-ਡਾ. ਧਰਮਪਾਲ ਸਾਹਿਲ

ਖ਼ਾਕਸਾਰ ਦੀ ਸਾਇੰਸ ਮਾਸਟਰ ਵਜੋਂ ਪਹਿਲੀ ਨਿਯੁਕਤੀ ਚਾਲੀ ਸਾਲ ਪਹਿਲਾਂ ਕੰਢੀ ਦੇ ਪੱਛੜੇ ਹੋਏ ਪਹਾੜੀ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਚ ਹੋਈ ਸੀ। ਸਕੂਲ ਇਮਾਰਤ ਦੇ ਨਾਂ ’ਤੇ ਟੀਨ ਦੀ ਛੱਤ ਵਾਲੇ ਰੇਲ-ਗੱਡੀ ਦੇ ਡੱਬਿਆਂ ਵਾਂਗ ਲੰਬਾਈ ਵਿਚ ਪੰਜ ਕਮਰੇ ਸਨ। ਕੱਚੀਆਂ ਕੰਧਾਂ ਤੇ ਕੱਚੇ ਫਰਸ਼। ਬਿਨਾਂ ਪੱਲਿਆਂ ਦੀਆਂ ਤਾਕੀਆਂ। ਚੁਗਾਠਾਂ ’ਚ ਬਾਂਸ ਦੀਆਂ ਫੱਟੀਆਂ। ਕਮਰਿਆਂ ਪਿਛਲੀ ਜੰਗਲਨੁਮਾ ਪਹਾੜੀ ’ਚੋਂ ਸੱਪ-ਸਪੋਲੀਏ, ਬਿੱਛੂ, ਕੰਨ ਖਜੂਰੇ, ਨਿਉਲੇ ਜਿਹੇ ਖ਼ਤਰਨਾਕ ਜਾਨਵਰ ਬਿਨਾਂ ਕਿਸੇ ਰੋਕ-ਟੋਕ ਦੇ ਜਮਾਤਾਂ ਅੰਦਰ ਸੈਰ-ਸਪਾਟਾ ਕਰਦੇ ਰਹਿੰਦੇ। ਖੁਰਦਰੇ ਬੋਰਡ ਸਨ ਜਿਨ੍ਹਾਂ ’ਤੇ ਮੁੱਦਤ ਤੋਂ ਕਾਲਾ ਪੇਂਟ ਨਹੀਂ ਸੀ ਕੀਤਾ ਗਿਆ। ਨਾ ਕੋਈ ਚਾਰਦੀਵਾਰੀ ਸੀ, ਨਾ ਕੋਈ ਗੇਟ ਤੇ ਨਾ ਖੇਡਾਂ/ਪ੍ਰਾਰਥਨਾ ਲਈ ਮੈਦਾਨ। ਸਕੂਲ ਵਿਚ ਕੋਈ ਪਖਾਨਾ ਵੀ ਨਹੀਂ ਸੀ। ਸਕੂਲ ਮਗਰਲੀ ਰੱਖ ਦੀਆਂ ਉੱਚੀਆਂ ਝਾੜੀਆਂ ਉਹਲੇ ਹੀ ਜਾਇਆ ਜਾਂਦਾ। ਪਾਣੀ ਲਈ ਰੁੰਬਲ ਦੇ ਪੌਦੇ ਹੇਠਾਂ ਤਿੰਨ-ਚਾਰ ਘੜੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਸਵੇਰੇ ਪਾਰਟ ਟਾਈਮ ਵਾਟਰਮੈਨ ਖੱਡ ਪਾਰਲੇ ਖੂਹ ਤੋਂ ਭਰ ਲਿਆਉਂਦਾ। ਬੱਚੇ ਘਰੋਂ ਆਪਣੇ ਨਾਲ ਲਿਆਂਦੇ ਤੱਪੜਾਂ ਤੋਂ ਬੈਠਕੂ ਦਾ ਕੰਮ ਲੈਂਦੇ। ਇਕ ਸਟੋਰਨੁਮਾ ਕਮਰਾ ਸੀ ਜਿਹੜਾ ਦਰਜਾ ਚਾਰ ਮੁਲਾਜ਼ਮ ਦੀ ਰਿਹਾਇਸ਼ਗਾਹ ਵੀ ਸੀ। ਉਸ ਕਮਰੇ ’ਚੋਂ ਦਿਨ-ਰਾਤ ਧੂਣਾ ਜਿਹਾ ਧੁਖਦਾ ਰਹਿੰਦਾ। ਸਟੋਰ ਨਾਲ ਦਾ ਕਮਰਾ ਸਕੂਲ ਦਾ ਦਫ਼ਤਰ ਸੀ। ਇਕ ਖੂੰਜੇ ’ਚ ਡਿਗੂੰ-ਡਿਗੂੰ ਕਰਦੀ ਇਕ ਲੱਕੜ ਦੀ ਅਲਮਾਰੀ ਦੇ ਟੁੱਟੇ ਹੋਏ ਪੱਲਿਆਂ ’ਚੋਂ ਝਾਕਦੀਆਂ ਸਕੂਲ ਲਾਇਬ੍ਰੇਰੀ ਦੀਆਂ ਕਿਤਾਬਾਂ ਸਨ। ਦਫ਼ਤਰ ਦੇ ਬਾਹਰ ਚੌਂਤੜੇ ’ਤੇ ਚਾਰ-ਪੰਜ ਕੁਰਸੀਆਂ ਵਾਲਾ ਓਪਨ ਏਅਰ ਸਟਾਫ ਰੂਮ ਸੀ। ਕੋਈ ਲੈਬ ਤੇ ਲਾਇਬ੍ਰੇਰੀ ਨਹੀਂ ਸੀ। ਵਰਦੀ ਦੇ ਨਾਂ ’ਤੇ ਬੱਚੇ ਬੇਮੇਲ, ਰੰਗ-ਬਿਰੰਗੇ, ਪਾਟੇ-ਪੁਰਾਣੇ ਕੱਪੜੇ ਪਹਿਨਦੇ। ਕਈਆਂ ਦੇ ਪੈਰਾਂ ਵਿਚ ਮੌਸਮ ਮੁਤਾਬਕ ਚੱਪਲ-ਜੁੱਤੀ ਵੀ ਨਾ ਹੁੰਦੀ। ਸਰਦੀਆਂ ਨੂੰ ਬਰਫ਼ ਦੀ ਸਿੱਲੀ ਤੇ ਗਰਮੀਆਂ ਵਿਚ ਤਪੇ ਹੋਏ ਤੰਦੂਰ ਵਾਂਗ ਤਪੇ ਹੋਏ ਖੱਡ ਦੇ ਪੱਥਰਾਂ ’ਤੇ ਨੰਗੇ ਪੈਰ ਆਉਣ ਵਾਲੇ ਵਿਦਿਆਰਥੀ ਟਪੂਸੀਆਂ ਮਾਰਦੇ ਆਉਂਦੇ-ਜਾਂਦੇ ਤਾਂ ਜੋ ਉਨ੍ਹਾਂ ਦੇ ਨੰਗੇ ਪੈਰ ਠੰਢ ਨਾਲ ਸੁੰਨ ਜਾਂ ਤਾਪ ਨਾਲ ਲੂਹੇ ਨਾ ਜਾਣ। ਥੈਲੇਨੁਮਾ ਬਸਤੇ ਵਿਚ ਨਾ ਪੂਰੀਆਂ ਕਿਤਾਬਾਂ ਹੁੰਦੀਆਂ ਤੇ ਨਾ ਕਾਪੀਆਂ। ਗ਼ਰੀਬੀ ਇੰਨੀ ਕਿ ਸਕੂਲ ਦੀ ਚਾਰ-ਅੱਠ ਆਨੇ ਫੀਸ ਦੇਣੋਂ ਵੀ ਅਸਮਰੱਥ ਹੁੰਦੇ। ਅਕਸਰ ਅਧਿਆਪਕ ਹੀ ਉਨ੍ਹਾਂ ਦੀ ਫੀਸ ਭਰ ਦਿੰਦੇ। ਬੱਚਿਆਂ ਵਾਂਗ ਹੀ ਅਧਿਆਪਕਾਂ ਨੂੰ ਵੀ ਮੀਲਾਂ ਦੂਰੋਂ ਖੱਡਾਂ, ਰੱਖਾਂ, ਚੋਆਂ, ਟਿੱਬਿਆਂ ਨੂੰ ਪੈਦਲ ਗਾਹ ਕੇ ਸਕੂਲ ਪੁੱਜਣਾ ਪੈਂਦਾ।

