ਕੁਲਦੀਪ ਸਿੰਘ ਸਰਾਂ।

ਜ਼ਹਿਰੀਲੀ ਸ਼ਰਾਬ ਕਾਰਨ ਘਰਾਂ 'ਚ ਵਿਛੇ ਸੱਥਰਾਂ ਨੇ ਸਰਕਾਰ ਹਿਲਾ ਦਿੱਤੀ ਹੈ। ਚੁਫੇਰਿਓਂ ਉਸ ਦੀ ਨਿੰਦਾ ਹੋ ਰਹੀ ਹੈ। ਕੋਈ ਵੇਲਾ ਸੀ ਜਦੋਂ ਤਕੜੇ ਜੁੱਸੇ ਵਾਲੇ ਗੱਭਰੂਆਂ ਕਾਰਨ ਪੰਜਾਬ ਜਾਣਿਆ ਜਾਂਦਾ ਸੀ ਪਰ ਹੁਣ ਨਸ਼ਿਆਂ ਦੀ ਹਨੇਰੀ ਨੇ ਉਸ ਨੂੰ ਬਦਨਾਮ ਕਰ ਦਿੱਤਾ ਹੈ। ਕੋਈ ਜਦੋਂ ਪੰਜਾਬ ਨੂੰ ਮਾੜਾ ਕਹਿੰਦਾ ਹੈ ਤਾਂ ਮਨ ਨੂੰ ਦੁੱਖ ਹੁੰਦਾ ਹੈ। ਸਾਡਾ ਵੀ ਇਸ ਨੂੰ ਮੰਦਾ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਹੈ ਇਹ ਕੌੜਾ ਸੱਚ ਜੋ ਕਹਿਣਾ/ਸੁਣਨਾ ਪੈਂਦਾ ਹੈ।

ਸ਼ਰਾਬ ਵਾਲੇ ਮਾਮਲੇ ਨੇ ਮੇਰੇ ਚੇਤਿਆਂ 'ਚ ਉਹ ਗੱਲ ਮੁੜ ਹਰੀ ਕਰ ਦਿੱਤੀ ਜੋ ਮੇਰੇ ਸੀਨੀਅਰ ਪ੍ਰੋਫੈਸਰ ਤੇ ਬਿਹਾਰੀ ਮਿੱਤਰ ਨੇ ਇਕ ਦਿਨ ਨਸ਼ਿਆਂ ਦੇ ਮਾਮਲੇ ਬਾਰੇ ਕਹੀ ਸੀ। ਹਕੀਕਤ ਇਹ ਵੀ ਹੈ ਕਿ ਜਦੋਂ ਕੋਈ ਪਾਰਟੀ ਵਿਰੋਧੀ ਧਿਰ ਵਿਚ ਹੁੰਦੀ ਹੈ ਤਾਂ ਨਸ਼ਿਆਂ ਨੂੰ ਵੱਡਾ ਮੁੱਦਾ ਬਣਾਉਂਦੀ ਹੈ ਪਰ ਜਦੋਂ ਆਪ ਸੱਤਾ 'ਚ ਆਉਂਦੀ ਹੈ ਤਾਂ ਨਸ਼ਿਆਂ ਦਾ ਮਾਮਲਾ ਭੁੱਲ ਜਾਂਦੀ ਹੈ। ਇਹ ਮਸਲਾ ਸਿਰਫ਼ ਰਾਜਨੀਤਕ ਹੋ ਨਿੱਬੜਦਾ ਹੈ ਜਦੋਂਕਿ ਇਹ ਵੱਡਾ ਸਮਾਜਿਕ ਸਰੋਕਾਰ ਹੈ। ਫਿਰ ਵੀ ਉਸ 'ਤੇ ਸੰਜੀਦਗੀ ਨਾਲ ਚਰਚਾ ਨਹੀਂ ਹੁੰਦੀ। ਮੈਂ ਉਕਤ ਪ੍ਰੋਫੈਸਰ ਨੂੰ ਅਖ਼ਬਾਰਾਂ ਦਿਖਾਈਆਂ ਜਿਨ੍ਹਾਂ 'ਚ ਨਸ਼ੇ ਦੀ ਓਵਰਡੋਜ਼ ਕਾਰਨ ਹਰ ਰੋਜ਼ ਕਈ ਮੁੰਡਿਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਨ। ਇਹ ਵਰਤਾਰਾ ਅਜੇ ਵੀ ਜਾਰੀ ਹੈ।

