-ਗੋਵਰਧਨ ਗੱਬੀ

ਅੱਜਕੱਲ੍ਹ ਹਰ ਪਾਸੇ ਕੋਰੋਨਾ ਕਾਲ ਕਰਕੇ ਸਰਵਵਿਆਪੀ ਉਦਾਸੀਨਤਾ, ਸਹਿਮ, ਡਰ ਤੇ ਭਰਮ ਦਾ ਮਾਹੌਲ ਪਸਰਿਆ ਹੋਇਆ ਹੈ। ਸਾਰੀ ਦੁਨੀਆ ਵਿਚ ਆਰਥਿਕ, ਮਾਨਸਿਕ ਅਤੇ ਸਮਾਜਿਕ ਤਣਾਅ ਸਿਖਰ 'ਤੇ ਚੱਲ ਰਿਹਾ ਹੈ। ਹਰ ਕੋਈ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ, ਬੇਚੈਨ ਤੇ ਪਰੇਸ਼ਾਨ ਹੈ। ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੁਦਰਤ ਨੇ ਆਪਣੀ ਬੁੱਕਲ ਵਿਚ ਕੀ ਲੁਕੋ ਕੇ ਰੱਖਿਆ ਹੋਇਆ ਹੈ। ਲੋਕ ਡਰ, ਸਹਿਮ ਅਤੇ ਬਿਮਾਰੀ ਨਾਲ ਮਰ ਰਹੇ ਹਨ। ਜ਼ਿੰਦਗੀਨੁਮਾ ਜਹਾਜ਼ ਦੁਨੀਆ ਰੂਪੀ ਸਮੁੰਦਰ 'ਚ ਲਗਾਤਾਰ ਤੈਰਦਾ ਜਾ ਰਿਹਾ ਹੈ ਚਾਹੇ ਹਿਚਕੋਲੇ ਖਾਂਦਾ ਹੀ ਸਹੀ। ਸਾਰਾ ਬ੍ਰਹਿਮੰਡ ਆਪਣੀ ਆਦਿ ਕਾਲ ਤੋਂ ਚਲੀ ਆ ਰਹੀ ਗਤੀ ਨਾਲ ਕਿਰਿਆਸ਼ੀਲ ਅਵਸਥਾ ਵਿਚ ਹੈ। ਸਥਿਤੀਆਂ, ਮਾਹੌਲ ਤੇ ਵਾਤਾਵਰਨ ਭਾਵੇਂ ਕਿਸੇ ਵੀ ਤਰ੍ਹਾਂ ਦੇ ਹੋਣ ਪਰ ਸਫ਼ਰ ਵਿਚ ਰਹਿਣਾ ਕੁਦਰਤ ਦਾ ਪਹਿਲਾ ਨਿਯਮ ਹੈ। ਕੁਦਰਤ ਨੇ ਕੋਰੋਨਾ ਰਾਹੀਂ ਕੁੱਲ ਲੋਕਾਈ ਨੂੰ ਇਨਸਾਨ ਬਣੇ ਰਹਿਣ ਵਾਸਤੇ ਪ੍ਰੇਰਨਾ ਦੇਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਇਨਸਾਨ ਹੈ ਕਿ ਆਪਣੀ ਦਾਨਵੀ ਬਿਰਤੀ, ਵਿਹਾਰ ਤੇ ਵਰਤਾਰੇ ਨੂੰ ਤਿਆਗਣ ਵਾਸਤੇ ਅਜੇ ਵੀ ਤਿਆਰ ਨਹੀਂ ਹੈ। ਉਹ ਅੱਜ ਵੀ ਸਰਹੱਦਾਂ, ਬਾਰੂਦਾਂ, ਲੜਾਈਆਂ, ਝਗੜਿਆਂ ਤੇ ਯੁੱਧਾਂ ਦੀਆਂ ਗੱਲਾਂ ਕਰਦਾ ਹੈ। ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਇਕ ਅਦ੍ਰਿਸ਼ ਕੋਰੋਨਾ ਨੂੰ ਹਰਾਉਣ ਅਤੇ ਮਾਰ ਮੁਕਾਉਣ ਦੀ ਬਜਾਏ ਇਕ-ਦੂਜੇ ਨੂੰ ਮਾਰਨ ਵਾਸਤੇ ਐਟਮੀ ਹਥਿਆਰ ਬਣਾਉਣ ਤੇ ਚਲਾਉਣ ਵਾਸਤੇ ਉਤਾਵਲਾ ਹੋਇਆ ਪਿਆ ਹੈ। ਕੁਦਰਤ ਰੂਪੀ ਰੁੱਖ ਦੀਆਂ ਜੜ੍ਹਾਂ ਵਿਚ ਪਾਣੀ ਤੇ ਖਾਦ ਪਾਉਣ ਦੀ ਥਾਂ ਤੇਲ ਪਾ ਰਿਹਾ ਹੈ ਅਤੇ ਉਮੀਦ ਕਰ ਰਿਹਾ ਹੈ ਕਿ ਇਸ ਨੂੰ ਸੁਆਦਲਾ ਫ਼ਲ ਲੱਗੇਗਾ।

ਓਧਰ ਇਸੇ ਕੋਰੋਨਾ ਕਾਲ ਦੌਰਾਨ ਮਿਲ ਰਹੀ ਵੱਡੀ ਫੁਰਸਤ ਦਾ ਲਾਭ ਉਠਾਉਂਦਾ ਹੋਇਆ ਮੈਂ ਆਪਣੀਆਂ ਅਧੂਰੀਆਂ ਕਹਾਣੀਆਂ, ਕਵਿਤਾਵਾਂ ਤੇ ਹੋਰ ਰਚਨਾਵਾਂ ਨੂੰ ਨੇਪਰੇ ਚਾੜ੍ਹਨ ਦੇ ਨਾਲ-ਨਾਲ ਕੁਝ ਨਵਾਂ ਰਚਣ ਵਿਚ ਵੀ ਰੁੱਝਿਆ ਰਿਹਾ। ਪਰ ਮਈ ਦੇ ਤੀਸਰੇ ਹਫ਼ਤੇ ਤੋਂ ਮੇਰੀ ਜ਼ਿੰਦਗੀ ਵਿਚ ਕੁਝ ਅਜੀਬ ਉਗਮ ਪਿਆ ਹੈ। ਵਚਿੱਤਰ ਤੇ ਵਿਲੱਖਣ ਭਾਣਾ ਵਾਪਰ ਰਿਹਾ ਹੈ। ਅਸਲ ਵਿਚ ਮੇਰੇ ਗਾਇਕ ਬਣਨ ਵਾਲੇ ਬਾਸੇ ਸੁਪਨੇ ਨੇ ਮੇਰੇ ਜ਼ਿਹਨ ਵਿਚ ਉਥਲ-ਪੁਥਲ ਮਚਾਈ ਹੋਈ ਹੈ। ਸੁਪਨਾ ਜ਼ੋਰ ਭਰ ਰਿਹਾ ਹੈ ਕਿ ਇਹੀ ਸਹੀ ਅਤੇ ਢੁੱਕਵਾਂ ਸਮਾਂ ਤੇ ਮਾਹੌਲ ਹੈ ਕਿ ਮੈਂ ਚਾਹਾਂ ਤਾਂ ਆਪਣਾ ਸੁਪਨਾ ਪੂਰਾ ਕਰ ਸਕਦਾ ਹਾਂ। ਮੈਨੂੰ ਉਪਦੇਸ਼ ਤੇ ਹਦਾਇਤਾਂ ਵੀ ਦੇ ਰਿਹਾ ਹੈ ਕਿ ਮੰਜ਼ਿਲ ਤਕ ਪਹੁੰਚਣਾ ਹੈ ਤਾਂ ਸੁਪਨਾ ਨਾ ਦੇਖ ਸਗੋਂ ਉਸ ਨੂੰ ਸਿਰੇ ਚੜ੍ਹਾਉਣ ਵਾਸਤੇ ਜਾਗ, ਮਿਹਨਤ ਕਰ, ਰਿਆਜ਼ ਕਰ। ਸੁਪਨਾ ਉਹ ਨਹੀਂ ਹੁੰਦਾ ਜੋ ਤੂੰ ਸੌਂਦੇ ਹੋਏ ਦੇਖਦਾ ਏਂ ਸਗੋਂ ਉਹ ਹੁੰਦਾ ਹੈ ਜੋ ਤੈਨੂੰ ਸੌਣ ਨਾ ਦੇਵੇ। ਕਈ ਵਾਰ ਉਹ ਇਹ ਬੋਲ ਕੇ ਵੀ ਸਮਝਾਉਂਦਾ ਹੈ: ਉਠ ਜਾਗ ਮੁਸਾਫਿਰ ਭੋਰ ਬਈ ਅਬ ਰੈਣ ਕਹਾਂ ਜੋ ਸੋਵਤ ਹੈ' ਪਰ ਜਦੋਂ ਮੈਂ ਘੇਸ ਵੱਟ ਲੈਂਦਾ ਹਾਂ ਤਾਂ ਉਹ ਇਹ ਗੁਣਗੁਣਾ ਕੇ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕਰਦਾ ਹੈ : 'ਲੱਗੀ ਵਾਲੇ ਕਦੇ ਵੀ ਨਾ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ।' ਅਸਲ ਵਿਚ ਇਹ ਸੁਪਨਾ ਨਵਾਂ ਨਹੀਂ ਹੈ। ਮੇਰੇ ਦਿਲੋ-ਦਿਮਾਗ ਵਿਚ ਇਹ ਬਚਪਨ ਤੋਂ ਹੀ ਆਪਣਾ ਆਲ੍ਹਣਾ ਬਣਾ ਕੇ ਬੈਠਾ ਹੋਇਆ ਹੈ। ਚੁਰੰਜਾ ਸਾਲ ਦੀ ਉਮਰ ਦੌਰਾਨ ਇਹ ਕਈ ਵਾਰ ਪੰਖੇਰੂ ਵਾਂਗ ਕੁਝ ਦੇਰ ਵਾਸਤੇ ਉੱਡ ਜਾਂਦਾ ਰਿਹਾ ਹੈ।

