ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਲਈ ਫਿਰ ਤੋਂ ਖ਼ਤਰਨਾਕ ਮਨਸੂਬੇ ਘੜੇ ਜਾ ਰਹੇ ਹਨ। ਤਲਵਾਰਾਂ ਸੂਤੀਆਂ ਵੇਖ ਕੇ ਉਨ੍ਹਾਂ ਲੋਕਾਂ ਦੇ ਸਾਹ ਸੂਤੇ ਜਾ ਰਹੇ ਹਨ ਜਿਨ੍ਹਾਂ ਨੇ ਅੱਸੀਵਿਆਂ ਵਿਚ ਅੱਤਵਾਦ ਆਪਣੇ ਪਿੰਡਿਆਂ ’ਤੇ ਹੰਢਾਇਆ ਸੀ। ਇਸ ਕਾਲੇ ਦੌਰ ਵਿਚ ਘਰ ਦੇ ਹੀ ਚਿਰਾਗਾਂ ਨੇ ਆਪਣੇ ਹੱਸਦੇ-ਵੱਸਦੇ ਘਰਾਂ ਨੂੰ ਅਗਨਿ-ਭੇਟ ਕੀਤਾ ਸੀ। ਇਸ ਦਾ ਹਾਸਲ ਸਰਕਾਰੀ ਅੱਤਵਾਦ ਸੀ। ਪੁਲਿਸ ਘਰਾਂ ਦੀਆਂ ਚੁਗਾਠਾਂ ਤਕ ਪੁੱਟ ਕੇ ਲੈ ਗਈ ਅਤੇ ਚੁੱਲ੍ਹਿਆਂ ’ਤੇ ਘਾਹ ਉੱਗ ਆਇਆ ਸੀ। ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਦੀਆਂ ਨਾਪਾਕ ਸਾਜ਼ਿਸ਼ਾਂ ਨੇ ਚੜ੍ਹਦੇ ਪੰਜਾਬ ਵਿਚ ਗੜਬੜ ਫੈਲਾਉਣ ਲਈ ਹਰ ਸੰਭਵ ਇਮਦਾਦ ਦਿੱਤੀ। ‘ਸਾਕਾ ਨੀਲਾ ਤਾਰਾ’ ਤੋਂ ਬਾਅਦ ਵਾਹਗਾ ਟੱਪਣ ਵਾਲੇ ਨੌਜਵਾਨਾਂ ਦੀ ਖ਼ੂਬ ਮਹਿਮਾਨ ਨਿਵਾਜ਼ੀ ਕਰ ਕੇ ਉਨ੍ਹਾਂ ਨੂੰ ਸਵੈ-ਚਾਲਕ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਗਈ। ਸਮੇਂ ਦੀ ਹਕੂਮਤ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਅਸਫਲ ਰਹੀ ਤੇ ਅੱਤਵਾਦ ਦੀ ਅੱਗ ਨੇ ਹਰ ਕਿਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਉਸ ਸਮੇਂ ਦੀ ਸਿੱਖ ਲੀਡਰਸ਼ਿਪ ਵੀ ਸਮੇਂ ਦੀ ਨਬਜ਼ ਪਛਾਣ ਨਾ ਸਕੀ। ਉਨ੍ਹਾਂ ਦੀ ਸਾਜ਼ਿਸ਼ੀ ਚੁੱਪ ਨੇ ਸੇਕ ਮੱਠਾ ਨਾ ਹੋਣ ਦਿੱਤਾ। ਉਨ੍ਹਾਂ ਨੇ ਕੰਧ ’ਤੇ ਲਿਖੀ ਇਬਾਰਤ ਨੂੰ ਪੜ੍ਹਨ ਦੀ ਬਜਾਏ ਕਬੂਤਰ ਵਾਂਗ ਅੱਖਾਂ ਮੀਟਣੀਆਂ ਬਿਹਤਰ ਸਮਝਿਆ। ਅੱਤਵਾਦ ਦੇ ਸੇਕ ਤੋਂ ਬਚਾਉਣ ਲਈ ਆਲ੍ਹਾ ਨੇਤਾਵਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਦਿੱਤਾ। ਆਮ ਲੋਕਾਂ ਦੇ ਬੱਚਿਆਂ ਦਾ ‘ਵਿਦੇਸ਼’ ਇੰਟੈਰੋਗੇਸ਼ਨ ਸੈਂਟਰ ਬਣ ਗਿਆ। ਇਨ੍ਹਾਂ ਤਸੀਹਾ ਕੇਂਦਰਾਂ ਵਿਚ ਪੁੱਠੇ ਲਟਕਾਏ ਗਏ ਨੌਜਵਾਨ ਹੁਣ ਬਿਰਧ ਅਵਸਥਾ ਵਿਚ ਹਨ। ਉਨ੍ਹਾਂ ਨੂੰ ਜਾ ਕੇ ਪੁੱਛੋ ਅੱਤਵਾਦ ਦਾ ਹਾਸਲ ਕੀ ਹੁੰਦਾ ਹੈ! ਮੋਏ ਪੁੱਤਾਂ ਨੂੰ ਯਾਦ ਕਰ ਕੇ ਕੀਰਨੇ ਪਾਉਂਦੀਆਂ ਮਾਵਾਂ ਦੱਸ ਸਕਦੀਆਂ ਹਨ ਕਿ ‘ਕਾਲੇ ਦੌਰ’ ਨੇ ਕਿਵੇਂ ਉਨ੍ਹਾਂ ਕੋਲੋਂ ਬੁਢਾਪੇ ਦੀਆਂ ਡੰਗੋਰੀਆਂ ਖੋਹ ਲਈਆਂ ਸਨ। ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਸਜਾਉਣ ਵਾਲੀਆਂ ਪੀੜਤ ਭੈਣਾਂ ਦਾ ਹਾਲ ਪੁੱਛੋ ਜਿਨ੍ਹਾਂ ਦੇ ਵੀਰ ਘਰੋਂ ਗਏ ਪਰ ਮੁੜ ਕੇ ਵਾਪਸ ਨਹੀਂ ਆਏ। ਸਮੇਂ ਦੀ ਸਿੱਖ ਲੀਡਰਸ਼ਿਪ ਇਸ ਲੋਕ ਸਿਆਣਪ ਤੋਂ ਅਵੇਸਲੀ ਰਹੀ ਕਿ ਲੰਬੀਆਂ ਲੜਾਈਆਂ ਜਿੱਤਣ ਲਈ ਜੋਸ਼ ਨਾਲੋਂ ਹੋਸ਼ ਦੀ ਵੱਧ ਲੋੜ ਹੁੰਦੀ ਹੈ। ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਹੌਸਲਾ ਦਿਖਾਉਣ ਵਾਲਿਆਂ ਨੂੰ ਇਤਿਹਾਸ ਹਮੇਸ਼ਾ ਯਾਦ ਰੱਖਦਾ ਹੈ। ਉਨ੍ਹਾਂ ਦੀ ਜੁਰੱਅਤ ਨੂੰ ਸਦਾ ਸਲਾਮ ਕੀਤੀ ਜਾਂਦੀ ਹੈ। ਸਵਾਰਥ ਨੂੰ ਸਨਮੁੱਖ ਰੱਖਦਿਆਂ ਮੌਨ ਧਾਰਨ ਵਾਲੇ ‘ਰਹਿਬਰਾਂ’ ਨੂੰ ਤਵਾਰੀਖ਼ ਕਦੇ ਮਾਫ਼ ਨਹੀਂ ਕਰਦੀ ਜੋ ਆਪਣੀ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਅੱਗੇ ਨਹੀਂ ਆਉਂਦੇ। ਸਿਆਣਿਆਂ ਦਾ ਕਥਨ ਹੈ ਕਿ ਤੱਤੇ ਨਾਅਰਿਆਂ ਨਾਲ ਸਮੁੰਦਰ ਦਾ ਪਾਣੀ ਵੀ ਉਬਲਣ ਲੱਗ ਪੈਂਦਾ ਹੈ। ਤੱਤੇ ਨਾਅਰੇ ਲਾਉਣ ਵਾਲੇ ਦਰਅਸਲ ਆਪਣੀ ਹੀ ਕੌਮ ਲਈ ਬਾਰੂਦ ਬਣ ਜਾਂਦੇ ਹਨ। ਵਿਦੇਸ਼ਾਂ ਵਿਚ ਮੌਜਾਂ ਮਾਣ ਰਹੇ ਕਈ ਲੋਕ ਆਪਣੀ ਕੌਮ ਨੂੰ ਭੜਕਾਉਣ ਅਤੇ ਆਪਣੀਆਂ ਹਕੂਮਤਾਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਉਠਾਉਣ ਲਈ ਉਕਸਾਉਂਦੇ ਹਨ। ਪਾਕਿਸਤਾਨ ਦਾ ਖ਼ੁਫ਼ੀਆਤੰਤਰ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰਦਾ ਹੈ। ਭਾਂਬੜ ਮਚਾਉਣ ਲਈ ਤੀਲੀ ਨਹੀਂ ਡਾਲਰਾਂ ਦੀ ਚਿਲਕੋਰ ਕਾਫ਼ੀ ਹੁੰਦੀ ਹੈ। ਬੇਰੁਜ਼ਗਾਰੀ ਦੇ ਥਪੇੜੇ ਖਾ ਰਹੇ ਨੌਜਵਾਨ, ਜਿਨ੍ਹਾਂ ਦੇ ਘਰਾਂ ’ਚ ਗ਼ੁਰਬਤ ਕਾਰਨ ਭੰਗ ਭੁੱਜਦੀ ਹੈ, ਲੋਭ ਵਿਚ ਆ ਕੇ ਉਹ ਕਾਰਾ ਕਰ ਬਹਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਸਾਰਾ ਪਰਿਵਾਰ ਪਛਤਾਵੇ ਵਿਚ ਝੁਲਸਦਾ ਰਹਿੰਦਾ ਹੈ। ਕਾਲੇ ਦੌਰ ਵਿਚ ਹੰਢਾਏ ਘੋਰ ਸੰਤਾਪ ’ਤੇ ਚਿੰਤਨ ਕਰਨ ਲਈ ਸਿਰ ਜੋੜਨ ਦੀ ਲੋੜ ਹੈ। ਕਾਲੇ ਦੌਰ ਦਾ ਹਾਸਲ ਤਾਂ ਕਾਲੀਆਂ ਬਿੱਲੀਆਂ ਅਤੇ ਕਾਲੀਆਂ ਸੂਚੀਆਂ ਹੀ ਸਨ। ਪੁਲਿਸ ਦੀਆਂ ਕਾਲੀਆਂ ਬਿੱਲੀਆਂ ਨੇ ਨਿਰਦੋਸ਼ਾਂ ਦਾ ਕਿੰਨਾ ਖ਼ੂਨ ਡੋਲ੍ਹਿਆ ਹੋਣੈ, ਇਸ ਦਾ ਅੰਦਾਜ਼ਾ ਲਾਉਣਾ ਬੇਹੱਦ ਮੁਸ਼ਕਲ ਹੈ। ਕਾਲੀ ਸੂਚੀ ਨੂੰ ਖ਼ਤਮ ਕਰਵਾਉਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਅੱਜ ਵੀ ਕਈ ਨੌਜਵਾਨ ਆਪਣੀਆਂ ਸਜ਼ਾਵਾਂ ਭੋਗਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਹਨ। ਆਪਣੀਆਂ ਵਾਜਿਬ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਵਿੱਢਿਆ ਗਿਆ ਸੀ। ਮੋਰਚੇ ਲੱਗੇ ਸਨ। ਇਸ ਪਿੱਛੋਂ ਪੁਲਿਸ ਦਾ ਦਮਨ-ਚੱਕਰ ਚੱਲਿਆ ਸੀ। ਫ਼ੌਜੀ ਐਕਸ਼ਨ, ਸਿੱਖ ਵਿਰੋਧੀ ਦੰਗਿਆਂ ਨੇ ਸਮੇਂ ਦੀ ਕੇਂਦਰੀ ਹਕੂਮਤ ਦੇ ਚਿਹਰੇ ਤੋਂ ਸੈਕੂਲਰਿਜ਼ਮ ਦਾ ਨਕਾਬ ਉਤਾਰਿਆ ਸੀ। ਜਮਹੂਰੀਅਤ ਦਾ ਭਾਂਡਾ ਚੁਰਾਹੇ ਭੰਨਿਆ ਗਿਆ ਸੀ। ਕੌਮ ਨੇ ਲੰਬਾ ਸਮਾਂ ਬੇਗਾਨਗੀ ਦਾ ਸੰਤਾਪ ਹੰਢਾਇਆ ਸੀ। ਕੌਮ ਨੇ ਕਾਲੇ ਦੌਰ ਦੌਰਾਨ ਕੀ ਖੱਟਿਆ ਤੇ ਕੀ ਗੁਆਇਆ, ਦਾ ਮੁਲਾਂਕਣ ਕਰਨ ਦਾ ਸਮਾਂ ਹੈ ਹੁਣ। ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਤੇ ਪੰਜਾਬੀਆਂ ਨੂੰ ਫਿਰ ਪਛਤਾਉਣਾ ਪਵੇਗਾ। ਪੁਲਾਂ ਹੇਠੋਂ ਲੰਘ ਗਏ ਪਾਣੀ ਅਤੇ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਰਾਤ ਦੇ ਹਨੇਰੇ ਵਿਚ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੀ ਵਿਧਾਨ ਸਭਾ ਦੀਆਂ ਕੰਧਾਂ ’ਤੇ ‘ਖ਼ਾਲਿਸਤਾਨ’ ਲਿਖਣ ਨਾਲ ਕੋਈ ਵੱਖਰਾ ਦੇਸ਼ ਬਣਨ ਵਾਲਾ ਨਹੀਂ ਹੈ। ਗ਼ਰੀਬ ਘਰਾਂ ਦੇ ਬੱਚੇ ਡਾਲਰਾਂ ਦੇ ਲਾਲਚ ਵਿਚ ਅਜਿਹਾ ਕਾਰਾ ਕਰ ਬਹਿੰਦੇ ਹਨ ਜਿਸ ਨਾਲ ਉਹ ਮੰਝਧਾਰ ਵਿਚ ਬੁਰੀ ਤਰ੍ਹਾਂ ਫਸ ਜਾਂਦੇ ਹਨ। ਹਿਮਾਚਲ ਦੇ ਮੁੱਖ ਮੰਤਰੀ ਅਤੇ ਹੋਰਨਾਂ ਨੂੰ ਧਮਕੀਆਂ ਦੇਣ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਕਿ ਉੱਥੇ ਰਹਿ ਰਹੇ ਘੱਟ-ਗਿਣਤੀ ਸਿੱਖਾਂ ਲਈ ਇਹ ਵੱਡੀ ਬਿਪਤਾ ਦਾ ਸਬੱਬ ਬਣ ਸਕਦੀਆਂ ਹਨ। ਖ਼ੁਦ ਨੂੰ ਕੌਮ ਦੇ ਰਹਿਬਰ ਸਮਝਣ ਵਾਲਿਆਂ ਦੀ ਨਪੀ-ਤੁਲੀ ਚੁੱਪ ਭਾਈਚਾਰੇ ਲਈ ਘਾਤਕ ਸਿੱਧ ਹੋ ਸਕਦੀ ਹੈ। ਸ਼ਰਾਰਤ ਕਰ ਕੇ ਹਰਾਰਤ ਪੈਦਾ ਕਰਨ ਵਾਲਿਆਂ ਨੂੰ ਵੀ ਬੀਤ ਚੁੱਕੇ ਕਾਲੇ ਦੌਰ ਤੋਂ ਸਬਕ ਲੈਣ ਦੀ ਲੋੜ ਹੈ। ਪਾਕਿਸਤਾਨ ਸਾਡਾ ਮਿੱਤਰ ਨਹੀਂ ਹੈ, ਇਹ ਗੱਲ ਪੱਲੇ ਬੰਨ੍ਹਣ ਵਾਲੀ ਹੈ। ਨੱਬੇਵਿਆਂ ਵਿਚ ਜਦੋਂ ਪੰਜਾਬ ਵਿਚ ਅੱਤਵਾਦ ਦਾ ਦੌਰ ਖ਼ਤਮ ਹੋਇਆ ਤਾਂ ਪਾਕਿਸਤਾਨ ਨੇ ਕਸ਼ਮੀਰ ਵੱਲ ਰੁਖ਼ ਕੀਤਾ ਸੀ। ਅੱਜ ਕਸ਼ਮੀਰ ਦੇ ਚੱਪੇ-ਚੱਪੇ ’ਤੇ ਫ਼ੌਜ ਬਾਜ਼ ਅੱਖ ਰੱਖ ਰਹੀ ਹੈ ਇਸ ਲਈ ਆਈਐੱਸਆਈ ਨੇ ਹੁਣ ਪੰਜਾਬ ’ਤੇ ਧਿਆਨ ਕੇਂਦ੍ਰਿਤ ਕਰ ਲਿਆ ਹੈ। ਤਰਨਤਾਰਨ ਅਤੇ ਅੰਮ੍ਰਿਤਸਰ ਦੀ ਸਰਹੱਦੀ ਪੱਟੀ ’ਚ ਆਏ ਦਿਨ ਪਾਕਿਸਤਾਨ ਵੱਲੋਂ ਡਰੋਨ ਆ ਰਹੇ ਹਨ। ਮੁਹਾਲੀ ਦੇ ਇੰਟੈਲੀਜੈਂਸ ਦਫ਼ਤਰ ’ਤੇ ਹਮਲੇ ਲਈ ਵਰਤਿਆ ਗਿਆ ਰਾਕੇਟ ਲਾਂਚਰ ਅਤੇ ਗ੍ਰਨੇਡ ਵੀ ਇਸੇ ਜ਼ਰੀਏ ਆਇਆ ਸੀ। ਪੰਜਾਬ ਪੁਲਿਸ ਨੇ ਇਸ ਨੂੰ ਅੱਤਵਾਦੀ ਕਾਰਾ ਦੱਸਿਆ ਹੈ ਜਿਸ ’ਚ ਬੱਬਰ ਖ਼ਾਲਸਾ ਇੰਟਰਨੈਸ਼ਨਲ, ਕੈਨੇਡਾ ਅਤੇ ਪਾਕਿਸਤਾਨ ਵਿਚ ਬੈਠੇ ਖਾੜਕੂ ਤੇ ਗੈਂਗਸਟਰ ਸ਼ਾਮਲ ਹਨ। ਅਜਿਹੀ ਸਥਿਤੀ ’ਚ ਕੌਮ ਦੇ ਰਹਿਬਰਾਂ ਦਾ ਫ਼ਰਜ਼ ਹੈ ਕਿ ਉਹ ਖੁੱਲ੍ਹ ਕੇ ਅੱਗੇ ਆਉਣ ਅਤੇ ਹਿੰਸਕ ਕਾਰਵਾਈਆਂ ’ਚ ਸ਼ਾਮਲ ਹੋਣ ਤੋਂ ਨੌਜਵਾਨਾਂ ਨੂੰ ਵਰਜਣ।

Posted By: Jagjit Singh