v> ਦੇਸ਼ ’ਚ ਸੋਮਵਾਰ ਦਾ ਦਿਨ ਰਾਜਨੀਤਕ ਸਰਗਰਮੀਆਂ ਦੇ ਨਾਂ ਰਿਹਾ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਛੱਤੀਸਗੜ੍ਹ ’ਚ ਜਿੱਥੇ ਬਜਟ ਸੈਸ਼ਨ ਸ਼ੁਰੂ ਹੋਇਆ ਉੱਥੇ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਡਿੱਗ ਗਈ। ਮੁੱਖ ਮੰਤਰੀ ਵੀ. ਨਾਰਾਇਣਸਾਮੀ ਬਹੁਮਤ ਸਿੱਧ ਨਹੀਂ ਕਰ ਸਕੇ ਅਤੇ ਵਿਧਾਇਕਾਂ ਸਮੇਤ ਸਦਨ ਤੋਂ ਬਾਹਰ ਚਲੇ ਗਏ। ਥੋੜ੍ਹੀ ਦੇਰ ਬਾਅਦ ਹੀ ਰਾਜ ਭਵਨ ਪਹੁੰਚ ਕੇ ਉਨ੍ਹਾਂ ਨੇ ਉਪ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ। ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਅਤੇ ਅਸਾਮ ’ਚ ਰੈਲੀਆਂ ਕੀਤੀਆਂ ਅਤੇ ਆਉਣ ਵਾਲੇ ਦਿਨਾਂ ’ਚ ਪੰਜ ਸੂਬਿਆਂ ’ਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦਾ ਐਲਾਨ ਕੀਤਾ। ਇਸ ਸਾਲ ਪੱਛਮੀ ਬੰਗਾਲ (294 ਸੀਟਾਂ), ਅਸਾਮ (126 ਸੀਟਾਂ), ਕੇਰਲ (140 ਸੀਟਾਂ), ਤਾਮਿਲਨਾਡੂ (232 ਸੀਟਾਂ) ਅਤੇ ਪੁੱਡੂਚੇਰੀ (30 ਸੀਟਾਂ) ’ਤੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਸਾਮ, ਤਾਮਿਲਨਾਡੂ ਤੇ ਕੇਰਲਾ ’ਚ ਭਾਜਪਾ ਪੂਰਾ ਜ਼ੋਰ ਲਗਾ ਰਹੀ ਹੈ। ਪੁੱਡੂਚੇਰੀ ’ਚ ਸਰਕਾਰ ਟੁੱਟ ਚੁੱਕੀ ਹੈ। ਇਨ੍ਹਾਂ ਸੂਬਿਆਂ ’ਚੋਂ ਸਭ ਦੀਆਂ ਨਜ਼ਰਾਂ ਪੱਛਮੀ ਬੰਗਾਲ ’ਤੇ ਟਿਕੀਆਂ ਹੋਈਆਂ ਹਨ ਜਿੱਥੇ ਭਾਜਪਾ ਅਤੇ ਟੀਐੱਮਸੀ ਦਰਮਿਆਨ ਫਸਵੀਂ ਟੱਕਰ ਹੋਣ ਦੀ ਉਮੀਦ ਹੈ। ਪੱਛਮੀ ਬੰਗਾਲ ’ਚ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪਰਿਵਾਰ ਕੋਲਾ ਘੁਟਾਲੇ ’ਚ ਫ਼ਸਦਾ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਉੱਥੋਂ ਦੀ ਸਿਆਸਤ ਗਰਮਾ ਗਈ ਹੈ। ਦੋਨਾਂ ਪਾਰਟੀਆਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਸੋਮਵਾਰ ਨੂੰ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਸਾਲੀ ਤੋਂ ਸੀਬੀਆਈ ਨੇ ਤਿੰਨ ਘੰਟੇ ਪੁੱਛਗਿੱਛ ਕੀਤੀ। ਮੰਗਲਵਾਰ ਨੂੰ ਅਭਿਸ਼ੇਕ ਦੀ ਪਤਨੀ ਰੁਜ਼ੀਰਾ ਬੈਨਰਜੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਟੀਐੱਮਸੀ ਨੇ ਮਾਮਲੇ ਵਿਚ ਸੀਬੀਆਈ ਦੇ ਨੋਟਿਸ ਦੇ ਸਮੇਂ ’ਤੇ ਵੀ ਉਂਗਲ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਕਈ ਵਾਰ ਕੇਂਦਰ ’ਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾ ਚੁੱਕੀ ਹੈ। ਦੂਜੇ ਪਾਸੇ, ਭਾਜਪਾ ਨੇ ਕਿਹਾ ਹੈ ਕਿ ਇਹ ਮਾਮਲਾ ਬਹੁਤ ਪਹਿਲਾਂ ਤੋਂ ਚੱਲ ਰਿਹਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੀਬੀਆਈ ਨੇ ਮਾਮਲੇ ਵਿਚ ਜਾਂਚ ਕੀਤੀ ਹੋਵੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮਹੀਨੇ ’ਚ ਤੀਜੀ ਵਾਰ ਪੱਛਮੀ ਬੰਗਾਲ ਪਹੁੰਚੇ। ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਸਮਾਗਮ ਤੋਂ ਦੂਰ ਰਹੀ। ਪ੍ਰਧਾਨ ਮੰਤਰੀ ਨੇ ਹੁਗਲੀ ’ਚ ਰੈਲੀ ਕੀਤੀ ਜਿੱਥੇ ਭਾਜਪਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ। ਹੁਗਲੀ ਏਸ਼ੀਆ ਦੀ ਸਭ ਤੋਂ ਵੱਡੀ ਟਾਇਰ ਫੈਕਟਰੀ ਡਨਲਪ ਨਾਲ ਸਬੰਧਤ ਸੀ ਜੋ ਕਈ ਸਾਲਾਂ ਤੋਂ ਬੰਦ ਹੈ। ਦੋ ਦਿਨਾਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਵੀ ਹੁਗਲੀ ’ਚ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਬੰਗਾਲ ਲਈ ਕਈ ਐਲਾਨ ਕੀਤੇ ਹਨ। ਉਨ੍ਹਾਂ ਨੇ ਮੈਟਰੋ ਸੇਵਾ ਤੋਂ ਇਲਾਵਾ ਕਈ ਰੇਲਵੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੇ ਪੱਛਮੀ ਬੰਗਾਲ ਅਤੇ ਅਸਾਮ ਦੇ ਦੌਰੇ ਨੇ ਦੇਸ਼ ਦੀ ਰਾਜਨੀਤਕ ਹਵਾ ’ਚ ਗਰਮਾਇਸ਼ ਲਿਆ ਦਿੱਤੀ ਹੈ। ਮਾਰਚ ਦੇ ਪਹਿਲੇ ਹਫ਼ਤੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ’ਚ ਚੋਣਾਂ ਜਿੱਤਣ ਲਈ ਭਾਜਪਾ ਨੇ ਭਾਵੇਂ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਪਰ ਉਸ ਦੀ ਸਫਲਤਾ-ਅਸਫਲਤਾ ਕਾਂਗਰਸ ਅਤੇ ਖੱਬੇ-ਪੱਖੀ ਪਾਰਟੀਆਂ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰੇਗੀ। ਇਹ ਗੱਲ ਵੀ ਪੱਕੀ ਹੈ ਕਿ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਭਾਜਪਾ ਦੇ ਸਿਆਸੀ ਭਵਿੱਖ ਅਤੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਨਿਰਧਾਰਤ ਕਰਨਗੇ।

Posted By: Jagjit Singh