ਫਿਰ ਪਰਤ ਕੇ ਕਬੂਤਰਾਂ ਵਾਂਗ ਗੁਟਰਗੂੰ-ਗੁਟਰਗੂੰ ਕਰਦਾ ਫੁੰਮਣੀਆਂ ਪਾਉਂਦਾ ਰਿਹਾ ਪਰ ਕਦੇ ਇਸ ਕਦਰ ਭਾਰੂ ਨਹੀਂ ਹੋਇਆ ਜਿੰਨਾ ਹੁਣ ਹੋਇਆ ਪਿਆ ਹੈ। ਇਹ ਸੁਪਨਾ ਸ਼ਾਇਦ ਮੇਰੇ ਜ਼ਿਹਨ ਵਿਚ ਆਪਣੇ ਮਰਹੂਮ ਪਿਤਾ (ਪਾਪਾ) ਜੀ ਨੂੰ ਗਾਉਂਦੇ ਸੁਣ ਕੇ ਪਣਪਿਆ ਹੈ। ਪਾਪਾ ਜੀ ਦੀ ਆਵਾਜ਼ ਬਹੁਤ ਮਿੱਠੜੀ ਤੇ ਸੁਰੀਲੀ ਹੁੰਦੀ ਸੀ। ਉਹ ਕੇਵਲ ਆਪਣੀ ਰੂਹ ਦੇ ਰਾਂਝੇ ਨੂੰ ਖ਼ੁਸ਼ ਰੱਖਣ ਵਾਸਤੇ ਹੀ ਗਾਉਂਦੇ ਅਤੇ ਗੁਣਗੁਣਾਉਂਦੇ ਹੁੰਦੇ ਸਨ। ਫੇਰੀ ਤੋਂ ਮੁੜਦਿਆਂ, ਹਲ ਵਾਹੁੰਦਿਆਂ, ਸੁਹਾਗਾ ਫੇਰਦਿਆਂ, ਮਾਂ ਨੂੰ ਸ਼ਾਹ ਵੇਲਾ ਲੈ ਕੇ ਆਉਂਦਿਆਂ ਦੇਖ ਕੇ, ਸਾਰੇ ਧੀਆਂ-ਪੁੱਤਰਾਂ ਦੇ ਜਨਮ ਵੇਲੇ, ਮੇਰੇ ਦਸਵੀਂ ਪਾਸ ਕਰਨ ਵੇਲੇ, ਨਿੱਕੇ ਪੁੱਤਰ ਦੇ ਡਾਕਟਰ ਬਣਨ ਵੇਲੇ, ਪੋਤਰੀ ਦੇ ਅਦਾਕਾਰਾ ਬਣਨ ਵੇਲੇ, ਉਨ੍ਹਾਂ ਦੇ ਵਿਆਹਾਂ-ਸ਼ਾਦੀਆਂ ਵੇਲੇ, ਉਨ੍ਹਾਂ ਦੀ ਰੀਸੇ ਬਚਪਨ ਤੋਂ ਹੀ ਮੈਂ ਵੀ ਗਾਉਣਾ ਚਾਹੁੰਦਾ ਸਾਂ, ਸੰਗੀਤ ਸਿੱਖਣਾ ਚਾਹੁੰਦਾ ਸਾਂ ਪਰ ਘਰ ਦੇ ਹਾਲਾਤ ਤੇ ਮਾਹੌਲ ਕਾਰਨ ਸਿੱਖ ਨਹੀਂ ਸਕਿਆ। ਕਾਲਜ ਦੇ ਪਹਿਲੇ ਸਾਲ ਸੰਗੀਤ ਸਿੱਖਿਆ ਪਰ ਪਹਿਲੇ ਸਾਲ ਹੀ ਜਮਾਤ 'ਚੋਂ ਫੇਲ੍ਹ ਹੁੰਦੇ ਸਾਰ ਹੀ ਸੰਗੀਤ ਵੀ ਮੇਰੇ ਤੋਂ ਕਿਤੇ ਦੂਰ ਭੱਜ ਗਿਆ।