ਇਹ ਮੌਤ ਦੀਆਂ ਖ਼ਬਰਾਂ ਪੰਜਾਬ ਦੇ ਕਿਸੇ ਇਕ ਕੋਨੇ ਦੀਆਂ ਨਹੀਂ ਬਲਕਿ ਪੰਜਾਬ ਦੇ ਹਰੇਕ ਇਲਾਕੇ 'ਚੋਂ ਆ ਰਹੀਆਂ ਹਨ। ਮੇਰੀ ਗੱਲ 'ਚੋਂ ਹੀ ਕੱਟਦੇ ਹੋਏ ਪ੍ਰੋਫੈਸਰ ਸਾਹਿਬ ਨੇ ਕਿਹਾ “ਹਮਾਰਾ ਬਿਹਾਰ ਇਸ ਲਾਹਨਤ ਸੇ ਬਹੁਤ ਪੀਛੇ ਹੈ। ਨਿਤੀਸ਼ ਜੀ ਨੇ ਤੋ ਸ਼ਰਾਬ ਕੋ ਬੰਦ ਹੀ ਕਰ ਦੀਆ ਹੈ। ਪਰ ਆਪਕਾ ਪੰਜਾਬ ਤੋ 'ਗੁਰੂਓਂ ਕੀ ਧਰਤੀ' ਹੈ। ਹਮਾਰੀ ਸਰਕਾਰ ਸ਼ਰਾਬੀਓਂ ਕੋ ਜੇਲ੍ਹ ਮੇ ਡਾਲ ਦੇਤੀ ਹੈ ਔਰ ਆਪ ਕੇ ਪੰਜਾਬ ਮੇ ਹਮ ਨੇ ਏਕ ਵਿਵਾਹ ਦੇਖਾ (ਮੈਂ ਵੀ ਉਸ ਵਿਆਹ ਵਿਚ ਉਨ੍ਹਾਂ ਦੇ ਨਾਲ ਸੀ)। ਵਹਾਂ ਤੋ ਹਰ ਮੇਜ਼ ਪਰ ਬੋਤਲੇਂ ਖੁਲੀ ਹੁਈ ਥੀਂ ਔਰ ਲੋਗ ਅਪਨੇ ਬੱਚੋਂ ਕੇ ਸਾਮਨੇ ਹੀ ਪੈੱਗ ਪੀ ਰਹੇ ਥੇ। ਬਿਹਾਰ ਮੇਂ ਤੋ ਸ਼ਾਦੀ ਮੇ ਲੁਕ-ਛਿਪ ਕਰ ਪੀ ਜਾਤੀ ਹੈ।'' ਸ਼ਰਾਬ ਤਾਂ ਪੰਜਾਬ ਦੀ ਖ਼ੁਰਾਕ ਬਣ ਚੁੱਕੀ ਹੈ।

ਮੇਰੇ ਪਿੰਡ ਦੀਆਂ ਵੋਟਾਂ 1000 ਹਜ਼ਾਰ ਕੁ ਹਨ ਪਰ 15000 ਦੀ ਸ਼ਰਾਬ ਲੋਕ ਹਰ ਸ਼ਾਮ ਪੀ ਜਾਂਦੇ ਹਨ। ਬਾਕੀ ਗ਼ੈਰ-ਕਾਨੂੰਨੀ ਸ਼ਰਾਬ ਦਾ ਤਾਂ ਕੋਈ ਹਿਸਾਬ ਹੀ ਨਹੀਂ। ਹੋਰ ਨਸ਼ੇ ਵੀ ਪੰਜਾਬ ਨਾਲੋ ਬਿਹਾਰ ਵਿੱਚ ਨਾਮਾਤਰ ਹੀ ਹਨ । ਦੂਜੀ ਗੱਲ ਜੋ ਮੈਂ ਉਨ੍ਹਾਂ ਦੀਆਂ ਗੱਲਾਂ ਤੋ ਸਮਝੀ ਕਿ 100 ਫ਼ੀਸਦੀ ਨਸ਼ਾ ਖ਼ਤਮ ਕਰਨਾ ਮੁਸ਼ਕਲ ਹੈ ਪਰ ਰਾਜਨੀਤਕ ਇੱਛਾ ਸ਼ਕਤੀ ਤੇ ਵਧੀਆ ਪੁਲਿਸ ਪ੍ਰਬੰਧ ਇਸ ਨੂੰ ਬਹੁਤ ਹੱਦ ਤਕ ਰੋਕ ਸਕਦੇ ਹਨ ਕਿਉਂਕਿ ਬਿਹਾਰ ਦੇ ਪੇਂਡੂ ਖੇਤਰ ਜੋ ਸਾਡੇ ਪਿੰਡਾਂ ਜਿੰਨੇ ਵਿਕਸਤ ਨਹੀਂ ਹਨ ਪਰ ਸਰਕਾਰ ਦੀ ਇੱਛਾ-ਸ਼ਕਤੀ ਨੇ ਸ਼ਰਾਬ ਨੂੰ ਨੱਥ ਪਾ ਕੇ ਰੱਖੀ ਹੋਈ ਹੈ।

ਫਿਰ ਅਸੀਂ ਦੋਵੇਂ ਇਸ ਗੱਲ 'ਤੇ ਸਹਿਮਤ ਹੋਏ ਕਿ ਨਸ਼ੇ ਨੂੰ ਰਾਜਨੀਤਕ ਮੁੱਦੇ ਦੇ ਨਾਲ-ਨਾਲ ਸਮਾਜਿਕ ਮੁੱਦਾ ਵੀ ਸਮਝਿਆ ਜਾਵੇ। ਸੱਚਾਈ ਇਹ ਹੈ ਕਿ ਪੰਜਾਬੀ ਸਮਾਜ ਗੁਰੂਆਂ ਦੀ ਕਰਮ ਭੂਮੀ ਦੇ ਬਾਵਜੂਦ ਨਸ਼ਿਆਂ ਦੇ ਦਰਿਆ 'ਚ ਡੁੱਬ ਰਿਹਾ ਹੈ।

ਸੰਪਰਕ : 94174-61994

Posted By: Sunil Thapa