-ਦੀਪਕ ਜਲੰਧਰੀ

ਕਰਾਚੀ ਸਟਾਕ ਐਕਸਚੇਂਜ ਦੀ ਇਮਾਰਤ 'ਤੇ ਸੋਮਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਇਸ ਹਮਲੇ ਵਿਚ ਚਾਰ ਸੁਰੱਖਿਆ ਗਾਰਡਾਂ, ਇਕ ਪੁਲਿਸ ਮੁਲਾਜ਼ਮ ਤੇ ਚਾਰ ਅੱਤਵਾਦੀਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ। ਕਾਬਿਲੇਗ਼ੌਰ ਹੈ ਕਿ ਉਕਤ ਬਾਗੀ ਧੜਾ ਪਾਕਿਸਤਾਨ ਵੱਲੋਂ ਬਲੋਚਾਂ 'ਤੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਜ਼ੁਲਮੋ-ਸਿਤਮ ਦੇ ਵਿਰੋਧ ਵਿਚ ਸਮੇਂ-ਸਮੇਂ ਅਜਿਹੀਆਂ ਹਿੰਸਕ ਕਾਰਵਾਈਆਂ ਕਰ ਕੇ ਦੁਨੀਆ ਦਾ ਧਿਆਨ ਖਿੱਚਦਾ ਰਹਿੰਦਾ ਹੈ। 'ਬਲੋਚ-ਲਿਬਰੇਸ਼ਨ ਆਰਮੀ' ਨੇ ਪਾਕਿ ਫ਼ੌਜ ਵੱਲੋਂ ਕੀਤੇ ਜਾ ਰਹੇ ਅੰਨ੍ਹੇਵਾਹ ਕਤਲਾਂ ਅਤੇ ਅਗਵਾ ਦੀਆਂ ਘਟਨਾਵਾਂ ਦਾ ਬਦਲਾ ਲੈਂਦੇ ਹੋਏ 2020 ਦੇ ਮਈ ਮਹੀਨੇ ਦੇ ਦੂਜੇ ਹਫ਼ਤੇ ਇਕ ਪਾਕਿ ਫ਼ੌਜੀ ਟੁਕੜੀ 'ਤੇ ਘਾਤ ਲਾ ਕੇ ਹਮਲਾ ਕਰ ਦਿੱਤਾ ਸੀ ਜਿਸ 'ਚ ਮੇਜਰ ਨਦੀਮ ਅੱਬਾਸ ਭੱਟੀ ਸਮੇਤ ਪੰਜ ਫ਼ੌਜੀ ਮਾਰੇ ਗਏ ਸਨ। ਬਲੋਚ ਭਾਈਚਾਰੇ ਦੀਆਂ ਮੰਗਾਂ ਬਾਰੇ ਜਾਣਨ ਤੋਂ ਪਹਿਲਾਂ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ। ਬਲੋਚਿਸਤਾਨ ਨੇ 11 ਅਗਸਤ 1947 ਨੂੰ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਜਦ 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਬਲੋਚਾਂ ਨੇ ਉਸ ਨਾਲ ਰਲਣ ਦਾ ਫ਼ੈਸਲਾ ਕੀਤਾ ਸੀ। ਇਹ ਗੱਲ ਪਾਕਿਸਤਾਨੀ ਹਕੂਮਤ ਨੂੰ ਸੂਲ ਵਾਂਗ ਚੁੱਭੀ ਅਤੇ ਉਸ ਨੇ ਫ਼ੌਜ ਤੋਂ ਬਲੋਚਿਸਤਾਨ 'ਤੇ ਹਮਲਾ ਕਰਵਾ ਦਿੱਤਾ। ਸੰਨ 2009 ਵਿਚ ਇਕ ਨਿਰਗੁੱਟ ਸੰਮੇਲਨ ਹੋਇਆ ਸੀ ਜਿਸ ਨੂੰ ਸ਼ਰਮ-ਅਲ-ਸ਼ੇਖ ਸਮਝੌਤਾ ਕਿਹਾ ਜਾਂਦਾ ਹੈ। ਇਸ ਸੰਮੇਲਨ ਵਿਚ ਜਦੋਂ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਭਾਰਤ 'ਤੇ ਬਲੋਚਿਸਤਾਨ 'ਚ ਦਖ਼ਲ ਦੇਣ ਦਾ ਦੋਸ਼ ਲਾਇਆ ਤਾਂ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਤਾਂ ਪਾਕਿ ਫ਼ੌਜ ਨੇ ਬਲੋਚਿਸਤਾਨ ਵਿਚ ਖ਼ੂਨੀ ਖੇਡ ਖੇਡਣ 'ਚ ਕੋਈ ਕਸਰ ਨਾ ਛੱਡੀ। ਮਾਨਵਤਾ ਉੱਤੇ ਦਾਨਵਤਾ ਭਾਰੂ ਹੁੰਦੀ ਗਈ। ਇਕ ਅੰਦਾਜ਼ੇ ਅਨੁਸਾਰ 5000 ਬੱਚੇ ਚੁੱਕ ਲਏ ਗਏ ਜਿਨ੍ਹਾਂ ਦਾ ਅੱਜ ਤਕ ਕੋਈ ਥਹੁ-ਪਤਾ ਨਹੀਂ ਲੱਗਾ। ਇਹ ਤਾਂਡਵ ਬਲੋਚਿਸਤਾਨ 'ਚ ਅੱਜ ਵੀ ਜਾਰੀ ਹੈ। ਲਾਲ ਕਿਲੇ ਦੀ ਪ੍ਰਾਚੀਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੇਰ ਨਾਲ ਹੀ ਸਹੀ, ਬਲੋਚਿਸਤਾਨੀ ਲੋਕਾਂ ਦਾ ਦਰਦ ਮਹਿਸੂਸ ਕਰਦੇ ਹੋਏ ਹਮਦਰਦੀ ਦੇ ਦੋ ਬੋਲ ਬੋਲੇ। ਬਲੋਚਿਸਤਾਨ 'ਚ ਲੋਕਾਂ 'ਤੇ 77 ਸਾਲਾਂ ਤੋਂ ਜੋ ਜ਼ੁਲਮ ਢਾਹੇ ਜਾ ਰਹੇ ਹਨ, ਮਨੁੱਖਤਾ ਦੀ ਦੁਹਾਈ ਦੇਣ ਵਾਲਿਆਂ ਨੂੰ ਇਸ ਪਾਸੇ ਤੱਕਣ ਦੀ ਫੁਰਸਤ ਨਹੀਂ ਮਿਲੀ। ਵਿਕਾਸ ਨਾਂ ਦੀ ਕੋਈ ਚੀਜ਼ ਪਾਕਿਸਤਾਨ ਦੇ ਚਾਰ ਸ਼ਹਿਰਾਂ ਲਾਹੌਰ, ਇਸਲਾਮਾਬਾਦ, ਕਰਾਚੀ ਤੇ ਰਾਵਲਪਿੰਡੀ ਨੂੰ ਛੱਡ ਕੇ ਕਿਤੇ ਵੀ ਨਜ਼ਰ ਨਹੀਂ ਆਉਂਦੀ। ਇਸੇ ਕਾਰਨ ਫਰੰਟੀਅਰ ਵਿਚ ਹਰ ਰੋਜ਼ ਕਤਲ ਹੋ ਰਹੇ ਹਨ। ਪੀਓਕੇ ਵਿਚ ਮੁਜ਼ਾਹਰੇ ਹੋ ਰਹੇ ਹਨ। ਅੱਜਕੱਲ੍ਹ ਪਾਕਿਸਤਾਨ ਚਾਰ ਭਾਗਾਂ ਵਿਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਫ਼ੌਜ ਦੀ ਗੋਲ਼ੀ ਅਤੇ ਡਰੋਨ ਨਾਲ ਬੰਬ ਸੁੱਟਣ ਵਾਲੀ ਨੀਤੀ ਨੇ ਸਮੂਹ ਪਾਕਿਸਤਾਨੀਆਂ 'ਚ ਪਰੇਸ਼ਾਨੀ ਪੈਦਾ ਕੀਤੀ ਹੋਈ ਹੈ। ਕੇਵਲ ਪਾਕਿ ਫ਼ੌਜ ਦੇ ਸਮਰਥਕ ਹੀ ਖ਼ੁਸ਼ ਹਨ। ਸਾਧਾਰਨ ਲੋਕ ਤਾਂ ਨਰਕ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ। ਇਕ ਪਾਕਿਸਤਾਨੀ ਪੱਤਰਕਾਰ ਨੇ ਇਕ ਟੀਵੀ ਚੈਨਲ 'ਤੇ ਬਹੁਤ ਹੀ ਤਲਖ਼ ਲਹਿਜ਼ੇ ਵਿਚ ਕਿਹਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬਲੋਚਿਸਤਾਨ ਦੀ ਆਜ਼ਾਦੀ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ। ਉਸ ਪੱਤਰਕਾਰ ਨੂੰ ਕੇਵਲ ਇਹੀ ਕਹਿਣਾ ਹੈ ਕਿ 'ਬੋਏ ਪੇੜ ਬਬੂਲ ਕੇ, ਆਮ ਕਹਾਂ ਸੇ ਹੋਏ।' ਭਾਰਤ ਦੀ ਕਦੇ ਵੀ ਇਹ ਸੋਚ ਨਹੀਂ ਰਹੀ ਕਿ ਕਿਸੇ ਮੁਲਕ ਦੇ ਅੰਦਰੂਨੀ ਮਸਲਿਆਂ 'ਚ ਦਖ਼ਲ ਦਿੱਤਾ ਜਾਵੇ। ਜਦੋਂ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਦੀ ਸਜ਼ਾ ਹੋਈ, ਉਸ ਵੇਲੇ ਭਾਰਤ ਵਿਚ ਜਨਤਾ ਪਾਰਟੀ ਦੀ ਸਰਕਾਰ ਸੀ। ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਲੱਖਾਂ ਪਾਕਿਸਤਾਨੀਆਂ ਦੀ ਫਰਿਆਦ ਦੇ ਉੱਤਰ 'ਚ ਕੇਵਲ ਇਹੀ ਕਿਹਾ ਸੀ ਕਿ 'ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਸਾਡਾ ਇਸ 'ਤੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ।' ਸਾਡੇ ਦੇਸ਼ ਦੇ ਇਕ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਬਲੋਚਿਸਤਾਨ ਦਾ ਜ਼ਿਕਰ ਕਰਨ ਨੂੰ ਠੀਕ ਨਹੀਂ ਸੀ ਸਮਝਿਆ। ਇਸ ਤੋਂ ਪਾਕਿਸਤਾਨੀ ਪੱਤਰਾਕਰ ਨੂੰ ਇਕ ਗੱਲ ਤਾਂ ਸਮਝ ਆ ਹੀ ਗਈ ਹੋਵੇਗੀ ਕਿ ਲੋਕਤੰਤਰ ਵਿਚ ਹਰੇਕ ਵਿਚਾਰਧਾਰਾ ਨੂੰ ਪੂਰਾ ਸਨਮਾਨ ਮਿਲਦਾ ਹੈ। ਹੁਣ ਪਾਕਿਸਤਾਨ ਦੀ ਹਾਲਤ ਦੇਖੋ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਲੱਤ ਅੜਾਉਣ ਲੱਗਾ ਹੋਇਆ ਹੈ। ਹਰੇਕ ਦਹਿਸ਼ਤਗਰਦ ਹੁਣ ਪਾਕਿਸਤਾਨ ਦਾ ਹੀਰੋ ਹੈ। ਇਸ ਦਾ ਸਬੂਤ ਕੁਝ ਦਿਨ ਪਹਿਲਾਂ ਨੈਸ਼ਨਲ ਅਸੈਂਬਲੀ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਦਿੱਤਾ ਗਿਆ ਉਹ ਬਿਆਨ ਹੈ ਜਿਸ ਵਿਚ ਉਹ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਕਹਿ ਰਹੇ ਸਨ। ਇਸ ਤੋਂ ਇਕ ਗੱਲ ਤਾਂ ਜਗ ਜ਼ਾਹਰ ਹੋ ਗਈ ਹੈ ਕਿ ਦਹਿਸ਼ਤਗਰਦ ਪਾਕਿਸਤਾਨੀ ਸਰਕਾਰ ਦੀ ਹੀ ਪੈਦਾਵਰ ਹਨ।

ਸੰਨ 2006 ਵਿਚ ਬਲੋਚਿਸਤਾਨ ਦੇ ਰਹਿਨੁਮਾ ਨਵਾਬ ਅਕਬਰ ਬੁਗਤੀ ਜਿਹੜਾ ਸੱਤਿਆਗ੍ਰਹਿ ਕਰ ਰਿਹਾ ਸੀ ਬਲੋਚਿਸਤਾਨ ਦੀ ਆਜ਼ਾਦੀ ਲਈ, ਉਸ ਨੂੰ ਪਾਕਿਸਤਾਨੀ ਫ਼ੌਜ ਨੇ ਇਕ ਘਰ ਅੰਦਰ ਦਾਖ਼ਲ ਹੋ ਕੇ ਗੋਲ਼ੀ ਮਾਰ ਦਿੱਤੀ। ਭਾਰਤ ਨੇ ਇਕ ਆਹ ਤਾਂ ਜ਼ਰੂਰ ਭਰੀ ਪਰ ਉਸ ਨੂੰ ਭਾਰਤ ਦਾ ਹੀਰੋ ਨਹੀਂ ਬਣਾਇਆ। ਇਕ ਅਨੁਮਾਨ ਮੁਤਾਬਕ ਬਾਰਾਂ ਤੋਂ ਪੰਦਰਾਂ ਹਜ਼ਾਰ ਬਲੋਚ ਨੌਜਵਾਨ ਜਿਨ੍ਹਾਂ ਨੂੰ ਘਰਾਂ 'ਚੋਂ ਪੁਲਿਸ ਚੁੱਕ ਕੇ ਲੈ ਗਈ ਸੀ, ਉਨ੍ਹਾਂ ਦਾ ਅੱਜ ਤਕ ਕੋਈ ਅਤਾ-ਪਤਾ ਨਹੀਂ ਲੱਗਾ। ਇਕ ਅਪੁਸ਼ਟ ਖ਼ਬਰ ਅਨੁਸਾਰ ਇਹ ਸਾਰੇ ਨੌਜਵਾਨ ਜਿੰਦਾ ਦਰਗੋਰ ਕਰ ਦਿੱਤੇ ਗਏ।

ਸੰਨ 1947 'ਚ ਜਦੋਂ ਦੇਸ਼ ਦੀ ਵੰਡ ਹੋ ਰਹੀ ਸੀ, ਉਦੋਂ ਅੰਗਰੇਜ਼ ਹਾਕਮਾਂ ਨੇ ਪਾਕਿਸਤਾਨ ਦਾ ਜਿਹੜਾ ਨਕਸ਼ਾ ਉਲੀਕਿਆ ਸੀ ਉਸ ਵਿਚ ਪੰਜਾਬ, ਸਿੰਧ ਅਤੇ ਫਰੰਟੀਅਰ ਨੂੰ ਹੀ ਸ਼ਾਮਲ ਕੀਤਾ ਗਿਆ ਸੀ। ਬਲੋਚਿਸਤਾਨ ਨੇ ਪਾਕਿਸਤਾਨ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਸੰਨ 1948 ਵਿਚ ਪਾਕਿਸਤਾਨ ਦੀ ਫ਼ੌਜ ਨੇ ਬਲੋਚਿਸਤਾਨ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜਬਰੀ ਪਾਕਿਸਤਾਨ ਵਿਚ ਮਿਲਾ ਲਿਆ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਸ਼ਮੀਰ ਨੂੰ ਆਪਣੇ ਨਕਸ਼ੇ ਵਿਚ ਲਿਆਉਣ ਲਈ ਕਸ਼ਮੀਰ 'ਤੇ ਹਮਲੇ ਕਰ ਰਿਹਾ ਹੈ। ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਇਹ ਗੱਲ ਕਬੂਲ ਕੀਤੀ ਸੀ ਕਿ ਹਰੇਕ ਅੱਤਵਾਦੀ ਪਾਕਿਸਤਾਨ ਦਾ ਹੀਰੋ ਹੈ।

ਬਲੋਚਿਸਤਾਨ ਦੀ ਬਦਹਾਲੀ ਬਾਰੇ ਕੋਈ ਵੀ ਬੋਲਣ ਨੂੰ ਰਾਜ਼ੀ ਨਹੀਂ ਸੀ। ਵਿਦੇਸ਼ਾਂ ਵਿਚ ਵਸਦੇ ਬਲੋਚ ਇਸ ਗੱਲੋਂ ਨਾਰਾਜ਼ ਸਨ ਕਿ ਭਾਰਤ ਵਰਗਾ ਵੱਡਾ ਮੁਲਕ ਜੋ ਬਲੋਚਿਸਤਾਨ ਦੇ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਹੈ, ਉਹ ਵੀ ਖ਼ਾਮੋਸ਼ ਬੈਠਾ ਹੈ। ਭਾਰਤ ਤਾਂ ਸਾਰੇ ਸੰਸਾਰ ਨੂੰ ਇਕ ਪਰਿਵਾਰ ਮੰਨਦਾ ਹੈ। ਫਿਰ ਸੰਸਾਰ ਦੇ ਇਕ ਅੰਗ ਦੇ ਦਰਦ ਨੂੰ ਜ਼ੁਬਾਨ 'ਤੇ ਕਿਉਂ ਨਹੀਂ ਲਿਆਉਂਦਾ? ਉਹ ਨਵਾਬ ਅਕਬਰ ਬੁਗਤੀ ਦੀ ਸ਼ਹਾਦਤ 'ਤੇ ਵੀ ਸਿਰਫ਼ ਆਹ ਭਰ ਕੇ ਰਹਿ ਗਿਆ।

ਬਲੋਚਿਸਤਾਨ ਦੀਆਂ ਸਮੱਸਿਆਵਾਂ ਤਾਂ ਉਹੀ ਹਨ ਜੋ 1947 ਵਿਚ ਸਨ। ਉਸ ਦਾ ਇਤਿਹਾਸ ਪਾਕਿਸਤਾਨੀ ਹੁਕਮਰਾਨ ਵੀ ਜਾਣਦੇ ਹੀ ਹੋਣਗੇ। ਬਲੋਚ ਲੋਕ ਸੀਰੀਆ ਤੋਂ ਪਲਾਇਨ ਕਰ ਕੇ ਨੌਵੀਂ ਸਦੀ ਵਿਚ ਰੇਗਿਸਤਾਨ ਦੇ ਇਸ ਖੇਤਰ 'ਚ ਆਏ ਸਨ। ਉਹ ਪਹਿਲਾਂ-ਪਹਿਲ ਕਬੀਲਿਆਂ ਵਿਚ ਵੰਡੇ ਹੋਏ ਸਨ। ਫਿਰ ਚਾਰ ਰਿਆਸਤਾਂ ਬਣ ਗਈਆਂ। ਬਲੋਚਿਸਤਾਨ ਦਾ ਇਹ ਖੇਤਰ ਸਿੰਧ, ਪੰਜਾਬ, ਈਰਾਨ, ਅਫ਼ਗਾਨਿਸਤਾਨ ਅਤੇ ਅਰਬ ਮਹਾਸਾਗਰ ਦੇ ਨਾਲ ਲੱਗਦਾ ਹੈ। ਸੰਨ 1948 ਵਿਚ ਜਦੋਂ ਪਾਕਿਸਤਾਨ ਨੇ ਇਸ ਖੇਤਰ 'ਤੇ ਕਬਜ਼ਾ ਕਰ ਲਿਆ ਤਾਂ ਮੰਨਿਆ ਸੀ ਕਿ ਕਰੰਸੀ, ਵਿਦੇਸ਼ ਨੀਤੀ, ਸੁਰੱਖਿਆ, ਸੈਨਾ ਆਪਣੇ ਹੱਥ ਵਿਚ ਰੱਖੇਗਾ ਪਰ 1952 'ਚ ਪਾਕਿਸਤਾਨੀ ਫ਼ੌਜ ਨੇ ਸਾਰੇ ਸਮਝੌਤੇ ਤੋੜ ਕੇ ਬਲੋਚਿਸਤਾਨ ਨੂੰ ਆਪਣਾ ਸੂਬਾ ਬਣਾ ਲਿਆ। ਬਸ, ਇੱਥੋਂ ਹੀ ਬਲੋਚਿਸਤਾਨ ਵਿਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਬਲੋਚ ਲੋਕ ਸ਼ੀਆ ਵੀ ਹਨ ਅਤੇ ਸੁੰਨੀ ਵੀ। ਸੰਸਾਰ ਵਿਚ ਡੇਢ ਕਰੋੜ ਦੇ ਲਗਪਗ ਇਨ੍ਹਾਂ ਦੀ ਗਿਣਤੀ ਮੰਨੀ ਜਾਂਦੀ ਹੈ। ਪਾਕਿਸਤਾਨ 'ਚ ਇਹ ਸਿਰਫ਼ 8 ਪ੍ਰਤੀਸ਼ਤ ਹੀ ਹਨ। ਕੁਦਰਤੀ ਸਾਧਨਾਂ ਪੱਖੋਂ ਅਮੀਰ ਇਹ ਪ੍ਰਾਂਤ ਗ਼ਰੀਬੀ ਦਾ ਸ਼ਿਕਾਰ ਹੈ। ਪਿੰਡਾਂ ਵਿਚ ਸੜਕ ਨਾਂ ਦੀ ਕੋਈ ਚੀਜ਼ ਨਹੀਂ ਹੈ। ਬਲੋਚਾਂ ਦਾ ਸੱਭਿਆਚਾਰ ਵੱਖਰਾ ਹੈ। ਰਹਿਣ-ਸਹਿਣ ਅਤੇ ਰੀਤਾਂ-ਰਸਮਾਂ ਅਲੱਗ ਹਨ। ਉਹ ਆਪਣੇ-ਆਪ ਨੂੰ ਮੁਸਲਿਮ ਸਮਾਜ ਤੋਂ ਵੱਖਰਾ ਮੰਨਦੇ ਹਨ। ਉਹ ਆਪਣੇ ਫ਼ੈਸਲੇ ਖ਼ੁਦ ਕਰਦੇ ਹਨ। ਉਨ੍ਹਾਂ ਨੂੰ ਪਾਕਿਸਤਾਨੀ ਲੋਕਾਂ ਤੋਂ ਸਖ਼ਤ ਨਫ਼ਰਤ ਹੈ। ਉਹ ਹਰ ਹਾਲਤ ਵਿਚ ਪਾਕਿਸਤਾਨ ਤੋਂ ਅਲੱਗ ਹੋਣਾ ਚਾਹੁੰਦੇ ਹਨ। ਦੂਜੇ ਪਾਸੇ ਜੋ ਹਾਲ ਪਾਕਿਸਤਾਨ ਦੀਆਂ ਨਿਰਦਈ ਸਰਕਾਰਾਂ ਨੇ ਜੰਗੇ-ਆਜ਼ਾਦੀ ਦੇ ਮੁਜਾਹਿਦ ਅਬਦੁਲ ਗੱਫਾਰ ਖ਼ਾਂ ਦਾ ਕੀਤਾ ਸੀ, ਉਹੀ ਹਾਲ ਨਵਾਬ ਬੁਗਤੀ ਦਾ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਬਲੋਚਾਂ ਦੇ ਦਰਦ ਨੂੰ ਬਿਆਨ ਕੇ ਦੁਨੀਆ ਭਰ ਦਾ ਧਿਆਨ ਬੇਦਰਦ, ਬੇਰਹਿਮ ਪਾਕਿਸਤਾਨੀ ਫ਼ੌਜ ਵੱਲੋਂ ਬਲੋਚਿਸਤਾਨੀ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮੋ-ਸਿਤਮ ਵੱਲ ਦਿਵਾਇਆ ਹੈ। ਹੁਣ ਗੱਲ ਨਿਕਲੀ ਹੈ ਤਾਂ ਦੂਰ ਤਕ ਜਾਵੇਗੀ।

Posted By: Jagjit Singh