ਪੰਝੀ-ਤੀਹ ਸਾਲ ਪਹਿਲਾਂ ਚੰਡੀਗੜ੍ਹ ਆ ਕੇ ਵੀ ਇਕ ਗੁਰੂ ਤੋਂ ਸੰਗੀਤ ਸਿੱਖਣਾ ਚਾਹਿਆ ਪਰ ਗੁਰੂ ਸੰਗੀਤਕਾਰ ਘੱਟ ਅਤੇ ਕਾਰੋਬਾਰੀ ਜ਼ਿਆਦਾ ਹੋ ਨਿੱਬੜਿਆ। ਸੋ ਹਾਰ ਕੇ ਮੈਂ ਸੰਗੀਤ ਸੁਣਨਾ ਤਾਂ ਨਹੀਂ ਛੱਡਿਆ ਪਰ ਇਸ ਨੂੰ ਸਿੱਖ ਨਹੀਂ ਸਕਿਆ।

ਫਿਰ ਸਮੇਂ ਨੇ ਪਾਸਾ ਬਦਲਿਆ। ਜ਼ਿੰਦਗੀ ਦੀ ਪਾਰੀ ਬਦਲ ਕੇ ਬੱਚਿਆਂ ਵਾਲੇ ਪਾਸੇ ਚਲੀ ਗਈ। ਮੇਰੀ ਬਹੁਤੀ ਜ਼ਿੰਦਗੀ ਪਰਿਵਾਰਕ ਜ਼ਿੰਮੇਵਾਰੀਆਂ ਤੇ ਫ਼ਰਜ਼ਦਾਰੀਆਂ ਨਿਭਾਉਂਦੇ ਹੀ ਬੀਤ ਗਈ। ਅਖੀਰ ਪੱਲੇ ਮੇਰੇ ਕੁਝ ਨਾ ਪਿਆ ਸਿਵਾਏ ਪਸ਼ੇਮਾਨੀ ਦੇ ਪਰ ਹੁਣ ਮੈਂ ਆਪਣੇ ਜ਼ਿੱਦੀ ਸੁਪਨੇ ਦੀ ਸਲਾਹ ਮੰਨ ਹੀ ਲਈ। ਉਸ ਦੇ ਹੁਕਮਾਂ ਅਤੇ ਹਦਾਇਤਾਂ ਅਨੁਸਾਰ ਹੁਣ ਮੈਂ ਰੋਜ਼ ਲਗਪਗ ਤਿੰਨ ਤੋਂ ਚਾਰ ਘੰਟੇ ਸੁਰ ਸਾਧਨਾ ਵਾਸਤੇ ਪੁਰਾਣੇ ਫਿਲਮੀ ਗੀਤਾਂ ਨੂੰ ਗਾਉਣ ਦਾ ਅਭਿਆਸ ਕਰ ਰਿਹਾ ਹਾਂ।

