ਇਹ ਚੰਗਾ ਹੋਇਆ ਕਿ ਸੁਪਰੀਮ ਕੋਰਟ ਨੇ ਕੁਝ ਸੂਬਿਆਂ 'ਚ ਕੋਰੋਨਾ ਮਹਾਮਾਰੀ ਦੀ ਚਿੰਤਾਜਨਕ ਸਥਿਤੀ ਦਾ ਨੋਟਿਸ ਲਿਆ ਤੇ ਉਨ੍ਹਾਂ ਕੋਲੋਂ ਮੌਜੂਦਾ ਹਾਲਾਤ ਦੀ ਰਿਪੋਰਟ ਮੰਗੀ ਹੈ। ਇਹ ਦਖ਼ਲ ਜ਼ਰੂਰੀ ਵੀ ਸੀ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ 'ਚ ਕੋਰੋਨਾ ਦੀ ਲਾਗ ਦੀ ਰਫ਼ਤਾਰ ਚਿੰਤਾਜਨਕ ਬਣੀ ਹੋਈ ਹੈ ਅਤੇ ਕੋਰੋਨਾ ਦੇ ਮਰੀਜ਼ ਘਟਣ ਦੀ ਬਜਾਏ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਸੂਰਤੇਹਾਲ ਤੋਂ ਤਤਕਾਲ ਛੁਟਕਾਰਾ ਪਾਉਣਾ ਪਵੇਗਾ। ਕਿਉਂਕਿ ਸਰਦੀ ਵੱਧ ਰਹੀ ਹੈ ਅਤੇ ਇਹ ਖ਼ਦਸ਼ਾ ਹੈ ਕਿ ਅਜਿਹੇ ਮੌਸਮ 'ਚ ਕੋਰੋਨਾ ਦੀ ਲਾਗ ਹੋਰ ਫੈਲ ਸਕਦੀ ਹੈ। ਬੇਸ਼ੱਕ ਸੂਬਾ ਸਰਕਾਰਾਂ ਦੀ ਫੁਰਤੀ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗੀ ਜਦੋਂ ਆਮ ਲੋਕ ਲੋੜੀਂਦੀ ਚੌਕਸੀ ਵਰਤਣਗੇ, ਅਨੁਸ਼ਾਸਨ ਵਿਚ ਰਹਿਣ ਲਈ ਤਿਆਰ ਹੋਣਗੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਇਹ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਲੋਕ ਕੋਰੋਨਾ ਤੋਂ ਬਚਣ ਲਈ ਗੰਭੀਰਤਾ ਨਹੀਂ ਦਿਖਾ ਰਹੇ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਹਨ। ਦਿੱਲੀ 'ਚ ਜਿੱਥੇ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ ਓਥੇ ਹੀ 'ਇੰਡੀਆ ਗੇਟ' ਜਾਂ ਬਾਜ਼ਾਰਾਂ 'ਚ ਲੋਕਾਂ ਦੀ ਭੀੜ ਰੋਜ਼ਾਨਾ ਜੁਟ ਰਹੀ ਹੈ। ਹਾਲਤ ਇਹ ਹੈ ਕਿ ਲੋਕ ਮਾਸਕ ਪਾਉਣ ਵਿਚ ਘੋਰ ਅਣਗਹਿਲੀ ਵਰਤ ਰਹੇ ਹਨ। ਉੱਥੇ ਹਾਲਾਂਕਿ ਵਿਆਹਾਂ ਤੇ ਕਿਸੇ ਦੀ ਮੌਤ 'ਤੇ ਇਕੱਠ ਦੀ ਹੱਦ ਤੈਅ ਕੀਤੀ ਗਈ ਹੈ ਪਰ ਕਿਤੇ ਵੀ ਇਸ ਹੱਦ ਦੀ ਪਾਲਣਾ ਨਹੀਂ ਹੋ ਰਹੀ। ਧਾਰਮਿਕ, ਸੱਭਿਆਚਾਰਕ ਅਤੇ ਇੱਥੋਂ ਤਕ ਕਿ ਸਿਆਸੀ ਪ੍ਰੋਗਰਾਮ ਵੀ ਬਿਨਾਂ ਕਿਸੇ ਰੋਕ-ਟੋਕ ਹੋ ਰਹੇ ਹਨ। ਦਰਅਸਲ, ਲੋਕਾਂ ਨੂੰ ਪਹਿਲਾਂ ਵਰਗੀ ਚੌਕਸੀ ਵਰਤਣੀ ਹੋਵੇਗੀ। ਇਹ ਜ਼ਰੂਰੀ ਨਹੀਂ, ਬਲਕਿ ਬੇਹੱਦ ਜ਼ਰੂਰੀ ਹੈ। ਇਹ ਜਾਣਬੁੱਝ ਕੇ ਜੋਖ਼ਮ ਲੈਣ ਤੋਂ ਇਲਾਵਾ ਕੁਝ ਵੀ ਨਹੀਂ ਹੈ। ਅਜਿਹਾ ਰਵੱਈਆ ਕੋਰੋਨਾ ਖ਼ਿਲਾਫ਼ ਦੇਸ਼ ਦੀ ਜੰਗ ਨੂੰ ਕਮਜ਼ੋਰ ਕਰ ਰਿਹਾ ਹੈ। ਹੁਣ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਚੌਕਸੀ ਹੀ ਕੋਰੋਨਾ ਨੂੰ ਰੋਕਣ ਦਾ ਇਕ ਪ੍ਰਭਾਵਸ਼ਾਲੀ ਢੰਗ ਹੈ। ਹਾਲੇ ਤਕ ਕਈ ਸੂਬਿਆਂ 'ਚ ਚੌਕਸੀ ਵਰਤਣ ਕਾਰਨ ਹਾਲਾਤ ਕਾਬੂ ਹੇਠ ਬਣੇ ਹੋਏ ਹਨ। ਜਦ ਤਕ ਕੋਰੋਨਾ ਨੂੰ ਰੋਕਣ ਲਈ ਟੀਕਾ ਨਹੀਂ ਆ ਜਾਂਦਾ। ਸਾਵਧਾਨੀ ਵਰਤਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਹ ਸੱਚ ਹੈ ਕਿ ਬਹੁਤ ਸਾਰੇ ਟੀਕੇ ਆਪਣੇ ਆਖ਼ਰੀ ਪੜਾਅ 'ਤੇ ਹਨ ਪਰ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਆਮ ਲੋਕਾਂ ਨੂੰ ਕਦੋਂ ਉਪਲਬਧ ਹੋਣਗੇ। ਕੋਵਿਡ ਮਹਾਮਾਰੀ ਲੋਕਾਂ ਦੇ ਸੰਜਮ ਤੇ ਅਨੁਸ਼ਾਸਨ ਦਾ ਇਮਤਿਹਾਨ ਲੈ ਰਹੀ ਹੈ। ਇਸ ਇਮਤਿਹਾਨ ਨੂੰ ਪਾਸ ਕਰਨਾ ਹਰ ਕਿਸੇ ਦੀ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਜਦੋਂ ਇਹ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਜਾਵੇਗੀ, ਉਦੋਂ ਹੀ ਕੇਂਦਰ, ਸੂਬਾ ਸਰਕਾਰਾਂ ਅਤੇ ਉਨ੍ਹਾਂ ਦੀਆਂ ਵੱਖ-ਵੱਖ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਉਪਾਅ ਪ੍ਰਭਾਵਸ਼ਾਲੀ ਸਾਬਿਤ ਹੋਣਗੇ। ਚੰਗਾ ਹੋਵੇ ਜੇ ਲੋਕ ਇਹ ਸਮਝਣ ਕਿ ਸਰਕਾਰਾਂ ਕੋਲ ਕੋਰੋਨਾ ਨੂੰ ਰੋਕਣ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ ਅਤੇ ਜੇ ਚੌਕਸੀ ਨਹੀਂ ਵਰਤੀ ਜਾਂਦੀ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਉਹ ਸਾਰੇ ਕਦਮ ਚੁੱਕ ਰਹੀਆਂ ਹਨ ਜੋ ਕੋਰੋਨਾ ਨੂੰ ਰੋਕਣ ਲਈ ਜ਼ਰੂਰੀ ਹਨ ਪਰ ਇਸ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਪਾਬੰਦੀਆਂ ਹਮੇਸ਼ਾ ਲਈ ਨਹੀਂ ਰਹਿ ਸਕਦੀਆਂ। ਹਾਲਾਤ ਆਮ ਵਰਗੇ ਬਣਾਉਣੇ ਵੀ ਬੇਹੱਦ ਜ਼ਰੂਰੀ ਹਨ। ਇਸ ਲਈ ਆਮ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੂਰੀ ਸਾਵਧਾਨੀ ਰੱਖਣ। ਜਦੋਂ ਤਕ ਲੋਕ 'ਜਾਨ ਹੈ ਤਾਂ ਜਹਾਨ ਹੈ' ਵਾਲੀ ਗੱਲ 'ਤੇ ਅਮਲ ਨਹੀਂ ਕਰਦੇ, ਉਦੋਂ ਤਕ ਕੋਰੋਨਾ ਬੇਲਗਾਮ ਹੀ ਰਹੇਗਾ।

Posted By: Jagjit Singh