ਸੱਤਾ ਕਿਸ ਦੇ ਹੱਥ 'ਚ ਹੈ।

-ਹਰਸ਼ ਬੀ ਪੰਤ

(ਲੇਖਕ ਲੰਡਨ 'ਚ ਇੰਟਰਨੈਸ਼ਨਲ ਰਿਲੇਸ਼ਨਜ਼ ਦਾ ਪ੍ਰੋਫੈਸਰ ਹੈ।)

Posted By: Rajnish Kaur