ਗੀਤ ਰਿਕਾਰਡ ਕਰ ਕੇ ਦੋਸਤਾਂ-ਮਿੱਤਰਾਂ ਨਾਲ ਸਾਂਝਾ ਕਰਨ 'ਤੇ ਮੈਨੂੰ ਆਨੰਦ ਆ ਰਿਹਾ ਹੈ। ਦੂਸਰੀ ਗੱਲ, ਸਾਹਿਤਕਾਰ ਹੋਣ ਨਾਤੇ ਇਨ੍ਹਾਂ ਪੁਰਾਣੇ ਮਕਬੂਲ ਗੀਤਾਂ ਦੇ ਬੋਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਗੀਤ ਸੁਣਨ ਵਾਲੇ ਦੋਸਤਾਂ-ਮਿੱਤਰਾਂ ਦੇ ਕਹਿਣ ਮੁਤਾਬਕ ਅਭਿਆਸ ਕਰਨ ਨਾਲ ਮੇਰੀ ਆਵਾਜ਼ ਵਿਚ ਖ਼ਣਕ ਤੇ ਗੋਲਾਈ ਵਾਪਸ ਆਉਂਦੀ ਪ੍ਰਤੀਤ ਹੋ ਰਹੀ ਹੈ। ਮੈਂ ਸੁਰ ਵਿਚ ਆ ਰਿਹਾ ਹਾਂ। ਮੋਬਾਈਲ ਫੋਨ ਦੀ ਇਕ ਐਪਲੀਕੇਸ਼ਨ ਹੈ ਜਿਸ ਵਿਚ ਮਕਬੂਲ ਤੇ ਪ੍ਰਸਿੱਧ ਹਿੰਦੀ, ਪੰਜਾਬੀ ਅਤੇ ਦੁਨੀਆ ਭਰ ਦੀਆਂ ਬੇਸ਼ੁਮਾਰ ਭਾਸ਼ਾਵਾਂ ਸਮੇਤ ਫਿਲਮੀ ਤੇ ਗ਼ੈਰ ਫਿਲਮੀ ਗਾਣਿਆਂ ਦਾ ਹੂਬਹੂ ਸੰਗੀਤ ਤਿਆਰ ਕਰ ਕੇ ਪਾਇਆ ਗਿਆ ਹੈ।

ਤੁਸੀਂ ਆਪਣੀ ਪਸੰਦ ਦਾ ਗਾਣਾ ਗਾ ਸਕਦੇ ਹੋ, ਤੁਹਾਨੂੰ ਸਾਜ਼ਿੰਦਿਆਂ ਦੀ ਜ਼ਰੂਰਤ ਵੀ ਨਹੀਂ ਪੈਂਦੀ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੌ-ਡੇਢ ਸੌ ਸਾਜ਼ਿੰਦਿਆਂ ਸਾਹਮਣੇ ਗਾਣਾ ਗਾ ਰਹੇ ਹੋ। ਉਹ ਵੱਖਰੀ ਗੱਲ ਹੈ ਕਿ ਮੇਰੇ ਇਸ ਸੰਗੀਤ ਸਿੱਖਣ ਅਤੇ ਗਾਉਣ ਦੇ ਇਸ ਸੰਗੀਤਕ ਕਾਰ-ਵਿਹਾਰ ਤੋਂ ਮੇਰੇ ਘਰ ਦੇ ਕੁਝ ਜੀਆਂ ਦੇ ਨਾਲ-ਨਾਲ ਕੁਝ ਆਂਢੀਆਂ-ਗੁਆਂਢੀਆਂ ਦੀ ਨੀਂਦ ਤੇ ਜੀਵਨ ਵਿਚ ਕੁਝ ਖ਼ਲਲ ਜ਼ਰੂਰ ਪੈ ਰਿਹਾ ਹੈ ਪਰ ਮੈਂ ਉਨ੍ਹਾਂ ਸਾਰਿਆਂ ਤੋਂ ਮਾਫ਼ੀ ਮੰਗਦੇ ਹੋਏ ਆਪਣੇ ਇਸ ਗਾਇਕ ਬਣਨ ਦੇ ਸੁਪਨੇ ਨੂੰ ਸੱਚ ਕਰਨ ਦੇ ਰਾਹੇ ਤੁਰਨ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ ਹੈ। ਕੁਦਰਤ ਮਿਹਰ ਕਰੇ। ਆਮੀਨ!

-ਮੋਬਾਈਲ ਨੰ. : 94171-73700

Posted By: Jagjit Singh