ਇਨ੍ਹਾਂ ਤੰਗੀਆਂ-ਤੁਰਸ਼ੀਆਂ, ਥੁੜ੍ਹਾਂ, ਔਕੜਾਂ, ਮੁਸ਼ਕਲਾਂ ਦੇ ਬਾਵਜੂਦ ਸਕੂਲ ਦਾ ਸਟਾਫ ਪੂਰਾ ਸੀ। ਅਧਿਆਪਕ ਭਾਵੇਂ ਦਰੱਖਤਾਂ ਹੇਠ ਹੀ ਪੜਾ੍ਹ ਲੈਂਦੇ ਪਰ ਪੜ੍ਹਨ ਤੇ ਪੜ੍ਹਾਉਣ ਵਾਲਿਆਂ ਵਿਚ ਬਰਾਬਰ ਦੀ ਰੁਚੀ ਹੁੰਦੀ। ਸਮੇਂ ਸਿਰ ਸਿਲੇਬਸ ਮੁਕਾ ਕੇ ਪ੍ਰੀਖਿਆ ਦੀ ਤਿਆਰੀ, ਦੁਹਰਾਈ ਮੌਖਿਕ ਤੇ ਲਿਖਤੀ ਟੈਸਟਾਂ ਰਾਹੀਂ ਕਰਵਾਈ ਜਾਂਦੀ। ਇਕ-ਦੂਜੇ ਨਾਲ ਮੁਕਾਬਲੇ ਦੀ ਭਾਵਨਾ ਹੁੰਦੀ ਤੇ ਸਕੂਲ ਦੇ ਨਤੀਜੇ ਅਕਸਰ ਸੌ ਫ਼ੀਸਦੀ ਆਉਂਦੇ। ਖੇਡ ਦਾ ਮੈਦਾਨ ਨਾ ਹੁੰਦਿਆਂ ਹੋਇਆਂ ਵੀ ਬੱਚੇ ਟੂਰਨਾਮੈਂਟਾਂ ਵਿਚ ਭਾਗ ਲੈਂਦੇ ਅਤੇ ਮੱਲਾਂ ਮਾਰਦੇ। ਡਾਕ ਦਾ ਕੰਮ ਨਾਮਾਤਰ ਹੁੰਦਾ। ਡਾਕ ਦਸਤੀ ਮੰਗਵਾਈ ਤੇ ਭੇਜੀ ਜਾਂਦੀ। ਮੁਖੀ ਤੇ ਅਧਿਆਪਕਾਂ ’ਤੇ ਕਿਸੇ ਕਿਸਮ ਦਾ ਮਾਨਸਿਕ ਦਬਾਅ ਤੇ ਤਣਾਅ ਨਾ ਹੁੰਦਾ। ਉਨ੍ਹਾਂ ਦੇ ਸਿਰ ’ਤੇ ਸੌ ਫ਼ੀਸਦੀ ਨਤੀਜਾ ਲਿਆਉਣ ਦੀ ਵਿਭਾਗੀ ਤਲਵਾਰ ਨਾ ਲਮਕਦੀ। ਮਨੋਂ ਹੀ ਮੁਕਾਬਲੇ ਦੀ ਭਾਵਨਾ ਨਾਲ ਵਧੀਆ ਤੋਂ ਵਧੀਆ ਨਤੀਜੇ ਲਿਆਉਣ ਦੀ ਆਪਸੀ ਹੋੜ ਹੁੰਦੀ। ਸ਼ਾਂਤੀ ਵਾਲਾ ਮਾਹੌਲ ਹੁੰਦਾ। ਉਨ੍ਹਾਂ ਤੱਪੜਾਂ ਵਾਲੇ ਸਕੂਲਾਂ ਦੇ ਬੱਚੇ ਫ਼ੌਜ ਤੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਉੱਚੇ ਅਹੁਦਿਆਂ ’ਤੇ ਪੁੱਜਦੇ। ਅਧਿਆਪਕਾਂ ਦਾ ਸਮਾਜ ਵਿਚ ਬਹੁਤ ਮਾਣ-ਸਨਮਾਨ ਸੀ। ਅਧਿਆਪਕਾਂ ਦੀਆਂ ਨਿਯੁਕਤੀਆਂ ਰੁਜ਼ਗਾਰ ਦਫ਼ਤਰ ਰਾਹੀਂ ਨਾਂ ਮੰਗਵਾ ਕੇ ਡੀਈਓ ਪੱਧਰ ’ਤੇ ਆਸਾਨੀ ਨਾਲ ਹੋ ਜਾਂਦੀਆਂ ਸਨ। ਅਸਾਮੀ ਖ਼ਾਲੀ ਹੁੰਦਿਆਂ ਹੀ ਸਕੂਲ ਮੁਖੀ ਨੂੰ ਕੱਚੇ ਤੌਰ ’ਤੇ ਅਧਿਆਪਕ ਭਰਤੀ ਕਰਨ ਦੀ ਪਾਵਰ ਹੁੰਦੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਦੋਂ ਪੰਜਾਬ ਦੀ ਸਿੱਖਿਆ ਦਾ ਸਾਰੇ ਮੁਲਕ ਵਿਚ ਡੰਕਾ ਵੱਜਦਾ ਸੀ।

ਹੁਣ ਪੰਜਾਬ ਦੇ ਲਗਪਗ ਸਾਰੇ ਹੀ ਸਰਕਾਰੀ ਸਕੂਲ ਸਮਾਰਟ ਸਕੂਲ ਬਣਾ ਦਿੱਤੇ ਗਏ ਹਨ। ਕਿਸੇ ਵੀ ਪਿੰਡ ’ਚੋਂ ਲੰਘਦਿਆਂ ਦੂਰੋਂ ਹੀ ਚਮਕਦੇ-ਲਿਸ਼ਕਦੇ ਸ਼ੋਖ ਰੰਗਾਂ ਵਾਲੇ, ਸੁੰਦਰ ਤੇ ਆਕਰਸ਼ਕ ਚਾਰਦੀਵਾਰੀ ਤੇ ਗੇਟਾਂ ਵਾਲੇ ਇਹ ਸਕੂਲ ਕਿਸੇ ਬਣੀ-ਫੱਬੀ ਪੇਂਡੂ ਔਰਤ ਵਾਂਗ ਬਦੋਬਦੀ ਧਿਆਨ ਖਿੱਚ ਲੈਂਦੇ ਹਨ। ਨਵੀਆਂ-ਪੁਰਾਣੀਆਂ ਕੰਧਾਂ ’ਤੇ ਚੋਪੜੇ ਗਏ ਤਿੱਖੇ ਰੰਗਾਂ ਵਾਲੇ ਪੇਂਟ, ਵੰਨ-ਸੁਵੰਨੀਆਂ ਤਸਵੀਰਾਂ ਵਾਲੀਆਂ ਦੀਵਾਰਾਂ, ਕੁਝ ਸਮਾਰਟ ਜਮਾਤਾਂ, ਲਾਇਬ੍ਰੇਰੀ, ਲੈਬਜ਼, ਐਜੂਸੈੱਟ-ਕੰਪਿਊਟਰ ਰੂਮ, ਮਿਡ ਡੇ ਮੀਲ ਸ਼ੈੱਡਾਂ, ਲੜਕੇ-ਲੜਕੀਆਂ, ਅਧਿਆਪਕਾਂ ਲਈ ਵੱਖੋ-ਵੱਖਰੇ ਸਾਫ਼-ਸੁਥਰੇ ਪਖਾਨੇ ਹਨ। ਪਾਣੀ ਦੀਆਂ ਟੈਂਕੀਆਂ ਤੇ ਟੂਟੀਆਂ, ਹਰੇ-ਭਰੇ ਪਾਰਕ ਹਨ ਅਤੇ ਜਮਾਤਾਂ ’ਚ ਪੂਰਾ ਫਰਨੀਚਰ ਹੈ। ਵਿਦਿਆਰਥੀਆਂ ਨੂੰ ਮੁਫ਼ਤ ਵਰਦੀ, ਮੁਫ਼ਤ ਕਿਤਾਬਾਂ, ਮੁਫ਼ਤ ਸਾਈਕਲ, ਮੁਫ਼ਤ ਦੁਪਹਿਰ ਦਾ ਖਾਣਾ, ਮੁਫ਼ਤ ਦੇ ਟੂਰ, ਮੁਫ਼ਤ ਓਵਰਟਾਈਮ, ਕੁੜੀਆਂ ਨੂੰ ਮੁਫ਼ਤ ਸਿੱਖਿਆ, ਵਜ਼ੀਫ਼ੇ ਤੇ ਹੋਰ ਪਤਾ ਨਹੀਂ ਕੀ-ਕੀ ਮੁਫ਼ਤ ਹੈ। ਇਨ੍ਹਾਂ ਸਕੂਲਾਂ ਵਿਚ ਅਧਿਆਪਕ ਤੇ ਬੱਚੇ ਰੋਬੋਟ ਵਾਂਗ ਵਿਚਰਦੇ ਹਨ। ਸਵੇਰ ਦੀ ਸਭਾ ਤੋਂ ਲੈ ਕੇ ਛੁੱਟੀ ਹੋਣ ਤਕ ਹੈੱਡ ਆਫਿਸ ਤੋਂ ਜਾਰੀ ਮਿੰਟ ਟੂ ਮਿੰਟ ਪ੍ਰੋਗਰਾਮ ਮੁਤਾਬਕ ਮਕੈਨੀਕਲ ਜਿਹਾ ਮਾਹੌਲ ਹੁੰਦਾ ਹੈ। ਡੀਆਰਪੀ, ਸੁਧਾਰ ਟੀਮਾਂ ਤੇ ਸਿੱਖਿਆ ਸਕੱਤਰ ਦੇ ਗੁਰਿੱਲਾਮਾਰ ਛਾਪੇ ਪੈਂਦੇ ਰਹਿੰਦੇ ਹਨ। ਹਰ ਸਮੇਂ ਡਾਕ ਦੀ ਮਾਰੋ- ਮਾਰ ਰਹਿੰਦੀ ਹੈ। ਸਕੂਲ ਦਾ ਸੌ ਫ਼ੀਸਦੀ ਨਤੀਜਾ ਹਰ ਹਾਲ ਵਿਚ ਲਿਆਉਣ ਦਾ ਡੰਡਾ ਚੜਿ੍ਹਆ ਰਹਿੰਦਾ ਹੈ। ਨਾ ਆਉਣ ’ਤੇ ਪੁੱਛਗਿੱਛ, ਫਟਕਾਰ, ਤਾੜਨਾ, ਬੇਇੱਜ਼ਤੀ ਹੁੰਦੀ ਹੈ। ਮੁਖੀ ਤੇ ਅਧਿਆਪਕ ਤੋਂ ਪੜ੍ਹਵਾਉਣ ਤੋਂ ਇਲਾਵਾ ਇਕ ਡਾਕੀਏ, ਕਲਰਕ, ਠੇਕੇਦਾਰ, ਕੁੱਕ, ਸਰਵੇਅਰ, ਨਸ਼ੇ ਛੁਡਾਉਣ ਵਾਲੇ, ਚੋਣਕਾਰ, ਗਣਨਾਕਾਰ, ਦਾਨ ਮੰਗਣ ਵਾਲੇ ਮੰਗਤੇ ਵਰਗੇ ਕੰਮ ਕਰਵਾਏ ਜਾਂਦੇ ਹਨ। ਇਨ੍ਹਾਂ ਸਮਾਰਟ ਸਕੂਲਾਂ ਵਿਚ ਹੁਣ ਸਭ ਕੁਝ ਹੈ ਪਰ ਕੁਝ ਸ਼ਹਿਰੀ ਸਕੂਲਾਂ ਨੂੰ ਛੱਡ ਕੇ ਅਧਿਆਪਕਾਂ ਦੀ ਵੱਡੇ ਪੱਧਰ ’ਤੇ ਘਾਟ ਹੈ। ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਨਿੱਤ ਪੁÇੁਲਸ ਦੀਆਂ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਸਹਾਰ ਰਹੇ ਹਨ। ਟੈਂਕੀਆਂ ’ਤੇ ਚੜ੍ਹ ਰਹੇ ਹਨ, ਨਹਿਰਾਂ ’ਚ ਛਾਲਾਂ ਮਾਰ ਰਹੇ ਹਨ। ਕੀ ਸਮਾਰਟ ਜਮਾਤਾਂ ਵਿਚ ਕੰਧਾਂ ਪੜ੍ਹਾਉਣਗੀਆਂ? ਕੰਪਿਊਟਰ, ਐਜੂਸੈੱਟ, ਪ੍ਰੋਜੈਕਟਰ, ਲੈਬਜ਼ ਆਪਣੇ-ਆਪ ਕੰਮ ਕਰਨਗੀਆਂ? ਕਿੰਨੇ ਹੀ ਸਕੂਲ ਦਰਜਾ ਚਾਰ ਤੋਂ ਵਾਂਝੇ ਸਕੂਲ ਮੁਖੀ ਲਈ ਭਿਆਨਕ ਸਿਰਦਰਦੀ ਬਣੇ ਹੋਏ ਹਨ।

ਸੰਨ 2020-21 ਵਿਚ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਪੰਜਾਬ ਦਾ ਪਹਿਲਾ ਨੰਬਰ ਆਉਣ ਦਾ ਪ੍ਰਚਾਰ ਬਹੁਤ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਬਹੁਤ ਖ਼ੁਸ਼ੀ ਦੀ ਗੱਲ ਹੈ ਅਤੇ ਸਰਕਾਰ ਵਧਾਈ ਦੀ ਹੱਕਦਾਰ ਵੀ ਹੈ ਪਰ ਇਹ ਯੁਧਿਸ਼ਟਰ ਵਾਂਗ ਬੋਲਿਆ ਜਾ ਰਿਹਾ ਅਧੂਰਾ ਸੱਚ ਹੈ। ਬਿਨਾਂ ਸ਼ੱਕ ਸਾਡੇ ਸਮਾਰਟ ਸਕੂਲ ਇਨਫਰਾਸਟ੍ਰਕਚਰ ਮੁਕਾਬਲੇ ਵਿਚ ਪਹਿਲੀ ਥਾਂ ਹਾਸਲ ਕਰ ਗਏ ਹਨ ਪਰ ਸਿੱਖਿਆ ਦੇ ਮਿਆਰ ਵਿਚ ਅਸੀਂ ਮੁਲਕ ਭਰ ਵਿਚ 27ਵੇਂ ਸਥਾਨ ’ਤੇ ਹਾਂ, ਬਿਹਾਰ ਤੋਂ ਵੀ ਪਿੱਛੇ। ਜੇ ਇਹ ਸੱਚ ਹੈ ਤਾਂ ਇਹ ਤੱਥ ਆਮ ਲੋਕਾਂ ਤੋਂ ਲੁਕਾਇਆ ਕਿਉਂ ਜਾ ਰਿਹਾ ਹੈ? ਖ਼ਾਕਸਾਰ ਜਿਸ ਸਕੂਲ ਤੋਂ ਤਿੰਨ ਸਾਲ ਪਹਿਲਾਂ ਪਿ੍ਰੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ, ਉੱੱਥੇ ਪ੍ਰਿੰਸੀਪਲ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਸਾਮੀਆਂ ਅਜੇ ਵੀ ਖ਼ਾਲੀ ਪਈਆਂ ਹਨ। ਸਮਾਰਟ ਸਕੂਲਾਂ ਦੇ ਨਾਂ ’ਤੇ ਪਾਠਸ਼ਾਲਾ ਨੂੰ ਰੰਗਸ਼ਾਲਾ ਵਿਚ ਬਦਲ ਕੇ ਸਿਆਸੀ ਲਾਹਾ ਲੈਣ ਦਾ ਇਹ ਉਪਰਾਲਾ ਇਕ ਦਿਨ ਸੋਨੇ ਦੇ ਪਾਣੀ ਵਾਂਗ ਲੱਥ ਜਾਵੇਗਾ ਤੇ ਇਨ੍ਹਾਂ ਸਮਾਰਟ ਸਕੂਲਾਂ ਦਾ ਕੱਚ-ਸੱਚ ਗਿਲਟ ਵਾਂਗ ਸਾਹਮਣੇ ਆ ਜਾਵੇਗਾ।

-ਮੋਬਾਈਲ : 98761-56964

Posted By: Jatinder Singh